HOME ਲੈਸਟਰ ਵਿਖੇ ਖਾਲਸਾ ਸਾਜਨਾ ਦਿਵਸ ਦੀ ਖੁਸ਼ੀ ਵਿੱਚ ਕਵੀ ਸਮੇਲਨ

ਲੈਸਟਰ ਵਿਖੇ ਖਾਲਸਾ ਸਾਜਨਾ ਦਿਵਸ ਦੀ ਖੁਸ਼ੀ ਵਿੱਚ ਕਵੀ ਸਮੇਲਨ

5

ਸਮਾਜ ਵੀਕਲੀ ਯੂ ਕੇ-

ਲੈਸਟਰ (ਤ੍ਰਲੋਚਨ ਸਿੰਘ ਵਿਰਕ)- ਲੈਸਟਰਸ਼ਾਇਰ ਦੇ ਪ੍ਰਸਿੱਧ ਗੁਰਦਵਾਰਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਕੈਨਲਵਰਥ ਡਰਾਈਵ, ਓਡਬੀ ਵਿਖੇ ਐਤਵਾਰ 4 ਮਈ 2025 ਨੂੰ 12.15–2.00 ਦੁਪਿਹਰ ਬਾਅਦ ਇੱਕ ਵਿਸ਼ੇਸ਼ ਕਵੀ ਸਮੇਲਨ ਕਰਵਾਇਆ ਗਿਆ ਜਿੱਸ ਵਿੱਚ ਲੈਸਟਰ ਦੇ ਕਵੀ ਬਲਵੰਤ ਸਿੰਘ, ਰਾਮ ਸਿੰਘ ਫਰਵਾਲਾ, ਕਾਂਉਸਲਰ ਸੰਤੋਖ ਸਿੰਘ ਅਟਵਾਲ, ਮੋਹਿੰਦਰਪਾਲ ਸਿੰਘ, ਬੇਟੀ ਕਿਰਨਦੀਪ ਕੋਰ, ਬੀਬੀ ਜਸਵਿੰਦਰ ਕੌਰ, ਕੁਲਦੀਪ ਸਿੰਘ ਭਮਰਾ, ਭਾਈ ਦਰਸ਼ਨ ਸ਼ਿੰਘ ਅਤੇ ਗਿਆਨੀ ਦਲਜੀਤ ਸਿੰਘ ਜੀ ਨੇ ਭਾਗ ਲਿਆ।

ਸਿੱਖ ਧਰਮ ਦੇ ਦਸਵੇਂ ਗੁਰੂ ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿਂਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦੇਣ ਖਾਤਰ ਅੱਜ ਤੋਂ 326 ਸਾਲ ਪਹਿੱਲਾਂ 30 ਮਾਰਚ 1699 ਦੀ ਵੈਸਾਖੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਖਾਲਸਾ ਪੰਥ ਦੀ ਸਾਜਨਾ ਪੰਜ ਪਿਆਰਿਆਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕੋਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ਤੌਂ ਕਰਕੇ ਵਿਸ਼ਵ ਸੰਸਾਰ ਵਿੱਚ ਇੱਕ ਨਵੇਂ ਸਮਾਜ ਦੀ ਨੀਂਹ ਰੱਖੀ।

ਦੇਖਣ ਵਿੱਚ ਸਿੱਖ ਦੁਨੀਆ ਦੇ ਸਾਰੇ ਲੋਕਾਂ ਤੋਂ ਨਿਆਰੇ ਲੱਗਦੇ ਹਨ। ਇਹ ਇਸ ਲਈ ਕਿਉਂਕਿ ਸਿੱਖ ਸਰੀਰ ਦੇ ਵਾਲ ਨਹੀਂ ਕੱਟਦੇ, ਦਾਹੜੀ ਅਤੇ ਦਸਤਾਰ ਸਜਾ ਕੇ ਰੱਖਦੇ ਹਨ ਜੋ ਰੀਤ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਰੰਭ ਕੀਤੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਜ ਪਿਆਰਿਆ ਨੂੰ ਛਕਾਇਆ ਤਾਂ ਹਰ ਅੰਮ੍ਰਿਤਧਾਰੀ ਸਿੱਖ ਲਈ ਪੰਜ ਕੱਕਾਰ – ਕੇਸ, ਕੰਘਾ, ਕੜਾ, ਕਛਹਿਰਾ ਅਤੇ ਕਿਰਪਾਨ ਦਾ ਧਾਰਨੀ ਹੋਣਾ ਜਰੂਰੀ ਹੈ। ਉਪਰੋਕਤ ਪੰਜਾਂ ਕੱਕਾਰਾਂ ਨਾਲ ਖਾਲਸੇ ਦਾ ਰੂਪ ਪੂਰੀ ਤਰਾਂ ਦਿਰਸ਼ਟਮਾਨ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਹੈ:
“ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੂੰ ਕਰੂੰ ਨਿਵਾਸ ॥“

ਖਾਲਸੇ ਦਾ ਸੁਨਹਿਰੀ ਇਤਿਹਾਸ ਕੁਰਬਾਨੀਆਂ ਨਾਲ ਭਰਭੂਰ ਹੈ। ਸੰਸਰ ਵਿੱਚ ਜਿੱਥੇ ਕਿਤੇ ਭੀ ਖਾਲਸਾ ਜੀ ਵਾਸੇ ਹਨ ਉਥੇ ਉਥੇ ਹੀ ਦਸਮੇਸ਼ ਦੇ ਪੁੱਤਰਾਂ ਨੇ ਧਰਮ ਦੀ ਕਿਰਤ ਕਰਦਿਆਂ ਆਪਣੀ ਕੌਮ ਦਾ ਨਾਮ ਉੱਚਾ ਕੀਤਾ ਹੈ। ਖਾਲਸਾ ਜੀ ਸਤਿਗੁਰਾਂ ਨੇ ਵੈਸਾਖੀ ਪੁਰਬ ਦੇ ਆਗਮਨ ਦਿਹਾੜੇ ਪੰਜ ਪਿਆਰਿਆਂ ਦੀ ਸਾਜਨਾ ਕਰਕੇ ਜਾਤਾਂ ਪਾਤਾਂ ਤੇ ਛੂਆ ਛਾਤ ਦਾ ਭਿੰਨ ਭੇਟ ਮਿਟਾ ਦਿੱਤਾ। ਅੱਜ ਬਹੁੱਤ ਸਾਰੇ ਭੁੱਲੜ ਲੋਕ ਦਸਮੇਸ਼ ਪਿਤਾ ਜੀ ਦਾ ਸੰਦੇਸ਼ ਮਨੋਂ ਵਿਸਾਰਦੇ ਜਾ ਰਹੇ ਹਨ ਤੇ ਮੁੜ ਜਾਤਾਂ ਪਾਤਾਂ ਹਾਵੀ ਹੋ ਰਹੀਆਂ ਹਨ। ਸੱਚ ਅਤੇ ਏਕਤਾ ਖੰਭ ਲਾ ਕੇ ਉਡਦੇ ਜਾ ਰਹੇ ਹਨ।

ਵਿਦੇਸ਼ਾਂ ਵਿੱਚ ਅਸੀਂ ਤਦ ਹੀ ਬਚ ਸਕਾਂਗੇ ਜੇ ਜਾਤਾਂ ਪਾਤਾਂ ਤਿਆਗ ਕੇ ਸਤਿਗੁਰਾਂ ਦੇ ਦਰਸਾਏ ਮਾਰਗ ਤੇ ਚੱਲਾਂਗੇ:
ਮਾਨਸ ਕੀ ਜਾਤ ਸਬੈ ਏਕੋ ਪਹਿਚਾਨਬੋ।

ਆਓ, ਆਪਣਾ ਧਰਮ, ਆਪਣੀ ਮਾ-ਬੋਲੈੀ ਪੰਜਾਬੀ, ਆਪਣਾ ਸਮਾਜ ਅਤੇ ਆਪਣਾ ਇਤਿਹਾਸ ਸੰਭਾਲੀਏ। ਆਪਸੀ ਭਾਈਚਾਰੇ ਤੇ ਏਕਤਾ ਦਾ ਸਬੂਤ ਦਈਏ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖਾਲਸਾ ਪੰਥ ਦਾ ਪੱਲਾ ਫੜੀਏ। ਫਿਰ ਦੁਨੀਆ ਦੀ ਕੋਈ ਭੀ ਤਾਕਤ ਸਾਨੂੰ ਨਿਵਾ ਨਹੀਂ ਸਕੇਗੀ।

ਕਵੀ ਸਮੇਲਨ ਦੇ ਅਖੀਰ ਵਿੱਚ ਗੁਰਦਵਾਰਾ ਸਾਹਿਬ ਜੀ ਵਲੋਂ ਸਮੂਹ ਕਵੀਆਂ ਦਾ ਸਰੋਪਾ ਦੀ ਬਖਸ਼ੀਸ਼ ਭੇਟ ਕਰਕੇ ਸਨਮਾਨਿੱਤ ਕੀਤਾ ਗਿਆ। ਗੁਰਦਵਾਰਾ ਸ੍ਰੀ ਗੁਰੂ ਹਰਕ੍ਰਿਸ਼ਂਨ ਸਾਹਿਬ ਜੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਜੀ ਨੇ ਸਟੇਜ ਤੌਂ ਬੋਲਦਿਆਂ ਸੱਭ ਨੂੰ ਖਾਲਸੇ ਦੇ ਸਾਜਨਾ ਦਿਵਸ ਦੀਆਂ ਵਧਾਈਆਂ ਅਤੇ ਕਵੀ ਸਮੇਲਨ ਦੇ ਪ੍ਰਬੰਧਕਾਂ ਅਤੇ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਦੇ ਸਿਹਯੋਗ ਦਾ ਧੰਨਵਾਦ ਕੀਤਾ।

Previous articleਦਿੱਲੀ ਵਿੱਚ ਬਲੋਚਿਸਤਾਨ ਦੂਤਾਵਾਸ ਖੁੱਲ੍ਹਿਆ, ਸੰਯੁਕਤ ਰਾਸ਼ਟਰ ਨੇ ਦੇਸ਼ ਨੂੰ ਮਾਨਤਾ ਦਿੱਤੀ; ਜੰਗ ਦੌਰਾਨ ਆਜ਼ਾਦੀ ਦਾ ਦਾਅਵਾ ਕੀਤਾ
Next articleਜ‌ੰਗ ਜੇ ਲੱਗੀ…………………