ਜਿਸ ਭਾਸ਼ਾ ਤੇ ਬੋਲੀ ਦੀਆਂ ਕਲਮਾਂ ਵਾਲੇ ਜ਼ਮੀਰ ਜਿਉਂਦੀ ਵਾਲੇ ਨੇ ਉਹ ਭਾਸ਼ਾ ਮਰ ਨਹੀਂ ਸਕਦੀ

ਡਾ ਸਵਰਾਜਬੀਰ, ਸੰਪਾਦਕ ਪੰਜਾਬੀ ਟ੍ਰਿਬਿਊਨ

(ਸਮਾਜ ਵੀਕਲੀ) 

ਕਿਸਾਨ ਮਜ਼ਦੂਰ ਅੰਦੋਲਨ ਨੂੰ ਕੁਚਲਣ ਦੇ ਲਈ ਪਹਿਲੇ ਹੀ ਦਿਨ..ਕੁੱਝ ਸਾਜਿਸਾਂ ਕੀਤੀਆਂ ਤੇ ਕਰਵਾਈਆਂ ਜਾ ਰਹੀਆਂ ਹਨ….ਇਹਨਾਂ ਸਾਜਿਸ਼ਾਂ ਦਾ ਕਰਤਾ ਇਕੋ ਹੀ ਸ਼ਖਸ ਹੈ ਜਿਸ ਦੇ ਬਾਰੇ ਸਭ ਜਾਣਦੇ ਹਨ..

ਹੁਣ ਪਿਛਲੇ ਦੋ ਹਫ਼ਤਿਆਂ ਤੋਂ ਭਾਜਪਾ ਤੇ RSS ਪੂਰੀ ਤਰ੍ਹਾਂ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਨ ਦੀਆਂ ਕਾਰਵਾਈਆਂ ਕਰ ਰਹੀ। ਮੁੱਖ ਏਜੰਡਾ ਹੈ.. ਕਿਸਾਨ ਮਜ਼ਦੂਰ ਅੰਦੋਲਨ ਦਾ ਨੁਕਸਾਨ ਕਰਨਾ। ਲਖੀਮਪੁਰ ਖੀਰੀ ਦਾ ਕਤਲੇਆਮ ਤੇ ਹੁਣ ਸਿੰਘੂ ਬਾਡਰ ਦੀਆਂ ਘਟਨਾਵਾਂ ਉਸਦਾ ਹੀ ਹਿੱਸਾ ਹਨ। ਇਸ ਬਾਰੇ ਡਾਕਟਰ ਸਾਹਿਬ ਸਿੰਘ ਦਾ ਪ੍ਰਤੀਕਰਮ ਪੇਸ਼ ਹੈ।
(ਬੁੱਧ ਸਿੰਘ ਨੀਲੋੰ.)

ਛੋਟੇ ਵੀਰ ਸਾਹਿਬ ਸਿੰਘ (Sahib Singh) ਨਾਟਕਕਾਰ, ਅਦਾਕਾਰ ਦਾ ਦਲੇਰਾਨਾ ਜੁਵਾਬ:-
ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾਕਟਰ ਸਵਰਾਜਬੀਰ ਦੇ ਅਲੋਚਕਾਂ ਨੂੰ:-

ਡਾ ਸਵਰਾਜਬੀਰ ਵੱਲ ਸੇਧਿਆ ਸ਼ਾਬਦਿਕ ਹਮਲਾ!!
ਬੁਖਲਾਹਟ ਇਨਸਾਨ ਤੋਂ ਉਹ ਕੁਝ ਕਰਵਾ ਦਿੰਦੀ ਹੈ ਜੋ ਕਦੇ ਸੋਚਿਆ ਵੀ ਨਹੀਂ ਜਾ ਸਕਦਾ… ਪਰ ਇਥੇ ਕਹਾਣੀ ਕੁਝ ਵੱਖਰੀ ਹੈ.. ਪੰਜਾਬੀ ਫ਼ਿਲਮਾਂ ਨਾਲ ਸਬੰਧਤ ਇਕ ਨਾਇਕ ਨੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾ ਸਵਰਾਜਬੀਰ ਖ਼ਿਲਾਫ਼ ਜੰਗ ਛੇੜਨ ਦਾ ਐਲਾਨ ਕੀਤਾ ਹੈ, ਟ੍ਰਿਬਿਊਨ ਦੇ ਟਰੱਸਟ ਕੋਲ ਸ਼ਿਕਾਇਤ ਦਰਜ ਕਰਨ ਦਾ ਐਲਾਨ ਕੀਤਾ ਹੈ.ਪਰ ਇਹ ਸਕ੍ਰਿਪਟ ਉਸ ਨਾਇਕ ਦੀ ਨਹੀਂ, ਇਕ “ਮਹਾਂ ਵਿਦਵਾਨ” ਦੀ ਹੈ! ਸੋ ਆਪਾਂ ਗੱਲ ਵਿਦਵਾਨ ਜੀ ਨਾਲ ਹੀ ਕਰਾਂਗੇ:
ਸ: ਅਜਮੇਰ ਸਿੰਘ ਜੀ!
ਜੋ ਉਸ ਨਾਇਕ ਨੇ ਬੋਲਿਆ ਹੈ, ਸਪਸ਼ਟ ਹੈ ਕਿ ਇਹ ਤੁਹਾਡੀ ਸਕ੍ਰਿਪਟ ਹੈ.. ਸੁਭਾਵਿਕ ਹੈ, ਤੁਹਾਨੂੰ ਇਸ ਤਰ੍ਹਾਂ ਦੇ ਇਤਰਾਜ਼ ਹੋਣੇ ਚਾਹੀਦੇ ਹਨ! ਪਰ ਤੁਸੀਂ ਏਨੇ ਡਰਪੋਕ ਹੁਣ ਹੋਏ ਹੋ ਜਾਂ ਪਹਿਲਾਂ ਤੋਂ ਹੀ ਸੀ, ਕਿ ਖੁਦ ਦੀ ਸਕ੍ਰਿਪਟ ਕਿਸੇ ਹੋਰ ਦੇ ਮੂੰਹ ‘ਚ ਪਾ ਦਿੱਤੀ ..ਪਾ ਹੀ ਦਿੱਤੀ ਸੀ ਤਾਂ ਵੀ ਕੋਈ ਗੱਲ ਨਹੀਂ..ਤੁਹਾਨੂੰ ਲੱਗਦਾ ਹੋਣਾ ਕਿ ਤੁਹਾਨੂੰ ਤਾਂ ਕੋਈ ਸਿਆਣਦਾ ਨਹੀਂ, ਤੁਹਾਡੀ ਕੋਈ ਸੁਣਦਾ ਨਹੀਂ, ਇਸ ਮੁੰਡੇ ਦੀ ਹਾਲੇ ਚਾਰ ਜਣੇ ਸੁਣਦੇ ਨੇ, ਇਹਦੇ ਰਾਹੀਂ ਹੀ ਸਹੀ ..ਪਰ ਅਜਮੇਰ ਸਿੰਘ ਜੀ, ਮੁੰਡੇ ਨੂੰ ਸਕ੍ਰਿਪਟ ਤਾਂ ਸਹੀ ਢੰਗ ਨਾਲ ਲਿਖ ਕੇ ਦਿੰਦੇ.. ਥੋੜ੍ਹੀ ਮਿਹਨਤ ਕਰਦੇ!.. ਕਿਉਂ ਉਸ ਦੇ ਜੜ੍ਹਾਂ ‘ਚ ਤੇਲ ਪਾ ਰਹੇ ਹੋ..ਉਸ ਨੇ ਕੁਝ ਫ਼ਿਲਮਾਂ ਬਤੌਰ ਨਾਇਕ ਕੀਤੀਆਂ ਹੋਈਆਂ ਨੇ.. ਹਾਲੇ ਹੋਰ ਵੀ ਕਰਨੀਆਂ ਨੇ.. ਉਸ ਦਾ ਕਰੀਅਰ ਕਿਉਂ ਖ਼ਰਾਬ ਕਰ ਰਹੇ ਹੋ..ਡਾ ਸਵਰਾਜਬੀਰ ਬਾਰੇ ਉਹਨੂੰ ਕੁਝ ਬੇਸਿਕ ਹੀ ਜਾਣਕਾਰੀ ਦੇ ਦਿੰਦੇ ਤਾਂ ਉਹ ਇਸ ਤਰ੍ਹਾਂ ਦੀਆਂ ਬੇਸਿਰ ਪੈਰ ਦੀਆਂ ਗੱਲਾਂ ਨਾ ਕਰਦਾ !
ਉਹ ਕਹਿੰਦਾ ਹੈ ਕਿ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਆਪਣੇ ਖਿੱਤੇ ਦੇ ਲੋਕਾਂ ਦੇ ਧਰਮ, ਸੱਭਿਆਚਾਰ ਤੇ ਰਵਾਇਤਾਂ ਦੇ ਰੂਬਰੂ ਨਹੀਂ ਹੋਇਆ ..ਅਜਮੇਰ ਸਿੰਘ ਜੀ, ਬਹੁਤਾ ਨਹੀਂ ਤਾਂ ਉਸ ਮੁੰਡੇ ਨੂੰ ਏਨਾ ਹੀ ਕਹਿ ਦਿੰਦੇ ਕਿ ਪਿਛਲੇ ਇਕ ਸਾਲ ਦੀਆਂ ਸੰਪਾਦਕੀਆਂ ਹੀ ਪੜ੍ਹ ਲੈਂਦਾ.. ਸਵਰਾਜਬੀਰ ਦੇ ਲਿਖੇ ਹੋਏ ਲੇਖ ਹੀ ਪੜ੍ਹ ਲੈਂਦਾ ..ਪਹਿਲਾਂ ਵੀ ਸਾਰੇ ਸੰਪਾਦਕਾਂ ਨੇ ਬੜੀ ਮਿਹਨਤ ਨਾਲ ਇਸ ਅਖ਼ਬਾਰ ਨੂੰ ਸ਼ਿੰਗਾਰਿਆ ਹੈ, ਪਰ ਸਵਰਾਜਬੀਰ ਨੇ ਕਮਾਲ ਕੀਤੀ ਹੋਈ ਹੈ..ਜਦੋਂ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਮਨਾਈ ਗਈ ਤਾਂ ਲਗਪਗ ਇੱਕ ਮਹੀਨਾ ਸਵਰਾਜਬੀਰ ਦੀ ਸੰਪਾਦਕੀ ਹੇਠ ਪੰਜਾਬੀ ਟ੍ਰਿਬਿਊਨ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਤਰ੍ਹਾਂ ਤਰ੍ਹਾਂ ਦੇ ਆਰਟੀਕਲ ਛਾਪਦਾ ਰਿਹਾ.. ਤਰ੍ਹਾਂ ਤਰ੍ਹਾਂ ਦੇ ਵਿਦਵਾਨਾਂ ਕੋਲੋਂ ਲਿਖਵਾ ਕੇ! ਯਾਦ ਰਹੇ, ਹਰ ਤਰ੍ਹਾਂ ਦੇ ਵਿਦਵਾਨ, ਤੁਹਾਡੀ ਖ਼ਰਾਬ ਸਕਰਿਪਟ ਅਨੁਸਾਰ ਸਿਰਫ਼ ਕਾਮਰੇਡ ਨਹੀਂ ! ਉਨ੍ਹਾਂ ਦੇ ਹੁਣ ਤਕ ਦੇ ਕਾਰਜਕਾਲ ਦੌਰਾਨ ਜਿਸ ਵੀ ਗੁਰੂ ਸਾਹਿਬ ਦਾ ਕੋਈ ਦਿਹਾੜਾ ਆਇਆ, ਉਨ੍ਹਾਂ ਨੇ ਪੂਰੀ ਦੀ ਪੂਰੀ ਅਖ਼ਬਾਰ ਉਸ ਗੁਰੂ ਸਾਹਿਬਾਨ ਦੇ ਆਦਰਸ਼ਾਂ, ਜੀਵਨ ਜਾਚ ਤੇ ਫ਼ਲਸਫ਼ੇ ਨੂੰ ਸਮਰਪਿਤ ਕੀਤੀ । ਸਿਰਫ਼ ਇੰਨਾ ਹੀ ਨਹੀਂ ,ਹਰ ਹਫ਼ਤੇ ਲਗਪਗ ਦੋ ਤਿੰਨ ਸੰਪਾਦਕੀਆਂ ਐਹੋ ਜਿਹੀਆਂ ਹੁੰਦੀਆਂ ਨੇ, ਜਿਨ੍ਹਾਂ ਵਿੱਚ ਉਹ ਗੁਰੂ ਸਾਹਿਬਾਨ ਦੀ ਬਾਣੀ ਵਿੱਚੋਂ ਟੂਕਾਂ ਦਰਜ ਕਰਦੇ ਹਨ.. ਅਰਥਾਂ ਸਮੇਤ !ਤੁਹਾਡਾ ਮੁੰਡਾ ਕਹਿੰਦਾ ਹੈ ਕਿ ਉਹ ਇਸ ਖਿੱਤੇ ਦੇ ਧਰਮ ਤੇ ਸੱਭਿਆਚਾਰ ਦੇ ਰੂਬਰੂ ਹੀ ਨਹੀਂ ਹੋਏ! ਅਜਮੇਰ ਸਿੰਘ ਜੀ, ਸਕਰਿਪਟ ਠੀਕ ਲਿਖ ਕੇ ਦਿਆ ਕਰੋ.. ਕਿਸੇ ਦਾ ਇਸ ਤਰ੍ਹਾਂ ਜਲੂਸ ਨਾ ਕਢਵਾਇਆ ਕਰੋ।
ਤੁਹਾਡਾ ਮੁੰਡਾ ਕਹਿੰਦਾ ਹੈ ਕਿ ਸਵਰਾਜਬੀਰ ਫਾਸ਼ੀਵਾਦ ਦੇ ਖ਼ਿਲਾਫ਼ ਬੋਲਦੇ ਤਾਂ ਹਨ, ਪਰ ਸਪੈਸਫਿਕ ਨਹੀਂ ਹੁੰਦੇ ..ਅਰਥਾਤ ਨਾਮ ਲੈ ਕੇ ਨ੍ਹੀਂ ਬੋਲਦੇ ਕਿ ਕੌਣ ਫਾਸ਼ੀਪੁਣਾ ਕਰ ਰਿਹਾ ਹੈ.. ਤੇ ਕਿਸ ਦੇ ਖ਼ਿਲਾਫ਼ ਹੋ ਰਿਹਾ ਹੈ !ਅਜਮੇਰ ਸਿੰਘ ਜੀ, ਤੁਸੀਂ ਤਾਂ ਸਭ ਜਾਣਦੇ ਹੀ ਹੋ..ਜ਼ਰੂਰ ਪੜ੍ਹਿਆ ਹੋਵੇਗਾ ਕਿ ਜਦੋਂ ਦਿੱਲੀ ਵਿੱਚ ‘ਗੋਲੀ ਮਾਰੋ ਗੱਦਾਰੋਂ ਕੋ’ ਵਰਗੇ ਨਾਅਰੇ ਗੂੰਜ ਰਹੇ ਸਨ.. ਬਲਾਤਕਾਰ ਵਰਗੀਆਂ ਗੱਲਾਂ ਹੋ ਰਹੀਆਂ ਸਨ.. ਤਾਂ ਸਵਰਾਜਬੀਰ ਸਪੈਸਫਿਕ ਸੀ ਜਾਂ ਨਹੀਂ?? ..ਲੀਡਰਾਂ ਦੇ ਨਾਂ ਲੈ ਲੈ ਕੇ ਅਖ਼ਬਾਰ ਵਿਚ ਲਿਖਦਾ ਰਿਹਾ ਹੈ ਕਿ ਨਹੀਂ?? ..ਉਸ ਨੇ ਨਾ ਅੱਜ ਤਕ ਅਦਾਲਤਾਂ ਬਖ਼ਸ਼ੀਆਂ ਹਨ, ਨਾ ਰਾਜਨੀਤਕ ਲੋਕ ਬਖ਼ਸ਼ੇ ਹਨ, ਇੱਥੋਂ ਤਕ ਕਿ ਪੁਲੀਸ ਦਾ ਉੱਚ ਅਫ਼ਸਰ ਹੋਣ ਦੇ ਬਾਵਜੂਦ ਉਹਨੇ ਪੁਲੀਸ ਨੂੰ ਵੀ ਕਦੇ ਨਹੀਂ ਬਖ਼ਸ਼ਿਆ.. ਸੁਪਰੀਮ ਕੋਰਟ ਨੇ ਜਦੋਂ ਬਿਆਨ ਦਿੱਤਾ ਕਿ “ਤੁਸੀਂ ਹੁਣ ਦਿੱਲੀ ਦੇ ਅੰਦਰ ਵੜਨਾ ਚਾਹੁੰਦੇ ਹੋ, ਇਸ ਦਾ ਸਾਹ ਘੁਟਣਾ ਚਾਹੁੰਦੇ ਹੋ!” ਤਾਂ ਸਵਰਾਜਬੀਰ ਨੇ ਦਿੱਲੀ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਦੀ ਭੂਮਿਕਾ ਨੂੰ ਉਦਾਹਰਣਾਂ ਸਮੇਤ ਨਸ਼ਰ ਕੀਤਾ.. ਤੁਸੀਂ ਤਾਂ ਪੜ੍ਹਿਆਂ ਹੀ ਹੋਵੇਗਾ, ਉਸ ਮੁੰਡੇ ਨੂੰ ਵੀ ਪੜ੍ਹਾ ਦਿਉ ..ਜਾਂ ਕੀ ਤੁਸੀਂ ਇਹ ਆਸ ਲਾਈ ਬੈਠੇ ਹੋ ਕਿ ਇਕ ਪੰਜਾਬੀ ਅਖ਼ਬਾਰ ਦਾ ਸੰਪਾਦਕ ਸਿਰਫ਼ ਸਿੱਖਾਂ ‘ਤੇ ਹੋ ਰਹੇ ਜ਼ੁਲਮ ਦੀ ਹੀ ਗੱਲ ਕਰੇ, ਕਿਸੇ ਹੋਰ ਫਿਰਕੇ ‘ਤੇ ਹੋ ਰਹੇ ਜ਼ੁਲਮ ਵੇਲੇ ਚੁੱਪ ਰਹੇ ..ਉਹ ਤਾਂ ਵੱਡਾ ਖ਼ਤਰਾ ਲੈ ਰਿਹਾ ਹੈ.. ਪਰ ਹਾਂ! ਤੁਸੀਂ ਇੰਨਾ ਖ਼ਤਰਾ ਲੈ ਨਹੀਂ ਸਕਦੇ.. ਤੁਹਾਡੀ ਮਜਬੂਰੀ ਸਮਝਦਾ ਹਾਂ .. ਤੇ ਤੁਹਾਡੇ ਨਾਇਕ ਦੀ ਵੀ!
ਜੇ ਤੁਹਾਡਾ ਮੁੰਡਾ ਬਹੁਤੀਆਂ ਅਖ਼ਬਾਰਾਂ ਨਹੀਂ ਪੜ੍ਹ ਸਕਦਾ ਤਾਂ ਉਸ ਨੂੰ ਸਵਰਾਜਬੀਰ ਦੇ ਸਾਹਿਤਕ ਭੰਡਾਰ ਵਿੱਚੋਂ ਤਿੰਨ ਚਾਰ ਕਿਤਾਬਾਂ ਹੀ ਪੜ੍ਹਨ ਨੂੰ ਕਹਿ ਦਿੰਦੇ..ਵਿਚਾਰੇ ਦੀ ਸਕ੍ਰਿਪਟ ਕੁਝ ਤਾਂ ਸਿੱਕੇ ਬੰਦ ਹੋ ਜਾਂਦੀ ! ਪੜ੍ਹ ਲੈਂਦਾ ਸਵਰਾਜਬੀਰ ਦਾ ਲਿਖਿਆ ਨਾਟਕ.. ‘ਕ੍ਰਿਸ਼ਨ’.. ਜਿਸ ਵਿੱਚ ਉਹ ਕ੍ਰਿਸ਼ਨ ਨੂੰ ਭਗਵਾਨ ਦੇ ਰੂਪ ਵਿਚ ਨਹੀਂ, ਇਕ ਹਾਕਮ ਦੇ ਰੂਪ ‘ਚ ਚਿਤਵਦਾ ਹੈ ਤੇ ਬੇਬਾਕ ਬਿਆਨੀ ਕਰਦਾ ਹੈ! ਉਸ ਨੂੰ ਦੇ ਦੇਣੀ ਸੀ ਕਿਤਾਬ .. ‘ਧਰਮਗੁਰੂ’..ਜਿਸ ਵਿੱਚ ਉਹ ਧਰਮ ਗੁਰੂਆਂ ਦੇ ਕਠੋਰ ਨੇਮਾਂ ਥੱਲੇ ਸਾਹ ਘੁੱਟਦੀ ਜ਼ਿੰਦਗੀ ਦਾ ਵਰਣਨ ਕਰਦਾ ਹੈ.. ਧਰਮ ਗੁਰੂਆਂ ਦੇ ਪਾਜ ਉਘਾੜਦਾ ਹੈ..ਇਨ੍ਹਾਂ ਦੋਵੇਂ ਨਾਟਕਾਂ ‘ਤੇ ਪਾਬੰਦੀ ਲੱਗਦੀ ਹੈ.. ਆਰਐੱਸਐੱਸ ਦੇ ਗੁੰਡੇ ਲੇਖਕ ਨੂੰ ਧਮਕੀਆਂ ਦਿੰਦੇ ਹਨ.. ਨਿਰਦੇਸ਼ਕ ਨੂੰ ਘੇਰਦੇ ਹਨ! ਪਰ ਸਵਰਾਜਬੀਰ ਘਬਰਾਉਂਦਾ ਨਹੀਂ.. ਫਿਰ ਵੀ ਸਪੈਸਫਿਕ ਹੀ ਰਹਿੰਦਾ ਹੈ.. ਤੇ ਨਾਟਕ ਲਿਖਦਾ ਹੈ ‘ਅਗਨ ਕੁੰਡ’..ਜਿਸ ਵਿੱਚ ਉਹ ਨਾਗ ਜਾਤੀ ਦੇ ਸੰਘਰਸ਼ ਨੂੰ ਬਿਆਨ ਕਰਦਾ ਹੈ.. ਧਰਮ ਤੇ ਸੱਤਾ ਦੇ ਆਪਸੀ ਗੱਠਜੋੜ ਵਿੱਚ ਕਿਵੇਂ ਨਾਗਾਂ ਨੂੰ ਕੁੰਡ ਵਿੱਚ ਪਾ ਕੇ ਸਾੜਿਆ ਜਾਂਦਾ ਹੈ, ਉਸ ਬਾਰੇ ਖੁੱਲ੍ਹ ਕੇ ਬੋਲਦਾ ਹੈ ! ਬੀਬੀ ਜਗੀਰ ਕੌਰ ਵੱਲੋਂ ਆਪਣੀ ਕੁੜੀ ਮਾਰਨ ਦੀ ਘਟਨਾ ਤੋਂ ਬਾਅਦ ਉਹ ਨਾਟਕ ਮੇਦਨੀ ਲਿਖਦਾ ਹੈ, ਜਿਸ ਵਿੱਚ ਬੀਬੀ ਦਾ ਕਿਰਦਾਰ ਸਪਸ਼ਟ ਰੂਪ ਵਿੱਚ ਉਭਾਰਿਆ ਜਾਂਦਾ ਹੈ..
ਤੁਸੀਂ ਇੱਕ ਇੰਨੇ ਦਲੇਰ, ਨਿਰਭੈਅ ਸਾਹਿਤਕ ਸ਼ਖ਼ਸੀਅਤ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਪਹਿਲਾਂ ਕੁਝ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ?? ..ਤੁਹਾਡੇ ਮੁੰਡੇ ਨੇ ਅੰਬਰ ਵੱਲ ਥੁੱਕਿਆ ਹੈ, ਥੁੱਕ ਵਾਪਿਸ ਆ ਕੇ ਸਿਰਫ਼ ਉਹਦੇ ਮੂੰਹ ‘ਤੇ ਨਹੀਂ ਡਿੱਗੇਗਾ..ਤੁਹਾਡੀ ਸਕਰਿਪਟ ‘ਤੇ ਵੀ ਡਿੱਗੇਗਾ! ਤੁਹਾਡਾ ਮੁੰਡਾ ਕਹਿੰਦਾ, ਸਾਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ..ਤਾਂ ਵਿਚਾਰ ਪੈਦਾ ਹੋਣਗੇ ਤੇ ਫੀਲ ਪੈਦਾ ਹੋਵੇਗੀ ..ਅਜਮੇਰ ਸਿੰਘ ਜੀ, ਜਦੋਂ ਟਰੱਸਟ ਕੋਲ ਜਾਣ, ਤੁਸੀਂ ਵੀ ਨਾਲ ਜਾਇਓ..ਐਵੇਂ ਉਥੋਂ ਵਿਚਾਰਾ ਜਲੂਸ ਨਾ ਕਢਵਾ ਕੇ ਆਵੇ ..ਸਵਰਾਜਬੀਰ ਦੇ ਦਫ਼ਤਰ ਉਸਨੂੰ ਨਾਲ ਲੈ ਕੇ ਚਾਹ ਪੀਣ ਵੀ ਜ਼ਰੂਰ ਜਾਇਓ ..ਉਸ ਦਫ਼ਤਰ ਵਿੱਚ ਸਵਰਾਜਬੀਰ ਦੇ ਚਾਰੇ ਪਾਸੇ ਹਜ਼ਾਰਾਂ ਕਿਤਾਬਾਂ ਦਾ ਭੰਡਾਰ ਨਜ਼ਰ ਆਏਗਾ..ਇਹ ਉਹ ਸਵਰਾਜਬੀਰ ਹੈ, ਜਿਸ ਨੂੰ ਕਿਸੇ ਲਿਖਤ ਵਿੱਚ ਇੱਕ ਵੀ ਸਤਰ ‘ਤੇ ਕੋਈ ਸ਼ੱਕ ਸ਼ੁਬਹਾ ਹੋ ਜਾਵੇ ਤਾਂ ਉਸ ਸਤਰ ਨੂੰ ਠੀਕ ਕਰਨ ਲਈ ਤੇ ਸਿੱਕੇ ਬੰਦ ਕਰਨ ਲਈ ਉਹ ਦਸ ਕਿਤਾਬਾਂ ਵੀ ਪੜ੍ਹ ਸਕਦਾ ਹੈ. .ਗੁਰਬਾਣੀ ਉਸ ਦਾ ਮਨਭਾਉਂਦਾ ਵਿਸ਼ਾ ਹੈ.. ਬਹੁਤ ਖੁਭ ਕੇ ਪੜ੍ਹਦਾ ਹੈ ਤੇ ਬਿਆਨ ਕਰਦਾ ਹੈ।
ਅਜਮੇਰ ਸਿੰਘ ਜੀ, ਹਾਰ ਮੰਨ ਲਈ ਦੀ ਹੁੰਦੀ ਐ.. ਜ਼ਿੰਦਗੀ ਵਿੱਚ ਕਿੰਨੀ ਵਾਰ ਤੁਸੀਂ ਗੇਮ ਖੇਡਣ ਦੀ ਕੋਸ਼ਿਸ਼ ਕੀਤੀ, ਕਦੀ ਵੀ ਕਾਮਯਾਬ ਨਹੀਂ ਹੋਈ… ਹੁਣ ਵੀ ਨਹੀਂ ਹੋ ਰਹੀ.. ਅੱਗੇ ਵੀ ਨ੍ਹੀਂ ਹੋਣੀ.. ਲੋਕ ਹੁਣ ਐਨੇ ਬੇਵਕੂਫ ਰਹੇ ਨ੍ਹੀਂ ,ਜਿੰਨੇ ਤੁਸੀਂ ਸਮਝਦੇ ਹੋ..ਪੰਜਾਬੀ ਜਜ਼ਬਾਤੀ ਜ਼ਰੂਰ ਹਨ.. ਸਿੱਖ ਧਰਮ ਨੂੰ ਲੈ ਕੇ ਭਾਵੁਕ ਹਨ.. ਪਰ ਅੱਖਾਂ ਤੋਂ ਅੰਨ੍ਹੇ ਨਹੀਂ.. ਉਹ ਸਭ ਦੇਖ ਰਹੇ ਹਨ ਕਿ ਕੌਣ ਕੀ ਕਰ ਰਿਹਾ ਹੈ..ਉਹ ਅੱਕੇ ਹੋਏ ਹਨ, ਅਜੇ ਥੋੜ੍ਹਾ ਉਲਝੇ ਹੋਏ ਹਨ..ਉਲਝਾਉਣ ਵਾਲੀਆਂ ਤਾਕਤਾਂ ਵੱਡੀਆਂ ਹਨ.. ਉਨ੍ਹਾਂ ਕੋਲ ਤਾਕਤ ਵੱਡੀ ਹੈ..ਪਰ ਜਿਸ ਦਿਨ ਪੂਰੀ ਤਰ੍ਹਾਂ ਸੁਲਝ ਗਏ, ਫੇਰ…….? ਮੈਂ ਸਤਰ ਪੂਰੀ ਨਹੀਂ ਕਰਨੀ.. ਸਮਝ ਗਏ ਹੋਂਵੋਂਗੇ! ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ.. ਤੁਸੀਂ ਮੇਰੇ ਸਾਹਿਤਕ ਪਰਿਵਾਰ ਦੇ ਇੱਕ ਵੱਡੇ ਮੈਂਬਰ ਹੋ.. ਪੰਜਾਬ ਨੂੰ, ਪੰਜਾਬੀਆਂ ਨੂੰ, ਖ਼ਾਸ ਕਰਕੇ ਸਿੱਖਾਂ ਨੂੰ ਹੋਰ ਨਾ ਉਲਝਾਓ! ਜਿਊਣ ਦਿਓ ਪੰਜਾਬੀਆਂ ਨੂੰ! ਆਪਣੀ ਕਿਰਤ ਲਈ ਉਹ ਜੋ ਸੰਘਰਸ਼ ਕਰਨਾ ਚਾਹੁੰਦੇ ਨੇ, ਉਨ੍ਹਾਂ ਨੂੰ ਕਰਨ ਦਿਓ! ਨਾ ਉਲਝਾਓ! ਇਤਿਹਾਸਕ ਕਲੰਕ ਆਪਣੇ ਮੱਥੇ ‘ਤੇ ਲੱਗਣ ਤੋਂ ਬਚਾ ਲਓ.. ਸੰਭਲ ਜਾਓ! ਤੇ ਆਪਣੇ ਉਸ ਨਾਇਕ ਨੂੰ ਵੀ ਸਮਝਾਓ ਕਿ ਆਪਣੀ ਲਕੀਰ ਵੱਡੀ ਕਰਨ ਲਈ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਵੱਡੀ ਲਕੀਰ ਨੂੰ ਮੇਟਣ ਦੀ ਅਸਫ਼ਲ ਕੋਸ਼ਿਸ਼ ਕਰੋ.. ਆਪਣੀ ਲਕੀਰ ਖ਼ੁਦ ਖਿੱਚੋ!
ਆਖ਼ਰੀ ਬੇਨਤੀ.. ਚੁਣੌਤੀ ਵਰਗੀ! ਸਵਰਾਜਬੀਰ ਬਹੁਤ ਠੰਢਾ ਇਨਸਾਨ ਹੈ.. ਉਸ ਨੇ ਕਿਸੇ ਬਹਿਸ ਵਿੱਚ ਨਹੀਂ ਪੈਣਾ.. ਉਹ ਬਹੁਤ ਸਮਰੱਥ ਹੈ.. ਉਹ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਹੈ..ਪਰ ਉਸਨੇ ਆਪਣੇ ਕੀਮਤੀ ਵਕਤ ਵਿੱਚੋਂ ਇਸ ਤਰ੍ਹਾਂ ਦੀ ਜ਼ਾਇਆ ਬਹਿਸ ਉੱਤੇ ਖ਼ਰਚ ਕਰਨ ਲਈ ਵਕਤ ਕੱਢਣਾ ਨੀ..ਪਰ ਫੇਰ ਵੀ ਜੇ ਤੁਸੀਂ ਤਸੱਲੀ ਚਾਹੁੰਦੇ ਹੋ ਤਾਂ ਇੱਕ ਕੰਮ ਕਰੋ..ਪਹਿਲੀ ਨਵੰਬਰ ਤੋਂ ਬਾਅਦ ਕਿਸੇ ਵੀ ਦਿਨ ਇਕ ਲਾਈਵ ਸਵਾਲ ਜਵਾਬ ਰੱਖੋ..ਸਥਾਨ ਤੁਹਾਡਾ ਹੋਵੇਗਾ, ਸਮਾਂ ਤੁਹਾਡਾ ਹੋਵੇਗਾ, ਮਿਤੀ ਤੁਹਾਡੀ ਹੋਵੇਗੀ, ਚੈਨਲ ਵੀ ਤੁਹਾਡਾ ਹੋਵੇਗਾ, ਸਵਾਲ ਵੀ ਤੁਹਾਡੇ ਹੋਣਗੇ,.. ਮੈਂ ਆਵਾਂਗਾ.. ਕੱਲਾ!ਤੁਸੀਂ ਇਕ ਹੋਵੋੰ.. ਦਸ ਹੋਵੋਂ.. ਸੌ ਹੋਵੋ.. ਜਾਂ ਹਜ਼ਾਰ! ਇਹ ਤੁਹਾਡੀ ਮਰਜ਼ੀ! ਸਵਾਲ ਤੁਹਾਡੇ ….ਪੰਜਾਬ ਬਾਰੇ, ਪੰਜਾਬ ਦੀ ਸੱਭਿਆਚਾਰਕ ਇਤਿਹਾਸਕਤਾ ਬਾਰੇ, ਪੰਜਾਬੀਆਂ ਬਾਰੇ, ਸਿੱਖੀ ਬਾਰੇ, ਧਰਮ ਬਾਰੇ, ਕਿਰਤ ਬਾਰੇ, ਆਰਥਿਕ ਸੰਘਰਸ਼ ਬਾਰੇ, ਜ਼ਿੰਦਗੀ ਬਾਰੇ, ਫਾਸ਼ੀਵਾਦ ਬਾਰੇ, ਸਟੇਟ ਬਾਰੇ, ਸੱਤਾ ਬਾਰੇ,.. ਜੋ ਵੀ ਸਵਾਲ ਤੁਸੀਂ ਪੁੱਛਣੇ ਹਨ.. ਪੁੱਛੋ… ਜਵਾਬ ਦੇਵਾਂਗਾ… ਪ੍ਰੋਗਰਾਮ ਲਾਈਵ ਹੋਏਗਾ.. ਖਲਕਤ ਸੁਣੇਗੀ.. ਤੇ ਫੈਸਲਾ ਕਰੇਗੀ..!
ਜ਼ਰਾ ਸੰਭਲ ਕੇ! ਡਾ ਸਵਰਾਜਬੀਰ ਪੰਜਾਬ ਤੇ ਪੰਜਾਬੀਆਂ ਦਾ ਮਾਣ ਹੈ.. ਸਾਡੇ ਮਾਣ ਵਾਲੀ ਪੱਗ ਦਾ ਸ਼ਮਲਾ ਹੈ ..ਹਨੇਰੇ ਵਿੱਚ ਟੱਕਰਾਂ ਨਾ ਮਾਰੋ.. ਚਾਨਣ ਦਾ ਸਾਹਮਣਾ ਕਰੋ! ਚੰਗਾ ਵਿਦਵਾਨ ਜੀ, ਹੁਣ ਇਜਾਜ਼ਤ ਦਿਉ! ਤੁਸੀਂ ਬਿਜ਼ੀ ਇਨਸਾਨ ਹੋ, ਕੋਈ ਨਵੀਂ ਇਤਿਹਾਸਕ ਕਿਤਾਬ ਲਿਖ ਰਹੇ ਹੋਵੋਂਗੇ.. ਤੁਹਾਡੀ ਲੰਮੀ ਉਮਰ ਹੋਵੇ.. ਤੁਹਾਡੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ !
ਪੰਜਾਬ ਦਾ ਜਾਇਆ
ਸਾਹਿਬ ਸਿੰਘ

 

Previous articleਲਾਵਾਰਸ ਹਰੀਕਿਸ਼ਨ ਨੂੰ ਆਖਰੀ ਕਸ਼ਟਮਈ ਘੜੀਆਂ ‘ਚ ਸਰਾਭਾ ਆਸ਼ਰਮ ਨੇ ਸੰਭਾਲਿਆ
Next articleएल आर बाली ‘डॉ. अंबेडकर प्रबुद्ध भारत शांति पुरस्कार-2021’ से सम्मानित