ਮਾਹਲਾ ਕਲਾਂ ਦੇ ਲੋਕ ਬਣੇ ਆਪਣੇ ਪਿੰਡ ਦੇ  ਪੀੜਤ ਕਿਸਾਨ ਜੋਗਿੰਦਰ ਸਿੰਘ ਦਾ ਸਹਾਰਾ

ਤਿੰਨੇ ਮੱਝਾਂ ਦੇ ਸਿਰ ‘ਤੇ ਚਲਾਉਂਦਾ ਸੀ ਘਰ, ਤਿੰਨੇ ਗਈਆਂ ਮੌਤ ਦੇ ਮੂੰਹ 
ਭਲੂਰ/ਮਾਹਲਾ ਕਲਾਂ 16 ਜੁਲਾਈ (ਬੇਅੰਤ ਗਿੱਲ ਭਲੂਰ) ਦੁਨੀਆਂ ਵਾਲਿਓ! ਸੱਚ ਜਾਣਿਓ, ਅੱਜ ਵੀ ਸਾਡੇ ਪਿੰਡਾਂ ਵਿਚ ਰੱਬ ਵਸਦਾ ਹੈ। ਉਸ ਦੌਰ ਵਿੱਚ ਵੀ ਜਦੋਂ ਹਿੰਦੁਸਤਾਨ ਦੀ ਗੰਦੀ ਸਿਆਸਤ ਨੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖੇਰੂੰ ਖੇਰੂੰ ਕਰਨ ਦਾ ਬੁਰੀ ਤਰ੍ਹਾਂ ਜਾਲ਼ ਵਿਛਾ ਰੱਖਿਆ ਹੈ। ਇੱਥੇ ਇਹ ਗੱਲ ਵੀ ਮੰਨਣੀ ਪਵੇਗੀ ਕਿ ਹਿੰਦੁਸਤਾਨ ਦੇ ਰਹਿਣ ਸਹਿਣ , ਫੋਕੇ ਮਿਲਵਰਤਣ, ਝੂਠ, ਪਾਖੰਡ ਤੇ ਵਹਿਮ ਭਰਮ ਦਾ ਪ੍ਰਭਾਵ ਪੰਜਾਬ ਉੱਪਰ ਬਹੁਤ ਵੱਡੇ ਪੱਧਰ ‘ਤੇ ਪਿਆ ਹੈ‌। ਪੰਜਾਬ ਦੇ ਸੱਭਿਆਚਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਹਿੰਦੁਸਤਾਨ ਦੀ ਘਟੀਆ ਵਿਰਾਸਤ ਅਤੇ ਸਿਆਸਤ ਨੇ। ਪਿੰਡਾਂ ਦੀ ਆਪਸੀ ਮੁਹੱਬਤ ਨੂੰ ਤੋੜਿਆ ਹੈ ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਪਿੰਡਾਂ ਵਿਚ ਰੱਬ ਵਸਦਾ ਹੈ।
ਇਸਦੀ ਤਾਜ਼ਾ ਉਦਾਹਰਣ ਪਿੰਡ ਮਾਹਲਾ ਕਲਾਂ ਤੋਂ ਮਿਲਦੀ ਹੈ। ਦੱਸਣਾ ਬਣਦਾ ਕਿ ਇੱਥੋਂ ਦੇ ਇਕ ਗ਼ਰੀਬ ਕਿਸਾਨ ਜੋਗਿੰਦਰ ਸਿੰਘ ਦੀਆਂ ਤਿੰਨ ਮੱਝਾਂ ਕਿਸੇ ਜ਼ਹਿਰੀਲੇ ਪਦਾਰਥ ਦੀ ਬਦੌਲਤ ਮੌਤ ਦੇ ਮੂੰਹ ਵਿਚ ਚਲੀਆਂ ਗਈਆਂ ਸਨ। ਉਸ ਕੋਲ ਮੱਝਾਂ ਵੀ ਤਿੰਨ ਹੀ ਸਨ। ਇਹਨਾਂ ਪਸ਼ੂਆਂ ਸਹਾਰੇ ਹੀ ਜੋਗਿੰਦਰ ਸਿੰਘ ਦਾ ਘਰ ਚੱਲਦਾ ਸੀ। ਉਸਦੀ ਆਰਥਿਕ ਹਾਲਤ ਪਹਿਲਾਂ ਹੀ ਕਾਫੀ ਕਮਜ਼ੋਰ ਹੈ। ਹੁਣ ਜਦੋਂ ਹੀ ਨਗਰ ਦੇ ਦਰਿਆਦਿਲ ਤੇ ਇਨਸਾਨੀਅਤ ਨੂੰ ਸਮਰਪਿਤ ਲੋਕਾਂ ਨੂੰ ਖ਼ਬਰ ਪਤਾ ਲੱਗੀ ਤਾਂ ਉਹ ਝੱਟ ਜੋਗਿੰਦਰ ਸਿੰਘ ਦੇ ਮੋਢੇ ਨਾਲ ਮੋਢਾ ਲਾ ਖੜ੍ਹੇ ਹੋਏ। ਸਿਆਣੇ ਆਂਹਦੇ ਨੇ ਮੁਸੀਬਤ ਵਿੱਚ ਫਸੇ ਵਿਆਕਤੀ ਨੂੰ ਫੋਕਾ ਵੀ ਕਹਿ ਦੇਈਏ ਕਿ ਬਾਈ ਅਸੀਂ ਤੇਰੇ ਨਾਲ ਹਾਂ ਤਾਂ ਬੰਦਾ ਜਿਉਣ ਜੋਗਾ ਹੋ ਜਾਂਦਾ।
ਇਸੇ ਤਰ੍ਹਾਂ ਝੱਟ ਪੱਟ ਪਿੰਡ ਮਾਹਲਾ ਕਲਾਂ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਗੁਰਦੇਵ ਸਿੰਘ ਆੜਤੀਆ, ਮਿਸਤਰੀ ਅੰਗਰੇਜ਼ ਸਿੰਘ ਮਾਹਲਾ, ਡਾ ਮੇਜਰ ਸਿੰਘ, ਸੀਨੀਅਰ ਆਗੂ ਬਲਵਿੰਦਰ ਸਿੰਘ ਖਾਲਸਾ, ਸੀਨੀਅਰ ਆਗੂ ਜਸਪਾਲ ਸਿੰਘ ਮਾਹਲਾ ਅਤੇ ਹੋਰ ਕਈ ਲੋਕਾਂ ਨੇ ਸ਼ਬਦੀ ਹੌਂਸਲੇ ਦੇ ਨਾਲ ਨਾਲ ਉਸਦੀ ਪੈਸੇ ਪੱਖੋਂ ਵੀ ਮੱਦਦ ਕੀਤੀ। ਫਿਰ ਇਸੇ ਤਰ੍ਹਾਂ ਪਿੰਡ ਵਾਲਿਆਂ ਨੇ ਲਗਾਤਾਰ ਕਿਸੇ ਨੇ ਹਜ਼ਾਰ ਪਾਇਆ, ਕਿਸੇ ਨੇ ਦੋ ਹਜ਼ਾਰ, ਕਿਸੇ ਨੇ ਦਸ ਹਜ਼ਾਰ ਤੇ ਕਿਸੇ ਨੇ ਤੀਹ ਹਜ਼ਾਰ ਰੁਪਏ ਅਤੇ ਡੇਢ ਲੱਖ ਤੋਂ ਵਧੇਰੇ ਦੀ ਰਾਸ਼ੀ ਇਕੱਠੀ ਕਰਕੇ ਜੋਗਿੰਦਰ ਸਿੰਘ ਦੀ ਜੇਬ ਵਿੱਚ ਪਾ ਦਿੱਤੀ। ਜੋਗਿੰਦਰ ਸਿੰਘ ਵਰਗੇ ਕਿਰਤੀ ਲੋਕਾਂ ਦਾ ਸਹਿਯੋਗ ਕਰਨਾ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ। ਬੜੀ ਖੂਬਸੂਰਤ ਗੱਲ ਹੈ ਕਿ ਸਾਬ੍ਹ ਸਿੰਘ ਦੇ ਕੈਨੇਡਾ ਵੱਸਦੇ ਭਾਣਜੇ ਪਰਮਜੀਤ ਸਿੰਘ ਨੇ ਸਮੁੰਦਰ ਪਾਰੋਂ ਬੈਠਿਆਂ ਹੱਲਾਸ਼ੇਰੀ ਦਿੱਤੀ ਅਤੇ ਉੱਥੇ ਬੈਠੇ ਨੇ ਨਾਲੇ 30 ਹਜ਼ਾਰ ਭੇਜੇ, ਨਾਲੇ ਕਿਹਾ ਕਿ ਜੋਗਿੰਦਰ ਸਿੰਘ ਸਾਡਾ ਗੁਆਂਢੀ ਪਰਿਵਾਰ ਹੈ। ਅਸੀਂ ਉਸਦੇ ਨਾਲ ਖੜ੍ਹੇ ਹਾਂ। ਇਹੀ ਪੰਜਾਬ ਹੈ। ਤਾਹੀਂ ਆਖਿਆ ਜਾਂਦਾ ਕਿ ਸਾਡਿਆਂ ਪਿੰਡਾਂ ‘ਚ ਰੱਬ ਵੱਸਦਾ। ਇਸ ਮੌਕੇ ਸਰਦਾਰ ਗੁਰਦੇਵ ਸਿੰਘ ਆੜਤੀਆ, ਮਿਸਤਰੀ ਅੰਗਰੇਜ਼ ਸਿੰਘ ਦੁਕਾਨ ਵਾਲੇ, ਕੁਲਵੰਤ ਸਿੰਘ ਮਾਹਲਾ, ਨਿਰਮਲ ਸਿੰਘ ਖਾਲਸਾ ਅਤੇ ਪਰਉਪਕਾਰ ਸਿੰਘ ਬਿੱਟਾ ਵੱਲੋਂ ਪਿੰਡ ਵਾਸੀਆਂ ਦਾ ਉਚੇਚਾ ਧੰਨਵਾਦ ਕੀਤਾ ਗਿਆ, ਜਿੰਨ੍ਹਾਂ ਨੇ ਮੁਸੀਬਤ ਵਿੱਚ ਪਏ ਆਪਣੇ ਗਰਾਈਂ ਦੀ ਬਾਂਹ ਫੜੀ।

 (ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਤਲ
Next articleਏਹੁ ਹਮਾਰਾ ਜੀਵਣਾ ਹੈ -338