(ਸਮਾਜ ਵੀਕਲੀ)
ਸੂਰਜ ਮੱਥੇ ਵਿੱਚ ਸਮਾਉਣਾ ਏਨਾ ਸੌਖਾ ਨਈਂ।
ਸ਼ਬਦਾਂ ਸੰਗ ਯਰਾਨਾ ਪਾਉਣਾ ਏਨਾ ਸੌਖਾ ਨਈਂ।
ਸ਼ਬਦਾਂ ਸੰਗ ਯਰਾਨਾ ਪਾਉਣਾ ਏਨਾ ਸੌਖਾ ਨਈਂ।
ਸ਼ਬਦਾਂ ਸੰਗ ਜੁੜੀ ਹੈ ਭਾਵੇਂ ਸਾਰੀ ਹੀ ਦੁਨੀਆ ,
ਪਰ ਸੋਹਣਾ ਸੰਵਾਦ ਰਚਾਉਣਾ ਏਨਾ ਸੌਖਾ ਨਈਂ ।
ਸੋਚ ਸਮਝ ਕੇ ਬੰਦਾ ਕੁੱਲ ਕਲੇਸ਼ ਮੁਕਾ ਲੈਂਦਾ,
ਮੈਂ ਮੇਰੀ ਦਾ ਰੰਦ ਮੁਕਾਉਣਾ ਏਨਾ ਸੌਖਾ ਨਈਂ ।
ਧਰਤੀ ਅੰਬਰ ਗਾਹ ਛੱਡੇ ਭਾਵੇਂ ਅੱਜ ਮਨੁੱਖ ਨੇ ,
ਐਪਰ ਦੁਨੀਆ ਦਾ ਥਾਹ ਪਾਉਣਾ ਏਨਾ ਸੌਖਾ ਨਈ ।
ਸ਼ਿਵ ਦੇ ਗੀਤ ਉਦਾਸੇ ਸਭ ਨੂੰ ਆਪਣੇ ਲੱਗਦੇ ਨੇ,
ਸੱਚੀਂ ਮੁੱਚੀਂ ਹਿਜਰ ਹੰਢਾਉਣਾ ਏਨਾ ਸੌਖਾ ਨਈਂ।
ਜਿਸਦਾ ਨਾਮ ਵੀ ਸੁਣਨਾ ਹੁੰਦਾ ਮੂਲ ਗਵਾਰਾ ਨਾ,
ਦਿਲ ਚੋਂ ਉਸ ਨੂੰ ਕੱਢ ਭੁਲਾਉਣਾ ਏਨਾ ਸੌਖਾ ਨਈ ।
ਅਣਜਾਣ ਨੂੰ ਵੀ ਸਮਝਾ ਕੇ ਰਾਹ ਪਾਇਆ ਜਾ ਸਕਦਾ,
ਮਚਲੇ ਤਾਈਂ ਕੁੱਝ ਸਮਝਾਉਣਾ ਏਨਾ ਸੌਖਾ ਨਈਂ।
ਕਿਹੜਾ ਇਸ਼ਕ ਨਾ ਚਾਹੇ, ਮੁਨਕਰ ਕੌਣ ਵਫ਼ਾ ਤੋਂ ਹੈ,
ਜੀਤ ਫ਼ਰਜ਼ ਤੋਂ ਮੁੱਖ ਭਵਾਉਣਾ ਏਨਾ ਸੌਖਾ ਨਈਂ ।
ਅਮਰਜੀਤ ਸਿੰਘ ਜੀਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly