
(ਸਮਾਜ ਵੀਕਲੀ) ਜ਼ਿੰਦਗੀ ਦੇ ਰੰਗਮੰਚ ‘ਤੇ ਹਾਸੇ ਦਾ ਸਭ ਤੋਂ ਚਮਕਦਾ ਸਿਤਾਰਾ ਆਪਣਾ ਆਖਰੀ ਦ੍ਰਿਸ਼ ਪੂਰਾ ਕਰ ਗਿਆ। ਹਿੰਦੀ ਸਿਨੇਮਾ ਦੇ ਮਸ਼ਹੂਰ ਕਾਮੇਡੀਅਨ ਅਸਰਾਨੀ ਜੀ, ਜਿਨ੍ਹਾਂ ਦੀ ਅਦਾਕਾਰੀ ਨੇ ਪੀੜ੍ਹੀਆਂ ਨੂੰ ਹਸਣ ਦੀ ਵਜ੍ਹਾ ਦਿੱਤੀ, ਹੁਣ ਸਾਡੇ ਵਿਚਕਾਰ ਨਹੀਂ ਰਹੇ। 84 ਸਾਲ ਦੀ ਉਮਰ ‘ਚ ਬੀਤੇ ਦਿਨੀਂ ਉਨ੍ਹਾਂ ਨੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖਿਆ। ਉਨ੍ਹਾਂ ਦੇ ਦਿਹਾਂਤ ਨਾਲ ਲੱਗਦਾ ਹੈ ਕਿ ਕਾਮੇਡੀ ਦਾ ਮੰਚ ਹੀ ਸੁੰਨਾ ਹੋ ਗਿਆ ਹੋਵੇ,ਜਿਵੇਂ ਸਦੀਆਂ ਤੋਂ ਚੱਲੀ ਆ ਰਹੀ ਇਹ ਕਲਾ ਕਿਧਰੇ ਖ਼ਾਮੋਸ਼ ਹੋ ਗਈ ਹੋਵੇ। ਤਕਰੀਬਨ 300 ਫ਼ਿਲਮਾਂ ‘ਚ ਰੋਲ ਅਦਾ ਕਰਨ ਵਾਲੇ ਅਸਰਾਨੀ ਜੀ ਦਾ ਅਸਲ ਨਾਮ ਗੋਵਰਧਨ ਅਸਰਾਨੀ ਸੀ ਅਤੇ ਉਨ੍ਹਾਂ ਦਾ ਜਨਮ 1 ਜਨਵਰੀ 1941 ਨੂੰ ਜੈਪੁਰ (ਰਾਜਸਥਾਨ) ਦੇ ਇਕ ਸਿੰਧੀ ਪਰਿਵਾਰ ਵਿੱਚ ਹੋਇਆ।ਬਚਪਨ ਤੋਂ ਹੀ ਉਨ੍ਹਾਂ ਦਾ ਰੁਝਾਣ ਅਭਿਨੇ ਵਿੱਚ ਸੀ ਅਤੇ ਸਕੂਲ ਦੇ ਮੰਚਾਂ ‘ਤੇ ਉਹ ਅਕਸਰ ਆਪਣੇ ਹਾਵ-ਭਾਵ ਨਾਲ ਸਭ ਦਾ ਦਿਲ ਜਿੱਤ ਲੈਂਦੇ ਸਨ। ਜੈਪੁਰ ਰੇਡੀਓ ‘ਤੇ ਕੰਮ ਕਰਦੇ ਹੋਏ ਉਨ੍ਹਾਂ ਨੇ ਆਪਣੀ ਆਵਾਜ਼ ਤੇ ਅਦਾਇਗੀ ਦੋਵਾਂ ਨੂੰ ਨਿਖਾਰਿਆ,ਫਿਰ ਪੁਣੇ ਦੇ ਫਿਲਮ ਐਂਡ ਟੈਲੀਵਿਜ਼ਨ ਇੰਸਟਿਟਿਊਟ ਆਫ ਇੰਡੀਆ (FTII) ਵਿੱਚ ਅਦਾਕਾਰੀ ਦੀ ਵਿਧੀਵਤ ਸਿੱਖਿਆ ਪ੍ਰਾਪਤ ਕਰ ਉਨ੍ਹਾਂ ਨੇ ਸਮਝਿਆ ਕਿ ਕਾਮੇਡੀ ਸਿਰਫ਼ ਮਜ਼ਾਕ ਹੀ ਨਹੀਂ ਇਹ ਤਾਂ ਜ਼ਿੰਦਗੀ ਦੇ ਦੁੱਖਾਂ ਵਿਚੋਂ ਖੁਸ਼ੀ ਲੱਭਣ ਦੀ ਇਕ ਅਜਿਹੀ ਕਲਾ ਹੈ ਜਿਸ ਦੀ ਹਰ ਕਿਸੇ ਨੂੰ ਲੋੜ ਹੈ। ਅਸਰਾਨੀ ਨੇ 1967 ਵਿੱਚ ਫਿਲਮ “ਹਰੇ ਕਾਂਚ ਕੀ ਚੂੜੀਆਂ” ਨਾਲ ਸਿਨੇ ਜਗਤ ਵਿੱਚ ਪੈਰ ਰੱਖਿਆ। ਸ਼ੁਰੂਆਤ ਭਾਵੇਂ ਛੋਟੀ ਭੂਮਿਕਾ ਨਾਲ ਹੋਈ, ਪਰ ਜਲਦੀ ਹੀ ਉਨ੍ਹਾਂ ਦੀ ਕਾਮੇਡੀ, ਚਿਹਰੇ ਦੇ ਅੰਦਾਜ਼ ਅਤੇ ਸ਼ੁੱਧ ਹਾਸੇ ਨੇ ਦਰਸ਼ਕਾਂ ਦੇ ਦਿਲ ਮੋਹ ਲਏ। “ਬਾਵਰਚੀ” (1972), “ਆਜ ਕੀ ਤਾਜ਼ਾ ਖ਼ਬਰ” (1973), ਅਤੇ “ਛੋਟੀ ਸੀ ਬਾਤ” (1975) ਵਰਗੀਆਂ ਫਿਲਮਾਂ ਨੇ ਉਨ੍ਹਾਂ ਨੂੰ ਪ੍ਰਸਿੱਧੀ ਦੇ ਰਾਹ ‘ਤੇ ਲਿਆਂਦਾ। ਪਰ ਉਨ੍ਹਾਂ ਦੀ ਸਿਨੇ-ਯਾਤਰਾ ਦਾ ਸਭ ਤੋਂ ਚਮਕਦਾ ਪਲ ਸੀ ਰਮੇਸ਼ ਸਿੱਪੀ ਦੀ ਫਿਲਮ “ਸ਼ੋਲੇ”(1975) ਜਿਸ ‘ਚ ਉਹ “ਅੰਗਰੇਜਾ ਦੇ ਸਮਿਆਂ ਵਾਲੇ ਜੇਲ੍ਹਰ” ਰਾਹੀਂ ਕਿਰਦਾਰ ‘ਚ ਦਿਖਾਈ ਦਿੱਤੇ ਅਤੇ ਉਨ੍ਹਾਂ ਦਾ ਪ੍ਰਸਿੱਧ ਡਾਇਲਾਗ ਸੀ “ਹਮ ਅੰਗਰੇਜ਼ੋ ਕੇ ਜ਼ਮਾਨੇ ਕੇ ਜੇਲ੍ਹਰ ਹੈ …” ਜੋਕਿ ਇਸ ਤਰ੍ਹਾਂ ਅਮਰ ਹੋਇਆ ਕਿ ਅੱਜ ਵੀ ਅਸਰਾਨੀ ਦਾ ਨਾਮ ਲੈਂਦਿਆਂ ਹੀ ਇਹ ਡਾਇਲਾਗ ਸਾਡੇ ਬੁੱਲ੍ਹਾਂ ‘ਤੇ ਆ ਜਾਂਦਾ ਹੈ। ਉਹ ਜਿੱਥੇ ਵੀ ਜਾਂਦੇ ਲੋਕ ਉਨ੍ਹਾਂ ਨੂੰ “ਸ਼ੋਲੇ” ਫ਼ਿਲਮ ਵਾਲਾ ਜੇਲ੍ਹਰ ਦਾ ਡਾਇਲਾਗ ਸੁਣਾਉਣ ਲਈ ਕਹਿੰਦੇ। ਅਸਰਾਨੀ ਜੀ ਦੀ ਕਾਮੇਡੀ ਸ਼ੁੱਧਤਾ ਦਾ ਪ੍ਰਤੀਕ ਸੀ,ਅਸ਼ਲੀਲਤਾ ਤੋਂ ਦੂਰ ਸਿਰਫ਼ ਹਲਕਾ ਹਾਸਾ ਜੋ ਮਨ ਨੂੰ ਛੂਹਣ ਵਾਲਾ ਸੀ। ਉਨ੍ਹਾਂ ਦੇ ਫ਼ਿਲਮੀ ਕਿਰਦਾਰ ਅਕਸਰ ਆਮ ਮਨੁੱਖ ਦੀ ਸਾਦਗੀ, ਭੋਲੇਪਨ ਅਤੇ ਜੀਵਨ ਦੇ ਮਿਠੇ ਮੋੜਾਂ ਦੇ ਅਕਸ ਸਨ। ਉਹਨਾਂ ਨੇ “ਚੁੱਪਕੇ ਚੁੱਪਕੇ”, “ਨਮਕ ਹਰਾਮ”, “ਅਮਰ ਅਕਬਰ ਐਨਥਨੀ”, “ਆਂਖੇ”, “ਹੇਰਾ ਫੇਰੀ” ਅਤੇ “ਭੁਲ ਭੁਲਿਈਆਂ ” ਵਰਗੀਆਂ ਅਨੇਕਾਂ ਹਿੱਟ ਫਿਲਮਾਂ ਵਿੱਚ ਆਪਣਾ ਜਲਵਾ ਵਿਖਾਇਆ। ਆਪਣੇ ਪੰਜ ਦਹਾਕਿਆਂ ਦੇ ਫ਼ਿਲਮੀ ਸਫ਼ਰ ਦੌਰਾਨ ਅਸਰਾਨੀ ਨੇ ਅਮਿਤਾਭ ਬੱਚਨ ਤੋਂ ਲੈ ਕੇ ਆਮਿਰ ਖਾਨ ਵਰਗੇ ਕਈ ਮਹਾਨ ਅਦਾਕਾਰਾਂ ਅਤੇ ਅਨੇਕ ਪ੍ਰਸਿੱਧ ਨਿਰਦੇਸ਼ਕਾਂ ਨਾਲ ਕੰਮ ਕਰਦਿਆਂ ਆਪਣੀ ਕਲਾ ਦਾ ਜਲਵਾ ਵਿਖਾਇਆ।ਅਸਰਾਨੀ ਉਹਨਾਂ ਕੁਝ ਅਦਾਕਾਰਾਂ ‘ਚੋਂ ਸਨ ਜਿਨ੍ਹਾਂ ਨੇ ਕਾਮੇਡੀ, ਚਰਿੱਤਰ ਅਤੇ ਗੰਭੀਰਤਾ ਤਿੰਨਾਂ ਕਿਸਮ ਦੀਆਂ ਭੂਮਿਕਾਵਾਂ ਨੂੰ ਬੇਹੱਦ ਖੂਬੀ ਨਾਲ ਨਿਭਾਈਆਂ। ਸਿਰਫ਼ ਅਦਾਕਾਰੀ ਹੀ ਨਹੀਂ, ਉਨ੍ਹਾਂ ਨੇ ਛੇ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਪੰਜਾਬੀ ਫਿਲਮ “ਯਾਰੀਆਂ” (2008) ਵਿੱਚ ਉਨ੍ਹਾਂ ਵਲੋਂ ਡਾਕਟਰ ਪਲਟਾ ਦੇ ਰੋਲ ਨੇ ਪੰਜਾਬੀ ਦਰਸ਼ਕਾਂ ਦੇ ਦਿਲ ਵੀ ਜਿੱਤ ਲਏ। ਉਨ੍ਹਾਂ ਦੀ ਆਖ਼ਰੀ ਫਿਲਮ “ਨਾਨ ਸਟਾਪ ਧਮਾਲ” (2023) ਸੀ,ਜਿਸ ਵਿਚ ਉਨ੍ਹਾਂ ਨੇ ਆਪਣੀ ਵਖਰੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਹਸਣ ਲਈ ਮਜਬੂਰ ਕੀਤਾ। ਫਿਲਮਾਂ ਤੋਂ ਇਲਾਵਾ, ਉਹ ਕਈ ਟੈਲੀਵਿਜ਼ਨ ਸੀਰੀਅਲਾਂ ਵਿੱਚ ਵੀ ਨਜ਼ਰ ਆਏ।ਕਿਉਂਕਿ ਉਹ ਮੰਨਦੇ ਸਨ ਕਿ ਹਾਸਾ ਉਹ ਸ਼ੈਅ ਹੈ ਜਿਸਦੀ ਕੋਈ ਹੱਦ ਨਹੀਂ ਹੁੰਦੀ ਨਾ ਹੀ ਇਹ ਕੋਈ ਧਰਮ ਦੇਖਦਾ ਹੈ, ਨਾ ਜਾਤ, ਨਾ ਭਾਸ਼ਾ ਇਹ ਤਾਂ ਸਿਰਫ਼ ਮਨੁੱਖਤਾ ਨੂੰ ਜੋੜਨ ਦਾ ਇਕ ਜ਼ਰੀਆ ਹੈ। ਅਸਰਾਨੀ ਦੇ ਤੁਰ ਜਾਣ ਨਾਲ ਸਿਨੇ ਜਗਤ ਨੇ ਸਿਰਫ਼ ਇੱਕ ਕਲਾਕਾਰ ਹੀ ਨਹੀਂ, ਸਗੋਂ ਇੱਕ ਯੁੱਗ ਗੁਆ ਲਿਆ ਹੈ। ਪਰ ਉਹਨਾਂ ਵਲੋਂ ਫਿਲਮਾਂ ‘ਚ ਦਿੱਤੇ ਗਏ ਕਾਮੇਡੀ ਰੋਲ, ਉਹਨਾਂ ਦੇ ਡਾਇਲਾਗ ਅਤੇ ਉਹਨਾਂ ਦੀਆਂ ਫਿਲਮਾਂ ਸਦਾ ਸਾਡੇ ਦਿਲਾਂ ਵਿੱਚ ਜੀਉਂਦੀਆਂ ਰਹਿਣਗੀਆਂ। ਉਹ ਸਾਨੂੰ ਸਿਖਾ ਗਏ ਹਨ ਕਿ “ਜ਼ਿੰਦਗੀ ਕਿੰਨੀ ਵੀ ਮੁਸ਼ਕਲ ਕਿਉ ਨਾ ਹੋਵੇ,ਪਰ ਹਾਸਾ ਕਦੇ ਰੁਕਣਾ ਨਹੀਂ ਚਾਹੀਦਾ।” ਅਸਰਾਨੀ ਜੀ ਦਾ ਸਫ਼ਰ ਭਾਵੇਂ ਇਥੇ ਰੁਕ ਜਰੂਰ ਗਿਆ ਹੈ,ਪਰ ਉਨ੍ਹਾਂ ਵਲੋਂ ਆਪਣੇ ਫ਼ਿਲਮੀ ਕੈਰੀਅਰ ‘ਚ ਪਾਇਆ ਹਾਸਾ ਸਦੀਵੀ ਹੀ ਸਾਡੇ ਚਿਹਰਿਆਂ ‘ਤੇ ਮੁਸਕਾਨ ਲਿਉਂਦਾ ਰਹੇਗਾ।
ਬਲਦੇਵ ਸਿੰਘ ਬੇਦੀ ਜਲੰਧਰ



