(ਸਮਾਜ ਵੀਕਲੀ)
ਮਾਏ….!.. ਕੀ ਲਿਖ ਸਕਦਾਂ ਤੇਰੀ ਬਾਬਤ
ਲਿਖਿਆਂ ਕੁੱਝ ਵੀ ਲਿਖ ਨਹੀਂ ਸਕਦਾ
ਮਾਂ ਦੀ ਮਮਤਾ , ਨਿਆਰੀ ਰੱਬੀ ਕੁਦਰਤ
ਹਰਫ਼ੋਂ – ਹਰਫ਼ੀ ਚੁੱਕ ਨਹੀਂ ਸਕਦਾ
ਮਾਏ..! ਕੀ ਲਿਖ ਸਕਦਾਂ ਤੇਰੀ ਬਾਬਤ………
ਰੱਬ ਨੂੰ ਵੀ ਰੱਬ ਬਣਾਵਣ ਵਾਲੀ
ਤੇਰੇ ਵਰਗੀ ਮਾਂ ਹੀ ਹੋਣੀ
ਰੱਬ ਅਨੋਖਾ ਸੋਹਣੈ ਡਾਹਡਾ
ਸੋਹਣੀ ਉਸਦੀ ਮਾਂ ਵੀ ਹੋਣੀ
ਲਿਖਦਿਆਂ ਸਾਗਰ ਛਲ਼ਕੇ ਗੱਚਾਂ ਭਰ ਭਰ
ਤਿਪ ਤਿਪ ਸਾਗਰ ਥੁੱਕ ਨਹੀਂ ਹੋਣਾ
ਮਾਏ…!..ਕੀ ਲਿਖ ਸਕਦਾਂ ਤੇਰੀ ਬਾਬਤ……..
ਤੇਰੀ ਆਂਦਰ ਆਂਦਰ ਸਿੰਜਿਆ ਜੀਵਨ
ਜੀਵਨ ਸੀ ਇਕ ਰੱਤ ਦਾ ਕਤਰਾ
ਉਰਦ ਗੁਫ਼ਾ ਸੀ ਕਾਲ ਅਗਨ ਦੀ
ਪਲ ਪਲ ਤੇਰੀ ਜਿੰਦ ਦਾ ਖਤਰਾ
ਰੂਹੋਂ ਆਸ ਉਮੀਦਾਂ ਨਿੱਤ ਅਸੀਸਾਂ
ਲੱਖਾਂ ਝੁਕਿਆਂ ਵੀ ਝੁਕ ਨਹੀਂ ਸਕਦਾ
ਮਾਏ …!..ਕੀ ਲਿਖ ਸਕਦਾਂ ਤੇਰੀ ਬਾਬਤ……
ਚੰਦਰੇ ਕਿਸਮਤ ਮਾਰੇ ਹੋਣ ਗੁਨਾਹੀ
ਜਿਸ ਜਿਸ ਤੋਂ ਵਿਛੜੀਆਂ ਮਾਵਾਂ
ਰੁਲ਼ ਗਏ ਬਾਲ ਵਰੇਸੇ ਜਿਹਨਾਂ ਸਿਰ ਤੋਂ
ਉਠਗੀਆਂ ਠੰਡੀਆਂ ਨਿੱਘੀਆਂ ਛਾਵਾਂ
ਮਾਵਾਂ ਦੇ ਰੰਗ- ਕਲਾਵਾਂ ਰੱਬ ਹੀ ਜਾਣੇ
ਕੋਈ ਜੀਹਦੀ ਨਜ਼ਰੋ ਲੁਕ ਨਹੀਂ ਸਕਦਾ
ਮਾਏ ..!..ਕੀ ਲਿਖ ਸਕਦਾਂ ਤੇਰੀ ਬਾਬਤ….
ਤੇਰੀ ਬੁੱਕਲ਼ ਉਪਰੋਂ ਸਦਕੇ ਵਾਰਾਂ
ਮੁਕਤੀ- ਮੰਤਰ, ਤਸਬੀਹ, ਜੰਨਤ
ਹਰ ਮਾਂ ਨੂੰ ਰੱਬਾ ਦੇਵੀਂ ਸੁੱਖ-ਸਕੂਨਾਂ
ਰੇਤਗੜੵ ਬਾਲੀ ਮੰਗਦੈ ਮੰਨਤ
ਮਾਂ ਦੀ ਮਮਤਾ ਨਿਰਛੱਲ ਅੱਲਾਹ
ਕੋਈ ਇਸ ਤੋਂ ਜੀਵਨ ਉੱਕ ਨਹੀਂ ਸਕਦਾ
ਮਾਏ …! ..ਕੀ ਲਿਖ ਸਕਦਾਂ ਤੇਰੀ ਬਾਬਤ
ਬਲਜਿੰਦਰ ਸਿੰਘ “ਬਾਲੀ ਰੇਤਗੜੵ”
+919465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly