ਪੁਆਧ ਕੇ ਗੈਲ ਗੈਲ… ਖ਼ਬਰਕਾਰਾਂ ਕੇ ਸੰਘਰਸ਼ ਕੀਆਂ ਬਾਤਾਂ..!

(ਸਮਾਜਵੀਕਲੀ) – ਸੰਦਰਭ : ਚੋਖੇ ਸਮੇਂ ਤੋਂ ‘ਪੰਜਾਬੀ ਬੋਲੀ ਟਾਬਰੀ’ ਬਾਰੇ ਸੁਲੇਖ ਲਿਖਦਾ ਆ ਰਿਹਾ ਹਾਂ। ‘ਦੀਦਾਵਰ’ ਤੋਂ ਲੈ ਕੇ ‘ਆਮ ਬਸ਼ਰ’ ਤੀਕ ਇਹ ਸਿਲਸਿਲਾ ਤੁਰਿਆ ਆ ਰਿਹੈ। ਕਈ ਪੜ੍ਹਨਹਾਰ ਬੜਾ ਮੋਹ ਕਰਦੇ ਜਾਪਦੇ ਨੇ। ਇਵੇਂ ਹੀ, ਕੋਈ ਪਾਠਕ ‘ਬੈਦਵਾਨ ਪੁਆਧੀ’ ਐ, ਓਹ ਕਈ ਵਾਰ ਘੰਟੀ ਮਾਰ ਦਿੰਦੇ ਨੇ। ਉਨ੍ਹਾਂ ਨੇ ਖ਼ਬਰ ਮੀਡੀਆ ਸਨਅਤ ਦਾ ਤੋਰਾ ਤੁਰਨ ਤੋਂ ਲੈ ਕੇ, ਅਜੋਕੇ ਦੌਰ ਬਾਰੇ ਸੰਖੇਪ ਵਾਅਕ਼ਫੀਅਤ ਕਰਵਾਉਂਦੇ ਸੁਲੇਖ ਬਾਰੇ ਮੰਗ ਕੀਤੀ ਸੀ। ਅਸੀਂ, ਉਨ੍ਹਾਂ ਨੂੰ ਆਪਣਾ ਖੋਜ ਕਾਰਜ ਘੱਲ ਦਿੱਤਾ ਸੀ। ਹੁਣ, ਉਨ੍ਹਾਂ ਨੇ ਓਸੇ ਸੁਲੇਖ ਦਾ ‘ਪੁਆਧੀ ਬੋਲੀ ਛੋਹਾਂ ਵਾਲਾ ਲਿਪੀ ਵਟਾਂਦਰਾ ਕਰ ਕੇ ਵਾਪਸੀ ਤੌਰ ਉੱਤੇ ਭੇਜਿਆ ਹੈ। ਓਸੇ, ਪੁਆਧੀ ਬੋਲੀ ਵਾਲੇ ਸੁਆਦਲੇ “ਲਿਪੀ-ਵਟਾਂਦਰੇ” ਨੂੰ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।
*ਯਾਦਵਿੰਦਰ*
ਬਾਈ ਆਪਣਾ ਖ਼ਬਰ ਘਰ ਹੈਨੀਂ , ਫੇ ਵੀ ਪੰਜਾਬੀ ਪੱਤਰਕਾਰੀ ਕਾ ਰੁਤਬਾ ਬੁਲੰਦ ਆ

* ਪੰਜਾਬੀ ਬੋਲੀ ਬਿਚ ਪੱਤਰਕਾਰੀ ਕਾ ਛੇੜਾ ਦਰਅਸਲ ਉਦੋਂ ਤੋਂ ਹੋ ਗਆ ਤੀ , ਜਦੋਂ ਜੂਰਪ ਤੇ ਦੁਨੀਆਂ ਦੇ ਹੋਰ ਖਿੱਤੀਆਂ ਵਿਚ ਪ੍ਰਿੰਟਿੰਗ ਤਕਨੀਕ ਆ ਗੀ ਤੀ , ਹੋ ਸਕਦਾ ਐ ਕਿ ਪੰਜਾਬ ਵਿਚ ਥੋੜ੍ਹਾ ਪੱਛੜ ਕੇ ਪੱਤਰਕਾਰੀ ਕਿੱਤੇ ਦੀ ਸ਼ੁਰੂਆਤ ਹੋਈ ਹੋਵੇ ਪਰ ਐਸ ਕਥਨ ਵਿਚ ਬਾਜਾ ਅਤਿਕਥਨੀ ਨੀਂ ਕਿ ਪੰਜਾਬੀ ਬੋਲੀ ਬਿਚ ਪੱਤਰਕਾਰੀ ਕਾ ਕੁੰਡਲ਼ ਸ਼ੁਰੂ ਤੋਂ ਈ ਵਸੀਹ ਰਿਹਾ ਐ । ਇਹੀ ਨੀਂ ਗ਼ਦਰ ਲਹਿਰ , ਕਾਲੀ ਲਹਿਰ , ਪਰਜਾ ਮੰਡਲ ਲਹਿਰ , ਪੈਪਸੂ ਅੰਦੋਲਨ , ਬੱਬਰ ਕਾਲੀ ਲਹਿਰ , ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀਆਂ ਇਸਲਾਮ ਨੂੰ ਮੰਨਣ ਬਾਲਿਆਂ ਕੇ ਅੰਦੋਲਨ, ਪੰਜਾਬ ਦੇ ਈਸਾਈਆਂ ਦੇ ਅੰਦੋਲਨ ਬਗੈਰਾ ਸਭਨਾਂ ਬਿਸ਼ੇ ਪੰਜਾਬੀ ਪੱਤਰਕਾਰੀ ਤਹਿਤ ਆਉਂਦੇ ਆ ।

*ਅਈਂ ਹੋਈ ਸ਼ੁਰੂਆਤ*

ਪੰਜਾਬੀ ਪੱਤਰਕਾਰੀ ਪਿੜ ਦੀ ਬਾਤ ਕਰਾਂ ਤਾਂ ਮੈਂ ਬਾਜਾ ਨਮਾਂ ਬਿਬਾਦ ਨੀਂ ਸ਼ੁਰੂ ਕਰਨ ਲੱਗਾ ਪਰ ਐਨਾ ਜ਼ਰੂਰ ਦੱਸਿਆ ਜਾਂਦਾ ਐ ਕਿ ਈਸਾਈ ਮਿਸ਼ਨਰੀਆਂ ਨੇ ਸਭ ਤੋਂ ਪਹਿਲਾਂ ਪੰਜਾਬੀ ਬੋਲੀ ਵਿਚ ਪ੍ਰਿੰਟਿੰਗ ਪ੍ਰੈੱਸ ਕੈਮ ਕੀਤੀ ਤੀ , ਉਨ੍ਹਾਂ ਨੇ ਬਾਈਬਲ ਦੇ ਪ੍ਰਚਾਰ ਤੇ ਈਸਾਈਅਤ ਦੇ ਵਿਸਥਾਰ ਲੀ ਪੰਜਾਬੀ ਦੇ ਠੇਠ ਲਹਿਜ਼ੇ ਤੇ ਸ਼ਬਦਾਵਲੀ ਨੂੰ ਵਰਤਦੀਆਂ ਆਪਣਾ ਮਿਸ਼ਨ ਗਹਾਂ ਵਧਾਇਆ । ਇਸੇ ਤਕਾਂ ਪੰ . ਸ਼ਰਧਾ ਰਾਮ ਫਿਲੌਰੀ ਨੇ ਉਨ੍ਹਾਂ ਸਮੀਆਂ ਦੀ ਪੰਜਾਬੀ ਬੋਲੀ ਵਿਚ ‘ਪੰਜਾਬੀ ਬਾਤਚੀਤ’ ਨਾਂਓ ਹੇਠ ਇਕ ਕਤਾਬ ਲਿਖ ਕੇ ਛਪਵਾਈ । ਐਸ ਦੌਰ ਵਿਚ ਪੰਜਾਬੀ ਨੂੰ ਹਿੰਦੀ ਵਾਂਗ ਲਿਖਿਆ ਜਾਂਦਾ ਤੀ ਤੇ ਪੇਂਡੂ ਠੇਠ ਭਾਸ਼ਾ ਨਾਲੋਂ ਹਿੰਦੀ ਦੀ ਪਾਣ ਆਲੀ ‘ਹਿੰਦਜਾਬੀ’ ਪੰਜਾਬੀ ਭਾਸ਼ਾ ਵਜੋਂ ਪ੍ਰਵਾਨ ਤੀ । ਉਦੋਂ , ਅਖ਼ਬਾਰਨਵੀਸ ਇੱਕੋ ਸਮੇਂ ਸਾਹਿਤਕ ਕਰਤਾ ਤੇ ਇੱਕੋ ਸਮੇਂ ਖ਼ਬਰਨਵੀਸ ਹੁੰਦਾ ਤੀ , ਬੌਹਤਾ ਸਭਨਾਂ ‘ਸ਼ੁਰੂਆਤੀ ਦੌਰ ਦੇ ਪੱਤਰਕਾਰ’ ਕਾਲਮਨਿਗ਼ਾਰੀ ਕਰਦੇ ਸੇ , ਕਈ ਤਾਂ ਨਾਵਲਕਾਰ ਵੀ ਸੇ , ਧਾਰਮਿਕ ਰੰਗਾਂ ਆਲੇ ਕਵੀ ਸੇ । ( ਅਸੀਂ ਐਥੇ ਵਰਤਾਰੇ ਦੇ ਸਮੁੱਚ ਦੀ ਬਾਤ ਕਰ ਰਹੇ ਅਹਾਂ , ਕਾਸੇ ਕਾ ਨਾਂਓ ਪਾਉਣ ਜਾਂ ਛੱਡਣ ਦੀ ਬਾਤ ਵਿਚ ਨੀਂ ਪੈਣਾ ਚਾਹੁੰਦੇ । ਪੰਜਾਬੀ ਪੱਤਰਕਾਰੀ ਆਪਣੇ ਸ਼ੁਰੂਆਤੀ ਦੌਰ ਵਿਚ ਫ਼ਿਰਕਾਦਾਰਾਨਾ ਵਿਰੋਧਤਾ , ਭਾਵ ਕਿ ਇਕ ਫ਼ਿਰਕੇ ਦੀ ਦੂਜੇ ਫ਼ਿਰਕੇ ਨੂੰ ਹੇਠਾ ਵਿਖਾਉਣ ‘ਤੇ ਕੇਂਦਰਤ ਤੀ । ਅੰਗਰੇਜ਼ਾਂ ਦੇ ਦੇਸ਼ ਵਿੱਚੋਂ ਜਾਣ ਤੋਂ ਪਹਿਲਾਂ ਤੇ ਕਾਫ਼ੀ ਬਾਅਦ ਤਕ ਆਰੀਆ ਸਮਾਜੀ ਤੇ ਸਿੰਘ ਸਭਾ ਨਾਲ ਜੁੜੇ ਵਿਦਵਾਨਾਂ ਵਿਚ ਸ਼ਬਦਿਕ ਝੜੱਪ ਆਮ ਬਾਤ ਤੀ , ਆਜ਼ਾਦੀ ਤੋਂ ਪਹਿਲਾਂ ਜਿੱਥੇ ਅੰਗਰੇਜ਼ਾਂ ਦੇ ਤਾਬ ਹੇਠ ਈਸਾਈਅਤ ਪੰਜਾਬ ਵਿਚ ਫੈਲਣ ਲੱਗੀ , ਓਥੇ ਕੁਸ਼ ਸਿਖਰ ਦੇ ਰਾਜ ਘਰਾਨੀਆਂ ਨੇ ਜਦੋਂ ਈਸਾਈਅਤ ਕਬੂਲ ਕਰ ਲੀ ਤਾਂ ਬੌਹਤਾ ਸਭਨਾਂ ਲੋਕ ਨਿੱਜੀ ਸ਼ਰਧਾ ਕਾਰਨ ਈਸਾਈ ਬਣਨ ਲੱਗੇ ਤਾਂ ਭਾਰਤ ਵਿਚ ਮੌਜੂਦ ਧਰਮਾਂ ਦੇ ਬਿਦਮਾਨ ਤੜਫ ਉੱਠੇ , ਆਹ ਸਭ ਚਾਹੇ ਧਾਰਮਿਕ ਪ੍ਰਚਾਰ – ਪਸਾਰ ਕਾ ਗੁਣਾ ਤੀ ਪਰ ਇਨ੍ਹਾਂ ਸਤਰਾਂ ਦੇ ਲਿਖਾਰੀ ਨੇ ਕਿਉਂਕਿ ਬੌਹਤਾ ਸਭਨਾਂ ਵਿਦਵਾਨਾਂ ਅੱਲੋਂ ਨਿੱਜੀ ਰਕਾਟ ਵਿਚ ਰੱਖੇ ਕੀਤੇ ਸੰਨ 1940 ਤੋਂ ਲੈ ਕੇ 1971 ਤਕ ਦੇ ਅਖ਼ਬਾਰ ਵੇਖੇ ਆ , ਐਸ ਕਰ ਕੇ ਆਖਾ ਜਾ ਸਕਦਾ ਐ ਕਿ ਪੰਜਾਬ ਵਿਚ ਮੁਢਲੇ ਦੌਰ ਦੀ ਪੱਤਰਕਾਰੀ ‘ਘੈਂਸ ਘੈਂਸ’ ਤੇ ਧਰਮਾਂ ਦੀ ਆਪਸੀ ਖਹਿਬਾਜ਼ੀ ਕਾ ਬਾਈ ਧਾਈ – ਤੱਤ ਤੀ । ਫੇਰ , ਜ਼ਿਕਰ ਕਰ ਦਾਂ ਕਿ ਨ . ਸ . ਕਪੂਰ ਹੁਰਾਂ ਦੀ ਪੰਜਾਬੀ ਪੱਤਰਕਾਰੀ ਬਾਰੇ ਕਤਾਬ ਨੂੰ ਐਸ ਹਵਾਲੇ ਦੀ ਪੁਖ਼ਤਗੀ ਵਜੋਂ ਵੇਖਿਆ ਜਾ ਸਕਦਾ ਆ ।

*ਸੁਧਾਰਕ ਵਿਰਤੀ ਪਰ ਹੁੰਦਾ ਤੀ* ਜ਼ੋਰ

ਪੰਜਾਬ ਕੇ ਲੋਕਾਂ ਨੇ ਪੰਜਾਬੀ ਪੱਤਰਕਾਰੀ ਨੂੰ ਸਿਰ ਮਿੱਥੇ ਕਬੂਲ ਕੀਤੈ । ਅਜੋਕੇ ਦੌਰ ਵਿਚ ਨਾਮਧਾਰੀ ਸਮਾਜ ਦੇ ਆਪਣੇ ਅਖ਼ਬਾਰ ‘ਸਤਜੁੱਗ’ ਤੇ ਵਰਿਆਮ ਆ , ਆਹ ਅਖ਼ਬਾਰ ਖ਼ਬਰੀ – ਰਸਾਲੇ ਵਾਂਗ ਆ ਤੇ ਐਸ ਵਿਚ ਐਸ ਸਮਾਜ ਦੀਆਂ ਸਰਗਰਮੀਆਂ ਛਾਪੀਆਂ ਜਾਂਦੀਆਂ ਆ। ਨਾਮਧਾਰੀ ਸਮਾਜ ਕਾ ਆਗਾਜ਼ ‘ਕੂਕਾ ਲਹਿਰ’ ਦੀ ਜਨਤਕ ਪ੍ਰਵਾਨਗੀ ਨਾਲ ਹੁੰਦੈ , ਜਦੋਂ ਕੂਕੀਆਂ ਨੇ ਕੁਰਬਾਨੀਆਂ ਦੀ ਮਿਸਾਲ ਪੈਦਾ ਕਰ ਕੇ ਬ੍ਰਿਟਿਸ਼ ਸਰਕਾਰ ਨਾਲ ਆਢਾ ਲਾਇਆ ਤਾਂ ਆਹ ਸੰਪਰਦਾ ਆਪਣੇ ਸੰਕਲਪਾਂ ਤਹਿਤ ਇੱਕੋ ਵੇਲੇ ਅਧਿਆਤਮਕ ਤੇ ਜੁਝਾਰਵਾਦੀ ਲਹਿਰ ਵਾਂਗ ਵਿਗਸਦੀ ਰਹੀ , ਐਕੂੰ ਐਸ ਲਹਿਰ ਦੇ ਸਿੰਘ ਸਭਾ ਨਾਲ ਕੁਸ਼ ਮਤਭੇਦ ਵੀ ਆ ।

ਸਿੰਘ ਸਭਾ , ਦਰਅਸਲ , ਆਪਣੇ ਅਖ਼ਬਾਰਾਂ ਤੇ ਰਸਾਲੀਆਂ ਵਿਚ ‘ਸੁਧਾਰਵਾਦੀ ਪਹੁੰਚ’ ਅਪਨਾਉਂਦੀ ਤੀ , ਬਿਨਾਂ ਸ਼ੱਕ , ਸਿੰਘ ਸਭਾ ਲਹਿਰ ਦੇ ਸਿਧਾਂਤਕਾਰਾਂ ਤੇ ਕਈ ਬਾਰ ਕਾਸੇ ਇਕ ਧੜਾ ਤੇ ਖ਼ਾਸਕਰ ਬ੍ਰਿਟਿਸ਼ ਰਾਜਭਾਗ ਦੇ ਹਮੈਤੀ ਹੋਣ ਦੇ ਦੋਸ਼ ਵੀ ਲੱਗੇ ਪਰ ਐਸ ਲਹਿਰ ਦੇ ਸਿਧਾਂਤਕਾਰ ਆਵਦੀ ਪੁਜ਼ੀਸ਼ਨ ਸਮੇਂ – ਸਮੇਂ ਤੇ ਬਦਲਦੇ ਰਹੇ ਆ । ਸਿੰਘ ਸਭਾ ਲਹਿਰ ਨੇ ਆਵਦੀ ਵਿਚਾਰਧਾਰਾ ਦੇ ਪ੍ਰਚਾਰ ਤੇ ਪਸਾਰ ਲੀ ‘ਟ੍ਰੈਕਟ’ ਛੱਲਾ ਕੇ ਵੰਡੇ , ਇਸੇ ਤਕਾਂ ਐਸ ਨਾਲ ਮਿਲਦੀ – ਜੁਲਦੀ ਵਿਚਾਰਧਾਰਾ ਬੱਬਰ ਅਕਾਲੀਆਂ ਦੀ ਰਹੀ ਐ , ਜੋ ਕਿ ਆਵਦੀ ਵਿਚਾਰਧਾਰਾ ਤਹਿਤ ਕੰਮ ਕਰਦੇ ਰਹੇ ਆ , ਆਖਾ ਜਾਂਦਾ ਐ ਕਿ ਛਾਪਾਮਾਰ ਗੁਰੀਲਾ ਯੁੱਧ ਕਰਨ ਵੇਲੇ ਬੱਬਰ ਅਕਾਲੀਆਂ ਗੋਡੇ ਮੁੱਢ ‘ਚੱਲਦੀ ਵਹੀਰ ਪ੍ਰਿੰਟਿੰਗ ਪ੍ਰੈੱਸ’ ਵੀ ਤੀ , ਐਸ ਲਹਿਰ ਦੇ ਕਾਰਕੁੰਨ ਜਦੋਂ ਲੁਕ – ਛੁਪ ਕੇ ਆਵਦੀ ਕਾਰਬਾਈ ਪਾਉਂਦੇ ਸੇ ਤਾਂ ਆਪਣੇ ਚੁਵਰਕੇ , ਨਿੱਕੇ ਨਿੱਕੇ ਅਖ਼ਬਾਰ ਆਵਦੀ ਖ਼ੁਦ ਦੀ ਪ੍ਰਿੰਟਿੰਗ ਪ੍ਰੈੱਸ ‘ਤੇ ਛਾਪਦੇ ਸੇ । ਲਿਖਣ , ਛਾਪਣ ਦੀ ਦੁਨੀਆਂ ਵਿਚ ਇਕ ਕਨੂੰਨ ਲਾਗੂ ਹੁੰਦੈ ਕਿ ਪ੍ਰਕਾਸ਼ਕ , ਛਾਪਕ ਤੇ ਜਾਰੀ ਕਰਨ ਆਲੇ ਕਾ ਨਾਂਓ ਤੇ ਸਥਾਨ ਲਿਖਣਾ ਹੁੰਦੈ , ਏਸ ਲੀ ਬੱਬਰਾਂ ਦੇ ਜਥੇ ਆਪਣੀਆਂ ਪ੍ਰਕਾਸ਼ਨਾਵਾਂ ਲੀ ਆਹ ਨੇਮ ਨਿਭਾਏ ਵੀ ਤੇ ‘ਤੋੜੇ’ ਵੀ । ਜਿੱਥੇ ਪ੍ਰਿੰਟਿੰਗ ਪ੍ਰੈੱਸ ਕਾ ਨਾਂਓ ਤੇ ਸਥਾਨ ਛਾਪਣਾ ਹੁੰਦੈ , ਓਥੇ ਲਿਖ ਦੇਣਾ ‘ਉਡੰਤ ਪ੍ਰੈੱਸ – ਚੱਲਦਾ ਵਹੀਰ’ । ਇਸੇ ਤਕਾਂ ਛਾਪਕ ਦੇ ਨਾਂਓ ਵਿਚ ਜਦੋਂ ਲਕੋਹ ਧਰਨਾ ਹੁੰਦਾ ਤਾਂ ‘ਜਬਰਤੋੜ ਸਿੰਘ’ ਜਾਂ ‘ਸੁਧਾਰਕ ਸਿੰਘ’ ਲਿਖ ਦਿੰਦੇ ਸੇ । ਐਕੂੰ ਦੇ ਰਲਦੇ ਮਿਲਦੇ ਨਾਂਓ ਘੜਣ ਵਿਚ ਬੱਬਰ ਅਕਾਲੀਆਂ ਦੇ ਸਿਧਾਂਤਕਾਰ ਬੌਹਤਾ ਪ੍ਰਬੀਨ ( ਮਾਹਿਰ ) ਸੇ ਤੇ ਉਨ੍ਹਾਂ ਨੇ ਆਪਣੇ ਕਿਸਮ ਦੀ ਪੰਜਾਬੀ ਪੱਤਰਕਾਰੀ ਵਿਚ ਕਾਫ਼ੀ ਯੋਗਦਾਨ ਪਾਇਐ । ਅਕਾਲੀਆਂ ਕਾ ਧਿਰ ਜਿਹੜਾ ਕਿ ਮਹੰਤਾਂ ਤੋਂ ਸਿੱਖ ਗੁਰਧਾਮਾਂ ਦੀ ਆਜ਼ਾਦੀ ਲੀ ਜੂਝਦਾ ਰਿਹਾ ਐ , ਨੇ ਆਜ਼ਾਦ ਹੈਸੀਅਤ ਆਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਰੱਖੀ , ਜੀਹਨੂੰ ਜਨਤਕ ਪ੍ਰਵਾਨਗੀ ਮਿਲਣ ਕਾਰਨ ਐਸ ਲਹਿਰ ਕਾ ਬੱਡਾ ਗੁਣਾ ਸੰਘਰਸ਼ ਕਰਦਾ ਰਿਹਾ ਐ । ਸ਼੍ਰੋਮਣੀ ਕਮੇਟੀ , ਆਪਣੇ ਦੋਂਹ ਰਸਾਲੇ ‘ਗੁਰਮਤਿ ਪ੍ਰਕਾਸ਼’ ਤੇ ‘ਗੁਰਦੁਆਰਾ ਗਜ਼ਟ’ ਉੱਤੋ ਥਲ਼ੀ ਛੱਲਾ ਰਹੀ ਐ , ਇਸੇ ਤਕਾਂ ਪੰਜਾਬ ਤੋਂ ਬਾਹਰ ਦੇ ਤਖ਼ਤ ਵੀ ਸਮੇਂ ਸਮੇਂ ‘ਤੇ ਆਵਦੀ ਪ੍ਰਕਾਸ਼ਨਾ ਪਾਠਕਾਂ ਵਿਚ ਭੇਜਦੇ ਰਹਿੰਦੇ ਆ । ਇਸੇ ਤਕਾਂ ਆਜ਼ਾਦੀ ਤੋਂ ਪਹਿਲਾਂ ਕਾਦੀਆਂ ਕਸਬੇ ਤੋਂ ਸ਼ੁਰੂ ਹੋਈ ‘ਅਹਿਮਦੀਆ ਲਹਿਰ’ ਨੇ ਆਪਣੇ ਰਸਾਲੇ ਤੇ ਹੋਰ ਪ੍ਰਕਾਸ਼ਨ ਸ਼ੁਰੂ ਕੀਤੇ । ਐਸ ਲਹਿਰ ਨੇ ਆਪਣੇ ਛਾਪੇਖ਼ਾਨੇ ਸਥਾਪਤ ਕੀਤੇ , ਕਾਫ਼ੀ ਸਾਰੀਆਂ ਕਿਤਾਬਾਂ ਜਿੱਥੇ ਉਰਦੂ ਤੇ ਹਿੰਦੀ ਵਿਚ ਛਾਪੀਆਂ , ਓਥੇ ਕੁਸ਼ ਕਿਤਾਬਾਂ ਅਨੁਵਾਦ ਕਰਾ ਕੇ ਪੰਜਾਬੀ ਵਿਚ ਵੀ ਛਾਪੀਆਂ । ਉਨ੍ਹਾਂ ਦੀਆਂ ਕਈ ਪ੍ਰਕਾਸ਼ਨਾਵਾਂ ਐਸ ਵੇਲੇ ਵਿਵਾਦਤ ਵੀ ਹੋ ਜਾਂਦੀਆਂ ਸੇ , ਐਸ ਲਹਿਰ ਨੇ ਆਰਜ਼ੀ ਤੌਰ ‘ਤੇ ਕਈ ਅਖ਼ਬਾਰ ਚਲਾਏ ਤੇ ਅਹਾਂ , ਚੌਹ ਜਾਂ ਅੱਠ ਛੋਟੇ ਛੋਟੇ ਸਫ਼ੀਆਂ ਦੇ ‘ਟ੍ਰੈਕਟ’ ਛੱਲਾ ਕੇ ਵੰਡਣ ਵਿਚ ਆਹ ਵੀ ਮਰ੍ਹੈਲ ਸੇ । ਲਹਿਰ ਦੀ ਆਰੀਆ ਸਮਾਜ ਦੇ ਸਿਧਾਂਤਕਾਰਾਂ ਨਾਲ ਕਸ਼ੀਦਗ਼ੀ ਚੱਲਦੀ ਤੀ , ਓਥੇ ਮੁਸਲਮਾਨਾਂ ਦੇ ਰਵਾਇਤੀ ਸੁੰਨੀ ਵਿਦਵਾਨਾਂ ਨਾਲ ਕਈ ਤਕਾਂ ਦੇ ਮਤਭੇਦ ਸੇ , ਜਿਹੜੇ ਹਾਲੇ ਤਕ ਕੈਮ ਆ ।

ਮਾਲੇਰਕੋਟਲਾ ਦੀ ਜ਼ਮੀਨ ਤੋਂ ਇਸਲਾਮਿਕ ਤਬਲੀਗ਼ੀ ਜਮਾਤਾਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਦੇ ਕਈ ਸਾਲਾਂ ਬਾਅਦ ਤਕ ਆਪਣੇ ਥੋੜ੍ਹ – ਵਕਤੀ ਅਖ਼ਬਾਰ ਚਲਾਏ ਤੇ ਚੌਵਰਕੇ , ਅੱਠ – ਵਰਕੀਆਂ ਛੱਲਾ ਕੇ ਆਵਦੀ ਵਿਚਾਰਧਾਰਾ ਕਾ ਪਸਾਰ ਕੀਤਾ ਪਰ ਅੱਜ ਦੀ ਤਰੀਕ ਵਿਚ ਪੰਜਾਬ ਵਿਚ ਐਸ ਧੜਾ ਕਾ ਬਾਜਾ ਅਜਿਹਾ ਬਾਜਾ ਅਖ਼ਬਾਰ ਲੋਕਾਈ ਤਕ ਨੀਂ ਪਹੁੰਚਦਾ , ਜਿਹਦਾ ਜ਼ਿਕਰ ਕੀਤਾ ਜਾ ਸਕੇ ।

*ਊਈ ! ਕਾਹਤੋਂ ਮਰੇ ਹਫ਼ਤਾਵਾਰੀ ਅਖ਼ਬਾਰ*
ਪੰਜਾਬੀ ਭਾਸ਼ਾ ਵਿਚ ਐਸ ਸਮੇਂ ਜੇ ਪੱਤਰਕਾਰੀ ਦੀ ਕਾਸੇ ਵਿਧਾ / ਸਿਨਫ਼ ਨੂੰ ਸੱਟ ਲੱਗੀਐ ਤਾਂ ਓਹ ਆਹ ਕਿ ਹਫ਼ਤਾਵਾਰੀ ਅਖ਼ਬਾਰਾਂ ਕਾ ਚਲਨ ਤਕਰੀਬਨ ਖ਼ਤਮ ਹੋ ਗਿਐ , ਹੁਣ ਜਾਂ ਤਾਂ ਕਾਸੇ ਧਾਰਮਿਕ ਡੇਰੇ / ਸੰਪਰਦਾ ਦੇ ਹਫ਼ਤਾਵਾਰੀ ਅਖ਼ਬਾਰ ਛੱਪਦੇ ਆ ਜਾਂ ਫੇਰ ਕਾਸੇ ਧਨਾਢ ਕਾਰੋਬਾਰੀ ਦੀ ਛਤਰ ਛਾਇਆ ਹੇਠ ਚੱਲਦੇ ਟਰੱਸਟ ਅਜਿਹੇ ਕੋਸ਼ਸ਼ ਕਰ ਰਹੇ ਐ , ਜਦਕਿ ਲੋਕਾਈ ਨਾਲ ਸਬੰਧਤ ਅਖ਼ਬਾਰ , ਜਿਨ੍ਹਾਂ ਕਾ ਪੀਰੀਅਡ ਹਫ਼ਤਾਵਾਰ ਹੁੰਦੈ , ਹੁਣ ਕਿਤੇ ਨੀਂ ਨਜ਼ਰ ਆਉਂਦੇ । ਪੰਜਾਬ ਵਿਚ ਪੋਟੀਆਂ ‘ਤੇ ਗਿਣੇ ਜਾ ਸਕਦੇ ਲੋਕ ਆ , ਜਿਹੜੇ ਅਜੋਕੇ ਕਾਰੋਬਾਰੀ ਦੌਰ ਵਿਚ ਵੀ ਆਪਣਾ ਮਿਸ਼ਨ ਨਿਭਾਅ ਰਹੇ ਆ , ਹਾਲਾਂਕਿ ਸਮੁੱਚੇ ਤੌਰ ‘ਤੇ ਆਖਿਆ ਜਾ ਸਕਦਾ ਐ ਕਿ ਆਹ ਵਿਧਾ ਖ਼ਤਮ ਹੁੰਨੀ ਪੀ ਐ ਤੇ ਸਰਕਾਰੀ ਇਸ਼ਤਿਹਾਰ ਨਾ ਮਿਲਣਾ ਵੀ ਵੀਕਲੀ ਅਖ਼ਬਾਰਾਂ ਲੀ ਵੱਡੀ ਸੱਟ ਐ । ਹਾਲਾਂਕਿ ਵੀਕਲੀ ਅਖ਼ਬਾਰ ਕਾਸੇ ਮੈਗਜ਼ੀਨ ਵਾਂਗ ਹੁੰਦੇ ਆ ਤੇ ਜਨਤਕ ਜਜ਼ਬਾਤ ਦੇ ਤਰਜਮਾਨ ਹੁੰਦੇ ਆ ਪਰ ਨਾ ਜਾਣੀਏਂ ਕਾਹਤੋਂ ਜਿਹੜੇ ਲੋਕ ਪਹਿਲਾਂ ਖ਼ੁਸ਼ ਹੋ ਕੇ ਹਫ਼ਤਾਵਾਰੀ ਅਖ਼ਬਾਰਾਂ ਨੂੰ ਚੰਦੇ ਦੇ ਕੇ ਜਿਉਂਦੇ ਰੱਖਦੇ ਸੇ , ਓਹ ਵੀ ਮੁੱਖ ਮੋੜ ਘੇੜ ਗੇ ਆ , ਅੱਜ ਦੇ ਦੌਰ ਵਿਚ ਹਰ ਧਰਮ , ਹਰ ਫਿਰਕੇ ਦੇ ਕੱਟੜ ਤੋਂ ਕੱਟੜ ਪੈਰੋਕਾਰ ਆ , ਜਿਹੜੇ ਆਪਣੇ ਅਕੀਦੇ ਦੀ ਰੱਖੜੀ ਲੀ ਸੜਕਾਂ ‘ਤੇ ਅੱਗਾਂ ਲਾ ਸਕਦੇ ਆ , ਜਨਤਕ ਤੇ ਸਰਕਾਰੀ ਜਾਇਦਾਦਾਂ ਨੂੰ ਅੱਗ ਹਵਾਲੇ ਕਰ ਸਕਦੇ ਆ , ਪਰਲੋਂ ਮਚਾ ਸਕਦੇ ਐ ਪਰ ਸਾਲ ਕਾ 150 ਜਾਂ 200 ਰੁਪਏ ਸਾਲਾਨਾ ਦੇ ਕੇ ਅਦਾ ਕਰ ਕੇ ਆਪਣੇ ਵਿਦਵਾਨਾਂ ਨੂੰ ਜ਼ਿੰਦਾ ਰੱਖਣ ਵਿਚ ਸਹਿਯੋਗ ਨੀਂ ਦੇ ਸਕਦੇ . ਮੇਰੇ ਮੁਤਾਬਕ ਵੀਕਲੀ ਅਖ਼ਬਾਰਾਂ ਦੀ ਮਰਗ , ਪੱਤਰਕਾਰੀ ਦੀ ਬਖਤਾਬਰ ਵਿਧਾ ਦੀ ਮਰਗ ਈ ਨੀਂ ਐ ਸਗਾਂ ਬੌਹਤਾ ਸਭਨਾਂ ਉਨ੍ਹਾਂ ਸੱਚੇ ਸੁੱਚੇ ਵਿਦਵਾਨਾਂ ਦੀ ਜ਼ਮੀਰ ਦੀ ਮਰਗ ਐ , ਜਿਹੜੇ ਵਪਾਰਕ ਤੌਰ ‘ਤੇ ਨੀਂ ਸਗਾਂ ਮਿਸ਼ਨਰੀ ਤੌਰ ‘ਤੇ ਪੱਤਰਕਾਰੀ ਕਰਨਾ ਚਾਹੁੰਦੇ ਆ ਪਰ ਆਪਣੇ ਰੁਜ਼ਗਾਰ ਤੇ ਰੋਜ਼ੀ ਟੁੱਕਰ ਦੀ ਮਜਬੂਰੀ ਕਾਰਨ ਓਹ ਵਪਾਰਕ ਅਦਾਰੀਆਂ ਗੋਡੇ ਮੁੱਢ ਮੁਲਾਜ਼ਮ ਹੋ ਗੇ ਐ , ਜਿਸ ਕਾਰਨ ਉਨ੍ਹਾਂ ਨੂੰ ਆਪਣੇ ਦਿਲ ‘ਤੇ ਪੱਥਰ ਧਰ ਕੇ ਓਹ ਕੰਮ ਕਰਨੇ ਪੈਂਦੇ ਐ , ਜੀਹਨੂੰ ਕਰਨ ਮਗਰੋਂ ਓਹ ਅਦਾਸੀ ਦੀ ਬਸਤਾ ਵਿਚ ਚਲੇ ਜਾਂਦੇ ਐ ।

ਮੁਨਾਫ਼ਾ ਰੁਝਾਨ ਨੇ ਮਾਰੀ ਗੁੱਝੀ ਸੱਟ

ਦਰਅਸਲ ਜਦੋਂ 1975 ਵਿਚ ਆਹ ਬਾਤ ਸਾਫ਼ ਹੋ ਗੀ ਤੀ ਕਿ ਦੇਸ਼ ਵਿਚ ਆਈ ‘ਆਜ਼ਾਦੀ’ ਕਾ ਸਭ ਤੋਂ ਬੱਧ ਭੱਦਰਕਾਰੀ ਸਥਾਪਤ ਸਰਮਾਏਦਾਰਾਂ ਨੇ ਲੈ ਲਿਆ ਐ ਤੇ ਜਾਂ ਫੇਰ ਉੱਭਰਦੇ ਸਰਮਾਏਦਾਰ ਵੀ ਭੁੱਖੜ ਈ ਆ , ਸਰਕਾਰੀ ਨੀਤੀਆਂ ਵੀ ਬਖਤਾਬਰ ਨੂੰ ਹੋਰ ਬਖਤਾਬਰ ਕਰਨ ਲੀ ਬਣਾਈਆਂ ਜਾਂਦੀਆਂ ਆ , ਐਸ ਕਰ ਕੇ 1975 ਤੋਂ ਬਾਅਦ ਈ ਅਖ਼ਬਾਰਾਂ ਕਾ ਰੂਪ ਤੇ ਸਰੂਪ ਮਿਸ਼ਨਰੀ ਥੋਹੜੀ ਤੇ ਵਪਾਰਕ ਬੱਧ ਹੁੰਦਾ ਗਆ – ਪਰ ਐਸ ਸਭਨਾਂ ਵਰਤਾਰੇ ਵਿਚ ਇਕ ਹਾਸਿਲ ਆਹ ਐ ਕਿ ਅਖ਼ਬਾਰਾਂ ਦੀ ਭਾਸ਼ਾ ਹੁਣ ਘਾਗ – ਸੱਚੀ ਐ , ਖ਼ਬਰੀ ਭਾਸ਼ਾ ਬੌਹਤਾ ਸੰਖੇਪ ਐ ਤੇ ਫਜ਼ੂਲ ਅਲਫਾਜ਼ ਵਾਲੀਆਂ ਖ਼ਬਰਾਂ ਦੀ ਚੋਣ ਈ ਨੀਂ ਕੀਤੀ ਜਾਂਦੀ । ਬਿਨਾਂ ਸ਼ੱਕ ਅੱਜ 2018 ਦੀ ਬਾਤ ਕਰੀਏ ਤਾਂ ਲੋਕਾਂ ਅੱਲੋਂ ਪਸਿੰਦ ਕੀਤੀਆਂ ਜਾਂਦੀਆਂ ਰੋਜ਼ਾਨਾ ਅਖ਼ਬਾਰਾਂ ਦੀ ਵਿਚਾਰਧਾਰਾ ਚਾਹੇ ਬਾਜਾ ਹੋਵੇ , ਓਹ ਮਿਸ਼ਨਰੀ ਹੋਣ ਜਾਂ ਵਪਾਰਕ ਹੋਣ , ਪਰ ਉਨ੍ਹਾਂ ਦੀ ਭਾਸ਼ਾਗਤ ਪਹੁੰਚ ਨਵੀਨਤਾ ਨਾਲ ਲੈਸ ਐ । ਹਾਲਾਂਕਿ ਮੈਂ ਜਿਹੜੀਆਂ ‘ਸੁਧਾਰਕ ਲਹਿਰਾਂ’ ਦੇ ਅਖ਼ਬਾਰਾਂ ਤੇ ਰਸਾਲੀਆਂ ਦੀ ਬਾਤ ਕੀਤੀ ਐ , ਉਨ੍ਹਾਂ ਦੀ ਭਾਸ਼ਾ ਨਾ ਤਾਂ ਘਾਗ – ਸੱਚੀ ਹੁੰਨੀ ਤੀ ਤੇ ਨਾ ਈ ਉਨ੍ਹਾਂ ਗੋਡੇ ਮੁੱਢ ਸ਼ਾਬਦਿਕ ਨਵੀਨਤਾ ਤੀ , ਉਦੋਂ ਅਖ਼ਬਾਰਾਂ ਦੀ ਖ਼ੂਬਸੂਰਤ ਲੇਅ – ਆਊਟ ਜਾਂ ਫੱਬਤ ਬਾਰੇ ਸੁਤਾ ਨੀਂ ਤਾ ਜਾਂਦਾ ਤੀ ਸਗਾਂ ਐਸ ਦੇ ਕੰਟੈਂਟ ( ਖਰੜੇ ) ਤੋਂ ਈ ਪਸ਼ਾਣ ਹੋ ਜਾਂਦੀ ਤੀ ਕਿ ਅਖ਼ਬਾਰ ਜਾਂ ਰਸਾਲਾ ਕਿਹੜੀ ਧੜਾ ਨਾਲ ਖੜ੍ਹਾ ਐ । ਹੁਣ ਵੀ ਚਾਹੇ ਕਈ ਮਹੀਨਾਵਾਰ ਰਸਾਲੇ ਛੱਪਦੇ ਪੇ ਆ ਪਰ ਜੇ ਇਨ੍ਹਾਂ ਕਾ ਮੁਲੰਕਣ ਕੀਤਾ ਜੇ ਤਾਂ ਸਿਰਫ਼ ਇਕ ਦਰਜਨ ਪੰਜਾਬੀ ਰਸਾਲੇ ਆ , ਜਿਨ੍ਹਾਂ ਕਾ ਉਚੇਚਾ ਜ਼ਿਕਰ ਕੀਤਾ ਜਾ ਸਕਦਾ ਐ । ਚਾਹੇ ਦਰਜਨਾਂ ਪੰਜਾਬੀ ਰਸਾਲੇ ਛੱਪਦੇ ਪੇ ਐ ਪਰ ਜ਼ਿਕਰ ਕਰਨ ਬਣਦਾ ਫਬਦਾ ਸਾਫ਼ ਸੁਥਰੀ ਪੱਤਰਕਾਰੀ ਇਨ੍ਹਾਂ ਦੇ ਹਿੱਸੇ ਨੀਂ ਆਈ , ਐਸ ਕਾ ਬੱਡਾ ਕਾਰਨ ‘ਬੋਧਿਕ ਸੋਕਾ’ ਐ ਤੇ ਆਹ ਧਿਰਾਂ ਪੱਤਰਕਾਰੀ ਸਿੱਖਣ ਨਾਲੋਂ ‘ਕਰੀ ਜਾਣ’ ਨੂੰ ਪੱਲ੍ਹੇ ਬੰਨ ਕੇ ਬੈਠੀਆਂ ਅਹਾਂ , ਖ਼ੁਦ ਪੌੜੀ ਦੇ ਪਹਿਲੇ ਪੌਡੇ ਦੇ ਬਿਦਮਾਨ ਵੀ ਨਾ ਹੋਣ ਕਰ ਕੇ ਇਨ੍ਹਾਂ ਦੀ ਪਾਠਕ ਤੇ ਪਹੁੰਚ ਗਿਣਤੀ ਸੀਮਤ ਹੁੰਨੀ ਐ । ਪੰਜਾਬੀ ਵਿਚ ਤਕਨੀਕਾਂ ‘ਤੇ ਕੇਂਦਰਤ ਰਸਾਲਾ ਤਾਂ ਕਈ ਹਈ ਨੀਂ , ਕੁ ਚਿਰ ਪਹਿਲਾਂ ਹਿੰਦੀ ਭਾਸ਼ਾ ਵਿਚ ਕੰਪਿਊਟਰ ਤੇ ਤਕਨੀਕੀ ਮਾਮਲੀਆਂ ਬਾਰੇ ਬੜੇ ਰਸਾਲੇ ਛੱਪਦੇ ਹੁੰਦੇ ਸੇ ਪਰ ਨਮਾਂ ਪੋਚ ਦੇ ਤੌਰ ਤਰੀਕੀਆਂ ਤੇ ਪੜ੍ਹਣ ਤੋਂ ਗੁਰੇਜ਼ ਕਰਨ ਦੀਆਂ ਕੁਰੁਚੀਆਂ ਕਾਰਨ ਹਿੰਦੀ ਭਾਸ਼ਾ ਵਿਚ ਤਕਨੀਕੀ ਮੈਗਜ਼ੀਨ ਛੱਪਣੇ ਬੰਦ ਹੋ ਗੇ ਆ ਜਦਕਿ ਪੰਜਾਬੀ ਵਿਚ ਹਾਲੇ ਅਜਿਹੀ ਸ਼ੁਰੂਆਤ ਨੀਂ ਹੋਈ , ਅਹਾਂ ਐਨਾ ਆਖ ਸਕਦੇ ਆਂ ਕਿ ਤੀ . ਪੀ . ਕੰਬੋਜ ਤੇ ਕੁਸ਼ ਹੋਰ ਲੇਖਕ ਆ , ਜਿਹੜੇ ਤਕਨੀਕਾਂ ਸਿਖਾਉਣ ਸਬੰਧੀ ਕਿਤਾਬਾਂ ਛਾਪੀ ਜਾਂਦੇ ਆ ਤੇ ਇਨ੍ਹਾਂ ਕਾ ਆਪਣਾ ਪਾਠਕ ਬਰਗ ਵੀ ਐ ।

ਮਜ਼ਾਹੀਆ ਰਸਾਲੇ ਹੋਏ ਨਦਾਰਦ
ਹਾਸ – ਰਸਾ ਬਾਰੇ ਅੱਜ ਸਿਰਫ਼ ਇਕ ਰਸਾਲਾ ‘ਮੀਰਜ਼ਾਦਾ’ ਮੁਹੱਈਆ ਐ , ਜਦਕਿ ਜਦੋਂ ਪੰਜਾਬੀ ਪੱਤਰਕਾਰੀ ਚਾਹੇ ਆਪਣੇ ‘ਬਚਪਨੇ’ ਵਿਚ ਤੀ ਪਰ ਉਦੋਂ ਪਾਠਕਾਂ ਵਿਚ ਵੀ ਪੜ੍ਹਣ ਕਾ ਬੌਹਤਾ ਹੱਬ ਹੁੰਦਾ ਤੀ , ਲੋਕ ਬੜੇ ਉਮਾਹ ਨਾਲ ਆਪਣੇ ਲਿਖਾਰੀਆਂ ਦੀਆਂ ਲਿਖਤਾਂ ਤੇ ਰਸਾਲੀਆਂ ਦੀ ਅਡੀਕ ਕਰਦੇ ਹੁੰਦੇ ਸੇ , ਆਹ ਬਾਤ ਮੈਂ ਚਾਹੇ ਵਾਪਰਦੀ ਨੀਂ ਵੇਖੀ ਪਰ ਪੰਜਾਬੀ ਪੱਤਰਕਾਰੀ ਕਾ ਇਤਿਹਾਸ ਪੜ੍ਹਦੀਆਂ ਤੇ ਪੁਰਾਣੇ ਬੰਦੀਆਂ ਨੂੰ ਮਿਲਣ – ਗਿਲਣ ਵੇਲੇ ਆਹ ਜ਼ਰੂਰ ਸੁਣਿਆ ਐ ਕਿ ਉਦੋਂ ਹਾਸ – ਰਸਾ ਕੇਂਦਰਤ ਰਸਾਲੇ ਵੀ ਛੱਪਦੇ ਸੇ । ਸਟੇਜੀ ਕਵੀ ਵੀ ਲਿਖ ਲੈਂਦੇ ਸੇ । ਬਹੁਤੇ ਸਟੇਜੀ ਕਵੀ ਤਾਂ ਧਾਰਮਿਕ ਤਾਬ ਆਲੇ ਸੇ ਪਰ ਮਜ਼ਾਹੀਆ ਕਵੀ ਵੀ ਕਾਫ਼ੀ ਹੁੰਦੇ ਸੇ । ਐਸ ਮਗਰੋਂ ਸਾਹਿਤਕ ਪਰਚੇ ਵੀ ਪੰਜਾਬੀ ਪੱਤਰਕਾਰੀ ਦੇ ਵਿਗਾਸ ਵਿਚ ਸਹਾਈ ਰਹੇ ਆ , ਅੱਜ ਵੀ ਕਾਫ਼ੀ ਸਭਨਾਂ ਸਾਹਿਤਕ ਰਸਾਲੇ ਆ ਪਰ ਜਿੱਕਣ ਅੰਗਰੇਜ਼ੀ ਵਿਚ ਕਈ ਰਸਾਲੇ ਸਿਰਫ਼ ਆਲੋਚਨਾ ਕੇਂਦਰਤ ਅਹਾਂ , ਐਕੂੰ ਦੀ ‘ਕ੍ਰਿਟਿਕ ਕੈਟਾਗਰੀ’ ਦੇ ਰਸਾਲੇ ਸਾਡੇ ਪੰਜਾਬ ਵਿਚ ਨੀਂ ਛੱਪਦੇ ਪੇ । ਐਸ ਦੀ ਊਣ ਬੌਹਤਾ ਰੜਕਦੀ ਐ ।

* * *
ਪੰਜਾਬੀ ਅਖ਼ਬਾਰਾਂ ਤੇ ਨਿਊਜ਼ ਡੈਸਕ ਕੀਆਂ ਨਜਾਰੇਦਾਰ ਬਾਤਾਂ

ਹੁਣ ਪੰਜਾਬੀ ਅਖ਼ਬਾਰਾਂ ਵਿਚ ਗੋਲ – ਮੇਜ ਨੀਂ ਰਹੇ ਜਦਕਿ ਪਹਿਲਾਂ ਰਾਉਂਡ ਟੇਬਲ ਹੁੰਦੇ ਸੇ , ਜਿੱਥੇ ਟੇਬਲ ਕਾ ਮੁਖੀ ( ਨਿਊਜ਼ ਐਡੀਟਰ ) ਬੈਠਦਾ ਤੀ ਤੇ ਐਸ ਦੇ ਆਸੇ – ਪਰਨੇ ਸੀਨੀਅਰ ਸਬ – ਐਡੀਟਰ ਤੇ ਸਬ – ਐਡੀਟਰ ਬੈਠਦੇ ਹੁੰਦੇ ਸੇ । ਗੋਲਮੇਜ ਟੇਬਲ ਦੇ ਇਕ ਬੰਨ੍ਹੇ ਪੀ . ਟੀ . ਆਈ . ਜਾਂ ਯੂ . ਐੱਨ . ਆਈ . ਦੀ ਮਸ਼ੀਨ ਲੱਗੀ ਹੁੰਨੀ ਤੀ ਜਿਹੜੀ ਕਿ ਹਰ ਵੇਲੇ ਟਿਕ – ਟਿਕ ਕਰਦੀ ਤੀ , ਐਸ ਨਾਲ ਮਸ਼ੀਨ ‘ਤੇ ਚੜ੍ਹਿਆ ਗੋਲਾ ਗਹਾਂ ਵੱਧਦਾ ਤੀ ਤੇ ਖ਼ਬਰਾਂ ਪ੍ਰਿੰਟ ਹੋ ਕੇ ਮਸ਼ੀਨ ਕਾ ਕਾਗ਼ਜ਼ ਜ਼ਮੀਨ ‘ਤੇ ਡਿੱਗਦਾ ਰਹਿੰਦਾ ਤੀ , ਐਕੂੰ ਦੇ ਗੋਲੇ ਨੂੰ ਸਾਮ੍ਹਣਾ ਸਿਖਾਂਦਰੂ ਉਪ ਸੰਪਾਦਕ ਦੀ ਡਿਊਟੀ ਹੁੰਨੀ ਤੀ ਤੇ ਉਹੀ ਆਹ ਕਾਗਜ਼ੀ ਗੋਲਾ ਆਪਣੇ ਐਡੀਟਰ ਇੰਚਾਰਜ ਨੂੰ ਸੌਂਪਦਾ ਤੀ ਜਿਹੜਾ ਕਿ ਅੱਗੋਂ ਆਪਣੇ ਮਾਤਹਿਤਾਂ ਦੀ ਕਾਬਲੀਅਤ ਮੁਤਾਬਕ ਖ਼ਬਰਾਂ ਤਕਸੀਮ ਕਰਦਾ ਤੀ । ਹੁਣ ਕੰਪਿਊਟਰੀ ਜੁੱਗ ਹੋਣ ਕਾਰਨ ਹਰ ਸਿਖਾਂਦਰੂ ਤੇ ਸਿੱਖਿਅਤ ਐਡੀਟਰ ਗੋਡੇ ਮੁੱਢ ਆਪਣਾ ਕੰਪਿਊਟਰ ਹੁੰਦੈ , ਹੁਣ ਪੇਪਰਲੈੱਸ ਕੰਮ ਹੋਣ ਕਾਰਨ ਕਾਗਜ਼ ਦੀ ਬਰਤੋਂ ਬੌਹਤਾ ਥੋਹੜੀ ਗੀ ਐ , ਸਗਾਂ ਇਕ – ਦੂਜੇ ਨੂੰ ਈ – ਮੇਲ ਕਰ ਕੇ ਖ਼ਬਰ ਗਾਂਹ ਕੀਤੀ ਜਾਂਦੀ ਐ । ਗੋਲਮੇਜ ਟੇਬਲ ਵੀ ਹੁਣ ਬੀਤੇ ਦੀ ਬਾਤ ਬਣ ਕੇ ਰਹਿ ਗੇ ਐ । ਅਖ਼ਬਾਰਾਂ ਵਿਚ ਜਨਰਲ ਨਿਊਜ਼ ਡੈਸਕ ਨੇ ਪਰਦੇਸਾਂ ਤੇ ਦੇਸ ਵਿਚ ਵਾਪਰੀਆਂ ਖ਼ਬਰਾਂ ਨੂੰ ਬਣਦੀ ਥੌਂ ਦੇਣੀ ਹੁੰਨੀ ਐ । ਆਹ ਲਿਖਾਰੀ ‘ਤਾਹਾਂ ਜ਼ਿਕਰ ਕਰ ਚੁੱਕਾ ਐ ਕਿ ਯੂ . ਐੱਨ . ਆਈ . ਤੇ ਪੀ . ਟੀ . ਆਈ . ਦੀਆਂ ਅੰਗਰੇਜ਼ੀ ਖ਼ਬਰਾਂ ਕਾ ਤਰਜਮਾ ਕਰ ਕੇ ਪੰਜਾਬੀ ਵਿਚ ਉਲਥਾਇਆ ਜਾਂਦਾ ਐ ਜਦਕਿ ਪੰਜਾਬੀ ਵਿਚ ਦੇਸ ਤੇ ਪਰਦੇਸਾਂ ਵਿਚ ਵੱਡੀ ਗਿਣਤੀ ਵਿਚ ਅਖ਼ਬਾਰ ਛੱਪਦੇ ਹੋਣ ਦੇ ਬਾਵਜੂਦ , ਹਾਲੇ ਤਕ ਨਿਰੋਲ ਪੰਜਾਬੀ ਖ਼ਬਰ ਏਜੰਸੀ ਨੀਂ ਵਜੂਦ ਵਿਚ ਆ ਸਕੀ । 2009 ਵਿਚ ਅਸੀਂ (ਇਕ) ਧਨਾਢ ਪਰਵਾਸੀ ਪੰਜਾਬੀ ਨੂੰ ‘ਨਿਰੋਲ ਪੰਜਾਬੀ ਖ਼ਬਰ ਏਜੰਸੀ’ ਦੇ ਤਰਦੁੱਦ ਲੀ ਮਨਾ ਲਿਆ ਤੀ , ਅਸੀਂ ਔਹਦਾ ਨਾਂਓ ਖ਼ਬਰਯਾਰ Khabaryaar ਰਖਿਆ ਤੀ ਪਰ ਐਨ ਮੌਕੇ ‘ਤੇ ਐਸ ਦੇ ਗ਼ੈਰ – ਪੱਤਰਕਾਰ ਮਸ਼ਵਰਾਕਾਰਾਂ ਨੇ ਸਾਰੀ ਖੇਲ੍ਹ ਬਗਾੜ ਤੀ , ਨੀਂ ਤਾਂ ਜਿੱਕਣ ਅਸੀਂ ਤਿਆਰੀ ਖਿੱਚ ਲੀ ਤੀ , ਪੰਜਾਬੀ ਖ਼ਬਰੀ ਕਲਾ ਤੇ ਪੰਜਾਬੀ ਪੱਤਰਕਾਰੀ ਨੂੰ ਕਾਸੇ ਅਗਲੇ ਪੜਾਅ ‘ਤੇ ਪੁੱਜ ਜਾਣਾ ਤੀ .

ਪਤਾ ਸਤਾ : ਸਰੂਪ ਨਗਰ ਗਲ਼ੀ / ਗਰਾਂ :ਰਾਓਵਾਲੀ / ਪਠਾਨਕੋਟ ਰੋਡ / ਜਲੰਧਰ ਦਿਹਾਤੀ n . h . 44 + 91 6284336773

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleYouth Congress protests demanding dismissal of Ajay Mishra
Next articleਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ