*ਦੇਸ਼ ਨੂੰ ਭਾਰਤੀ ਸੰਵਿਧਾਨ ‘ਤੇ ਮਾਣ-ਪ੍ਰਿੰਸੀਪਲ ਮਿੱਢਾ
ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਡੀ.ਆਰ.ਵੀ ਡੀ.ਏ.ਵੀ ਸ਼ਤਾਬਦੀ ਕਾਲਜ ਫਿ਼ਲੌਰ ਵਿਖੇ ਪ੍ਰਿੰਸੀਪਲ ਐੱਸ.ਕੇ. ਮਿੱਢਾ ਦੀ ਅਗਵਾਈ ਹੇਠ ਐੱਨ.ਐੱਸ.ਐੱਸ ਯੂਨਿਟ , ਰੈੱਡ ਰਿੱਬਨ ਕਲੱਬ ਅਤੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ ।ਪ੍ਰਿੰਸੀਪਲ ਐੱਸ.ਕੇ. ਮਿੱਢਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਭਾਰਤੀ ਸੰਵਿਧਾਨ ‘ਤੇ ਮਾਣ ਹੋਣਾ ਚਾਹੀਦਾ ਹੈ, ਜਿਹੜਾ ਅਮਰੀਕਾ, ਇੰਗਲੈਂਡ ਦੇ ਸੰਵਿਧਾਨਾਂ ਨਾਲੋਂ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ ।ਜੋ ਵਿਸ਼ਵ ਦਾ ਸਭ ਤੋਂ ਉੱਤਮ , ਬਹੁ-ਪੱਖੀ ਤੇ ਬਹੁ-ਪਾਸਾਰੀ ਸੰਵਿਧਾਨ ਹੈ ।ਉਨ੍ਹਾਂ ਕਿਹਾ ਕਿ ਡਾ. ਬੀ. ਆਰ ਅੰਬੇਡਕਰ ਜੀ ਜੋ ਇਸ ਸੰਵਿਧਾਨ ਦੀ ਡਰਾਫ਼ਟਿੰਗ ਕਮੇਟੀ ਦੇ ਚੇਅਰਮੈਨ ਸਨ,ਦੇ ਜੀਵਨ ਅਤੇ ਉਨ੍ਹਾਂ ਦੇ ਇਸ ਉੱਤਮ ਕਾਰਜ ਦਾ ਜ਼ਿਕਰ ਕੀਤਾ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਕੋਈ ਮਾਮੂਲੀ ਸੰਵਿਧਾਨ ਨਹੀਂ ਹੈ,ਹੋਰਨਾਂ ਦੇਸ਼ਾਂ ਦੇ ਮੁਕਾਬਲੇ ਵਿੱਚ ਭਾਰਤੀ ਸੰਵਿਧਾਨ ਦਾ ਕੋਈ ਵੀ ਮੁਕਾਬਲਾ ਨਹੀਂ ਹੈ । ਜਿਵੇਂ ਕਿ ਇੰਗਲੈਂਡ ਵਿੱਚ ਕੋਈ ਲਿਖਤੀ ਸੰਵਿਧਾਨ ਹੀ ਨਹੀਂ ਹੈ ਅਤੇ ਅਮਰੀਕਾ ਦਾ ਸੰਵਿਧਾਨ ਐਨਾ ਛੋਟਾ ਹੈ ਕਿ ਉਸਨੂੰ ਅਸੀਂ ਆਪਣੀ ਜੇਬ ਵਿੱਚ ਪਾ ਕੇ ਘੁੰਮ ਸਕਦੇ ਹਾਂ । ਇਸ ਲਈ ਭਾਰਤ ਵਾਸੀਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਉਹਨਾਂ ਦਾ ਸੰਵਿਧਾਨ ਇੰਨਾ ਵੱਡਾ ਹੈ ਕਿ ਕਿਸੇ ਦੇਸ਼ ਦਾ ਸੰਵਿਧਾਨ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ ।ਇਸ ਦੀ ਭੂਮਿਕਾ ਦੇ ਵਿੱਚ ਹੀ ਪਹਿਲੀਆਂ ਦੋ ਪੰਕਤੀਆਂ ਵਿੱਚ ਸਾਨੂੰ ਸਾਰੇ ਸੰਵਿਧਾਨ ਦਾ ਸਾਰੰਸ਼ ਮਿਲ ਜਾਂਦਾ ਹੈ। ਇਤਿਹਾਸ ਵਿਭਾਗ ਦੇ ਪ੍ਰੋ.ਸੁਰਿੰਦਰ ਪਾਲ ਵੱਲੋਂ ਅੱਜ ਦੇ ਦਿਨ ਦੀ ਮਹੱਤਤਾ ਨੂੰ ਕਾਇਮ ਰੱਖਣ ਵਿੱਚ ਸਾਰਿਆਂ ਦੇ ਯੋਗਦਾਨ ਦੀ ਉਮੀਦ ਪ੍ਰਗਟਾਈ। ਉਹਨਾਂ ਕਿਹਾ ਕਿ ਇਸ ਵਿਸ਼ਾਲ ਭਾਰਤ ਦੀ ਏਨੀ ਵੱਡੀ ਵਿਭਿੰਨਤਾ ਨੂੰ ਇਕਜੁੱਟਤਾ ਵਿਚ ਸਮੋ ਕੇ ਰੱਖਣਾ ਸੰਵਿਧਾਨ ਦੀ ਹੀ ਵਡਮੁੱਲੀ ਦੇਣ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਲੋਕਤੰਤਰੀ ਸੰਵਿਧਾਨ ਹੈ ਜੋ ਲੋਕਾਂ ਦੇ ਬਹੁਮਤ ਨਾਲ ਹੀ ਸਾਡੀਆਂ ਸਰਕਾਰਾਂ ਦੀ ਚੋਣ ਜ਼ਰੀਏ ਡਾ.ਅੰਬੇਡਕਰ ਜੀ ਦੀ ਸੋਚ ਆਜ਼ਾਦੀ,ਸਾਂਝੀਵਾਲਤਾ, ਬਰਾਬਰਤਾ ਅਤੇ ਭਾਈਚਾਰਕ ਸਾਂਝ ਨੂੰ ਅਪਨਾਉਣ ‘ਤੇ ਜ਼ੋਰ ਦਿੰਦਾ ਹੈ । ਮੰਚ ਦਾ ਸੰਚਾਲਨ ਪ੍ਰੋ.ਡਾ.ਪਰਮਜੀਤ ਕੌਰ ਦੁਆਰਾ ਕੀਤਾ ਗਿਆ ।ਇਸ ਮੌਕੇ ‘ਤੇ ਸਮੂਹ ਸਟਾਫ਼ ਵਿਸ਼ੇਸ਼ ਤੌਰ ‘ਤੇ ਹਾਜ਼ਰ ਸੀ ।


