(ਸਮਾਜ ਵੀਕਲੀ)
ਕਿਸੇ ਸਮੇਂ ਹਾੜੀ ਤੇ ਸਾਉਣੀ ਦੀਆਂ ਫਸਲਾਂ ‘ਚ ਕੁੱਝ ਕੁ ਗਿਣਤੀ ਦੀਆਂ ਫਸਲਾਂ ਹੀ ਸ਼ਾਮਲ ਹੁੰਦੀਆਂ ਸਨ।ਹਾੜੀ ਦੀ ਫਸਲ ਬਾਰੇ ਕਿਹਾ ਜਾਂਦਾ ਹੈ ਕਿ ਅੱਜ-ਕੱਲ੍ਹ ਵਰਗੇ ਤਕਨੀਕੀ ਸਾਧਨ ਦੀ ਘਾਟ ਕਾਰਨ, ਇਸ ਦਾ ਸੀਜਨ ਵਿਸਾਖ ਮਹੀਨੇ ਤੋਂ ਸੁਰੂ ਹੋ ਕੇ ਹਾੜ ਤੱਕ ਚਲਦਾ ਸੀ ।ਸੋ ਹੋ ਸਕਦਾ ਹੈ ਕਿ ਇਸ ਕਰਕੇ ਵੀ ਇਸ ਰੁੱਤ ਦੀਆਂ ਫਸਲਾਂ ਨੂੰ ਹਾੜੀ ਦੀਆਂ ਫਸਲਾਂ ਕਿਹਾ ਜਾਂਦਾ ਹੋਵੇ।ਹਾੜੀ ਦੀਆਂ ਮੁੱਖ ਫਸਲਾਂ ਕਣਕ ਤੇ ਛੋਲਿਆਂ ਦੀ ਵਾਢੀ, ਥੱਬੇ ਬਣਾਉਣਾ,ਥੱਬਿਆਂ ਦੀਆਂ ਮੰਡਲੀਆਂ ਲਾਉਣਾ, ਸਾਰੀ ਵਾਢੀ ਤੋਂ ਬਾਅਦ ਮੰਡਲੀਆਂ ਦੀ ਪਿੜਾਂ ‘ਚ ਢੁਆਈ ਹੁੰਦੀ।ਛੋਲਿਆਂ ਨੂੰ ਕੁੱਟ ਕੇ ਕੱਢਣਾ ਤੇ ਕਣਕ ਨੂੰ ਫਲਿਆਂ ਨਾਲ ਗਾਹ ਕੇ ਧੜ ਲਾਉਣੀ।ਅਨੁਕੂਲ ਹਵਾ ਚੱਲਣ ਤੇ ਧੜ ਨੂੰ ਉਡਾ ਕੇ ਦਾਣੇ ਕੱਢਣ ਤੱਕ ਦੀ ਪ੍ਰਕਿਰਿਆ ਗੁੰਝਲਦਾਰ ਅਤੇ ਬਹੁਤ ਲੰਬੀ ਹੁੰਦੀ ਸੀ।ਇਸ ਕਰਕੇ ਪਰਿਵਾਰ ਦਾ ਹਰ ਜੀਅ ਇਸ ਕੰਮ ਚ ਆਪਣਾ ਹੱਥ ਵਟਾਉਂਦਾ ਸੀ।ਇੱਥੋਂ ਤੱਕ ਕਿ ਘਰ ਦੀਆਂ ਸੁਆਣੀਆਂ ਵੀ ਹਾੜੀ ਦੀ ਫਸਲ ਦੀ ਵਾਢੀ ਤੇ ਦਾਣਿਆਂ ਦੀ ਕਢਾਈ ‘ਚ ਕਾਫੀ ਯੋਗਦਾਨ ਪਾਉਂਦੀਆਂ ਸਨ।
ਡਰ,ਭੈਅ ਅਤੇ ਖੁਸ਼ੀ ਦੇ ਅਨੁਭਵ ਵਿੱਚ ਕਣਕ,ਛੋਲੇ,ਸਰੋਂ,ਤੋਰੀਆ ਤੇ ਹੋਰ ਫਸਲਾਂ ਪੱਕਣ ਲੱਗਦੀਆਂ ਹਨ।ਅਸਮਾਨ ‘ਚ ਛਾਏ ਬੱਦਲ,ਕਰੁੱਤੀ ਬਾਰਸ਼ ਤੇ ਲਿਸਕਦੀ ਬਿਜਲੀ ਕਿਸਾਨਾਂ ਦੇ ਸਾਹ-ਸੱਤ ਸੂਤ ਲੈਂਦੀ ਹੈ। ਖਾਸ਼ ਕਰ ਕਣਕ ਜਦੋਂ ਹਰੇ ਤੋਂ ਸੁਨਿਹਰੀ ਰੂਪ ਧਾਰਦੀ ਹੈ ਤਾਂ ਬੱਲੀਆਂ ‘ਚ ਦਾਣੇ ਹੱਸਣ ਲੱਗਦੇ ਹਨ।ਭੱਤਾ ਲੈ ਕੇ ਗਈ ਸੁਆਣੀ ਦੇ ਚਿੱਟੇ ਮੋਤੀਆਂ ਵਰਗੇ ਦੰਦ ਅਤੇ ਕਣਕ ਦੇ ਦਾਣਿਆਂ ਦੀ ਮਨ ਹੀ ਮਨ ਕੀਤੀ ਤੁਲਨਾ ਜੱਟ ਨੂੰ ਸਰੂਰ ਦਿੰਦੀ ਹੈ।ਵੱਟ ਤੇ ਬੈਠੇ ਜੱਟ ਨੂੰ ਸੁਆਣੀ ਦੇ ਮੁੱਖ ਦੀ ਆਭਾ ਜਦੋਂ ਦਾਣਿਆਂ ਨਾਲ ਇੱਕ-ਮਿੱਕ ਹੋਈ ਲਗਦੀ ਹੈ ਤਾਂ ਸੁਭਾਵਿਕ ਹੀ ਕਿਸੇ ਰੋਮਾਂਟਿਕ ਗੀਤ ਦੇ ਬੋਲ ਉਸ ਦੇ ਬੁੱਲਾਂ ਤੇ ਨੱਚਣ ਲਗਦੇ ਹਨ।ਘੱਟ ਜੱਟੀ ਵੀ ਨਹੀਂ ਰਹਿੰਦੀ।ਉਹ ਵੀ ਆਪਣੇ ਸਾਥੀ ਨਾਲ ਖੇਤੀ ਦੇ ਕੰਮਾਂ ‘ਚ ਹੱਥ ਵਟਾਉਣ ਲਈ ਕਹਿੰਦੀ ਹੈ,” ਦਾਤੀ ਨੂੰ ਲਵਾ ਦੇ ਘੁੰਗਰੂ, ਹਾੜੀ ਵੱਢੂਗੀ ਬਰੋਬਰ ਤੇਰੇ।”
ਕਿਸਾਨੀ ਕਿੱਤੇ ਨਾਲ ਜੁੜੇ ਲੋਕਾਂ , ਖਾਸ ਕਰਕੇ ਜੱਟ ਬਰਾਦਰੀ ਦੀ ਅਮਦਨ ਦਾ ਸਾਧਨ ਹਾੜੀ,ਸਾਉਣੀ ਦੀ ਫਸਲ ਹੀ ਹੁੰਦੀ ਹੈ।ਇੱਕ ਤੋਂ ਦੂਜੀ ਫਸਲ ਵਿਚਲਾ ਛੇ ਮਹੀਨਿਆਂ ਦਾ ਵਕਫ਼ਾ ਬਹੁਤਾ ਹੋਣ ਕਰਕੇ ਰੋਜ਼ਮਰਾ ਦੇ ਖਰਚੇ ਚਲਾਉਣ ਲਈ ਜਾਂ ਘਰ ਦਾ ਗੁਜਰ-ਬਸਰ ਜਿਆਦਾਤਰ ਆੜਤੀਆਂ ਤੇ ਪਿੰਡ ਦੇ ਦੁਕਾਨਦਾਰ ਤੋਂ ਉਧਾਰ ਤੇ ਹੀ ਚਲਦਾ ਹੈ ।ਇਹ ਉਧਾਰ ਫਸਲ ਆਉਣ ਤੇ ਚੁੱਕਤਾ ਕਰ ਦਿੱਤਾ ਜਾਂਦਾ ਹੈ।ਇਸ ਤੋਂ ਇਲਾਵਾ ਕਿਸਾਨ ਦੇ ਘਰ ਖੁਸ਼ੀ ਦੇ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ, ਉਹਨਾਂ ਦੀ ਟੇਕ ਫਸਲ ਤੇ ਹੀ ਹੁੰਦੀ ਹੈ।ਬੱਚੇ/ਬੱਚੀਆਂ ਦੇ ਵਿਆਹ/ਮੁਕਲਾਵੇ ਨਿਰੋਲ ਫਸਲ ਨਾਲ ਹੀ ਜੁੜੇ ਹੁੰਦੇ ਹਨ।ਧੀਆਂ ਦਾ ਦਾਜ-ਦਹੇਜ,ਨੂੰਹ ਦਾ ਗਹਿਣਾ-ਗੱਟਾ,ਘਰਵਾਲੀ ਦੀਆਂ ਰੀਝਾਂ , ਹਸਰਤਾਂ ,ਬੱਚਿਆਂ ਦੀ ਪੜ੍ਹਾਈ-ਲਿਖਾਈ,ਲੀੜਾ-ਲੱਤਾ ਸਭ ਫਸਲ ਤੇ ਨਿਰਭਰ ਕਰਦਾ ਹੈ।ਕਿਸਾਨ ਆਪਣੀ ਫਸਲ ਨੂੰ ਚੰਗੇ ਮੌਸਮ ਅਤੇ ਰੱਬ ਦੀ ਰਹਿਮਤ ਤੇ ਕਰੋਪੀ ਨਾਲ ਜੋੜਦਾ ਹੈ।ਸੁਭਾ-ਸ਼ਾਮ ਅਸਮਾਨ ਵੱਲ ਦੇਖ ਕੇ ਉਹ ਆਪਣੇ ਅਕੀਦੇ ਅਨੁਸਾਰ ਫਸਲ ਦੀ ਰੱਖਿਆ ਲਈ ਅਰਦਾਸ/ਅਰਜੋਈ ਕਰਦਾ ਹੈ।ਕਿਸਾਨ ਦੇ ਘਰ ਛੇ ਮਹੀਨਿਆਂ ਬਾਅਦ ਆਈ ਫਸਲ ਦਾ ਚੰਗਾ ਝਾੜ ਉਸ ਦਾ ਹੱਥ ਸੁਖਾਲਾ ਕਰਦਾ ਹੈ ਤੇ ਘੱਟ ਜਾਂ ਮਾੜਾ ਝਾੜ ਹੱਥ ਘੁੱਟ ਕੇ ਚੱਲਣ ਦੀ ਤਾਕੀਦ ਕਰਦਾ ਹੈ।
ਫਸਲ ਦੇ ਬੀਜਣ ਤੋਂ ਲੈ ਕੇ ਦਾਣੇ ਘਰ ਆਉਣ ਤੱਕ ਕਿਸਾਨ ਅਨੇਕਾਂ ਤਰ੍ਹਾਂ ਦੇ ਸ਼ਗਨ ਮਨਾਉਂਦਾ ਹੈ।ਕਿਸਾਨ ਦੇ ਖੁਸ਼ੀਆਂ,ਖੇੜੇ ,ਵਿਆਹ, ਸਾਦੀਆਂ ਤੇ ਪਰਿਵਾਰ ਦੀਆਂ ਮੰਗਾਂ/ਉਮੰਗਾਂ ਸਭ ਫਸਲ ਆਉਣ ਤੇ ਹੀ ਪੂਰੀਆਂ ਹੁੰਦੀਆਂ ਹਨ।ਇਸ ਕਰਕੇ ਫਸਲ ਦੀ ਸਾਂਭ,ਸੰਭਾਲ ਤੋਂ ਬਾਅਦ ਉਹ ਆਪਣੀਆਂ ਰੀਝਾਂ ਪੂਰੀਆਂ ਕਰਨ ਲਈ ਮੰਡੀ ,ਬਜ਼ਾਰ ਦਾ ਰੁੱਖ ਕਰਦਾ ਹੈ।ਫਸਲ ਦੀ ਮੁਕੰਮਲ ਸਾਂਭ-ਸੰਭਾਲ ਕਰਕੇ ਉਹ ਖੁਸ਼ੀ ਦੇ ਪਲਾਂ ਨੂੰ ਮਾਨਣ ਲਈ ਮੇਲਿਆਂ ਦਾ ਅਨੰਦ ਵੀ ਮਾਣਦਾ ਹੈ।ਨੰਦ ਲਾਲ ਨੂਰਪੁਰੀ ਜੀ ਕਹਿੰਦੇ ਹਨ,” ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।” ਪਰ ਅੱਜ-ਕੱਲ੍ਹ ਉਸ ਤਰ੍ਹਾਂ ਦੇ ਹਾਲਾਤ ਨਹੀਂ ਰਹੇ।ਮੇਲੇ ਵੀ ਜੇਬ ‘ਚ ਪੈਸਿਆਂ ਨਾਲ ਹੀ ਚੰਗੇ ਲੱਗਦੇ ਹਨ।ਭਾਵੇਂ ਕਿਸਾਨ ਨੇ ਫਸਲਾਂ ਦੀ ਗਿਣਤੀ ਤੇ ਪੈਦਾਵਾਰ ‘ਚ ਤਾਂ ਵਾਧਾ ਤਾਂ ਕਰ ਲਿਆ ਹੈ ਪਰ ਖੇਤੀ ਲਾਗਤ, ਘੱਟ ਭਾਅ,ਮਾੜੇ ਮੰਡੀ ਪ੍ਰਬੰਧ, ਕਰਜੇ ਦਾ ਮੱਕੜਜਾਲ, ਮੰਡੀਆਂ ‘ਚ ਰੁਲਦੀ ਫਸਲ,ਮੰਡੀਆਂ ‘ਚ ਫਸਲ ਤੇ ਲੱਗਦੇ ਕੱਟ,ਐਮ ਐਸ ਪੀ ਦੀ ਗਰੰਟੀ ਨਾ ਹੋਣ ਜਿਹੇ ਅਨੇਕਾ ਕਾਰਣਾਂ ਨੇ ਅੱਜ ਕਿਸਾਨਾਂ ਨੂੰ ਖੁਦਕਸ਼ੀਆਂ ਦੇ ਰਾਹ ਤੋਰਿਆ ਹੋਇਆ ਹੈ।
ਧੰਨ ਨੇ ਮੇਰੇ ਦੇਸ਼ ਦੇ ਕਿਸਾਨ ਜਿਹੜੇ ਰਵਾਇਤੀ ਖੇਤੀ ਲਾਹੇਬੰਦ ਧੰਦਾ ਨਾ ਰਹਿਣ ਦੀ ਬਾਵਜੂਦ ਵੀ ਦੇਸ ਵਾਸੀਆਂ ਦਾ ਢਿੱਡ ਭਰ ਰਹੇ ਹਨ।ਭਾਵੇਂ ਅੱਜ -ਕੱਲ੍ਹ ਹੱਥੀ ਵਾਢੀ ਕਰਨ ਦਾ ਰਿਵਾਜ ਨਾ ਦੇ ਬਰਾਬਰ ਹੈ ਪਰ ਫੇਰ ਵੀ ਦਿਲ ‘ਚ ਇਹ ਭਾਵਨਾਵਾਂ ਉੱਸਲਵੱਟੇ ਜਰੂਰ ਲੈਦੀਆਂ ਹਨ, ਦਾਤੀ ਨੂੰ ਲਵਾਦੇ ਘੁੰਗਰੂ, ਹਾੜੀ ਵੱਢੂਗੀ ਬਰੋਬਰ ਤੇਰੇ।”
ਫਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj