HOME ਸ਼ੁਭ ਸਵੇਰ ਦੋਸਤੋ

ਸ਼ੁਭ ਸਵੇਰ ਦੋਸਤੋ

2

  (ਸਮਾਜ ਵੀਕਲੀ)   ਦੁੱਖਾਂ ਦਾ ਦੌਰ ਸਾਰਿਆਂ ਦੇ ਜੀਵਨ ਵਿੱਚ ਆਉਂਦਾ ਹੈ, ਪਰ ਜਿਹੜੇ ਇਨਸਾਨ ਇਨ੍ਹਾਂ ਹਾਲਾਤਾਂ ‘ਚ ਵੀ ਮੁਸਕਰਾ ਗਏ, ਸਮਝੋ ਉਨ੍ਹਾਂ ਕੋਲ ਜਿਊਣ ਦਾ ਚੱਜ ਆ ਗਿਆ। ਜੀਵਨ ਦੇ ਸਬਕ ਕੋਈ ਸਕੂਲ ਨਹੀਂ ਪੜ੍ਹਾ ਸਕਦਾ। ਵਕਤ ਦੀ ਮਾਰ ਸਾਨੂੰ ਤੋੜਦੀ ਵੀ ਹੈ ਤੇ ਜੋੜਦੀ ਵੀ ਹੈ। ਵਕਤ ਕੋਈ ਉਪਚਾਰ ਨਹੀਂ, ਅਧਿਆਪਕ ਹੈ, ਇਹ ਸਾਨੂੰ ਜ਼ਖ਼ਮਾਂ ਤੇ ਖੁਦ ਮਲ੍ਹਮ ਲਾਉਣੀ ਸਿਖਾ ਦਿੰਦਾ ਹੈ। ਵਕਤ ਕਿਸੇ ਵੀ ਦਰਦ ਨੂੰ ਠੀਕ ਨਹੀਂ ਕਰਦਾ, ਪਰ ਇਹ ਸਾਨੂੰ ਦਰਦ ਨਾਲ ਜੀਵਣਾ, ਸਹਿਣਾ ਅਤੇ ਉਸ ਤੋਂ ਸਿੱਖਣਾ ਸਿਖਾ ਦਿੰਦਾ ਹੈ। ਜੀਵਨ ਰਾਹ ‘ਤੇ, ਹਰ ਕੋਈ ਆਪਣੇ-ਆਪਣੇ ਬੋਝ ਚੁੱਕ ਕੇ ਤੁਰ ਰਿਹਾ ਹੈ। ਕਿਸੇ ਦੇ ਮੁੱਖ ਤੇ ਹਾਸਾ ਹੋ ਸਕਦਾ ਹੈ, ਉਹ ਗਾ ਰਿਹਾ ਹੋ ਸਕਦਾ ਹੈ, ਪਰ ਕੋਈ ਕੀ ਜਾਣੇ ਉਹ ਦਿਲ ਅੰਦਰੋਂ ਕਿੰਨਾ ਰੋ ਰਿਹਾ ਹੁੰਦਾ ਹੈ? ਲੋਕ ਆਖਦੇ ਹਨ ਕਿ “ਸਮਾਂ ਸਭ ਕੁਝ ਠੀਕ ਕਰ ਦੇਂਦਾ ਹੈ” ਪਰ ਸੱਚ ਇਹ ਹੈ ਕਿ ਸਮਾਂ ਸਾਨੂੰ, ਸਮੇਂ ਨਾਲ ਸਹਿਣਾ ਸਿਖਾ ਦਿੰਦਾ ਹੈ। ਦੁੱਖਾਂ ਦੀ ਤੀਬਰਤਾ ਸ਼ਾਇਦ ਥੋੜ੍ਹੀ ਘਟ ਜਾਂਦੀ ਹੋਵੇ, ਪਰ ਉਹ ਪਲ, ਉਹ ਯਾਦਾਂ, ਉਹ ਜ਼ਖ਼ਮ ਕਦੇ ਨਹੀਂ ਸੁੱਕਦੇ, ਜਿੱਥੇ ਚੰਦਰੀ ਮੌਤ ਨੌਹਦ੍ਰਾਂ ਮਾਰ ਜਾਂਦੀ ਹੈ। ਅਸੀਂ ਹੀ ਥੋੜ੍ਹੇ ਹੋਰ ਮਜ਼ਬੂਤ ਹੋ ਜਾਂਦੇ ਹਾਂ, ਥੋੜ੍ਹੇ ਹੋਰ ਚੁੱਪ, ਥੋੜ੍ਹੇ ਹੋਰ ਗੰਭੀਰ, ਲੋਕਾਂ ਦੀ ਸਮਝ ਤੋਂ ਬਾਹਰ..!  ਸੱਚੀ ਵਕਤ ਇੱਕ ਉਪਚਾਰ ਨਹੀਂ, ਇੱਕ ਅਧਿਆਪਕ ਹੈ। ਇਹ ਸਾਨੂੰ ਦੱਸਦਾ ਹੈ ਕਿ ਕਿਵੇਂ ਆਪਣੇ ਜਖ਼ਮਾਂ ’ਤੇ ਖੁਦ ਹੀ ਮਲ੍ਹਮ ਨੂੰ ਲਗਾਉਣਾ ਹੈ। ਖਰੋਚਣ ਵਾਲੇ ਲੋਕ ਆਉਂਦੇ ਰਹਿੰਦੇ ਹਨ, ਹਾਲਾਤ ਬਦਲਦੇ ਰਹਿੰਦੇ ਹਨ, ਪਰ ਅੰਦਰਲੀ ਖਾਮੋਸ਼ੀ ਕਈ ਵਾਰ ਸਦਾ ਲਈ ਰੁੱਕ ਜਾਂਦੀ ਹੈ। ਹਰ ਦੁੱਖ ਪ੍ਰਛਾਵੇਂ ਵਰਗਾ ਹੁੰਦਾ ਹੈ, ਜਿਹੜਾ ਸਾਡੇ ਨਾਲ-ਨਾਲ ਤੁਰਦਾ ਹੈ। ਪਰ ਉਸ ਛਾਂ ਵਿੱਚੋਂ ਵੀ ਅਸੀਂ ਚਾਨਣ ਲੱਭਣਾ ਸਿੱਖ ਲੈਂਦੇ ਹਾਂ। ਜੀਵਨ ਦੀ ਸਭ ਤੋਂ ਵੱਡੀ ਕਲਾ ਹੈ ਸਹਿਣਾ, ਸਿੱਖਣਾ ਤੇ ਅੱਗੇ ਵੱਧਣਾ। ਸਮਾਂ ਦੁੱਖ ਖ਼ਤਮ ਨਹੀਂ ਕਰਦਾ, ਸਾਨੂੰ ਦਰਦਾਂ ਨਾਲ ਜੀਣਾ ਸਿਖਾ ਦਿੰਦਾ ਹੈ। ਕਿਉਂਕਿ ਲੰਘਦੇ ਵਕਤ ਨਾਲ ਦੁੱਖ-ਤਕਲੀਫ਼ਾਂ ਖ਼ਤਮ ਨਹੀਂ ਹੁੰਦੀਆਂ, ਸਮੇਂ ਨਾਲ ਸਾਨੂੰ ਹੀ ਦਰਦ ਸਹਿਣ ਦਾ ਕੰਨ੍ਹਾ ਜਾ ਪੈ ਜਾਂਦਾ ਹੈ! ਮੁੱਕਦੀ ਗੱਲ ਐ…
ਅਸੀਂ ਅਸਲੀਅਤ ਦਿਖਾਈ ਲੋਕ ਦੂਰ ਹੋ ਗਏ,
ਨਕਾਬ ਪਾਏ ਲੋਕਾਂ ਦੀ ਹੋਂਦ ਏਥੇ ਕਬੂਲ ਹੋ ਗਈ।
✍️ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਾਤੀ ਨੂੰ ਲਵਾਦੇ ਘੁੰਗਰੂ,ਹਾੜੀ ਵੱਢੂਗੀ ਬਰੋਬਰ ਤੇਰੇ
Next articleਮੈਂ ਭੂਆ ਬੋਲਦੀ ਹਾਂ.।