(ਸਮਾਜ ਵੀਕਲੀ)
ਅੱਜ ਦੀ ਕੁੜੀ ਸਿਰਫ਼ ਇਕ ਰੋਟੀ ਬਣਾਉਣ ਵਾਲੀ ਹੀ ਨਹੀਂ,
ਉਹ ਘਰ ਦੀ ਰੋਸ਼ਨੀ, ਤੇ ਸਮਾਜ ਦੀ ਇਨਕਲਾਬੀ ਹੈ।
ਸਵੇਰ ਦੀ ਸ਼ੁਰੂਆਤ ਚੁਲ੍ਹੇ ਦੀ ਅੱਗ ਨਾਲ ਕਰਦੀ ਹੈ,
ਬੱਚਿਆਂ ਦਾ ਯੂਨੀਫਾਰਮ ‘ਚ ਓਹਦਾ ਪਿਆਰ ਸਿਲਿਆ ਹੁੰਦਾ ਹੈ।
ਉਹ ਸਬਕ ਵੀ ਯਾਦ ਕਰਾਉਂਦੀ ਹੈ, ਰਸੋਈ ਵੀ ਸੰਭਾਲ ਦੀ ਹੈ,
ਆਪਣੀ ਨੀਂਦ, ਆਪਣੇ ਅਰਮਾਨ, ਕਈ ਵਾਰ ਖਾਮੋਸ਼ੀ ਨਾਲ ਕੁਰਬਾਨ ਕਰ ਜਾਂਦੀ ਹੈ।
ਜਦ ਬੱਚੇ ਸਕੂਲ ਜਾਂਦੇ ਨੇ,
ਉਹ ਆਪਣੀ ਕਿਤਾਬਾਂ ਦੀ ਦੁਨੀਆ ‘ਚ ਦਾਖ਼ਲ ਹੁੰਦੀ ਹੈ।
ਰਾਤ ਦੀ ਖ਼ਾਮੋਸ਼ੀ ਵਿੱਚ ਪੜ੍ਹਾਈ ਕਰਦੀ, ਆਪਣੇ ਸੁਪਨਿਆਂ ਨੂੰ ਨਵੇ ਪੰਖ ਲਾਉਂਦੀ ਹੈ।
ਉਹ ਇਕੋ ਸਮੇਂ ‘ਮਾਂ’, ‘ਵਿਦਿਆਰਥਣ’, ਨੌਕਰੀ ਕਾਰਨ ਵਾਲੀ ,
ਤੇ ‘ਘਰ ਦੀ ਬੇਸ’ ਬਣ ਜਾਂਦੀ ਹੈ।
ਹਰ ਰੋਜ਼ ਓਹ ਆਪਣਾ ਆਪ ਭੁਲਾ ਕੇ,
ਪਰਿਵਾਰ ਲਈ, ਭਵਿੱਖ ਲਈ, ਤੇ ਆਪਣੇ ਆਪ ਲਈ ਲੜਦੀ ਹੈ।
ਉਹ ਥੱਕਦੀ ਤਾਂ ਹੈ, ਪਰ ਰੁੱਕਦੀ ਨਹੀਂ।
ਉਹ ਰੋਦੀ ਵੀ ਕਈ ਵਾਰੀ, ਪਰ ਦਿਖਾਉਂਦੀ ਨਹੀਂ।
ਉਹ ਬਾਹਰੋਂ ਸ਼ਰੀਫ ਹੋ ਸਕਦੀ ਹੈ,
ਪਰ ਅੰਦਰੋਂ ਲੋਹੇ ਵਾਂਗ ਮਜ਼ਬੂਤ।
ਉਹ ਦੀ ਕਦਰ ਨਾ ਕਰਨਾ,
ਇੱਕ ਸੰਘਰਸ਼ ਨੂੰ ਅਣਡਿੱਠਾ ਕਰਨਾ ਹੈ।
ਉਹ ਸਿਰਫ਼ “ਘਰ ਦੀ ਔਰਤ” ਨਹੀਂ,
ਉਹ ਤਾਂ ਇਕ ਸੰਪੂਰਨ ਸੰਸਾਰ ਹੈ।
ਇਹ ਲਿਖਤ ਹਰੇਕ ਉਸ ਕੁੜੀ ਨੂੰ ਸਮਰਪਿਤ ਹੈ,
ਜੋ ਚੁੱਪਚਾਪ ਸੰਘਰਸ਼ ਕਰ ਕੇ ਵੀ
ਇਕ ਨਵਾਂ ਸਵੇਰਾ ਲਿਆਉਣ ਦਾ ਜਜ਼ਬਾ ਰੱਖਦੀ ਹੈ।
ਬੇਅੰਤ ਕੌਰ ਸਿੱਧੂ।
ਬਰਨਾਲਾ।



