(ਸਮਾਜ ਵੀਕਲੀ)
ਸਾਡੀ ਕਹਿਣੀ ਤੇ ਕਰਨੀ ਵਿੱਚ ਪੂਰਾ ਫ਼ਰਕ ਆ,
ਅਨਮੋਲ ਜੀਵਨ ਸਾਡਾ ਤਾਂ ਬਣਿਆ ਨਰਕ ਆ,
ਸਾਡੀ ਕਹਿਣੀ ਤੇ ਕਰਨੀ ਵਿੱਚ ਪੂਰਾ ਫ਼ਰਕ ਆ!
ਕੌਣ! ਕਿਵੇਂ ਸਮਝਾਵੇ ਦੱਸੋ ਇਕੱਲੇ-ਇਕੱਲੇ ਨੂੰ ?
ਕੱਢ ਫ਼ੁਰਸਤ ਤੂੰ ਆ ਕੋਲ ਮੇਰੇ ਲੱਖਾਂ ਤਰਕ ਆ,
ਸਾਡੀ ਕਹਿਣੀ ਤੇ ਕਰਨੀ ਵਿੱਚ ਪੂਰਾ ਫ਼ਰਕ ਆ!
ਜਿਉਂਦਿਆ ਗੁਰੂ-ਘਰ ਮਰਿਆ ਸਮਸ਼ਾਨ ਵੱਖਰੇ,
ਇਨਸਾਨੀਅਤ ਦਾ ਬੇੜਾ ਤਾਂ ਹੋਣਾ ਹੀ ਗਰਕ ਆ,
ਸਾਡੀ ਕਹਿਣੀ ਤੇ ਕਰਨੀ ਵਿੱਚ ਪੂਰਾ ਫ਼ਰਕ ਆ!
ਆਪਣੇ ਘਰ ਦੀ ਔਰਤ ਮਾਂ, ਭੈਣ, ਘਰਵਾਲੀ ਹੈ,
ਹੋਰਨਾਂ ਲਈ ਰਹਿੰਦਾ ਸਾਡਿਆਂ ਨੈਂਣੀ ਠਰਕ ਆ,
ਸਾਡੀ ਕਹਿਣੀ ਤੇ ਕਰਨੀ ਵਿੱਚ ਪੂਰਾ ਫ਼ਰਕ ਆ!
ਗੱਲਾਂ ਨਾਲ ਤਾਂ ਰੱਬ ਵੀ ਲੋਕੀਂ ਲਾਉਂਦੇ ਨੇ ਥੱਲੇ,
ਵਕਤ ਪਿਆ ਸਭ ਕੋਲੋਂ ਮਿੱਤਰਾ ਜਾਂਦੇ ਸਰਕ ਆ,
ਸਾਡੀ ਕਹਿਣੀ ਤੇ ਕਰਨੀ ਵਿੱਚ ਪੂਰਾ ਫ਼ਰਕ ਆ!
ਨਾਮ ਚਮਕੂ ਤੂੰ ਕਿਰਦਾਰ ਨੂੰ ਚਮਕਾ ‘ਭੁੱਲਰਾ’,
ਸੋਹਣੀ ਸਿਰ ਦਸਤਾਰ ਜੁੱਤੀ ਤੇਰੀ ਜ਼ਰਕ ਆ,
ਸਾਡੀ ਕਹਿਣੀ ਤੇ ਕਰਨੀ ਵਿੱਚ ਪੂਰਾ ਫ਼ਰਕ ਆ!
ਮਤਲਬ ਵੇਲੇ ‘ਹਰਫੂਲ ਸਿਆਂ’ ਮਿਸ਼ਰੀ ਡਲੀਆਂ,
ਉਂਝ ਤੂੰ ਪਾਰੇ ਵਾਂਗੂੰ ਚੜ੍ਹਦਾ ਜ਼ੁਬਾਨ ਤੇ ਹਰਖ ਆ,
ਤੇਰੀ ਕਹਿਣੀ ਤੇ ਕਰਨੀ ਵਿੱਚ ਪੂਰਾ ਫ਼ਰਕ ਆ!
ਹਰਫੂਲ ਭੁੱਲਰ
ਮੰਡੀ ਕਲਾਂ 9876870157