(ਸਮਾਜ ਵੀਕਲੀ)
ਮੇਰੀ ਆਪਣੀ ਸੋਚਣੀ ਹੈ ਕਿ ਘਰਾਂ ਦਾ ਕੂੜਾ ਅੱਜ ਸਮਾਜ ਲਈ ਸਭ ਤੋਂ ਵੱਡੀ ਚੁਣੋਤੀ ਬਣਦਾ ਜਾ ਰਿਹਾ ਹੈ। ਹਰ ਇੱਕ ਘਰ ਵਿੱਚ ਕੂੜਾ-ਕਰਕਟ ਇਕੱਠਾ ਕਰਨ ਲਈ ਕੂੜਾਦਾਨ ਰੱਖੇ ਹੁੰਦੇ ਹਨ ਅਤੇ ਪਰਿਵਾਰ ਦੇ ਸਾਰੇ ਮੈਂਬਰ ਘਰ ਨੂੰ ਸਾਫ ਰੱਖਣ ਲਈ ਘਰ ਦਾ ਜੋ ਵੀ ਕੂੜਾ ਚਾਹੇ ਉਹ ਰਸੋਈ ਘਰ ਵਿੱਚ ਸਬਜ਼ੀਆਂ ਦੇ ਛਿਲਕੇ ਜਾਂ ਹੋਰ ਜੋ ਵੀ ਕਚਰਾ ਹੁੰਦਾ ਹੈ ਅਤੇ ਨਾਲ ਹੀ ਘਰ ਦੀ ਝਾੜੂ ਨਾਲ ਸਫਾਈ ਕਰਨ ਤੋਂ ਬਾਅਦ ਜੋ ਕੂੜਾ ਇਕੱਠਾ ਹੁੰਦਾ ਹੈ, ਉਸ ਨੂੰ ਕੂੜਾਦਾਨ ਵਿੱਚ ਸੁੱਟ ਦਿੰਦੇ ਹਾਂ। ਜਦੋਂ ਕੂੜਾਦਾਨ ਭਰ ਜਾਂਦੇ ਹਨ ਤਾਂ ਉਸ ਨੂੰ ਘਰ ਤੋਂ ਦੂਰ ਕਿਸੇ ਖਾਲੀ ਜਗ੍ਹਾਂ ਤੇ ਸੁੱਟ ਆਉਂਦੇ ਹਾਂ ਜਾਂ ਫਿਰ ਜੋ ਘਰ ਵਿੱਚ ਕੂੜਾ ਇਕੱਠਾ ਕਰਨ ਵਾਲੀਆਂ ਰੇਹੜੀਆਂ ਵਾਲੇ ਲੈ ਜਾਂਦੇ ਹਨ। ਸ਼ਹਿਰਾਂ ਵਿੱਚ ਤਾਂ ਰੇਹੜੀ ਵਾਲੇ ਘਰਾਂ ਵਿੱਚੋਂ ਕੂੜਾ ਲੈ ਜਾਂਦੇ ਹਨ, ਪਰ ਪਿੰਡਾਂ ਤੇ ਛੋਟੇ ਕਸਬਿਆਂ ਵਿੱਚ ਇਹ ਕੰਮ ਆਪ ਹੀ ਕਰਨਾ ਪੈਂਦਾ ਹੈ। ਕਿਸੇ ਨੇ ਇਹ ਨਹੀਂ ਸੋਚਿਆ ਕਿ ਜਿੱਥੇ ਅਸੀਂ ਜਾਂ ਰੇਹੜੀ ਵਾਲਾ ਕੂੜਾ ਸੁੱਟ ਕੇ ਆਉਂਦਾ ਹੈ, ਉਹ ਜਗ੍ਹਾਂ ਕੂੜਾ ਸੁੱਟਣ ਵਾਲੀ ਹੈ ਜਾਂ ਨਹੀਂ? ਅਸੀਂ ਤਾਂ ਆਪਣੀ ਮਰਜੀ ਦੇ ਨਾਲ ਹੀ ਕੂੜਾ ਸੁੱਟਣ ਲੱਗ ਜਾਂਦੇ ਹਾਂ ਅਤੇ ਗੰਦਗੀ ਫੈਲਾ ਰਹੇ ਹਾਂ।
ਜਿਆਦਾਤਰ ਕੂੜਾ ਜੋ ਵੀ ਸਰਕਾਰੀ ਜਗ੍ਹਾਂ ਖਾਲੀ ਪਈ ਹੁੰਦੀ ਹੈ, ਉਸ ਵਿੱਚ ਹੀ ਕੂੜਾ ਸੁੱਟਿਆ ਜਾਂਦਾ ਹੈ ਪਰ ਅਸੀ ਕਈ ਵਾਰ ਦੇਖਿਆ ਹੈ ਕਿ ਖੇਡਾਂ ਖੇਡਣ ਵਾਲੀ ਜਗ੍ਹਾਂ (ਸਟੇਡੀਅਮ) ਦੇ ਕੋਲ ਵੀ ਕੂੜੇ ਦੇ ਵੱਡੇ-ਵੱਡੇ ਢੇਰ ਲਾ ਦਿੱਤੇ ਜਾਂਦੇ ਹਨ। ਜਿਸ ਨਾਲ ਕੂੜੇ ਦੇ ਢੇਰ ਤੋਂ ਜੋ ਗੰਦਗੀ ਦੀ ਬਦਬੂ ਆਉਂਦੀ ਹੈ, ਉਸ ਨਾਲ ਜੋ ਬੱਚੇ ਉੱਥੇ ਖੇਡਦੇ ਹਨ, ਉਹਨਾਂ ਨੂੰ ਕਿੰਨੀ ਪ੍ਰੇਸ਼ਾਨੀ ਆਉਂਦੀ ਹੈ ਤੇ ਉਹਨਾਂ ਨੂੰ ਕਈ ਰੋਗ ਵੀ ਲੱਗ ਸਕਦੇ ਹਨ। ਇਸੇ ਤਰ੍ਹਾਂ ਸਕੂਲਾ, ਸੜਕਾਂ, ਮੰਦਰ ਤੇ ਗੁਰਦੁਆਰਿਆਂ ਕੋਲ ਵੀ ਕੂੜੇ ਦੇ ਢੇਰ ਦੇਖਣ ਨੂੰ ਮਿਲਦੇ ਹਨ। ਹਰ ਇੱਕ ਨੂੰ ਇਹ ਸੁੱਖ ਹੈ ਕਿ ਇਹ ਸਾਂਝੀਆਂ ਜਗ੍ਹਾਂ ਹਨ ਇੱਥੇ ਕੂੜਾ ਸੁੱਟਣ ਤੋਂ ਕਿਸੇ ਨੇ ਨਹੀਂ ਰੋਕਣਾ। ਕਈ ਕਸਬਿਆਂ ਤੇ ਪਿੰਡਾਂ ਵਿੱਚ ਤਾਂ ਦੁਕਾਨਾਂ ਜਾਂ ਘਰਾਂ ਕੋਲ ਖਾਲੀ ਪਲਾਟ ਪਏ ਹੁੰਦੇ ਹਨ, ਉਨ੍ਹਾਂ ਵਿੱਚ ਵੀ ਕੂੜਾ ਸੁੱਟਿਆ ਜਾਂਦਾ ਹੈ।
ਪਰ ਆਪਾਂ ਕਦੇ ਇਹ ਨਹੀਂ ਸੋਚਿਆ ਕਿ ਇਸ ਨਾਲ ਅਸੀਂ ਆਪਣੇ ਸਮਾਜ ਵਿੱਚ ਗੰਦਗੀ ਫੈਲਾ ਰਹੇ ਹਾਂ ਅਤੇ ਇਸ ਨੂੰ ਕਿਵੇਂ ਸਹੀ ਕੀਤਾ ਜਾ ਸਕੇ! ਕਈ ਵਾਰ ਕੋਈ ਧਾਰਮਿਕ ਸਮਾਗਮ ਜਾਂ ਨਗਰ ਕੀਰਤਨ ਹੁੰਦੇ ਹਨ ਤਾਂ ਉਹਨਾਂ ਨੂੰ ਪਰਦੇ ਲਗਾ ਕੇ ਲੁਕਾਅ ਦਿੱਤਾ ਜਾਂਦਾ ਹੈ ਕਿ ਉਹ ਗੰਦਗੀ ਤਸਵੀਰਾਂ ਵਿੱਚ ਨਾ ਆਵੇ। ਪਰ ਅਸੀਂ ਇਸ ਨੂੰ ਸਹੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਹੀ ਪੰਚਾਇਤਾਂ ਜਾਂ ਸਰਕਾਰਾਂ ਨੇ ਇਸ ਵਿਸ਼ੇ ਨੂੰ ਗੰਭੀਰ ਲਿਆ ਹੈ। ਸਰਕਾਰ ਨੂੰ ਹਰੇਕ ਸ਼ਹਿਰ, ਪਿੰਡ ਕਸਬੇ ਵਿੱਚੋਂ ਰਿਹਾਇਸ਼ੀ ਏਰੀਏ ਤੋਂ ਦੂਰ ਕੂੜੇ ਦੇ ਡੰਪ ਬਣਾਉਣੇ ਚਾਹੀਦੇ ਹਨ। ਇਸ ਨਾਲ ਲੋਕਾਂ ਦੀ ਸਿਹਤ ਨੂੰ ਠੀਕ ਰੱਖਿਆ ਜਾ ਸਕੇ ਤੇ ਵੱਧ ਤੋਂ ਵੱਧ ਕੂੜੇਦਾਨ ਲਗਾਉਣੇ ਚਾਹੀਦੇ ਹਨ ਤਾਂ ਜੋ ਲੋਕ ਆਪਣੇ ਘਰਾਂ ਦਾ ਕੂੜਾ ਉਨ੍ਹਾਂ ਕੂੜੇਦਾਨਾਂ ਵਿੱਚ ਸੁੱਟ ਸਕਣ। ਲੋਕਾਂ ਦਾ ਵੀ ਫਰਜ਼ ਬਣਦਾ ਹੈ ਕੀ ਗਿੱਲਾ ਤੇ ਸੁਕਾ ਕੂੜਾ ਅਲੱਗ-ਅਲੱਗ ਰੱਖਣਾ ਚਾਹੀਦਾ ਹੈ ਗਿੱਲੇ ਕੂੜੇ ਦੀ ਖਾਦ ਬਣਾ ਕੇ ਉਸ ਨੂੰ ਵਰਤੋ ਵਿਚ ਲਿਆਂਦਾ ਜਾਵੇ। ਇਹ ਖਾਦ ਪੌਦਿਆਂ ਅਤੇ ਖੇਤਾਂ ਵਿੱਚ ਕੰਮ ਆਏਗੀ ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੀ ਵਧ ਜਾਵੇਗੀ ਅਤੇ ਆਪਾਂ ਸਾਰਿਆ ਨੂੰ ਮਿਲ ਕੇ ਆਪਣੇ ਵਾਤਾਵਰਣ ਨੂੰ ਸਾਫ ਕਰਨਾ ਚਾਹੀਦਾ ਹੈ
“ ਕੂੜਾ ਸੁੱਟ ਕੇ ਗੰਦਗੀ ਫੈਲਾਉਣ ਵਾਲਿਓ,
ਕੁੱਝ ਤਾਂ ਕਰੋ ਖਿਆਲ ਸਮਾਜ ਦਾ,
ਨਾ ਹੋ ਜਾਵੇ ਸਿਹਤ ਖਰਾਬ ਕਿਸੇ ਦੀ,
ਹੈ ਵਿਸ਼ਾ ਇਹ ਬੜੇ ਧਿਆਨ ਦਾ”
✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924