(ਸਮਾਜ ਵੀਕਲੀ)
ਯਾਦਾਂ ਹਰ ਦਮ ਝੁਰਮੁਟ ਪਾਉਂਦੀਆਂ
ਥੋੜ੍ਹਾ ਜਿਹਾ ਵਿਰਾਮ ਤਾਂ ਦੇ
ਬੇ ਵਜਹ ਦੋਸ਼ੀ ਕਿਉ ਆਖਦਾ ਏਂ
ਮੇਰੇ ਸਿਰ ਕੋਈ ਇਲਜ਼ਾਮ ਤਾਂ ਦੇ
ਫੱਟ ਜਿਸਮਾਂ ਉੱਤੇ ਖੂਬ ਸਹੇ
ਇਸ ਰੂਹ ਤੇ ਕੋਈ ਨਿਸ਼ਾਨ ਤਾਂ ਦੇ
ਤੂੰ ਗਿਰਗਿਟ ਵਾਂਗੂ ਬਦਲ ਜਾਨੈਂ
ਸਾਨੂੰ ਪੱਕੀ ਕੋਈ ਪਹਿਚਾਣ ਤਾਂ ਦੇ
ਕਿਓਂ ਜਿੰਦ ਨੂੰ ਪਲ਼ ਪਲ ਨੋਚ ਰਿਹੈਂ
ਕੁਝ ਚਿਰ ਲਈ ਵਿਸ਼ਰਾਮ ਤਾਂ ਦੇ
ਖੁਦ ਨੂੰ ਰੱਜਿਆ ਪੁੱਜਿਆ ਦੱਸਦਾ ਏਂ
ਮੇਰਿਆਂ ਜਜ਼ਬਾਤਾਂ ਦਾ ਕੁਝ ਦਾਮ ਤਾਂ ਦੇ
ਸੰਗ ਮੈਂ ਵੀ ਤੁਰਨਾਂ ਚਾਹੁੰਦੀ ਹਾਂ
ਇਸ ਰਿਸ਼ਤੇ ਨੂੰ ਕੋਈ ਨਾਮ ਤਾਂ ਦੇ
ਕਿਓਂ ਪੈਰਾਂ ਹੇਠਾਂ ਰੋਲ ਰਿਹੈਂ
ਦੀਪ ਨੂੰ ਥੋੜ੍ਹਾ ਜਿਹਾ ਆਰਾਮ ਤਾਂ ਦੇ
ਮੈਂ ਹਾਸਿਆਂ ਵੱਟੇ ਦੁੱਖ ਲਏ
ਇਸ ਗੱਲ ਦਾ ਕੋਈ ਇਨਾਮ ਤਾਂ ਦੇ
ਇੰਝ ਨਿੱਤ ਨਿੱਤ ਮਰਿਆ ਨਹੀਂ ਜਾਂਦਾ
ਭਰਕੇ ਜ਼ਹਿਰ ਵਾਲ਼ਾ ਕੋਈ ਜਾਮ ਤਾਂ ਦੇ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly