HOME ਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ 249ਵੇਂ ਆਜ਼ਾਦੀ ਦਿਹਾੜੇ ‘ਤੇ ਲਹਿਰਾਇਆ ਝੰਡਾ

ਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ 249ਵੇਂ ਆਜ਼ਾਦੀ ਦਿਹਾੜੇ ‘ਤੇ ਲਹਿਰਾਇਆ ਝੰਡਾ

ਵਲੋਂ: ਸਮੀਪ ਸਿੰਘ ਗੁਮਟਾਲਾ

ਡੇਟਨ, ਉਹਾਇਓ   (ਸਮਾਜ ਵੀਕਲੀ)   ਅਮਰੀਕਾ ਵਿੱਚ ਹਰ ਸਾਲ 4 ਜੁਲਾਈ ਨੂੰ ਇੱਥੋਂ ਦੇ ਵਸਨੀਕ ਅਮਰੀਕਾ ਦੇ ਝੰਡੇ ਲਹਿਰਾ ਕੇ, ਵੱਖ-ਵੱਖ ਸ਼ਹਿਰਾਂ ਵਿੱਚ ਪਰੇਡ ਕੱਢ ਕੇ ਅਤੇ ਰਾਤ ਨੂੰ ਆਤਿਸ਼ਬਾਜ਼ੀ ਕਰਕੇ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਆਜ਼ਾਦੀ ਦਿਵਸ ਮਨਾਉਂਦੇ ਹਨ।

ਇਸੇ ਤਹਿਤ, ਓਹਾਇਓ ਸੂਬੇ ਦੇ ਸ਼ਹਿਰ ਡੇਟਨ ਦੇ ਸਿੱਖ ਭਾਈਚਾਰੇ ਵੱਲੋਂ ਗੁਰਦੁਆਰਾ ਸਿੱਖ ਸੋਸਾਇਟੀ ਆਫ ਡੇਟਨ ਦੇ ਮੈਦਾਨ ਵਿੱਚ ਅਮਰੀਕਾ ਦਾ ਝੰਡਾ ਲਹਿਰਾਇਆ ਗਿਆ। ਇਸ ਸਮਾਗਮ ਲਈ ਗੁਰਦੁਆਰਾ ਸਾਹਿਬ ਦੀ ਸੇਵਾਦਾਰ ਕਮੇਟੀ ਦੇ ਮੈਂਬਰ ਡਾ. ਦਰਸ਼ਨ ਸਿੰਘ ਸਹਿਬੀ ਵੱਲੋਂ ਸ਼ਹਿਰ ਦੇ ਪ੍ਰਮੁੱਖ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਵਿੱਚ ਬੀਵਰਕਰੀਕ ਦੇ ਮੇਅਰ ਡੋਨ ਐਡਮਸ, ਰੀਵਰਸਾਈਡ ਦੇ ਸਾਬਕਾ ਮੇਅਰ ਬਿਲ ਫਲਾਉਟੀ, ਅਤੇ ਇੰਟਰਫੇਥ ਗਰੁੱਪ ਆਫ ਡੇਟਨ ਤੋਂ ਚਾਰਲਿਨ ਬੇਅਲਸ ਸ਼ਾਮਲ ਸਨ।

ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਹੇਮ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ। ਇਸ ਤੋਂ ਬਾਅਦ ਅਮਰੀਕਾ ਦਾ ਝੰਡਾ ਲਹਿਰਾਇਆ ਗਿਆ ਅਤੇ ਅਮਰੀਕਾ ਦਾ ਰਾਸ਼ਟਰ ਗੀਤ ਗਾਇਆ ਗਿਆ।

ਮੇਅਰ ਡੋਨ ਐਡਮਸ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਮੈਂ ਸਿੱਖ ਭਾਈਚਾਰੇ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ 4 ਜੁਲਾਈ ਦੇ ਜਸ਼ਨਾਂ ਦਾ ਹਿੱਸਾ ਬਣਨ ਲਈ ਗੁਰਦੁਆਰਾ ਸਾਹਿਬ ਆਉਣ ਦਾ ਸੱਦਾ ਦਿੱਤਾ। ਇਹ ਸਮਾਰੋਹ ਸਿਰਫ਼ ਸਾਡੇ ਦੇਸ਼ ਦੀ ਆਜ਼ਾਦੀ ਨਹੀਂ, ਸਗੋਂ ਇੱਥੇ ਵੱਸ ਰਹੀਆਂ ਵੱਖ-ਵੱਖ ਭਾਈਚਾਰਿਆਂ ਦੀ ਵੀ ਚਮਕਦਾਰ ਤਸਵੀਰ ਪੇਸ਼ ਕਰਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਅਗਲੇ ਸਾਲ, ਜਦ ਅਮਰੀਕਾ ਆਪਣੀ 250ਵੀਂ ਆਜ਼ਾਦੀ ਮਨਾਏਗਾ, ਮੈਂ ਮੁੜ ਇੱਥੇ ਆਵਾਂਗਾ।”

ਡਾ. ਸਿਮਰਨ ਕੌਰ ਸਹਿਬੀ ਨੇ ਸਿੱਖ ਭਾਈਚਾਰੇ ਵੱਲੋਂ ਬੋਲਦੇ ਹੋਏ ਕਿਹਾ: “ਅਸੀਂ ਆਜ਼ਾਦੀ ਦੀ ਰੱਖਿਆ ਕਰਨ ਵਾਲੇ ਸਾਰੇ ਲੋਕਾਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਦੇ ਹਾਂ, ਅਤੇ ਸਿੱਖ ਹੋਣ ਦੇ ਨਾਤੇ ਅਸੀਂ ਇਸ ਮਹਾਨ ਰਾਸ਼ਟਰ ਦਾ ਹਿੱਸਾ ਹੋਣ ‘ਤੇ ਮਾਣ ਕਰਦੇ ਹਾਂ।”

ਹੋਰਨਾਂ ਬੁਲਾਰਿਆਂ ਵਿੱਚ ਡਾ. ਸੰਧਿਆ, ਅਵਤਾਰ ਸਿੰਘ (ਸਪਰਿੰਗਫੀਲਡ) ਅਤੇ ਚਾਰਲਿਨ ਬੇਅਲਸ ਸ਼ਾਮਿਲ ਸਨ। ਡਾ. ਦਰਸ਼ਨ ਸਿੰਘ ਸਹਿਬੀ ਨੇ ਅੰਤ ਵਿੱਚ ਸਾਰੇ ਆਏ ਹੋਏ ਮਹਿਮਾਨਾਂ, ਅਤੇ ਸੰਗਤ ਦੇ ਮੈਂਬਰਾਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚੁੱਪ ਇਨਸਾਨ ਦੀ ਚੀਖ਼: ਡਿਪਰੈੱਸ਼ਨ 
Next articleਵੱਡੀ ਗਿਣਤੀ ਵਿੱਚ ਅਧਿਆਪਕ ਗੌਰਮਿੰਟ ਟੀਚਰ ਯੂਨੀਅਨ ਸ਼ਾਮਿਲ, ਅਧਿਆਪਕਾਂ ਦੇ ਹੱਕਾਂ ਲਈ ਲੜਨ ਵਾਲੀ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ- ਸੁਖਚੈਨ ਸਿੰਘ