ਧਰਨੇ ਵਾਲੀ ਥਾਂ ਰੋਕਾਂ ਕਿਸਾਨਾਂ ਨੇ ਨਹੀਂ ਦਿੱਲੀ ਪੁਲੀਸ ਨੇ ਲਾਈਆਂ

Bharatiya Kisan Union (BKU) leader Rakesh Tikait.

ਨਵੀਂ ਦਿੱਲੀ (ਸਮਾਜ ਵੀਕਲੀ): ਇਥੇ ਦਿੱਲੀ-ਉੱਤਰ ਪ੍ਰਦੇਸ਼ ਬਾਰਡਰ ’ਤੇ ਪਿਛਲੇ ਸਾਲ ਨਵੰਬਰ ਤੋਂ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ ਧਰਨਾ ਲਾਈ ਬੈਠੇ ਭਾਰਤੀ ਕਿਸਾਨ ਯੂਨੀਅਨ ਦੇ ਹਮਾਇਤੀਆਂ ਤੇ ਹੋਰ ਅਹੁਦੇਦਾਰਾਂ ਨੇ ਸੁਪਰੀਮ ਕੋਰਟ ਦੀਆਂ ਅੱਜ ਦੀਆਂ ਟਿੱਪਣੀਆਂ ਦੇ ਸੰਦਰਭ ਵਿਚ ਕਿਹਾ ਕਿ ਧਰਨੇ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਰੋਕਾਂ ਕਿਸਾਨਾਂ ਨੇ ਨਹੀਂ ਬਲਕਿ ਦਿੱਲੀ ਪੁਲੀਸ ਨੇ ਲਾਈਆਂ ਹਨ। ਬੀਕੇਯੂ ਤਰਜਮਾਨ ਸੌਰਭ ਉਪਾਧਿਆਏ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਛੱਡ ਕੇ ਕਿਤੇ ਨਹੀਂ ਜਾਣਗੇ ਤੇ ਬੈਰੀਕੇਡਿੰਗ ਹਟਾਉਣ ਦਾ ਕੰਮ ਪੁਲੀਸ ਦਾ ਹੈ।

ਬੀਕੇਯੂ ਤਰਜਮਾਨ ਨੇ ਕਿਹਾ, ‘‘ਅਸੀਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਸਤਿਕਾਰ ਕਰਦੇ ਹਾਂ, ਪਰ ਅਸੀਂ ਨਾਲ ਹੀ ਇਹ ਵੀ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਧਰਨੇ ਵਾਲੀ ਥਾਂ ਦੀ ਬੈਰੀਕੇਡਿੰਗ (ਰੋਕਾਂ) ਕਰਨ ਵਾਲਾ ਹੋਰ ਕੋਈ ਨਹੀਂ ਬਲਕਿ ਦਿੱਲੀ ਪੁਲੀਸ ਹੈ। ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਪੁਲੀਸ ਲੋਕਾਂ ਦੀ ਭਲਾਈ ਦੇ ਮੱਦੇਨਜ਼ਰ ਇਨ੍ਹਾਂ ਰੋਕਾਂ ਨੂੰ ਹਟਾਵੇ।’’ ਉਪਾਧਿਆਏ ਨੇ ਕਿਹਾ, ‘‘ਕਿਸਾਨਾਂ ਨੇ ਦਿੱਲੀ ਜਾਂ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇੇਸ਼ ਵਿੱਚ ਕਿਤੇ ਵੀ ਸੜਕਾਂ ਦੀ ਬੈਰੀਕੇਡਿੰਗ ਨਹੀਂ ਕੀਤੀ। ਕਿਸਾਨਾਂ ਕੋਲ ਸੜਕਾਂ ਰੋਕਣ ਦੀ ਕੋਈ ਤਾਕਤ ਨਹੀਂ ਹੈ, ਪਰ ਪੁਲੀਸ ਕੋਲ ਹੈ।’’ ਬੀਕੇਯੂ ਅਹੁਦੇਦਾਰ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਨਸ਼ਰ ਹੋਈਆਂ ਕੁਝ ਤਸਵੀਰਾਂ ਵਿੱਚ ਜੋ ਇਹ ਦਾਅਵਾ ਕਰਦੀਆਂ ਹਨ ਕਿ ਗਾਜ਼ੀਪੁਰ ਵਿੱਚ ਦਿੱਲੀ-ਮੇਰਠ ਐਕਸਪ੍ਰੈੱਸਵੇਅ (ਐੱਨਐੱਚ-9) ’ਤੇ ਲਾਏ ਕਿਸਾਨਾਂ ਦੇ ਟੈਂਟ ਪੁੱਟੇ ਜਾ ਰਹੇ ਹਨ, ਸਰਾਸਰ ਝੂਠ ਤੇ ਅਫ਼ਵਾਹਾਂ ਹਨ।

ਉਪਾਧਿਆਏ ਨੇ ਕਿਹਾ, ‘‘ਅਜਿਹਾ ਕੁਝ ਨਹੀਂ ਹੈ। ਅਸੀਂ ਸਿਰਫ਼ ਇਕ ਟੈਂਟ ਹਟਾਇਆ ਹੈ, ਜੋ ਯੂਪੀ ਗੇਟ ਤੋਂ ਅੱਗੇ ਐੱਨਐੱਚ-9 ਦੇ ਫਲਾਈਓਵਰ ’ਤੇ ਦਿੱਲੀ ਪਾਸੇ ਸਰਵਿਸ ਲੇਨ ’ਤੇ ਲੱਗਾ ਹੋਇਆ ਸੀ। ਇਸ ਲੇਨ ’ਤੇ ਦਿੱਲੀ ਪੁਲੀਸ ਵੱਲੋਂ ਕੀਤੀ ਬੈਰੀਕੇਡਿੰਗ ਅਜੇ ਵੀ ਮੌਜੂਦ ਹੈ।’’ ਐਕਸਪ੍ਰੈੱਸਵੇਅ ’ਤੇ ਕਿਸਾਨਾਂ ਵੱਲੋਂ ਧਰਨਾ ਜਾਰੀ ਰੱਖਣ ਬਾਰੇ ਪੁੱਛੇ ਜਾਣ ’ਤੇ ਉਪਾਧਿਆਏ ਨੇ ਕਿਹਾ ਕਿ ਕੋਰਟ ਨੇ ਵੀ ਇਹ ਗੱਲ ਮੰਨੀ ਹੈ ਕਿ ਸ਼ਾਂਤੀਪੂਰਵਕ ਪ੍ਰਦਰਸ਼ਨ ਨਾਗਰਿਕਾਂ ਦਾ ਅਧਿਕਾਰ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਦਰਸ਼ਨ ਦਾ ਹੱਕ, ਸੜਕਾਂ ਘੇਰਨ ਦਾ ਨਹੀਂ: ਸੁਪਰੀਮ ਕੋਰਟ
Next articleਗ੍ਰਹਿ ਮੰਤਰੀ ਦੀ ਫੇਰੀ ਨਾਲ ਨਿਰਾਸ਼ਾ ਹੀ ਪੱਲੇ ਪਈ: ਕਾਂਗਰਸ