ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੂਰਾ ਸਿੱਖ ਸਮਾਜ ਗੁਰੂ ਮਾਨਿਓ ਗ੍ਰੰਥ ਦੀ ਮਰਿਆਦਾ ਨੂੰ ਸ਼ਰਧਾ ਤੇ ਸਤਿਕਾਰ ਸਹਿਤ ਮੰਨਦਾ ਹੈ। ਜੇ ਕਿਸੇ ਨਿੱਜੀ ਪ੍ਰੋਗਰਾਮ ਵਿੱਚ ਕਿਸੇ ਸਿੱਖ ਸੰਸਥਾ ਦੇ ਪ੍ਰਧਾਨ ਅਤੇ ਜਰਨਲ ਸਕੱਤਰ ਦੇ ਸਾਹਮਣੇ ਕੋਈ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾਗੱਦੀ ਨੂੰ ਚੈਲੇੰਜ ਕਰੇ ਅਤੇ ਉਹ ਮੌਕੇ ਤੇ ਵਿਰੋਧ ਨਾ ਕਰਨ ਤਾਂ ਐਸੇ ਨਿਕੰਮੇ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਸਿੱਖ ਸੰਸਥਾ ਨੂੰ ਕੋਈ ਲੋੜ ਨਹੀਂ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਨੀਲੋਂਖੇੜੀ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਕਪੂਰ ਕੌਰ ਸੌਂਕੜਾ ਦੇ ਸਪੁੱਤਰ ਅਤੇ ਨੀਲੋਂਖੇੜੀ ਬਲਾਕ ਸਰਪੰਚ ਯੂਨੀਅਨ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਲਾਡੀ ਪ੍ਰਧਾਨ ਸੌਂਕੜਾ ਨੇ ਮੀਡੀਆ ਨੂੰ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਲਾਡੀ ਪ੍ਰਧਾਨ ਨੇ ਕਿਹਾ ਕਿ ਦੋ ਦਿਨ ਪਹਿਲਾਂ ਸਿਰਸਾ ਜ਼ਿਲ੍ਹੇ ਵਿੱਚ ਨਾਮਧਾਰੀ ਸੰਪਰਦਾਇ ਦੇ ਇੱਕ ਪ੍ਰੋਗਰਾਮ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਜਨਰਲ ਸਕੱਤਰ ਅੰਗਰੇਜ਼ ਸਿੰਘ ਰਾਣੀਆਂ ਵੀ ਮੌਜੂਦ ਸਨ। ਉਥੇ ਨਾਮਧਾਰੀ ਧੜੇ ਦੇ ਮੁਖੀ ਠਾਕੁਰ ਦਲੀਪ ਸਿੰਘ ਨਾਮਧਾਰੀ ਦਾ ਭਾਸ਼ਣ ਸੁਣਾਇਆ ਗਿਆ। ਭਾਸ਼ਣ ਵਿੱਚ ਉਸ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾਗੱਦੀ ਨੂੰ ਚੈਲੇੰਜ ਕੀਤਾ ਅਤੇ ਵਿਅਕਤੀਗਤ ਗੁਰੂ ਨੂੰ ਮੰਨਣ ਦਾ ਦਾਅਵਾ ਕੀਤਾ। ਉਸ ਨੇ ਇਹ ਵੀ ਕਿਹਾ ਕਿ “ਗੁਰੂ ਮਾਨਿਓ ਗ੍ਰੰਥ” ਅੰਗਰੇਜ਼ਾਂ ਨੇ ਸਿੰਘ ਸਭਾ ਲਹਿਰ ਰਾਹੀਂ ਪ੍ਰਚਲਿਤ ਕੀਤਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਸਗੋਂ ਇੱਕ ਧਾਰਮਿਕ ਪੁਸਤਕ ਹੈ। ਲਾਡੀ ਪ੍ਰਧਾਨ ਨੇ ਕਿਹਾ ਕਿ ਇਹ ਸਭ ਕੁਝ ਜਗਦੀਸ਼ ਸਿੰਘ ਝੀਂਡਾ ਅਤੇ ਅੰਗਰੇਜ਼ ਸਿੰਘ ਰਾਣੀਆਂ ਸੁਣਦੇ ਰਹੇ ਅਤੇ ਮੌਕੇ ਤੇ ਵਿਰੋਧ ਨਹੀਂ ਕੀਤਾ। ਜਦੋਂ ਵੀਡੀਓ ਸੋਸ਼ਲ ਮੀਡੀਆ ਤੇ ਜਨਤਕ ਹੋਇਆ ਤਾਂ ਬਾਅਦ ਵਿੱਚ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਦੇ ਮੈਂਬਰਾਂ ਨੂੰ ਏਕਾ ਕਰਕੇ ਝੀਂਡਾ ਅਤੇ ਰਾਣੀਆਂ ਨੂੰ ਅਹੁਦੇ ਤੋਂ ਬਰਖਾਸਤ ਕਰਨਾ ਚਾਹੀਦਾ ਹੈ ਅਤੇ ਸਮੁੱਚੇ ਸਿੱਖ ਪੰਥ ਨੂੰ ਇਨ੍ਹਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਨੋਟਿਸ ਲੈ ਕੇ ਉਨ੍ਹਾਂ ਨੂੰ ਤਲਬ ਕਰਕੇ ਸਖਤ ਸਜ਼ਾ ਦੇਣੀ ਚਾਹੀਦੀ ਹੈ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


