ਹਰਜਿੰਦਰ ਸਿੰਘ ਚੰਦੀ ਮਹਿਤਪੁਰ
(ਸਮਾਜ ਵੀਕਲੀ) ਸ਼ਹਿਦ ਇਹ ਅਖਾਣ ਅਜੋਕੇ ਸਮੇਂ ਪੰਜਾਬ ਦੇ ਹਲਾਤਾਂ ਲਈ ਬਣਿਆ ਹੈ ਜਾਂ ਇੰਝ ਕਹਿ ਲਵੋ ਕਿ ਇਸ ਤੋਂ ਵਧੀਆ ਅਖਾਣ ਪੰਜਾਬ ਦੇ ਅਜੋਕੇ ਹਲਾਤਾਂ ਦੀ ਤਰਜਮਾਨੀ ਬਿਆਨ ਨਹੀਂ ਕਰ ਸਕਦਾ। ਇਕ ਸਮਾਂ ਸੀ ਲੋਕ ਅਹਿਮਦਸ਼ਾਹ ਦੇ ਅਤਿਆਚਾਰਾਂ ਤੋਂ ਇਨ੍ਹਾਂ ਦੁਖੀ ਹੋਏ ਕਿ ਉਨ੍ਹਾਂ ਨੂੰ ਸਮਝ ਨਹੀ ਆਉਂਦਾ ਸੀ ਕਿ ਅਹਿਮਦਸ਼ਾਹ ਵਰਗੇ ਧਾੜਵੀ ਦੀਆਂ ਫੌਜਾਂ ਕਦੋਂ ਉਨ੍ਹਾਂ ਨੂੰ ਲੁੱਟਣ ਪੈ ਜਾਂਦੀਆਂ ਕੁਝ ਸਮਝ ਨਾ ਆਉਂਦਾ ਅਹਿਮਦਸ਼ਾਹ ਦੇ ਅਤਿਆਚਾਰਾਂ ਤੋਂ ਤੰਗ ਲੋਕਾਂ ਵੱਲੋਂ ਕਿਰਤ ਕਮਾਈ ਕਰਕੇ ਜੋਂ ਵੀ ਬਣਾਇਆ ਹੁੰਦਾ ਉਸ ਨੂੰ ਖਾਣ ਹੰਢਾਉਣ ਦੀ ਕਰਦੇ। ਲੋਕ ਅਕਸਰ ਇਕ ਦੂਜੇ ਨੂੰ ਮੁਖ਼ਾਤਿਬ ਹੁੰਦਿਆਂ ਆਖਿਆ ਕਰਦੇ ਹਾਂ ਭਾਈ ਹੁਣ ਤਾਂ ਅਜਿਹੇ ਹਾਲਾਤ ਹਨ ਕਿ ਖਾਂਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਜੇਕਰ ਅਜੋਕੇ ਹਲਾਤਾਂ ਨੂੰ ਦੇਖਦਿਆਂ ਜਾਵੇ ਤਾਂ ਪੰਜਾਬ ਦੀ ਅਫ਼ਸਰਸ਼ਾਹੀ ਲੋਕਤੰਤਰ ਲਈ ਬਣਦੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਦਿਖਾਈ ਦੇ ਰਹੀ ਹੈ। ਜੇਕਰ ਕੁਰਪਸ਼ਨ ਦੀ ਗੱਲ ਕਰੀਏ ਤਾਂ ਚੰਗੇ ਕਿਰਦਾਰ ਵਾਲੇ ਵਿਰਲੇ ਅਫਸਰਾਂ ਨੂੰ ਛੱਡ ਕੇ ਬਾਕੀ ਜ਼ਿਆਦਾ ਤਾਂ ਲੋਕਾਂ ਦਾ ਖ਼ੂਨ ਚੂਸਦੇ ਦਿਖਾਈ ਦਿੰਦੇ ਹਨ। ਦਫ਼ਤਰਾਂ ਵਿਚ ਕੰਮ ਕਰਵਾਉਣ ਲਈ ਲੋਕ ਸ਼ਰੇਆਮ ਫਾਇਲਾਂ ਨੂੰ ਚਾਂਦੀ ਦਾ ਵਰਕ ਚੜਾਉਂਦੇ ਦਿਖਾਈ ਦੇ ਰਹੇ ਹਨ । ਜਿਥੋਂ ਤੱਕ ਪੰਜਾਬ ਸਰਕਾਰ ਦੀ ਬੇਵਸੀ ਹੈ ਉਹ ਜਗ ਜ਼ਾਹਿਰ ਹੋ ਚੁੱਕੀ ਹੈ। ਇਥੇ ਹਰ ਕੋਈ ਇਕ ਦੂਜੇ ਦੀ ਕਠਪੁਤਲੀ ਨਜ਼ਰ ਆ ਰਿਹਾ ਹੈ। ਲੋਕ ਤੰਤਰ ਦਾ ਜਿਵੇਂ ਕਿਸੇ ਨੂੰ ਕੋਈ ਫ਼ਿਕਰ ਨਾ ਹੋਵੇ। ਅਜੋਕੇ ਹਲਾਤਾਂ ਵਿੱਚ ਦਿਨੋ ਦਿਨ ਦੇਸ਼ ਦੀ ਕਮਾਨ ਪੂਜੀ ਪਤੀਆਂ ਦੇ ਹੱਥਾਂ ਵਿਚ ਜਾਂਦੀ ਦਿਖਾਈ ਦੇ ਰਹੀ ਹੈ। ਹਰ ਅਦਾਰੇ ਨੂੰ ਨਿਜੀਕਰਨ ਦੀ ਪਾਨ ਚੜਦੀ ਜਾ ਰਹੀ ਹੈ ਤੇ ਲੋਕ ਤੰਤਰ ਬੇ ਵੱਸ ਮੂਕ ਦਰਸ਼ਕ ਦੀ ਭੂਮਿਕਾ ਨਿਭਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਕਿਸਾਨ, ਮਜ਼ਦੂਰ, ਵਿਉਪਾਰੀ, ਬੇਰੋਜ਼ਗਾਰ ਸਭ ਸੰਘਰਸ਼ ਦੇ ਰਾਹ ਤੇ ਦਿਖਾਈ ਦੇ ਰਹੇ ਹਨ ਰਾਹਤ ਕਿਤੇ ਨਜ਼ਰ ਨਹੀਂ ਆ ਰਹੀ। ਸਰਕਾਰ ਵੱਲੋਂ ਬਿਜਲੀ ਵਿਭਾਗ,ਸਕੂਲਾਂ, ਕਾਲਜਾਂ, ਯੂਨੀਵਰਸਿਟੀ, ਹਸਪਤਾਲ, ਏਅਰਪੋਰਟ, ਟਰਾਂਸਪੋਰਟ, ਗੱਲ ਕੀ ਹਰ ਖਿਤੇ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ । ਇਸ ਲਈ ਉਪਜਾਊ ਜ਼ਮੀਨਾਂ ਦਾ ਅਕਵਾਇਰ ਹੋਣਾ ਵੀ ਲਾਜ਼ਮੀ ਹੈ। ਬਹੁਤਾਤ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘਟਣ ਕਾਰਨ ਉਨ੍ਹਾਂ ਨੂੰ ਜਾ ਤਾਂ ਜ਼ਿੰਦਾ ਲਗਾ ਦਿੱਤਾ ਗਿਆ ਜਾਂ ਦੂਜੇ ਸਕੂਲਾਂ ਵਿਚ ਉਨ੍ਹਾਂ ਦਾ ਰਲੇਵਾਂ ਹੋ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕੀਤੇ ਜਾ ਰਹੇ ਹਨ ਜੋ ਨਸ਼ਿਆਂ ਦੇ ਮੁੱਦੇ ਤੇ ਚਿੱਟਾ ਹਾਥੀ ਵਧ ਸਾਬਤ ਹੋ ਰਹੇ ਹਨ। ਕਨੂੰਨ ਵਿਵਸਥਾ ਗਿਰਾਵਟ ਵੱਲ ਵਧ ਰਹੀ ਹੈ। ਨਸ਼ਿਆਂ ਦਾ ਬੋਲਬਾਲਾ ਹੈ, ਲੁਟਮਾਰ, ਚੋਰੀ, ਗੁੰਡਾਗਰਦੀ, ਬੁਰਛਾਗਰਦੀ, ਬਲਾਤਕਾਰ, ਗੱਲ ਕੀ ਹਰ ਪਾਸੇ ਜੁਰਮ ਵਧ ਫੁੱਲ ਰਿਹਾ ਹੈ। ਥਾਣਿਆਂ ਸਮੇਤ ਹੋਰ ਅਦਾਰਿਆਂ ਵਿੱਚ ਮੁਲਾਜ਼ਮਾਂ ਦੀ ਭਾਰੀ ਘਾਟ ਹੈ। ਈ ਸਟੈਂਪ, ਆਰਸੀ, ਡਰਾਇਵਿੰਗ ਲਾਇਸੰਸ ਨੂੰ ਲੈ ਕੇ ਲੋਕ ਬਹੁਤ ਬੁਰੀ ਸਥਿਤੀ ਵਿਚ ਹਨ। ਆਰਸੀ ਜਾਂ ਲਾਇਸੰਸ ਮਿਲਣ ਤੇ ਲੋਕ ਦਿਵਾਲੀ ਦੇ ਤਿਉਹਾਰ ਵਾਂਗ ਮਹਿਸੂਸ ਕਰਦੇ ਹਨ ਜਿਸ ਦੀ ਆਰਸੀ ਜਾਂ ਲਾਇਸੰਸ ਪ੍ਰਿੰਟ ਹੋ ਕੇ ਘਰ ਪੁੱਜਦਾ ਹੈ ਉਹ ਤਾਂ ਲਾਟਰੀ ਨਿਕਲਣ ਵਾਂਗ ਮਹਿਸੂਸ ਕਰਦਾ ਹੈ। ਬੱਸਾਂ ਵਿਚ ਲੇਡੀਜ਼ ਲਈ ਫ੍ਰੀ ਸਫ਼ਰ ਨੇ ਟਰਾਂਸਪੋਰਟ ਵਿਭਾਗ ਦਾ ਦਿਵਾਲਾ ਕੱਢਣ ਵਿੱਚ ਕੋਈ ਕਸਰ ਨਹੀਂ ਛੱਡੀ। ਦਿਨੋਂ ਦਿਨ ਕੰਗਾਲੀ ਦੀ ਹਲਾਤ ਵਿੱਚ ਮੁਫ਼ਤ ਦੀਆਂ ਸਹੂਲਤਾਂ ਅਰਥ ਵਿਵਸਥਾ ਲਈ ਬੇੜੀ ਵਿੱਚ ਛੇਕ ਵਾਂਗੂੰ ਸਾਬਤ ਹੋ ਰਹੀਆਂ ਹਨ। ਇੰਨੇ ਗੰਭੀਰ ਹਲਾਤਾਂ ਵਿੱਚ ਇਨ੍ਹਾਂ ਜਟਲ ਸਮੱਸਿਆਵਾਂ ਨਾਲ ਨਜਿੱਠਣ ਜਾ ਉਨ੍ਹਾਂ ਲਈ ਚਿੰਤਨ ਕਰਨ ਦੀ ਬਜਾਏ ਦੇਸ਼ ਦੀ ਰਾਜਨੀਤੀ ਜੁਮਲੇ ਸੁਣਾ ਕੇ ਵਖ਼ਤ ਲੰਘਾਉਂਦੀ ਨਜ਼ਰ ਆ ਰਹੀ ਹੈ। ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹਨ ਬੇਰੁਜ਼ਗਾਰੀ ਚਰਮ ਸੀਮਾ ਤੇ ਹੈ। ਅਜਿਹੇ ਹਾਲਾਤ ਵਿਚ ਸਭ ਰਾਮ ਭਰੋਸੇ ਨਜ਼ਰ ਆ ਰਿਹਾ ਹੈ। ਰਾਤ ਦਿਨ ਦੀ ਮਿਹਨਤ ਤੋਂ ਬਾਅਦ ਪਿਸਦੀ ਜਾ ਰਹੀ ਜਨਤਾਂ ਤਾਂ ਇਹੀ ਸੋਚਣ ਲਈ ਮਜਬੂਰ ਹੈ ਖਾਂਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ।



