ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ ) ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ (1926-2026) ਵਿਸ਼ੇਸ਼ ਕਰਕੇ ਬੱਬਰ ਅਕਾਲੀ ਲਹਿਰ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਅਤੇ ਨਾਇਕਾਂ ਦੇ ਪਿੰਡਾਂ ਦਾ ਵਿਸ਼ਾਲ ਸਹਿਯੋਗ ਅਤੇ ਸੰਗ-ਸਾਥ ਹਾਸਲ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ 27 ਜੂਨ ਸਵੇਰੇ ਠੀਕ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਇਹਨਾਂ ਪਿੰਡਾਂ ਦੇ ਹਰ ਸੰਭਵ ਸਹਿਯੋਗ ਲਈ ਪ੍ਰਤੀਨਿਧ ਮਿਲਣੀ ਰੱਖੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਮੀਟਿੰਗ ਦੇ ਮੰਤਵ ਅਤੇ ਤਿਆਰੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਮੇਟੀ ਨੂੰ ਉਚੇਚੇ ਤੌਰ ‘ਤੇ ਭਰਾਤਰੀ ਜਨਤਕ ਜਮਹੂਰੀ ਸੰਸਥਾਵਾਂ, ਦੇਸ਼ ਭਗਤਾਂ ਦੀ ਇਤਿਹਾਸਕ ਵਿਰਾਸਤ ਨਾਲ ਜੁੜਕੇ ਬਣੀਆਂ ਕਮੇਟੀਆਂ, ਭਰਾਤਰੀ ਸੰਸਥਾਵਾਂ ਅਤੇ ਸਖਸ਼ੀਅਤਾਂ ਉਪਰ ਮਾਣ ਹੈ ਅਸਲ ਵਿੱਚ ਜਿਨ੍ਹਾਂ ਦੇ ਸਰਗਰਮ ਸਹਿਯੋਗ ਅਤੇ ਸੰਪਰਕ ਮੁਹਿੰਮ ਸਦਕਾ 27 ਜੂਨ ਦੀ ਮਿਲਣੀ, ਸ਼ਤਾਬਦੀ ਮੁਹਿੰਮ ਦਾ ਸ਼ਾਨਦਾਰ ਮੁਹਾਂਦਰਾ ਸਿਰਜਣ ਅਤੇ ਨੇਪਰੇ ਚਾੜ੍ਹਨ ‘ਚ ਸਫ਼ਲ ਹੋਏਗੀ। ਕਮੇਟੀ ਆਗੂਆਂ ਨੇ ਦੱਸਿਆ ਕਿ 27 ਜੂਨ ਦੀ ਮੀਟਿੰਗ ‘ਚ ਵਿਚਾਰ ਵਟਾਂਦਰੇ ਲਈ ਜਨਤਕ ਮੀਟਿੰਗਾਂ, ਮਿਲਣੀਆਂ, ਸੰਪਰਕ ਮੁਹਿੰਮ, ਨੁੱਕੜ ਨਾਟਕ, ਗੀਤ-ਸੰਗੀਤ, ਵਿਚਾਰ-ਚਰਚਾ, ਫੋਟੋ ਕਲਾ, ਚਿਤਰ ਕਲਾ, ਪੁਸਤਕ ਪ੍ਰਦਰਸ਼ਨੀਆਂ ਅਤੇ ਫ਼ਿਲਮ ਸ਼ੋਅ ਆਦਿ ਢੁਕਵੇਂ ਮਾਧਿਅਮਾਂ ਰਾਹੀਂ ਪ੍ਰਭਾਵਸ਼ਾਲੀ ਜਨ ਸੰਪਰਕ ਮੁਹਿੰਮ ਦੀ ਵਿਉਂਤ ਸਿਰਜਣ ਦਾ ਯਤਨ ਕੀਤਾ ਜਾਏਗਾ। ਉਹਨਾਂ ਦੱਸਿਆ ਕਿ ਇਸ ਮੁਹਿੰਮ ਦਾ ਸਿਖ਼ਰ ਹੋਏਗਾ, ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਤ ਪਹਿਲੀ ਨਵੰਬਰ 2026 ਦਾ, ਮੇਲਾ ਗ਼ਦਰੀ ਬਾਬਿਆਂ ਦਾ। ਇਸ ਮੇਲੇ ਵਿੱਚ ਬੱਬਰਾਂ, ਗ਼ਦਰੀ ਦੇਸ਼ ਭਗਤਾਂ ਅਤੇ ਜਾਣ ਬੁੱਝ ਕੇ ਅਣਛੋਹੀ ਰੱਖੀ ਗਈ ਆਜ਼ਾਦੀ ਸੰਗਰਾਮ ਦੀ ਇਨਕਲਾਬੀ ਤਵਾਰੀਖ਼ ਦੇ ਉਦੇਸ਼ਾਂ ਨੂੰ ਉਘਾੜਕੇ ਲੋਕਾਂ ਦੇ ਮਨ ਦੀ ਸਲੇਟ ਉਪਰ ਉਕਰਨ ਲਈ ਢੁਕਵੀਆਂ ਵਿਧੀਆਂ ਰਾਹੀਂ ਹੁਣ ਤੋਂ ਹੀ ਉਚੇਚੇ ਉੱਦਮ ਜੁਟਾਏ ਜਾਣਗੇ। ਕਮੇਟੀ ਆਗੂਆਂ ਕਿਹਾ ਕਿ ਇਹ ਵਡੇਰਾ ਇਤਿਹਾਸਕ ਕਾਰਜ਼, ਲੋਕ-ਜੱਥੇਬੰਦੀਆਂ ਅਤੇ ਇਨਕਲਾਬੀ ਵਿਰਾਸਤ ਨਾਲ ਜੁੜੇ ਹਿੱਸਿਆਂ ਦੀ ਭਰਪੂਰ ਮੱਦਦ ਨਾਲ ਹੀ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਸਕਦਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





