ਵੰਝਲੀ ਦੀ ਤਾਨ ਗ਼ਜ਼ਲ ਸੰਗ੍ਰਹਿ ਅਤੇ ਧਰਤੀ ਪੰਜਾਬ ਦੀਏ ਪੁਸਤਕਾਂ ਲੋਕ ਅਰਪਣ
ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ.)ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ਼ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਭਰਵਾਂ ਸਾਹਤਿਕ ਇਕੱਠ ਕੀਤਾ ਗਿਆ ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਨਾਮਵਰ ਸਾਹਿਤਕਾਰ ਪ੍ਰੋ.ਸੰਧੂ ਵਰਿਆਣਵੀ (ਜਨ ਸਕੱਤਰ ਕੇਂ.ਪੰ.ਲੇ.ਸ.ਸੇ.), ਡਾ. ਲਖਵਿੰਦਰ ਜੌਹਲ, ਕੰਵਲਜੀਤ ਸਿੰਘ ਬੇਦੀ, ਹਰਜਿੰਦਰ ਸਿੰਘ ਅਟਵਾਲ, ਸੁਰਿੰਦਰਪ੍ਰੀਤ ਘਣੀਆਂ ਅਤੇ ਮੰਚ ਦੇ ਪ੍ਰਧਾਨ ਡਾ. ਕੰਵਲ ਭੱਲਾ ਤੇ ਜਨ ਸਕੱਤਰ ਜਗਦੀਸ਼ ਰਾਣਾ ਵਿਰਾਜਮਾਨ ਹੋਏ। ਮੰਚ ਵਲੋਂ ਚੌਥਾ ਉਸਤਾਦ ਰਾਜਿੰਦਰ ਪਰਦੇਸੀ ਯਾਦਗਾਰੀ ਐਵਾਰਡ ਸੁਰਿੰਦਰਪ੍ਰੀਤ ਘਣੀਆਂ ਨੂੰ ਸਨਮਾਨ ਪੱਤਰ,ਨਕਦ ਰਾਸ਼ੀ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ.ਲਖਵਿੰਦਰ ਜੌਹਲ,ਕੁਲਦੀਪ ਸਿੰਘ ਬੇਦੀ ਅਤੇ ਪ੍ਰੋ.ਸੰਧੂ ਵਰਿਆਣਵੀ ਨੇ ਜਿੱਥੇ ਰਾਜਿੰਦਰ ਪਰਦੇਸੀ ਨਾਲ ਆਪਣੀਆਂ ਯਾਦਾਂ ਦਾ ਜਿਕਰ ਕੀਤਾ ਓਥੇ ਹੀ ਉਹਨਾਂ ਦੀ ਸ਼ਾਇਰੀ ਦੇ ਅਹਿਮ ਪਹਿਲੂਆਂ ਤੇ ਚਾਨਣਾ ਪਾਉਂਦਿਆਂ ਉਹਨਾਂ ਦੁਆਰਾ ਬਣਾਏ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਨੂੰ ਲਗਾਤਾਰ ਗਤੀਸ਼ੀਲ ਰੱਖਣ ਲਈ ਜਗਦੀਸ਼ ਰਾਣਾ ਅਤੇ ਡਾ.ਕੰਵਲ ਭੱਲਾ ਦੀ ਵੀ ਤਾਰੀਫ਼ ਕੀਤੀ।ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਉਸਤਾਦ ਰਾਜਿੰਦਰ ਪਰਦੇਸੀ ਬਾਰੇ ਬੜਾ ਅਰਥ ਭਰਪੂਰ ਪਰਚਾ ਪੜ੍ਹਦਿਆਂ ਕਿਹਾ ਕਿ ਉਹਨਾਂ ਵਰਗਾ ਸ਼ਾਇਰ ਹੋਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ। ਹਰਜਿੰਦਰ ਸਿੰਘ ਅਟਵਾਲ ਹੋਰਾਂ ਨੇ ਸੁਰਿੰਦਰਪ੍ਰੀਤ ਘਣੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੰਚ ਦੀ ਸਨਮਾਨ ਵਾਸਤੇ ਚੋਣ ਬਿਲਕੁਲ ਢੁੱਕਵੀਂ ਹੈ ਕਿਉਂਕਿ ਰਾਜਿੰਦਰ ਪਰਦੇਸੀ ਵਾਂਗ ਸੁਰਿੰਦਰਪ੍ਰੀਤ ਘਣੀਆਂ ਵੀ ਨਾਬਰੀ ਦਾ ਸ਼ਾਇਰ ਹੈ। ਡਾ.ਕੰਵਲ ਭੱਲਾ, ਜਗਦੀਸ਼ ਰਾਣਾ ਨੇ ਕਿਹਾ ਕਿ ਰਾਜਿੰਦਰ ਪਰਦੇਸੀ ਦੀ ਸੰਗਤ ਵਿਚ ਰਹਿੰਦਿਆਂ ਬੜਾ ਕੁਝ ਸਿੱਖਣ ਨੂੰ ਮਿਲ਼ਿਆ ਤੇ ਉਹਨਾਂ ਦੀਆਂ ਕਹੀਆਂ ਗੱਲਾਂ ਅੱਜ ਵੀ ਸਾਡਾ ਮਾਰਗ-ਦਰਸ਼ਨ ਕਰਦੀਆਂ ਹਨ।ਸੁਰਿੰਦਰਪ੍ਰੀਤ ਘਣੀਆਂ ਨੇ ਐਵਾਰਡ ਪ੍ਰਾਪਤ ਕਰਦਿਆਂ ਕਿਹਾ ਕਿ ਸਰਕਾਰੀ ਸਨਮਾਨਾਂ ਤੋਂ ਕਿਤੇ ਉੱਪਰ ਮੰਨਦੇ ਹਨ ਅਜਿਹੇ ਸਨਮਾਨ ਨੂੰ।ਉਹਨਾਂ ਰਾਜਿੰਦਰ ਪਰਦੇਸੀ ਨਾਲ਼ ਆਪਣੀਆਂ ਮਿਲਣੀਆਂ ਦਾ ਜਿਕਰ ਵੀ ਕੀਤਾ ਅਤੇ ਆਪਣੀਆਂ ਅਰਥ ਭਰਪੂਰ ਗ਼ਜ਼ਲਾਂ ਸੁਣਾ ਕੇ ਖ਼ੂਬ ਤਾੜੀਆਂ ਬਟੋਰੀਆਂ।ਇਸ ਮੌਕੇ ਮੰਚ ਵਲੋਂ ਉਮਦਾ ਗ਼ਜ਼ਲ ਕਹਿਣ ਵਾਲ਼ੀ ਗ਼ਜ਼ਲਕਾਰਾ ਜਗਜੀਤ ਕੌਰ ਢਿੱਲਵਾਂ ਦਾ ਗ਼ਜ਼ਲ ਸੰਗ੍ਰਹਿ ਵੰਝਲੀ ਦੀ ਤਾਨ ਅਤੇ ਸੁਖਦੇਵ ਸਿੰਘ ਗੰਡਵਾਂ ਦਾ ਕਾਵਿ ਸੰਗ੍ਰਹਿ ਧਰਤੀ ਪੰਜਾਬ ਦੀਏ ਵੀ ਲੋਕ ਅਰਪਣ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj