ਹਾਈ ਕਮਾਨ ਦੇ ਫ਼ੈਸਲੇ ਦਾ ਅਸਰ ਸਿੱਧੂ ਦੇ ਹਲਕੇ ’ਤੇ ਪੈਣ ਦੀ ਸੰਭਾਵਨਾ

ਅੰਮ੍ਰਿਤਸਰ (ਸਮਾਜ ਵੀਕਲੀ):  ਕਾਂਗਰਸ ਹਾਈ ਕਮਾਂਡ ਵੱਲੋਂ ਅੱਜ ਪੰਜਾਬ ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਚਰਨਜੀਤ ਸਿੰਘ ਚੰਨੀ ਨੂੰ ਚੁਣਨ ਨਾਲ ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਚੋਣ ’ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। ਉਹ ਇੱਥੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨਾਲ ਸਖਤ ਮੁਕਾਬਲਾ ਹੈ।

ਅੱਜ ਲੁਧਿਆਣਾ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਗਲੇ ਮੁੱਖ ਮੰਤਰੀ ਵਜੋਂ ਉਮੀਦਵਾਰ ਐਲਾਨਿਆ ਗਿਆ ਹੈ। ਸ੍ਰੀ ਗਾਂਧੀ ਵੱਲੋਂ ਇਹ ਚੋਣ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚੋਂ ਕੀਤੀ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਉਮੀਦ ਸੀ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਜਾ ਸਕਦਾ ਹੈ। ਇਸੇ ਲਈ ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਬਿਆਨਾਂ ਰਾਹੀਂ ਆਖ ਰਹੇ ਸਨ ਕਿ ਮੁੱਖ ਮੰਤਰੀ ਲਈ ਅਜਿਹਾ ਉਮੀਦਵਾਰ ਚਾਹੀਦਾ ਹੈ, ਜੋ ਇਮਾਨਦਾਰ ਹੋਵੇ, ਕਿਰਦਾਰ ਵਾਲਾ ਹੋਵੇ ਅਤੇ ਲੋਕਾਂ ਦਾ ਭਰੋਸੇਯੋਗ ਹੋਵੇ। ਚਰਨਜੀਤ ਸਿੰਘ ਚੰਨੀ ਦੇ ਇਕ ਰਿਸ਼ਤੇਦਾਰ ਖ਼ਿਲਾਫ਼ ਈਡੀ ਵੱਲੋਂ ਦਰਜ ਕੀਤੇ ਗਏ ਮਾਮਲੇ ਬਾਰੇ ਬਿਨਾਂ ਨਾਂ ਲਏ ਵੀ ਉਹ ਕਈ ਵਾਰ ਕਹਿ ਚੁੱਕੇ ਹਨ ਕਿ ਮਾਫੀਆ ਨਾਲ ਮਿਲਿਆ ਹੋਇਆ ਵਿਅਕਤੀ ਪੰਜਾਬ ਵਿਚ ਕਦੇ ਮਾਫੀਆ ਨੂੰ ਖਤਮ ਨਹੀਂ ਕਰ ਸਕਦਾ।

ਅੱਜ ਹੋਈ ਚੋਣ ਨਾਲ ਸਿੱਧੂ ਸਮਰਥਕ ਨਿਰਾਸ਼ ਹਨ ਪਰ ਚੰਨੀ ਸਮਰਥਕਾਂ ਨੇ ਇੱਥੇ ਭੰਗੜੇ ਵੀ ਪਾਏ ਹਨ। ਦੱਖਣੀ ਹਲਕੇ ਵਿਚ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਜੋ ਕਿ ਮੁੜ ਚੋਣ ਲੜ ਰਹੇ ਹਨ, ਨੇ ਇਸ ਐਲਾਨ ਮਗਰੋਂ ਹਲਕੇ ਵਿਚ ਖੁਸ਼ੀ ਮਨਾਈ ਹੈ। ਇਸੇ ਤਰ੍ਹਾਂ ਕਾਂਗਰਸ ਦੇ ਕਈ ਆਗੂਆਂ ਨੇ ਸ੍ਰੀ ਸਿੱਧੂ ਦੀ ਥਾਂ ਸ੍ਰੀ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਆਖਿਆ ਕਿ ਇਹ ਫ਼ੈਸਲਾ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੀਤਾ ਗਿਆ ਹੈ। ਇਸ ਫੈਸਲੇ ਨਾਲ ਸੂਬੇ ਵਿਚ ਐਸਸੀ ਭਾਈਚਾਰੇ ਨੂੰ ਇਕ ਵੱਡੀ ਰਾਹਤ ਮਿਲੀ ਹੈ। ਨਗਰ ਸੁਧਾਰ ਟਰਸੱਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਜਿਸ ਨੂੰ ਕੈਪਟਨ ਦਾ ਤਖਤਾ ਪਲਟਣ ਮਗਰੋਂ ਤੁਰੰਤ ਹਟਾ ਦਿੱਤਾ ਗਿਆ ਸੀ, ਨੇ ਵੀ ਕਾਂਗਰਸ ਹਾਈਕਮਾਂਡ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੋਲੀਟੀਕਲ ਸਾਇੰਸ ਵਿਭਾਗ ਦੇ ਸਾਬਕਾ ਪ੍ਰੋਫੈਸਰ ਜੇਐਸ ਸੇਖੋਂ ਨੇ ਆਖਿਆ ਕਿ ਪੂਰਬੀ ਹਲਕੇ ਵਿਚੋਂ ਕਿਸ ਉਮੀਦਵਾਰ ਨੇ ਜਿੱਤਣਾ ਹੈ, ਇਸ ਦਾ ਫੈਸਲਾ ਵੋਟਰਾਂ ਨੇ ਕਰਨਾ ਹੈ। ਪਰ ਇਸ ਫੈਸਲੇ ਨਾਲ ਸ੍ਰੀ ਸਿੱਧੂ ਦੀ ਚੋਣ ਦਾ ਮੁਕਾਬਲਾ ਹੋਰ ਵੀ ਸਖਤ ਹੋ ਜਾਵੇਗਾ।

ਵੇਰਕਾ ਨੇ ਹਮਾਇਤੀਆਂ ਨਾਲ ਮਨਾਈ ਖੁਸ਼ੀ

ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਦੀ ਅਗਵਾਈ ਹੇਠ ਜਿੱਥੇ ਇਸ ਪ੍ਰੋਗਰਾਮ ਨੂੰ ਲਾਈਵ ਵਰਚੁਅਲ ਮੀਟਿੰਗ ਵਜੋਂ ਦੇਖਿਆ ਜਾ ਰਿਹਾ ਸੀ, ਇਸ ਫ਼ੈਸਲੇ ਮਗਰੋਂ ਢੋਲ ਵਜਾ ਕੇ ਅਤੇ ਭੰਗੜਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਰਾਹੁਲ ਗਾਂਧੀ ਅਤੇ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਨਾਅਰੇ ਵੀ ਲਾਏ ਗਏ। ਖੁਸ਼ੀ ਵਿਚ ਲੱਡੂ ਵੀ ਵੰਡੇ ਗਏ। ਦਲਿਤ ਚਿਹਰੇ ਨੂੰ ਮੁੜ ਮੁੱਖ ਮੰਤਰੀ ਦਾ ਉਮੀਦਵਾਰ ਬਣਾਏ ਜਾਣ ’ਤੇ ਰਾਜ ਕੁਮਾਰ ਵੇਰਕਾ ਨੇ ਆਖਿਆ ਕਿ ਰਾਹੁਲ ਗਾਂਧੀ ਨੇ ਇਸ ਫੈਸਲੇ ਨਾਲ ਗਰੀਬਾਂ ਦੇ ਮਾਨ ਸਨਮਾਨ ਨੂੰ ਕਾਇਮ ਰੱਖਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਪੈਰੋਲ
Next articleਦਾਦੇ ਬਾਦਲ ਲਈ ਚੋਣ ਪ੍ਰਚਾਰ ’ਤੇ ਤੁਰਿਆ ਅਨੰਤਵੀਰ