(ਸਮਾਜ ਵੀਕਲੀ)– ਸਮੇਂ ਦੇ ਨਾਲ ਨਾਲ ਸਾਡੇ ਪਹਿਰਾਵੇ ਵਿੱਚ ਬਦਲਾਅ ਆਉਂਦਾ ਗਿਆ । ਪੁਰਾਣੇ ਸਮਿਆਂ ਵਿੱਚ ਮਰਦ ਕੁੜਤੇ ਚਾਦਰੇ ਅਤੇ ਔਰਤਾਂ ਘੱਗਰੇ ਪਹਿਨਦੀਆਂ ਸਨ, ਜਿਵੇਂ ਜਿਵੇਂ ਅਸੀਂ ਤਰੱਕੀ ਕੀਤੀ ਸਾਡੇ ਪਹਿਨਣ ਦਾ ਢੰਗ ਬਦਲਦਾ ਗਿਆ ਤੇ ਸਾਡੇ ਕੱਪੜੇ ਹਲਕੇ ਹੁੰਦੇ ਗਏ । ਸਿਆਣਿਆਂ ਨੇ ਕਿਹਾ ਹੈ ਕਿ ,”ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਭਾਉਂਦਾ ” ਜਿਹੜਾ ਕਿ ਸਭ ਨੂੰ ਸੋਹਣਾ ਲੱਗੇ ਪਰ ਸ਼ਾਇਦ ਹੁਣ ਉਹ ਗੱਲਾਂ ਨਹੀਂ ਰਹੀਆਂ ਹੁਣ ਇਹ ਸਭ ਕੁਝ ਉਲਟ ਹੋ ਗਿਆ ਹੈ ।ਕਿਸੇ ਨੂੰ ਚੰਗਾ ਲੱਗੇ ਜਾਂ ਨਾ ਬਸ ਆਪਣੇ ਮਨ ਨੂੰ ਚੰਗਾ ਲੱਗੇ ।ਕੱਪੜੇ ਦੀਆਂ ਦੁਕਾਨਾਂ ਤੇ ਲਿਖਿਆ ਆਮ ਪੜ੍ਹਨ ਨੂੰ ਮਿਲਦਾ ਹੈ ਕਿ ਫੈਸ਼ਨ ਦੇ ਦੌਰ ਵਿਚ ਗਰੰਟੀ ਦੀ ਇੱਛਾ ਨਾ ਰੱਖੋ ਮਤਲਬ ਕਿੰਨਾ ਵੀ ਮਹਿੰਗਾ ਕੱਪੜਾ ਹੋਵੇ ਬੇਸ਼ੱਕ ਉਹ ਘਰ ਜਾਂਦੇ ਹੀ ਖ਼ਰਾਬ ਹੋ ਜਾਂਦਾ ਹੈ ਅਸੀਂ ਸ਼ਿਕਾਇਤ ਨਹੀਂ ਕਰ ਸਕਦੇ ।
ਫੈਸ਼ਨ ਦੀ ਇਸ ਦੌੜ ਵਿੱਚ ਸਾਡੀ ਨੌਜਵਾਨ ਪੀੜ੍ਹੀ ਬੁਰੀ ਤਰ੍ਹਾਂ ਫਸ ਚੁੱਕੀ ਹੈ । ਮਹਿੰਗੇ ਅਤੇ ਬਰੈਂਡਿਡ ਕੱਪੜੇ ਪਾਉਣਾ ਉਨ੍ਹਾਂ ਦਾ ਸ਼ੌਕ ਬਣ ਚੁੱਕਿਆ ਹੈ ।ਹਰ ਕੋਈ ਆਪਣੇ ਆਪ ਨੂੰ ਆਧੁਨਿਕ ਦਿਖਾਉਣਾ ਚਾਹੁੰਦਾ ਹੈ। ਜਿਸ ਨਾਲ ਅਮੀਰ ਘਰਾਂ ਦੇ ਬੱਚਿਆਂ ਨੂੰ ਤਾਂ ਕੋਈ ਫ਼ਰਕ ਨਹੀਂ ਪੈਂਦਾ ਪ੍ਰੰਤੂ ਗ਼ਰੀਬ ਬੱਚਿਆਂ ਦਾ ਬਹੁਤ ਨੁਕਸਾਨ ਹੁੰਦਾ ਹੈ ਜਿਨ੍ਹਾਂ ਦੇ ਮਾਤਾ ਪਿਤਾ ਕਰਜ਼ੇ ਚੁੱਕ ਕੇ ਉਨ੍ਹਾਂ ਨੂੰ ਸ਼ਹਿਰ ਪੜ੍ਹਾਈ ਲਈ ਭੇਜਦੇ ਹਨ ।ਉਹ ਵੀ ਉਨ੍ਹਾਂ ਦੀ ਦੇਖਾ ਦੇਖੀ ਮਹਿੰਗੇ ਕੱਪੜੇ ਖਰੀਦਦੇ ਹਨ ਅਤੇ ਆਪਣਾ ਪੈਸਾ ਬਰਬਾਦ ਕਰਦੇ ਹਨ ।ਫਿਲਮਾਂ ਅਤੇ ਗਾਇਕਾਂ ਦਾ ਵੀ ਸਾਡੇ ਨੌਜਵਾਨ ਵਰਗ ਤੇ ਕਾਫੀ ਅਸਰ ਹੈ । ਨੌਜਵਾਨ ਉਨ੍ਹਾਂ ਦੇ ਪਹਿਰਾਵੇ ਦੀ ਨਕਲ ਕਰਦੇ ਹਨ ਜਦੋਂ ਕਿ ਕਲਾਕਾਰਾਂ ਦਾ ਉਹ ਕੰਮ ਹੈ ਅਤੇ ਉਨ੍ਹਾਂ ਦੀ ਕਮਾਈ ਦਾ ਸਾਧਨ ਹੈ ।
ਫੈਸ਼ਨ ਹਰ ਹਫ਼ਤੇ ਬਦਲਦਾ ਰਹਿੰਦਾ ਹੈ ।ਫੈਸ਼ਨ ਪਿੱਛੇ ਭੱਜ ਕੇ ਆਪਣਾ ਆਰਥਿਕ ਨੁਕਸਾਨ ਨਾ ਕਰੋ । ਬ੍ਰੈਂਡਾਂ ਦੇ ਨਾਂ ਤੇ ਕੰਪਨੀਆਂ ਫ਼ਾਇਦਾ ਉਠਾਉਂਦਿਆਂ ਤੇ ਸਾਡਾ ਨੁਕਸਾਨ ਹੁੰਦਾ ਹੈ । ਇਹ ਜ਼ਰੂਰੀ ਨਹੀਂ ਕਿ ਗੋਡਿਆਂ ਤੋਂ ਪਾਟੀਆਂ ਪੈਂਟਾਂ ਪਾ ਕੇ ਹੀ ਸੀ ਆਧੁਨਿਕ ਬਣਾਂਗੇ ।ਸਿਰਫ਼ ਬ੍ਰੈਡਿਡ ਕੱਪੜੇ ਪਾਉਣ ਨਾਲ ਕੋਈ ਆਧੁਨਿਕ ਨਹੀਂ ਹੋ ਜਾਂਦਾ। ਇਸ ਲਈ ਸੋਚ ਦਾ ਬਦਲਣਾ ਜ਼ਰੂਰੀ ਹੈ । ਆਪਣੀ ਸੋਚ ਉੱਚੀ ਤੇ ਆਧੁਨਿਕ ਰੱਖੋ ਤਾਂ ਕਿ ਸਾਡੀ ਪਹਿਚਾਣ ਸਾਡੇ ਵਿਚਾਰ ਬਣਨ ਸਾਡਾ ਪਹਿਰਾਵਾ ਨਹੀਂ ।
ਸੁਰਿੰਦਰ ਕੌਰ ਨਗਾਰੀ
(ਮੁਹਾਲੀ )
6283188928
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly