(ਸਮਾਜ ਵੀਕਲੀ)
20-21 ਦਸੰਬਰ 1704 ਈ: ਦੀ ਵਿਚਕਾਰਲੀ ਰਾਤ ਨੂੰ ਗੁਰੂ ਜੀ ਤੇ ਸਿੰਘਾਂ ਨੇ ਅਨੰਦ ਪੁਰ ਛੱਡ ਦਿੱਤਾ।
ਉਨ੍ਹਾਂ ਦੇ ਕੀਰਤ ਪੁਰ ਪਹੁੰਚਣ ਤੋਂ ਪਹਿਲਾਂ ਹੀ ਪਿੱਛੋਂ ਦੁਸ਼ਮਣ ਫੌਜਾਂ ਨੇ ਹਮਲਾ ਕਰ ਦਿੱਤਾ।
21 ਦਸੰਬਰ 1704 ਈ
: ਦੀ ਸਵੇਰ ਨੂੰ ਸਰਸਾ ਨਦੀ ਕੰਢੇ ਭਿਆਨਕ ਜੰਗ ਹੋਈ।
ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦੇ ਪਰਿਵਾਰ ਦੀ ਤਿੰਨ ਹਿੱਸਿਆਂ ‘ਚ ਵੰਡ ਹੋਈ।
ਅਨੰਦ ਪੁਰ ਛੱਡਣ ਵੇਲੇ ਗੁਰੂ ਜੀ ਦੇ ਨਾਲ 1500 ਸਿੰਘ ਸਨ।
ਸਰਸਾ ਨਦੀ ਪਾਰ ਕਰਨ ਪਿੱਛੋਂ ਉਨ੍ਹਾਂ ਨਾਲ ਕੇਵਲ 40 ਸਿੰਘ ਸਨ।
ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਨਾਲ ਦਿੱਲੀ ਪਹੁੰਚ ਗਏ।
ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕੱਲੇ ਰਹਿ ਗਏ। ਉਹ ਤਿੰਨੇ ਸਰਸਾ ਨਦੀ ਕੰਢੇ ਹੌਲੀ ਹੌਲੀ ਚਲਦੇ ਮੋਰਿੰਡੇ ਪਹੁੰਚ ਗਏ।
ਉੱਥੋਂ ਉਨ੍ਹਾਂ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ।
ਘਰ ਜਾ ਕੇ ਗੰਗੂ ਨੇ ਲਾਲਚ ਵੱਸ ਮੋਰਿੰਡੇ ਦੇ ਠਾਣੇਦਾਰ ਨੂੰ ਇਹ ਦੱਸਿਆ,
“ਮੇਰੇ ਘਰ ਵਿੱਚ ਠਹਿਰੇ ਹੋਏ ਨੇ ਗੁਰੂ ਜੀ ਦੀ ਮਾਤਾ ਤੇ ਛੋਟੇ ਸਾਹਿਬਜ਼ਾਦੇ।
ਉਨ੍ਹਾਂ ਨੂੰ ਫੜ ਕੇ ਲੈ ਜਾਉ ਤੇ ਸੂਬਾ ਸਰਹੰਦ ਦੇ ਕਰ ਦਿਉ ਹਵਾਲੇ।”
ਥਾਣੇਦਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਹੰਦ ਦੇ ਹਵਾਲੇ ਕਰ ਦਿੱਤਾ।
ਪਹਿਲੀ ਰਾਤ ਉਨ੍ਹਾਂ ਨੂੰ ਠੰਢੇ ਬੁਰਜ ਵਿੱਚ ਰੱਖਿਆ ਗਿਆ।
ਦੂਜੇ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ।
ਉਨ੍ਹਾਂ ਨੂੰ ਦੀਨ ਕਬੂਲ ਕਰਨ ਲਈ ਕਈ ਲਾਲਚ ਦਿੱਤੇ ਤੇ ਡਰਾਇਆ ਗਿਆ।
ਪਰ ਉਹ ਘਬਰਾਏ ਨਾ, ਸਗੋਂ ਉਨ੍ਹਾਂ ਆਪਣੇ ਦਾਦੇ ਵਾਂਗ ਹੌਸਲਾ ਰੱਖਿਆ।
ਦੀਵਾਨ ਸੁੱਚਾ ਨੰਦ ਨੇ ਸੂਬਾ ਸਰਹੰਦ ਨੂੰ ਕਾਫੀ ਭੜਕਾਇਆ।
ਤੇ ਕਾਜ਼ੀ ਪਾਸੋਂ ਉਨ੍ਹਾਂ ਵਿਰੁੱਧ ਮੌਤ ਦਾ ਫਤਵਾ ਜਾਰੀ ਕਰਵਾਇਆ।
27 ਦਸੰਬਰ 1704 ਈ:ਨੂੰ ਉਨ੍ਹਾਂ ਨੂੰ ਫਿਰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ।
ਉਨ੍ਹਾਂ ਤੇ ਦੀਨ ਕਬੂਲ ਕਰਨ ਲਈ ਫਿਰ ਦਬਾਅ ਪਾਇਆ ਗਿਆ।
ਉਨ੍ਹਾਂ ਨੇ ਇਸ ਦਾ ਸਖਤ ਵਿਰੋਧ ਕੀਤਾ ਤੇ ਮਾਤਾ ਗੁਜਰੀ ਦਾ ਉਪਦੇਸ਼ ਜ਼ਿਹਨ ‘ਚ ਰੱਖਿਆ।
ਫਿਰ ਫੁੱਲਾਂ ਵਰਗੇ ਕੋਮਲ ਬੱਚਿਆਂ ਨੂੰ ਕੰਧ ਵਿੱਚ ਚਿਿਣਆ ਜਾਣ ਲੱਗਾ।
ਕੰਧ ਹੋ ਨਾ ਜਾਵੇ ਟੇਢੀ ਕਿਤੇ ਇਸ ਦਾ ਵੀ ਧਿਆਨ ਰੱਖਿਆ ਜਾਣ ਲੱਗਾ।
ਜਦ ਉਨ੍ਹਾਂ ਦੇ ਮੋਢਿਆਂ ਤੱਕ ਆਈ,ਤਾਂ ਇਹ ਡਿਗ ਪਈ।
ਡਿਗ ਕੇ ਇਹ ਚੰਦਰੀ ਉਨ੍ਹਾਂ ਨੂੰ ਬੇਹੋਸ਼ ਕਰ ਗਈ।
ਹੁਣ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ।
ਸਾਸ਼ਲ ਬੇਗ ਤੇ ਬਾਸ਼ਲ ਬੇਗ ਜੱਲਾਦਾਂ ਨੇ ਉਨ੍ਹਾਂ ਨੁੰ ਗੋਡਿਆਂ ਹੇਠ ਲੈ ਲਿਆ।
ਉਨ੍ਹਾਂ ਨੇ ਉਨ੍ਹਾਂ ਦੇ ਸੀਨਿਆਂ ‘ਚ ਖ਼ੰਜ਼ਰ ਚੋਭੇ ਤੇ ਫਿਰ ਹੌਲੀ ਹੌਲੀ ਜ਼ਿਬਹ ਕੀਤਾ।
ਉਨ੍ਹਾਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਨੇ ਵਾਹਿਗੁਰੂ ਦਾ ਧੰਨਵਾਦ ਕੀਤਾ।
ਵਾਹਿਗੁਰੂ ਦਾ ਜਾਪ ਕਰਦਿਆਂ ਉਨ੍ਹਾਂ ਨੇ ਆਪਣਾ ਸਰੀਰ ਤਿਆਗ ਦਿੱਤਾ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly