ਸੜਕ ਹਾਦਸੇ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਪਤੀ-ਪਤਨੀ ਦੀ ਹੋਈ ਮੌਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਪਿੰਡ ਮੰਗੂਪੁਰ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ,ਜਿਸ ਦੌਰਾਨ ਇੱਕ ਬਜ਼ੁਰਗ ਪਤੀ ਪਤਨੀ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਤੀਜੇ ਨੰਬਰਦਾਰ ਜੋਗਾ ਸਿੰਘ ਕਾਲੇਵਾਲ ਨੇ ਦੱਸਿਆ ਕਿ ਉਨਾਂ ਦਾ ਮਾਮਾ ਸੇਵਾਮੁਕਤ ਸੂਬੇਦਾਰ ਫਕੀਰ ਸਿੰਘ (73) ਪੁੱਤਰ ਉਜਾਗਰ ਸਿੰਘ ਅਤੇ ਬਲਵੀਰ ਕੌਰ(71) ਪਤਨੀ ਫਕੀਰ ਸਿੰਘ ਵਾਸੀ ਪਰਮਜੀਤਪੁਰ (ਆਲੂਪੁਰ)ਮੋਟਰਸਾਈਕਲ PB 09 AF 2249 ਸਪਲੈਂਡਰ ਤੇ ਸਵਾਰ ਹੋ ਕੇ ਦਵਾਈ ਲੈਣ ਲਈ ਗੋਇੰਦਵਾਲ ਸਾਹਿਬ ਜਾ ਰਹੇ ਸਨ । ਜਦੋਂ ਉਹ ਤਲਵੰਡੀ ਚੌਧਰੀਆਂ ਤੋਂ ਅੱਗੇ ਪਿੰਡ ਮੰਗੂਪੁਰ ਨੇੜੇ ਸਥਿਤ ਇੱਕ ਪੈਟਰੋਲ ਪੰਪ ਤੋਂ ਤੇਲ ਪਵਾਉਣ ਨੂੰ ਮੋੜਨ ਲੱਗੇ ਤਾਂ ਪਿੱਛੋਂ ਆ ਰਹੀ ਇੱਕ ਬਰੀਜਾ ਗੱਡੀ PB 76 A 0028 ਦੇ ਚਾਲਕ ਨੇ ਉਹਨਾਂ ਨੂੰ ਪਿਛਲੇ ਪਾਸਿਓਂ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿੰਨਾ ਨੂੰ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ, ਜਿੱਥੇ ਡਾਕਟਰਾਂ ਵੱਲੋਂ ਜ਼ਖਮੀ ਪਤੀ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ ਐੱਚ ਓ ਅਨਿਲ ਕੁਮਾਰ ਨੇ ਦੱਸਿਆ ਕਿ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।ਅਤੇ ਮ੍ਰਿਤਕ ਸੇਵਾ ਮੁਕਤ ਸੂਬੇਦਾਰ ਫਕੀਰ ਸਿੰਘ (73) ਪੁੱਤਰ ਉਜਾਗਰ ਸਿੰਘ ਅਤੇ ਬਲਵੀਰ ਕੌਰ(71) ਪਤਨੀ ਫਕੀਰ ਸਿੰਘ ਵਾਸੀ ਪਰਮਜੀਤਪੁਰ (ਆਲੂਪੁਰ) ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਦੀ ਲਾਸ਼ਾਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾਘਰ ਵਿਖੇ ਰੱਖਵਾ ਦਿੱਤਾ ਗਿਆ ਹੈ। ਅਤੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਵੱਲੋਂ ਗੱਡੀ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰ ਜੋ ਵੀ ਬਿਆਨ ਕਲਮ ਬੰਦ ਕਰਾਉਣਗੇ , ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



