
(ਸਮਾਜ ਵੀਕਲੀ) ਦੁਨੀਆਂ ਵਿੱਚ ਹਰ ਇਨਸਾਨ ਨੂੰ ਜਨਮ ਦੇਣ ਵਾਲੇ ਮਾਪੇ ਤਾਂ ਮਿਲਦੇ ਹੀ ਹਨ, ਪਰ ਕਿਸੇ-ਕਿਸੇ ਦੀ ਕਿਸਮਤ ਵਿੱਚ ਉਹ ਰਿਸ਼ਤਾ ਵੀ ਲਿਖਿਆ ਹੁੰਦਾ ਹੈ ਜੋ ਖੂਨ ਦਾ ਨਹੀਂ, ਪਰ ਪਿਆਰ, ਮਾਰਗਦਰਸ਼ਨ ਅਤੇ ਹੌਂਸਲੇ ਦੇ ਧਾਗਿਆਂ ਨਾਲ ਬਣਦਾ ਹੈ। ਮੇਰੀ ਜ਼ਿੰਦਗੀ ਵਿੱਚ ਇਹ ਰਿਸ਼ਤਾ ਡਾ. ਨਰਿੰਦਰ ਕਪੂਰ ਸਰ ਨੇ ਨਿਭਾਇਆ। 2020 ਤੋਂ ਪਹਿਲਾਂ ਮੈਂ ਬਹੁਤ ਹੀ ਚੁੱਪਚਾਪ ਰਹਿਣ ਵਾਲੀ, ਆਪਣੇ ਵਿਚਾਰ ਕਿਸੇ ਸਾਹਮਣੇ ਰੱਖਣ ਤੋਂ ਡਰਣ ਵਾਲੀ ਹੁੰਦੀ ਸੀ। ਹਰ ਗੱਲ ‘ਤੇ ਸਹਿਮ ਜਾਣਾ, ਆਪਣੇ ਮਨ ਦੀ ਗੱਲ ਦਿਲ ਵਿੱਚ ਹੀ ਰੱਖ ਲੈਣਾ,ਇਹ ਮੇਰੀ ਆਦਤ ਸੀ, ਪਰ ਜਦੋਂ ਹਿਮਾਚਲ ਪ੍ਰਦੇਸ਼ ਸੈਂਟਰਲ ਯੂਨੀਵਰਸਿਟੀ, ਧਰਮਸ਼ਾਲਾ ਦੇ ਪੰਜਾਬੀ-ਡੋਗਰੀ ਵਿਭਾਗ ਦੇ ਮੁਖੀ ਡਾ. ਨਰਿੰਦਰ ਕਪੂਰ ਸਰ ਨਾਲ ਮੇਰੀ ਮੁਲਾਕਾਤ ਹੋਈ ਤਾਂ ਮੇਰੀ ਜ਼ਿੰਦਗੀ ਦਾ ਰੁਖ ਹੀ ਬਦਲ ਗਿਆ। ਸਰ ਨੇ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੱਤਾ, ਬਲਕਿ ਦੁਨੀਆ-ਦਾਰੀ ਦੀ ਵੀ ਸਿੱਖਿਆ ਦਿੱਤੀ। ਉਹ ਹਮੇਸ਼ਾ ਕਹਿੰਦੇ, “ਪੁੱਤਰ, ਤੂੰ ਆਪਣੀ ਗੱਲ ਪੇਸ਼ ਕਰਿਆ ਕਰ, ਮੁਸੀਬਤਾਂ ਤੋਂ ਡਰਨਾ ਨਹੀਂ, ਹਿੰਮਤ ਨਾਲ ਸਾਹਮਣਾ ਕਰਨਾ”। ਉਨ੍ਹਾਂ ਨੇ ਮੈਨੂੰ ਆਪਣੀ ਸਟੂਡੈਂਟ ਨਹੀਂ, ਆਪਣੀ ਧੀ ਮੰਨਿਆ। ਇਸ ਪਿਆਰ ਤੇ ਮਾਰਗ-ਦਰਸ਼ਨ ਨੇ ਮੈਨੂੰ ਅੱਜ ਇਸ ਕਾਬਲ ਬਣਾਇਆ ਕਿ ਮੈਂ ਪੰਜਾਬੀ ਲੇਖਕਾਂ ਤੇ ਅਲੱਗ-ਅਲੱਗ ਖੇਤਰਾਂ ਦੇ ਵਿਦਵਾਨਾਂ ਨਾਲ ਗੱਲ ਕਰ ਸਕਦੀ ਹਾਂ। ਇਹ ਸਿਰਫ਼ ਪੜ੍ਹਾਈ ਤੱਕ ਹੀ ਸੀਮਿਤ ਨਹੀਂ ਸੀ। ਇੱਕ ਵਾਰ ਮੈਂ ਕੰਮ ਦੇ ਕਾਰਨ ਯੂਨੀਵਰਸਿਟੀ ਤੋਂ ਦੇਰ ਨਾਲ ਨਿਕਲੀ ਤੇ ਬੱਸ ਨਹੀਂ ਮਿਲੀ। ਮੈਂ ਸਰ ਨੂੰ ਫ਼ੋਨ ਕੀਤਾ। ਸਰ ਨੇ ਤੁਰੰਤ ਕਿਹਾ, “ਪੁੱਤਰ, ਉੱਥੇ ਹੀ ਖੜ੍ਹੀ ਰਹੀ, ਮੈਂ ਆਪਣੇ ਡਾਕਟਰੇਟ ਕਰ ਰਹੇ ਵਿਦਿਆਰਥੀ ਨੂੰ ਤੇਰੀ ਸਹਾਇਤਾ ਲਈ ਹੁਣੇ ਭੇਜਦਾ ਹਾਂ”। ਜਦ ਤੱਕ ਉਹ ਸਕਾਲਰ ਮੇਰੇ ਕੋਲ ਨਹੀਂ ਪਹੁੰਚਿਆ, ਸਰ ਦੀਆਂ ਕਾਲਾਂ ਆਉਂਦੀਆਂ ਰਹੀਆਂ। ਉਹ ਫ਼ਿਕਰ, ਉਹ ਸਨੇਹ, ਉਹ ਪਿਤਾ ਵਾਲੀ ਚਿੰਤਾ ਜਿਸ ਨੂੰ ਸੋਚ ਅੱਜ ਵੀ ਮੇਰੀਆਂ ਅੱਖਾਂ ਭਿੱਜ ਜਾਂਦੀਆ ਹਨ। ਮੇਰੇ ਪਿਤਾ ਜੀ ਵੀ ਕਹਿੰਦੇ ਹਨ, “ਜਿੱਥੇ ਤੇਰੇ ਸਰ ਹਨ, ਉੱਥੇ ਸਾਨੂੰ ਧੀ ਦੀ ਚਿੰਤਾ ਨਹੀਂ”। ਇਹ ਗੱਲ ਸਿਰਫ਼ ਸ਼ਬਦ ਨਹੀਂ, ਮੇਰੇ ਲਈ ਸੁਰੱਖਿਆ ਤੇ ਪਿਆਰ ਦੀ ਛਾਂ ਵੀ ਹੈ। ਸਰ ਦੀ ਧੀ ਕ੍ਰਿਤਿਕਾ ਨੂੰ ਮੈਂ ਆਪਣੀ ਛੋਟੀ ਭੈਣ ਅਤੇ ਬੇਟੇ ਕਣਵ ਨੂੰ ਛੋਟੇ ਭਰਾ ਵਾਂਗ ਮੰਨਦੀ ਹਾਂ। ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਤੇ ਰੁੱਸ ਜਾਣਾ, ਫਿਰ ਮੁੜ ਹੱਸਣਾ ਇਹ ਸਭ ਕੁਝ ਇੱਕ ਪਰਿਵਾਰ ਦੀ ਹੀ ਤਸਵੀਰ ਹੈ। ਅੱਜ ਮੇਰੇ ਤਿੰਨ ਘਰ ਹਨ ਮੈਨੂੰ ਜਨਮ ਦੇਣ ਵਾਲੇ ਮਾਪੇ, ਮੇਰੇ ਗੁਰੂ-ਮਾਪੇ, ਅਤੇ ਭਵਿੱਖ ਦੇ ਸੱਸ-ਸਹੁਰੇ। ਮੇਰੀ ਜ਼ਿੰਦਗੀ ਵਿੱਚ ਇਹ ਅਨਮੋਲ ਸਬੰਧ ਵਾਹਿਗੁਰੂ ਦੀ ਬਖ਼ਸ਼ਿਸ਼ ਸਦਕਾ ਹੀ ਹਨ। ਅੱਜ ਵਿਸ਼ਵ ਅਧਿਆਪਕ ਦਿਵਸ ਦੇ ਮੌਕੇ ‘ਤੇ ਮੈਂ ਆਪਣੇ ਗੁਰੂ ਡਾ. ਨਰਿੰਦਰ ਕਪੂਰ ਸਰ ਨੂੰ ਸ਼ੁਕਰਾਨਾ ਅਰਪਣ ਕਰਦੀ ਹਾਂ। ਉਹ ਸਿਰਫ਼ ਮੇਰੇ ਅਧਿਆਪਕ ਨਹੀਂ, ਮੇਰੇ ਜੀਵਨ ਦੇ ਤੀਜੇ ਮਾਪੇ ਹਨ, ਜਿਨ੍ਹਾਂ ਨੇ ਮੈਨੂੰ ਹਿੰਮਤ, ਆਤਮ-ਵਿਸ਼ਵਾਸ ਤੇ ਮਨੁੱਖਤਾ ਦੀ ਸਿੱਖਿਆ ਦਿੱਤੀ। ਅੱਜ ਮੈਂ ਜਿੱਥੇ ਵੀ ਖੜੀ ਹਾਂ, ਉਹ ਸਰ ਦੀ ਹੀ ਦਿਤੀ ਤਾਕਤ ਤੇ ਸਨੇਹੇ ਦੀ ਬਦੌਲਤ ਹੈ। ਸੱਚੇ ਪਾਤਸ਼ਾਹ-ਵਾਹਿਗੁਰੂ ਜੀ ਦਾ ਸ਼ੁਕਰਾਨਾ ਹੈ, ਜਿਨ੍ਹਾਂ ਨੇ ਆਪਣੇ ਰੂਪ ਵਿੱਚ ਮੇਰੇ ਜੀਵਨ ਵਿੱਚ ਐਸਾ ਗੁਰੂ ਭੇਜਿਆ।



