(ਸਮਾਜ ਵੀਕਲੀ) ਡਿਪਰੈੱਸ਼ਨ ਇਕ ਅਜਿਹੀ ਅਦ੍ਰਿਸ਼ ਹੋਣ ਵਾਲੀ ਬੀਮਾਰੀ ਹੈ ਜੋ ਇਨਸਾਨ ਦੇ ਮਨ, ਦਿਮਾਗ ਅਤੇ ਜੀਵਨ ਦੇ ਹਰੇਕ ਪਹਿਲੂ ਨੂੰ ਹੌਲੀ ਹੌਲੀ ਨੁਕਸ਼ਾਨ ਪਹੁੰਚਾਉਂਦੀ ਹੈ। ਅੱਜ ਦੇ ਤੇਜ਼ ਰਫ਼ਤਾਰ ਸਮਾਜ ਵਿਚ, ਜਿੱਥੇ ਹਰ ਕੋਈ ਦੁਨੀਆ ਅੱਗੇ ਖੁਸ਼ ਦਿਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਥੇ ਡਿਪਰੈਸ਼ਨ ਹੌਲੀ-ਹੌਲੀ ਚੁੱਪਚਾਪ ਦਿਲਾਂ ਨੂੰ ਖਾਂਦਾ ਜਾ ਰਿਹਾ ਹੈ। ਇਹ ਬੀਮਾਰੀ ਨਾ ਸਿਰਫ਼ ਮਨੁੱਖੀ ਸੂਝ-ਬੂਝ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਜੀਵਨ ਨੂੰ ਰੰਗਹੀਣ ਅਤੇ ਨਿਰਾਸਹੀਣ ਵੀ ਬਣਾ ਦਿੰਦੀ ਹੈ।
ਅਸਲ ਸਮੱਸਿਆ ਇਹ ਨਹੀਂ ਕਿ ਡਿਪਰੈਸ਼ਨ ਹੁੰਦਾ ਹੈ, ਸਮੱਸਿਆ ਇਹ ਹੈ ਕਿ ਅਸੀਂ ਇਸ ਬਾਰੇ ਗੱਲ ਨਹੀਂ ਕਰਦੇ। ਪਿੰਡਾਂ ਤੋਂ ਸ਼ਹਿਰਾਂ ਤੱਕ, ਘਰਾਂ ਤੋਂ ਦਫ਼ਤਰਾਂ ਤੱਕ, ਮਰਦ ਹੋਣ ਦੀ ਆੜ ਵਿੱਚ, ਔਰਤ ਹੋਣ ਦੀ ਮਜਬੂਰੀ ਵਿੱਚ, ਬੱਚਿਆਂ ਦੀ ਅਣਗਹਿਲੀ ਵਿੱਚ ਡਿਪਰੈਸ਼ਨ ਨੇ ਹਰੇਕ ਵਿਅਕਤੀ ਨੂੰ ਅਲੱਗ-ਅਲੱਗ ਢੰਗ ਨਾਲ ਘੇਰ ਲਿਆ ਹੈ। ਅਸੀਂ ਹਮੇਸ਼ਾ ਬਿਮਾਰ ਸਰੀਰ ਨੂੰ ਇਲਾਜ ਦਿੰਦੇ ਹਾਂ, ਪਰ ਬਿਮਾਰ ਮਨ ਨੂੰ ਸਿਰਫ਼ ‘ਹੌਂਸਲਾ ਰੱਖ’ ਆਖ ਕੇ ਛੱਡ ਦਿੰਦੇ ਹਾਂ।
ਡਿਪਰੈਸ਼ਨ ਦੀ ਪਛਾਣ ਲੋੜੀਂਦੀ ਹੈ। ਜਦੋਂ ਕਿਸੇ ਦੀ ਬੋਲਚਾਲ ਘਟ ਜਾਵੇ, ਰੋਜ਼ਾਨਾ ਦੀਆਂ ਗਤੀਵਿਧੀਆਂ ਵਿਚ ਦਿਲਚਸਪੀ ਨਾ ਰਹੇ, ਨੀਂਦ ਉਡ ਜਾਵੇ ਜਾਂ ਬਹੁਤ ਆਵੇ, ਭੁੱਖ ਲੱਗਣ ਬੰਦ ਹੋ ਜਾਵੇ ਜਾਂ ਬੇਵਜ੍ਹਾ ਖਾਣ ਸ਼ੁਰੂ ਕਰ ਦੇਵੇ, ਤਾਂ ਇਹ ਲੱਛਣ ਮੂਲ ਵਿਚ ਡਿਪਰੈਸ਼ਨ ਦੇ ਹੋ ਸਕਦੇ ਹਨ। ਪਰ ਅਫ਼ਸੋਸ ਇਹ ਹੈ ਕਿ ਅਕਸਰ ਅਸੀਂ ਇਨ੍ਹਾਂ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰ ਜਾਂਦੇ ਹਾਂ।
ਇਲਾਜ ਮੌਜੂਦ ਹੈ। ਡਾਕਟਰੀ ਮਦਦ, ਮਾਨਸਿਕ ਸਲਾਹਕਾਰਾਂ ਦੀ ਸਹਾਇਤਾ, ਦੋਸਤਾਂ ਅਤੇ ਪਰਿਵਾਰ ਦੀ ਸਮਝਦਾਰੀ ਨਾਲ ਡਿਪਰੈਸ਼ਨ ਨੂੰ ਕਾਬੂ ਕੀਤਾ ਜਾ ਸਕਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਆਪਣੇ ਮਨ ਦੀ ਅਵਾਜ਼ ਸੁਣੀਏ, ਆਪਣੇ ਦਿਲ ਨਾਲ ਇਮਾਨਦਾਰੀ ਨਾਲ ਗੱਲ ਕਰੀਏ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਨੇੜਲੇ, ਅਜਿਹੀ ਹਾਲਤ ਵਿਚ ਹੈ, ਤਾਂ ਚੁਪ ਨਾ ਰਹੋ।ਗੱਲ ਕਰੋ, ਮਦਦ ਲਵੋ, ਮਦਦ ਦਿਓ।
ਅੱਜ ਦੀ ਲੋੜ ਹੈ ਕਿ ਅਸੀਂ ਡਿਪਰੈਸ਼ਨ ਬਾਰੇ ਜਾਗਰੂਕ ਹੋਈਏ। ਇਸ ਨੂੰ ਲਾਜ਼, ਸ਼ਰਮ ਜਾਂ ਕਮਜ਼ੋਰੀ ਨਾ ਸਮਝੀਏ। ਇਹ ਇਕ ਅਸਲ ਅਤੇ ਇਲਾਜਯੋਗ ਹਾਲਤ ਹੈ। ਹੱਸਦੇ ਹੋਏ ਚਿਹਰੇ ਦੇ ਪਿੱਛੇ ਜੇ ਕੋਈ ਅੰਦਰੋਂ ਰੋ ਰਿਹਾ ਹੋਵੇ, ਤਾਂ ਉਸ ਦੀ ਚੀਖ ਸੁਣਨ ਦੀ ਕੋਸ਼ਿਸ਼ ਕਰੀਏ। ਕਦੇ ਕਦੇ ਇੱਕ ਸਾਥ, ਇੱਕ ਗੱਲਬਾਤ, ਜਾਂ ਇੱਕ ਸਹੀ ਸਲਾਹ ਵੀ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ।ਡਿਪਰੈਸ਼ਨ ਇਕ ਅਸਲ ਜੰਗ ਹੈ ਜੋ ਅੰਦਰੋਂ ਲੜੀ ਜਾਂਦੀ ਹੈ। ਆਓ, ਅਸੀਂ ਉਹ ਹਥਿਆਰ ਬਣੀਏ ਜੋ ਕਿਸੇ ਦੀ ਇਸ ਜੰਗ ਵਿਚ ਉਸਦੀ ਹੌਂਸਲਾ-ਅਫਜ਼ਾਈ ਕਰੇ, ਨਾ ਕਿ ਉਹ ਕੰਧ ਜੋ ਉਸਨੂੰ ਹੋਰ ਚੁੱਪ ਕਰਾ ਦੇਵੇ।
ਮੰਜੂ ਰਾਇਕਾ।
ਭਿੰਡਰਾਂ ਸੰਗਰੂਰ।



