ਏਹੁ ਹਮਾਰਾ ਜੀਵਣਾ ਹੈ -338

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)- ਵੀਰਾਂ ਨੂੰ ਕਨੇਡਾ ਤੋਂ ਆਈ ਨੂੰ ਦੋ ਮਹੀਨੇ ਹੋ ਗਏ ਸਨ। ਉਸ ਨੂੰ ਪਤਾ ਲੱਗਿਆ ਸੀ ਕਿ ਉਸ ਦੀ ਛੋਟੀ ਭੂਆ ਪ੍ਰੀਤਮ ਕੌਰ ਵੀ ਕਨੇਡਾ ਤੋਂ ਆ ਗਈ ਹੈ। ਉਹ ਆਪਣੇ ਛੋਟੇ ਪੁੱਤ ਤੇ ਨੂੰਹ ਕੋਲ਼ ਗਈ ਨੂੰ ਛੇ ਮਹੀਨੇ ਹੋ ਗਏ ਸਨ । ਵੀਰਾਂ ਨੇ ਸੋਚਿਆ ਕਿ ਉੱਥੇ ਇੱਕ ਤਾਂ ਉਹ ਦੂਰ ਰਹਿੰਦੇ ਹੋਣ ਕਰਕੇ ਤੇ ਦੂਜਾ ਕੰਮਾਂ ਕਾਰਾਂ ਤੋਂ ਵਿਹਲ ਨਾ ਮਿਲਣ ਕਰਕੇ ਤਾਂ ਮਿਲ਼ ਨਹੀਂ ਹੋਇਆ ਇਸ ਲਈ ਜਾਣ ਤੋਂ ਪਹਿਲਾਂ ਇੱਕ ਵਾਰੀ ਜੇ ਭੂਆ ਨੂੰ ਮਿਲ਼ ਲਿਆ ਜਾਵੇ ਤਾਂ ਚੰਗੀ ਗੱਲ ਹੈ। ਵੈਸੇ ਵੀ ਉੱਥੇ ਜਾ ਕੇ ਤਾਂ ਇੰਡੀਆ ਦਾ ਚੱਕਰ ਛੇਤੀ ਨਹੀਂ ਲੱਗ ਸਕਦਾ। ਬਜ਼ੁਰਗਾਂ ਤਾਂ ਕੰਧੀ ਉੱਤੇ ਰੁਖੜੇ ਵਰਗੇ ਈ ਹੁੰਦੇ ਹਨ। ਉਂਝ ਤਾਂ ਵੀਰਾਂ ਨੇ ਇੱਕ ਦੋ ਵਾਰ ਉਹਨਾਂ ਨਾਲ਼ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਾਂ ਤਾਂ ਨੰਬਰ ਠੀਕ ਨਹੀਂ ਸੀ ਜਾਂ ਫਿਰ ਉਹ ਕੰਮ ਤੇ ਗਏ ਹੋਣਗੇ ਤਾਂ ਕਿਸੇ ਨੇ ਫ਼ੋਨ ਨਹੀਂ ਚੁੱਕਿਆ ਸੀ।

             ਐਤਵਾਰ ਨੂੰ ਸਵੇਰੇ ਦਸ ਕੁ ਵਜਦੇ ਨਾਲ਼ ਹੀ ਵੀਰਾਂ ਟੈਕਸੀ ਵਿੱਚ ਆਪਣੀ ਭੂਆ ਕੋਲ ਆ ਗਈ। ਭੂਆ ਉਸ ਨੂੰ ਵੇਖ ਕੇ ਬਹੁਤ ਖੁਸ਼ ਹੋਈ ,ਭੂਆ ਦਾ ਚਾਅ ਨਾ ਚੱਕਿਆ ਜਾਵੇ। ਪਰ ਵੀਰਾਂ ਦਾ ਭੂਆ ਨੂੰ ਵੇਖ ਕੇ ਮਨ ਉਦਾਸ ਹੋ ਗਿਆ ਕਿਉਂਕਿ ਭੂਆ ਤਾਂ ਪਹਿਲਾਂ ਵਾਲ਼ੀ ਭੂਆ ਹੀ ਨਹੀਂ ਰਹੀ ਸੀ। ਉਹ ਤਾਂ ਰੁਲੀ ਪਈ ਸੀ।ਕਿੱਥੇ ਤਾਂ ਉਹ ਐਨੀ ਸ਼ੌਕੀਨ ਔਰਤ ਹੁੰਦੀ ਸੀ। ਭੂਆ ਨੂੰ ਕਿੰਨਾ ਚਿਰ ਘੁੱਟ ਕੇ ਗਲ਼ੇ ਮਿਲਦੇ ਸਾਰ ਵੀਰਾਂ ਭੂਆ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਆਖਣ ਲੱਗੀ,”ਭੂਆ……. ਤੂੰ ਕਨੇਡਾ ਤੋਂ ਆਈ ਆਂ ……. ਤੈਨੂੰ ਦੇਖ ਕੇ ਤਾਂ ਲੱਗਦਾ ਈ ਨੀ…… ਆਹ ਕੀ ਹਾਲ ਬਣਾ ਲਿਆ ਤੂੰ ਆਪਣਾ……? ਭੂਆ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਤੇ ਆਖਣ ਲੱਗੀ,”ਆ ….. ਪਹਿਲਾਂ ਬੈਠ ਕੇ…… ਚਾਹ ਪਾਣੀ ਤਾਂ ਪੀ…… ਫਿਰ ਕਰਦੇ ਆਂ ਢਿੱਡ ਦੀ ਗੱਲ….!”
              ਭੂਆ ਵੀਰਾਂ ਨੂੰ ਡਰਾਇੰਗ ਰੂਮ ਵਿੱਚ ਸੋਫ਼ੇ ਤੇ ਬਿਠਾ ਕੇ ਆਪ ਰਸੋਈ ਵਿੱਚ ਚਾਹ ਬਣਾਉਣ ਲਈ ਚਲੀ ਗਈ। ਵੀਰਾਂ ਡਰਾਇੰਗ ਰੂਮ ਵਿੱਚ ਭੂਆ ਦੇ ਨੂੰਹਾਂ ਪੁੱਤਾਂ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਲੱਗੀਆਂ ਦੇਖਦੀ ਹੈ ਜੋ ਕੋਈ ਐਕਟਰਾਂ ਨਾਲੋਂ ਘੱਟ ਨਹੀਂ ਲੱਗ ਰਹੀਆਂ। ਉਹ ਸੋਚਦੀ ਹੈ ਕਿ ਭੂਆ ਦਾ ਵੱਡਾ ਮੁੰਡਾ ਇੰਗਲੈਂਡ ਵਿੱਚ ਰਹਿੰਦਾ ਹੈ ਤੇ ਛੋਟਾ ਕਨੇਡਾ ਵਿੱਚ….. ਉਹ ਤਾਂ ਕਦੇ ਪੰਜ ਚਾਰ ਸਾਲਾਂ ਬਾਅਦ ਮਸਾਂ ਦਸ ਕੁ ਦਿਨ ਲਈ ਚੱਕਰ ਲਾ ਕੇ ਜਾਂਦੇ ਹਨ। ਫਿਰ ਇਹ ਫੋਟੋਆਂ ਤਾਂ ਭੂਆ ਨੇ ਹੀ ਚਾਅ ਨਾਲ ਵੱਡੀਆਂ ਕਰਵਾ ਕੇ ਜੜਵਾਈਆਂ ਹੋਣਗੀਆਂ। ਡਰਾਇੰਗ ਰੂਮ ਵਿੱਚ ਭੂਆ ਫੁੱਫੜ ਦੀ ਆਪਣੀ ਇੱਕ ਵੀ ਫੋਟੋ ਨਹੀਂ ਸੀ। ਵੀਰਾਂ ਜਦ ਬਚਪਨ ਵਿੱਚ ਭੂਆ ਕੋਲੇ ਛੁੱਟੀਆਂ ਕੱਟਣ ਆਉਂਦੀ ਹੁੰਦੀ ਸੀ ਉਦੋਂ ਇਹ ਘਰ ਚਾਹੇ ਕੱਚਾ ਸੀ ਪਰ ਕਿੰਨਾ ਦਿਲ ਲੱਗਦਾ ਹੁੰਦਾ ਸੀ,ਕਿੰਨੀ ਰੌਣਕ ਹੁੰਦੀ ਸੀ। ਹੁਣ ਚਾਹੇ ਉਹੀ ਕੱਚਾ ਘਰ ਆਲੀਸ਼ਾਨ ਕੋਠੀ ਬਣ ਗਿਆ ਸੀ ਪਰ ਵੀਰਾਂ ਦਾ ਉੱਥੇ ਜਮ੍ਹਾਂ ਦਿਲ ਨਹੀਂ ਲੱਗ ਰਿਹਾ ਸੀ।ਭੂਆ ਵੀ ਕੁੱਬੀ ਜਿਹੀ ਹੋ ਕੇ ਹੌਲ਼ੀ ਹੌਲ਼ੀ ਹੱਥ ਵਿੱਚ ਟਰੇਅ ਵਿੱਚ ਚਾਹ ਦੇ ਕੱਪ ਰੱਖੀ ਆਉਂਦੀ ਹੈ ਤੇ ਕੰਬਦੇ ਹੱਥਾਂ ਨਾਲ ਟਰੇਅ ਟੇਬਲ ਤੇ ਰੱਖ ਕੇ ਪੁੱਛਦੀ ਹੈ,” ਡਰਾਈਵਰ ਨੂੰ ਤਾਂ ਚਾਹ ਬਾਹਰ ਗੱਡੀ ਵਿੱਚ ਈ ਫੜਾ ਆਵਾਂ….!” “ਲਿਆਓ ….. ਭੂਆ ਜੀ….ਮੈਂ ਫੜਾ ਆਉਨੀ ਆਂ…!” ਵੀਰਾਂ ਇੱਕ ਕੱਪ ਚਾਹ ਦਾ ਡਰਾਈਵਰ ਨੂੰ ਫੜਾ ਕੇ ਛੇਤੀ ਹੀ ਮੁੜ ਆਉਂਦੀ ਹੈ।
         ਦੋਵੇਂ ਭੂਆ ਭਤੀਜੀ ਗੱਲਾਂ ਸ਼ੁਰੂ ਕਰਦੀਆਂ ਹਨ ਤਾਂ ਵੀਰਾਂ ਫਿਰ ਉਸ ਨੂੰ ਉਸ ਦਾ ਹਾਲ ਪੁੱਛਦੀ ਹੈ ਤਾਂ ਭੂਆ ਗਲੋਟੇ ਵਾਂਗੂੰ ਉੱਧੜ ਪਈ,”ਕੀ ਦੱਸਾਂ ਵੀਰੀਏ…… ਪਹਿਲਾਂ ਵੱਡੇ ਕੋਲ਼ ਗਈ ਸੀ…….. ਉੱਥੇ ਕੋਈ ਸਿੱਧੇ ਮੂੰਹ ਗੱਲ ਈ ਨੀ ਕਰਦਾ
……ਉੱਥੇ ਓਪਰਿਆਂ ਵਾਂਗ ਆਪਣੇ ਕਮਰੇ ਵਿੱਚ ਬੈਠੀ ਰਹਿੰਦੀ ਸੀ…… ਜਦ ਭੁੱਖ ਲੱਗਦੀ….. ਆਪਣੀ ਰੋਟੀ ਬਣਾ ਕੇ ਖਾ ਲੈਂਦੀ ਸੀ….. ਜਦ ਕਿਸੇ ਨੇ ਕੋਲ਼ ਬੈਠ ਕੇ ਕੋਈ ਗੱਲ ਈ ਨੀ ਕਰਨੀ….. ਫੇਰ ਮੇਰਾ ਉੱਥੇ ਰਹਿਣ ਦਾ ਕੀ ਫਾਇਦਾ….. ਮੈਂ ਮੁੰਡੇ ਨੂੰ ਕਿਹਾ ਮੈਨੂੰ ਟਿਕਟ ਕਰਾ ਦੇ ਤਾਂ ਝਟ ਪਟ ਬੈਠੇ ਬੈਠੇ ਨੇ ਫ਼ੋਨ ਤੇ ਈ ਮੇਰੀ ਟਿਕਟ ਕਰਾਤੀ……ਤੇ ਤੀਜੇ ਦਿਨ ਮੈਨੂੰ ਜਹਾਜ਼ ਚੜ੍ਹਾਤਾ……ਆਹ ਛੋਟੇ ਕੋਲ਼ ਗਈ ਸੀ…… ਮੁੰਡਾ ਤਾਂ ਪਿਆਰ ਕਰਦਾ…… ਕਿਸੇ ਨੇ ਮੇਰੀ ਸਿਹਤ ਨੀ ਦੇਖੀ…… ਜਿਹੜਾ ਬਾਹਰੋਂ ਆਏ….ਆਖੇ…… ਬੀਬੀ….ਗਰਮ ਗਰਮ ਰੋਟੀ ਪਕਾ ਦੇ ….. ਤਾਜ਼ੀ ਰੋਟੀ ਬੜੀ ਸਵਾਦ ਲੱਗਦੀ ਆ….. ਬੀਬੀ ਆਹ ਬਣਾ ਦੇ….. ਬੀਬੀ ਔਹ ਬਣਾ ਦੇ…..(ਵੀਰਾਂ ਧਿਆਨ ਨਾਲ ਸੁਣ ਰਹੀ ਸੀ ਤੇ ਵਿੱਚ ਵਿੱਚ ਦੀ ਹੁੰਗਾਰਾ ਭਰੀ ਜਾਂਦੀ ਸੀ) ਬੀਬੀ ਪਕੌੜੇ ਕੱਢ ਦੇ….. ਵੀਰੀਏ….ਮੇਰਾ ਸਰੀਰ ਐਨੀ ਧਗੇੜ ਨੀ ਝੱਲਦਾ ਹੁਣ….. ।”
 “ਭੂਆ ਤੈਨੂੰ ਬਾਹਰ ਘੁੰਮਾਉਣ ਨੀ ਲੈ ਕੇ ਗਏ ਉਹ ਕਦੇ ਛੁੱਟੀ ਵਾਲੇ ਦਿਨ…..!”
“ਲੈ ਕੇ ਗਏ ਸੀ ਦੋ ਤਿੰਨ ਵਾਰ….. ਇੱਕ ਦਿਨ ਬਹੂ ਕਹਿੰਦੀ…. ਬੀਬੀ ਸੂਟ ਚੱਜਦਾ ਪਾ ਕੇ ਜਾਈਂ….. ਪਿਛਲੀ ਵਾਰ ਉੱਥੇ ਮੇਰੀ ਸਹੇਲੀ ਟੱਕਰਗੀ ਸੀ…..ਓਹਦੀ ਸੱਸ ਕਿੰਨੇ ਸੋਹਣੇ ਪ੍ਰੈੱਸ ਕੀਤੇ ਕੱਪੜੇ ਪਾਏ ਸੀ…..ਅਗਲੀ ਵਾਰੀ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਈ ਸੂਟ ਪ੍ਰੈੱਸ ਕਰਕੇ ਰੱਖ ਲਿਆ…… ਉਹ ਤਾਂ ਆਉਂਦੇ ਸਾਰ ਹੀ ਪ੍ਰੈੱਸ ਨੂੰ ਬਾਹਰ ਦੇਖ ਕੇ ਬੋਲਣ ਲੱਗੀ ….. ਬੀਬੀ ਤੂੰ ਸਾਡੇ ਲੱਕੜ ਦਾ ਘਰ ਫੂਕਣਾ?  ਸਾਡੇ ਮਗਰੋਂ ਆਪੇ ਪ੍ਰੈੱਸ ਲਾ ਕੇ ਬਹਿ ਗਈ….. ਸਾਡੇ ਆਇਆਂ ਤੇ ਲਾਉਂਦੀ…. ਸਾਡੇ ਕੱਪੜੇ ਵੀ ਪ੍ਰੈੱਸ ਕਰ ਦਿੰਦੀ …. ਆਏਂ ਗੱਲ ਗੱਲ ਤੇ ਬਹੁਤ ਲਾਹ – ਪਾਹ ਕਰਦੇ ਨੇ ਪੁੱਤ….!” ਭੂਆ ਦੇ ਦੱਸਦੀ ਦੇ ਅੱਖਾਂ ਵਿੱਚ ਪਾਣੀ ਭਰਿਆ ਹੋਇਆ ਸੀ ਤੇ ਫਿਰ ਬੋਲੀ,”ਐਥੇ ਵੀ ਮੈਨੂੰ ਐਡੀ ਕੋਠੀ ਵਿੱਚ ਘਬਰਾਹਟ ਆਉਂਦੀ ਆ…… ਰਾਤ ਨੂੰ ਤਾਂ ਆਏਂ ਲੱਗਦਾ ਰਹਿੰਦਾ ਜੇ ਕੁਛ ਹੋ ਗਿਆ ਤਾਂ ਮੈਨੂੰ ਡਾਕਟਰ ਦੇ ਕੌਣ ਲੈ ਕੇ ਜਾਊਂ….?”
       ਵੀਰਾਂ ਆਪਣੀ ਭੂਆ ਦੀਆਂ ਗੱਲਾਂ ਸੁਣਦਿਆਂ ਬਹੁਤ ਦੁਖੀ ਤੇ ਹੈਰਾਨ ਹੋ ਰਹੀ ਸੀ ਕਿਉਂਕਿ ਇਹ ਵੀਰਾਂ ਦੀ ਉਹ ਭੂਆ ਸੀ ਜੋ ਹਰ ਵੇਲੇ ਹਸੂੰ ਹਸੂੰ ਕਰਨ ਵਾਲੀ, ਜ਼ਿੰਦਾਦਿਲ ਔਰਤ ਸੀ…..ਉਸ ਦੀ ਔਲਾਦ ਨੇ ਉਸ ਦਾ ਕੀ ਹਾਲ ਕਰ ਦਿੱਤਾ ਸੀ, ਬਿਲਕੁਲ ਸੁੱਕੀ ਸੜੀ ਨਿਰੀ ਬਿਮਾਰੀ ਦਾ ਘਰ ਲੱਗ ਰਹੀ ਸੀ। ਉਹ ਬੋਲੀ,” ਭੂਆ ਜੀ….. ਬਾਹਰਲੇ ਦੇਸ਼ ਵਿੱਚ ਰਹਿਣ ਦਾ ਮਤਲਬ ਇਹ ਥੋੜ੍ਹਾ ਹੁੰਦਾ…..ਕਿ ਅਸੀਂ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਭੁੱਲ ਜਾਈਏ….. ਹੁਣ ਸਾਡੇ ਬੀਜੀ…… ਦੀ ਹਰੇਕ ਜ਼ਰੂਰਤ ਦਾ ਅਸੀਂ ਪਹਿਲਾਂ ਧਿਆਨ ਰੱਖਦੇ ਆਂ….. ਉਹਨਾਂ ਦੇ ਖਾਣ ਪੀਣ ਤੇ ਕੱਪੜਿਆਂ ਦਾ…. ਘੁੰਮਣ ਫਿਰਨ ਦਾ…. ਜੇ ਅਸੀਂ ਨੀ ਧਿਆਨ ਰੱਖਾਂਗੇ ਤਾਂ ਹੋਰ ਕੌਣ ਰੱਖੇਗਾ….? ਉਹ ਕੋਈ ਓਪਰੇ ਥੋੜ੍ਹਾ ਨਾ ਹੁੰਦੇ ਨੇ….. ਵੱਡੇ ਤਾਂ ਸਾਡੇ ਘਰਾਂ ਦਾ ਸ਼ਿੰਗਾਰ ਹੁੰਦੇ ਨੇ….. ਜਿਸ ਘਰ ਵਿੱਚ ਮਾਂ ਪਿਓ…. ਖੁਸ਼ ਹੁੰਦੇ ਨੇ….. ਉਸ ਘਰ ਦੀਆਂ ਔਲਾਦਾਂ ਦਾ ਵੀ ਸਮਾਜ ਵਿੱਚ ਕਿੰਨਾ ਸਤਿਕਾਰ ਹੁੰਦਾ…. ਤੁਸੀਂ ਸਾਡੇ ਘਰ ਆ ਕੇ ਦੇਖਿਓ ਭੂਆ ਜੀ….. ਪਹਿਲਾਂ ਮੇਰੇ ਸੱਸ ਸਹੁਰਾ ਈ ਸਭ ਨੂੰ ਹੱਸ ਕੇ ਮਿਲ਼ਦੇ ਨੇ….. ਅਸੀਂ ਤਾਂ ਕੋਈ ਫ਼ਰਕ ਰੱਖਦੇ ਨੀ….।”
” ਇਹੀ ਤਾਂ…… ਧੀਏ….. ਸੰਸਕਾਰਾਂ ਦਾ ਫ਼ਰਕ ਹੁੰਦਾ….!”
         ਵੀਰਾਂ ਆਖ਼ਰੀ ਵਾਰ ਜਦੋਂ ਭੂਆ ਨੂੰ ਮਿਲ਼ ਕੇ ਆਈ ਸੀ ਤਾਂ ਉਸ ਘਟਨਾ ਨੂੰ ਯਾਦ ਕਰਦਿਆਂ ਉਹ ਰੋ ਪੈਂਦੀ ਹੈ ਕਿਉਂਕਿ ਭੂਆ ਦੇ ਕਨੇਡਾ ਵਾਲੇ ਮੁੰਡੇ ਦਾ ਫੋਨ ਆਇਆ ਸੀ ਕਿ ਹੁਣ ਉਹ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈ ਸੀ ਪਰ ਪਤਾ ਨਹੀਂ ਕਿਵੇਂ ਤੇ ਕਦੋਂ, ਕਿੰਨਾ ਕੁ ਤੜਫ਼ ਕੇ ਕਿਸ ਨੂੰ ਯਾਦ ਕਰਦੀ ਮਰੀ ਹੋਵੇਗੀ ਕਿਉਂਕਿ ਭੂਆ ਦੇ ਗੁਆਂਢੀਆਂ ਨੇ ਉਸ ਨੂੰ ਮਰੀ ਪਈ ਨੂੰ ਹੀ ਦੇਖਿਆ ਸੀ।
       ਵੀਰਾਂ ਫੋਨ ਸੁਣਦੇ ਸੁਣਦੇ ਉਸ ਦੇ ਆਖਰੀ ਵੇਲੇ ਬਾਰੇ ਸੋਚ ਸੋਚ ਕੇ ਧਾਹਾਂ ਮਾਰਨ ਲੱਗਦੀ ਹੈ ਤੇ ਸੋਚਦੀ ਹੈ ,”ਉਹ ਕਿਹੋ ਜਿਹੀ ਔਲਾਦ ਹੁੰਦੀ ਹੈ ਜੋ ਆਪਣੇ ਬਜ਼ੁਰਗਾਂ ਨੂੰ “ਆਖ਼ਰੀ ਵਾਰ” ਇੱਜ਼ਤ ਨਾਲ ਰੁਖ਼ਸਤ ਵੀ ਨਹੀਂ ਕਰ ਸਕਦੀ…?ਕੀ ਏਹੁ ਹਮਾਰਾ ਜੀਵਣਾ ਹੈ …?”
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਮਾਹਲਾ ਕਲਾਂ ਦੇ ਲੋਕ ਬਣੇ ਆਪਣੇ ਪਿੰਡ ਦੇ  ਪੀੜਤ ਕਿਸਾਨ ਜੋਗਿੰਦਰ ਸਿੰਘ ਦਾ ਸਹਾਰਾ
Next articleAlcaraz overcomes Djokovic in five-set thriller to claim maiden Wimbledon title