ਮਾਂ ਦੇ ਹੱਥਾਂ ਦਾ ਜਾਦੂ 

 (ਸਮਾਜ ਵੀਕਲੀ)
ਚੁੱਲ੍ਹੇ ‘ਤੇ ਰੋਟੀ ਲਾਹੁੰਦੀ
ਦਾਲ ਸਬਜ਼ੀ ਬਣਾਉਂਦੀ
ਜਦ ਵੀ ਮਾਂ ਦੇਖਦੀ
ਚੁੱਲ੍ਹੇ ‘ਚੋਂ ਬਾਹਰ ਡਿੱਗੀ
ਧੁਖੀ ਜਾਂ ਅੱਧ-ਮੱਚੀ ਪਾਥੀ
ਤਾਂ ਉਸਨੂੰ ਉਹ
ਹੱਥ ਨਾਲ ਚੁਕਦੀ
ਤੇ ਚੁੱਲ੍ਹੇ ਵਿੱਚ ਟਿਕਾਅ ਦਿੰਦੀ …
ਮੈਂ ਹੈਰਾਨ ਹੁੰਦਾ…
ਜਦ ਕਦੇ ਮਾਂ ਨੇ
ਇੱਧਰ ਉੱਧਰ ਜਾਣਾ
ਤਾਂ ਮੈਂ ਮੱਚਦੀ ਪਾਥੀ
ਚੁੱਲ੍ਹੇ ‘ਚੋਂ ਬਾਹਰ ਸੁੱਟ ਲੈਣੀ
ਹੱਥ ਨਾਲ ਚੁੱਕਣ ਦੀ ਕੋਸ਼ਿਸ਼ ਕਰਨੀ
ਉਂਗਲਾਂ ਮਚਾਅ ਲੈਣੀਆਂ ….
ਮਾਂ ਨੇ ਗੁੱਸੇ ‘ਚ ਦੇਖਣਾ
ਪਾਥੀ ਚੁੱਕਣੀ
ਤੇ ਚੁੱਲ੍ਹੇ ਵਿਚ ਟਿਕਾ ਦੇਣੀ
ਮੈਂ ਪੁੱਛਣਾ-
ਮਾਂ ਤੇਰੇ ਹੱਥਾਂ ‘ਚ ਜਾਦੂ ਐ
ਨਹੀਂ ਪੁੱਤ
ਜਾਦੂ ਕੋਈ ਨਈਂ
ਮਿਹਨਤ ਮਜ਼ਦੂਰੀ ਕਰਦਿਆਂ
ਹੱਥ ਰੜ੍ਹੇ ਹੋਏ ਨੇ
ਇਨ੍ਹਾਂ ਪਾਥੀਆਂ ਦੀ ਅੱਗ ਤੋਂ
ਜ਼ਿਆਦਾ ਸੇਕ
ਅਸੀਂ ਗਰੀਬੀ ਦਾ ਝੱਲਿਐ….
ਮੈਨੂੰ ਮਾਂ ਦੀ ਗੱਲ ਸਮਝ ਨਾ ਲੱਗਣੀ
ਤੇ ਮੈਂ
ਮਾਂ ਦੇ ਹੱਥਾਂ ਨੂੰ ਦੇਖ
ਰਾਖ ਬਣੀ ਪਾਥੀ ਵੱਲ ਦੇਖਦਾ ਰਹਿੰਦਾ…
ਅੱਜ ਭਾਵੇਂ
ਗੈਸ ਸਿਲੰਡਰ ਆ ਗਿਆ
ਪਰ ਮਾਂ ਦੇ ਹੱਥਾਂ ਦਾ ਜਾਦੂ ਨਈਂ ਗਿਆ
ਜਦ ਵੀ ਕਦੇ ਮੈਂ
ਉਦਾਸ ਤੇ ਹਾਰਿਆ ਹੁੰਨਾਂ
ਉਸਦੀ ਗੋਦੀ ਵਿੱਚ ਸਿਰ ਰਖਦਾਂ
ਉਹ ਆਪਣੇ ਜਾਦੂ ਵਾਲੇ ਹੱਥ
ਮੇਰੇ ਚਿਹਰੇ ‘ਤੇ ਫੇਰਦੀ
ਮੇਰੇ ਗ਼ਮ, ਮੁਸੀਬਤਾਂ, ਉਦਾਸੀ
ਠੰਡੇ ਪੈ ਰਾਖ ਬਣ ਜਾਂਦੇ
ਹਿੰਮਤ ਹੌਸਲੇ ਦੀ ਧੁਖਦੀ ਅੱਗ
ਮੇਰੇ ਗ਼ਮਾਂ ਨਾਲ ਖਹਿੰਦੀ
ਲਾਟ ਬਣ ਗ਼ਰੀਬੀ ਦੇ
ਅਸਮਾਨ ਨਾਲ ਟਕਰਾਉਂਦੀ
ਮਾਂ ਦੇ ਹੱਥਾਂ ਦਾ ਜਾਦੂ
ਨਵੀਂ ਦਿਸ਼ਾ ਦਿੰਦਾ
ਧੁਖਣ ਤੋਂ ਅੱਗ
ਤੇ ਅੱਗ ਤੋਂ ਰਾਖ ਬਣਦੀ
ਗ਼ਰੀਬੀ ਨੂੰ ਦੇਖ
ਮਾਂ ਮੁਸਕਰਾਉਂਦੀ …
ਇਹ ਚੱਕਰ ਚੱਲਦਾ ਰਹਿੰਦਾ
ਤੇ ਅੱਜ ਵੀ ਚੱਲ ਰਿਹੈ…।
ਜਸਵੰਤ ਗਿੱਲ ਸਮਾਲਸਰ 
97804-51878
Previous articleਗੁਰੂ ਨਾਨਕ
Next article ਸਦਾ ਖੁੱਲ੍ਹੇ ਦਰਵਾਜ਼ੇ ਸੱਜਣਾ ਤੇਰੇ ਲਈ’ ਗੀਤ ਨਾਲ ਛਾ ਗਈ ਗਾਇਕਾ ਪ੍ਰੇਮ ਲਤਾ