ਭਗਤ ਗੁਰੂ ਰਵਿਦਾਸ ਜੀ   

     ਗੁਰਮੀਤ ਸਿੰਘ ਖਾਨਪੁਰੀ

(ਸਮਾਜ ਵੀਕਲੀ)-   ਅੱਜ ਗੁਰੂ /ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਪੂਰੇ ਵਿਸ਼ਵ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਥਾਂ ਥਾਂ ਤੇ ਲੋਕਾਂ ਦਾ ਭਾਰੀ ਸੰਗਤ ਵਿਚ ਇਕੱਠੇ ਹੋਣਾ ਉਹਨਾਂ ਪ੍ਰਤੀ ਸ਼ਰਧਾ ਤੇ ਉਹਨਾਂ ਦੇ ਉਪਦੇਸ਼ਾਂ ਤੇ ਚੱਲਣ ਦੀ ਗਵਾਹੀ ਭਰਦੇ ਹਨ।ਉਹਨਾਂ ਦੁਆਰਾ ਦੱਸੇ ਗਏ ਮਾਰਗ ਨੇ ਸਾਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ-ਨੀਚ,ਛੂਤ-ਛਾਤ,ਭੇਖਾਂ-ਪਖੰਡਾਂ,ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ। ਉਨ੍ਹਾਂ ਦਾ ਜਨਮ 1377-1378 ਚੌਧਵੀਂ  ਸਦੀ ਵਿਚ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕੌਸ ਦੇਵੀ ਜੀ ਦੀ ਕੁੱਖੋਂ ਕਾਂਸ਼ੀ, ਬਨਾਰਸ ਵਿਖੇ ਹੋਇਆ।ਉਹ ਇਕ ਸਮਾਜ ਸੁਧਾਰਕ, ਮਾਨਵਵਾਦੀ, ਧਾਰਮਿਕ ਮਨੁੱਖ, ਚਿੰਤਕ ਅਤੇ ਮਹਾਨ ਮਾਰਗ ਦਰਸ਼ਕ ਸਨ। ਭਗਤ ਰਵਿਦਾਸ ਸੰਤ ਰਾਮਾ ਨੰਦ ਦੇ ਚੇਲੇ ਤੇ ਭਗਤ ਕਬੀਰ ਦੇ ਸਮਕਾਲੀ ਸਨ।

 ਭਗਤ ਰਵਿਦਾਸ ਨੇ ਸਮਾਜ ਵਿਚ ਅਜਿਹੀਆਂ ਫੈਲੀਆਂ ਕੁਰੀਤੀਆਂ ਨੂੰ ਬੜੀ ਸ਼ਿਦਤ ਨਾਲ ਮਹਿਸੂਸ ਕੀਤਾ ਤੇ ਇਸ ਭੇਦ -ਭਾਵ ਨੂੰ ਦਲੀਲ ਭਰਪੂਰ ਢੰਗ ਨਾਲ ਖੰਡਿਤ ਕਰਕੇ ਕੇਵਲ ਪ੍ਰਮਾਤਮਾ ਦੇ ਭਗਤ ਨੂੰ ਸਭ ਤੋ ਉੱਚਾ ਦਰਜਾ ਦਿੱਤਾ।ਉਨ੍ਹਾ ਦਾ ਕਥਨ ਹੈ ਕਿ ਮਨੁੱਖ ਅੰਦਰ ਡਰ, ਚਿੰਤਾ, ਗਰੀਬੀ, ਦੁੱਖ ,ਗਿਰਾਵਟ, ਦੁਬਿਧਾ,  ਜੋ ਮਧਕਾਲੀ ਸਮਾਜ ਦੀਆਂ ਸਮਸਿਆਵਾਂ ਹਨ , ਜਿਸ ਨਾਲ ਮਨੁੱਖ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਤੇ ਉਸ ਨੂੰ ਪਤਨ ਦੇ ਰਸਤੇ ਤੇ ਪਾਉਂਦਾ ਹੈ।ਪਰ  ਉਨ੍ਹਾ ਨੇ ਅਜਿਹੀ ਸੇਧ ਵੀ ਦਿੱਤੀ ਹੈ ਕਿ ਜੋ ਮਨੁੱਖ ਨੂੰ ਵਿਕਾਸ ਦੇ ਰਸਤੇ ਤੇ ਪਾਕੇ ਖੁਸ਼ਹਾਲੀ ਤੇ ਅਨੰਦ ਦੇ ਰਾਹ ਵੱਲ ਨੂੰ  ਲੈ  ਜਾਂਦੀ ਹੈ।
 ਭਗਤ ਰਵਿਦਾਸ ਇਕ ਅਗਾਂਹ ਵਧੂ ਖਿਆਲੀ ਹਨ। ਉਹ ਮਰਨ ਤੋ ਬਾਅਦ ਮੁਕਤੀ ਦੀ ਨਹੀਂ ਬਲਕਿ ਜੀਵਨ ਮੁਕਤੀ ਦੀ ਗੱਲ ਕਰਦੇ ਹਨ,ਜੋ ਮੁਕਤੀ ਨਿੱਜੀ ਨਹੀਂ ਬਲਕਿ ਸਮੂੰਹਕ ਮੁਕਤੀ ਹੈ।ਉਹ ਸਾਰੇ ਸਮਾਜ ਦੇ ਕਲਿਆਣ ਦੀ ,ਸਰਬਤ ਦੇ  ਭਲੇ ਦੀ ਗੱਲ ਕਰਦੇ ਹਨ। ਭਗਤ ਰਵਿਦਾਸ ਸਮਾਜ-ਦਰਸ਼ਨ ਬਦਲਣ ਤੇ  ਉਸਾਰਨ ਦੀ ਪ੍ਰੇਰਨਾ ਕਰਦੇ ਸਨ।ਭਗਤ ਰਵਿਦਾਸ ਨੇ ਇਨ੍ਹਾ ਹਾਰਿਆਂ ਲਤਾੜਿਆ ਲੋਕਾਂ ਨੂੰ ਇਕ ਨਵਾਂ ਸੁਪਨਾ ਦਿਖਾਇਆ।
ਭਗਤ ਰਵਿਦਾਸ ਨੂੰ ਆਪਣੀ ਨੀਵੀਂ ਜਾਤ ਹੋਣ ਵਿਚ ਕੋਈ ਸ਼ਰਮ ਨਹੀਂ ਸੀ ਸਗੋਂ ਉਨ੍ਹਾ ਨੇ ਗੁਰਬਾਣੀ ਵਿਚ ਆਪਣੀ ਨੀਵੀਂ ਜਾਤ ਹੋਣ ਦਾ ਬੜੇ ਮਿੱਠੇ ਤੇ ਭਾਵਪੂਰਤ ਤਰੀਕੇ ਨਾਲ ਪਰਿਚੈ ਦਿਤਾ ਹੈ।
   ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਕ ਥਾਂ ਤੇ ਸਾਡੇ ਗੁਰੂ ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ ਪ੍ਰਮਾਤਮਾ ਤੇਰੀ ਕ੍ਰਿਪਾ ਨਾਲ ਮੇਰੇ ਸਿਰ ਉੱਤੇ ਛੱਤਰ ਝੁੱਲ ਰਿਹਾ ਹੈ ਤੇ ਤੇਰੀ  ਕ੍ਰਿਪਾ ਨਾਲ ਹੀ ਮੈਨੂੰ ਏਨਾ ਮਾਣ ਸਨਮਾਨ ਮਿਲ ਰਿਹਾ ਹੈ। ਭਗਤ ਰਵਿਦਾਸ ਜੀ ਦਾ ਕਥਨ ,” ਮਨ ਚੰਗਾ ਤੋ ਕਠੋਤੀ ਮੈਂ ਗੰਗਾ” ਲਿਖ ਕੇ ਇਹ ਸਾਫ਼ ਕਰ ਦਿਤਾ ਹੈ ਕੀ ਅਗਰ ਇਨਸਾਨ ਦਾ ਦਿਲ ਸਾਫ਼ ਹੈ ,ਇਨਸਾਨੀਅਤ ਹੈ ਤਾਂ ਤੀਰਥਾਂ ਤੇ ਮੰਦਰਾਂ ਵਿਚ ਜਾਣ ਦੀ ਕੋਈ ਲੋੜ ਨਹੀਂ।ਭਗਤ ਰਵਿਦਾਸ ਨੇ ਆਪਣੀ ਬਾਣੀ ਦੁਆਰਾ ਜਾਤ -ਪਾਤ ਤੇ ਊਚ-ਨੀਚ ਦਾ ਵਿਰੋਧ ਕੀਤਾ।ਜਿੱਥੇ ਆਪਜੀ  ਨੇ ਆਪਣੇ ਪਵਿਤਰ ਜੀਵਨ ਅਤੇ ਨਾਮ ਬਾਣੀ ਨਾਲ ਅਨੇਕਾ ਪ੍ਰਾਣੀਆਂ ਦਾ ਪਾਰ ਉਤਾਰਾ ਕੀਤਾ।
ਆਪਜੀ ਦੀ ਪਿਤਾ ਕੋਲ ਬਹੁਤ ਸਾਰੀ ਦੌਲਤ ਹੁੰਦਿਆ ਵੀ ਆਪ ਜੀ ਨੇ ਕਦੀ ਦੌਲਤ ਨੂੰ ਆਪਣੇ ਅਸੂਲਾਂ ਤੇ ਭਾਰੀ ਨਹੀਂ ਹੋਣ ਦਿੱਤਾ।ਆਪਜੀ ਤਿਆਗੀ ਸੁਭਾਅ ਦੇ ਮਾਲਕ ਸਨ।
 ਬਹੁਤ ਵੱਡੀ ਉਮਰ ਹੰਢਾ  ਕੇ ਭਗਤ ਰਵਿਦਾਸ ਜੀ ਚਿਤੌੜ ਵਿਖੇ ਪ੍ਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੇ।ਚਿਤੌੜ ਵਿਖੇ ਭਗਤ ਰਵਿਦਾਸ ਜੀ ਦੀ ਯਾਦ ਵਿੱਚ ਮਹਾਨ ਯਾਦਗਾਰ ਸੁਸ਼ੋਭਿਤ ਹੈ।ਆਪ ਜੀ ਦੀ ਉੱਚੇ ਤੇ ਸੁੱਚੇ ਉਪਦੇਸ਼ ਸਮੁੱਚੀ ਜਾਤੀ ਲਈ ਚਾਨਣ -ਮੁਨਾਰਾ ਬਣ ਕੇ ਰਾਹ ਦਿਖਾਉਦੇ ਹਨ।ਆਓ ਅੱਜ ਦੇ ਦਿਨ ਉਹਨਾਂ ਦਾ ਮਾਰਗ ਦਰਸ਼ਨ ਕਰਦੇ ਹੋਏ ਭਾਈਚਾਰਕ ਏਕਤਾ ਸਥਾਪਿਤ ਕਰੀਏ।
     ਗੁਰਮੀਤ ਸਿੰਘ ਖਾਨਪੁਰੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪਿੰਦਰ ਪੰਡੋਰੀ ਨੂੰ  ਹਲ਼ਕਾ  ਇੰਚਾਰਜ ਬਣਨ ਤੇ ਦਿਲਬਾਗ ਸਿੰਘ ਜੋਸ਼ਨ ਵਧਾਈ ਦੇਣ ਪੁੱਜੇ  ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਈ – ਦਿਲਬਾਗ ਸਿੰਘ ਜੋਸ਼ਨ 
Next articleਕਵਿਤਾ