ਸ਼ਹੀਦ ਭਗਤ ਸਿੰਘ
ਪ੍ਰਭਜੀਤ ਸਿੰਘ ਰਸੂਲਪੁਰ
ਪ੍ਰਭਜੀਤ ਸਿੰਘ ਰਸੂਲਪੁਰ
(ਸਮਾਜ ਵੀਕਲੀ) ਪਰਿਵਾਰ ਦਾ ਮਹੌਲ ਬੱਚੇ ਦੇ ਭਵਿੱਖ ਦੀ ਦਿਸ਼ਾ ਤੈਅ ਕਰਦਾ ਹੈ। ਬੱਚਿਆਂ ਨੂੰ ਪਰਿਵਾਰ ਚੋਂ ਜਿਹੋ ਜਿਹੇ ਸੰਸਕਾਰ ਬਚਪਨ ਚ ਮਿਲਣਗੇ ਬੱਚਾ ਵੱਡਾ ਹੋ ਕੇ ਉਹੋ ਜਿਹਾ ਇਨਸਾਨ ਬਣ ਜਾਂਦਾ ਹੈ। ਗ਼ਦਰ ਲਹਿਰ ਦੇ ਤਾਅ ਨਾਲ ਤਪ ਰਹੇ ਕਿਸ਼ਨ ਸਿੰਘ,ਅਜੀਤ ਸਿੰਘ ਦੇ ਪਰਿਵਾਰ ਦੇ ਇਨਕਲਾਬੀ ਸਾਂਚੇ ਵਿੱਚ ਢਲਿਆ ਭਗਤ ਸਿੰਘ ਰੂਪੀ ਲਾਡਲਾ ਪੁੱਤਰ ਇੱਕ ਦੇਸ਼ ਵਿਆਪੀ ਆਧਾਰ ਵਾਲੀ ਕ੍ਰਾਂਤੀਕਾਰੀ ਸ਼ਖ਼ਸੀਅਤ ਵਜੋਂ ਉੱਭਰਿਆ ਅਤੇ ਸ਼ਹੀਦਾਂ ਦੀ ਸੂਚੀ ਵਿਚ ਆਪਣਾ ਨਾਮ ਵੀ ਦਰਜ਼ ਕਰਵਾਇਆ। ਇਸ ਪਰਿਵਾਰ ਦੇ ਵਡੇਰਿਆਂ ਨੇ ਸਿੱਖ ਰਾਜ ਮੌਕੇ ਸਿੱਖ ਫੌਜ ਚ ਉੱਚੇ ਅਹੁਦੇ ਮਾਣੇ ਸਨ। ਸਿੱਖ ਰਾਜ ਖੋਹੇ ਜਾਣ ਬਾਅਦ ਉਹਨਾਂ ਨੂੰ ਅੰਗਰੇਜ਼ ਫ਼ੌਜਾਂ ਚ ਨਾ ਜਾਣ ਕਰਕੇ ਅਹੁਦੇ ਤਿਆਗਣੇ ਪਏ। ਇਸ ਪਰਿਵਾਰ ਦੇ ਵਡੇਰੇ ਫਤਹਿ ਸਿੰਘ ਨੂੰ ਸੂਰਤ ਸਿੰਘ ਮਜੀਠੀਆ ਨੇ ਖੁਸੀ ਹੋਈ ਜਾਗੀਰ ਵਾਪਸੀ ਦਾ ਲਾਲਚ ਦਿੰਦਿਆਂ ਅੰਗਰੇਜ਼ ਸਰਕਾਰ ਦੀ ਸੇਵਾ ਚ ਜਾਣ ਦਾ ਸੁਝਾਅ ਦਿੱਤਾ ਤਾਂ ਉਨ੍ਹਾਂ ਇਹ ਕਹਿੰਦਿਆਂ ਦੋ ਟੁਕ ਜਵਾਬ ਦੇ ਦਿੱਤਾ ਕਿ “ਉਹ ਆਪਣੇ ਦੇਸ਼ਵਾਸੀਆਂ ਵਿਰੁੱਧ ਲੜਣ ਨਾਲੋਂ ਆਪਣਾ ਕੁੱਝ ਗਵਾਉਣਾ ਬੇਹਤਰ ਸਮਝੇਗਾ ਕਿਉਂਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਆਜ਼ਾਦੀ ਲਈ ਲੜਣ ਦੇ ਅਸੂਲਾਂ ਨੂੰ ਬੇਦਾਵਾ ਨਹੀਂ ਦੇ ਸਕਦਾ।
ਇਸੇ ਪਰਿਵਾਰ ਦੇ ਖੇਮ ਸਿੰਘ ਦੇ ਤਿੰਨ ਪੁੱਤਰ ਅਰਜਨ ਸਿੰਘ,ਸੁਰਜਨ ਸਿੰਘ ਤੇ ਮੋਹਨ ਸਿੰਘ ਸਨ। ਮੋਹਨ ਸਿੰਘ (ਕ੍ਰਾਂਤੀਕਾਰੀ ਹਰੀ ਸਿੰਘ ਦਾ ਬਾਪ) ਤਾਂ ਖੇਤੀਬਾੜੀ ਚ ਹੀ ਰੁੱਝ ਗਿਆ ਸੀ।ਬਾਕੀ ਅਰਜਨ ਸਿੰਘ ਅਤੇ ਸੁਰਜਨ ਸਿੰਘ ਇਲਾਕੇ ਦੇ ਮੋਹਰੀ ਬਣ ਕੇ ਸਮਾਜ ਸੇਵਾ ਕਰਦੇ ਸਨ। ਕਾਂਗਰਸ ਦੇ 1893 ਵਾਲੇ ਲਾਹੌਰ ਸਮਾਗਮ ਜੋ ਦਾਦਾ ਭਾਈ ਨੈਰੋਜੀ ਦੀ ਪ੍ਰਧਾਨਗੀ ਹੇਠ ਹੋਇਆ ਸੀ ਵਿਚ ਦੋਨੋ ਭਾਈ ਜਲੰਧਰ ਜ਼ਿਲ੍ਹੇ ਦੇ ਡੈਲੀਗੇਟ ਬਣ ਕੇ ਜਲੰਧਰ ਤੋਂ ਲਾਹੌਰ ਤੱਕ ਦਾਦਾ ਭਾਈ ਨੈਰੋਜੀ ਨਾਲ ਟਰੇਨ ਚ ਇਕੱਠੇ ਬੈਠ ਕੇ ਗਏ । ਅਰਜਨ ਸਿੰਘ ਦੇਸ਼ ਭਗਤ ਬਣਿਆ ਰਿਹਾ ਪਰ ਸੁਰਜਨ ਸਿੰਘ ਪਲੇਗ ਦੀ ਬਿਮਾਰੀ ਸਮੇਂ ਰੋਗੀਆਂ ਦੇ ਨਵੇਂ ਘਰ ਬਣਾਉਣ ਤੋਂ ਬਗੈਰ ਹੀ ਢਾਹੁਣ ਅਤੇ ਸਾੜਨ ਸਮੇਂ ਆਪਣੇ ਭਰਾ ਅਰਜਨ ਸਿੰਘ ਦੇ ਉਲਟ ਬ੍ਰਿਟਿਸ਼ ਡਿਪਟੀ ਕਮਿਸ਼ਨਰ ਹੱਕ ਵਿੱਚ ਖੜ੍ਹਾ ਸੀ । ਇਸ ਤੋਂ ਬਾਅਦ ਉਹ ਪੱਕਾ ਅੰਗਰੇਜ਼ ਭਗਤ ਬਣ ਗਿਆ।ਉਸ ਦਾ ਪੁੱਤਰ ਦਿਲਬਾਗ ਸਿੰਘ ਨੂੰ ਆਰਡਰ ਆਫ ਬ੍ਰਿਟਿਸ਼ ਐਮਪਾਇਰ ਦਾ ਖ਼ਿਤਾਬ ਪ੍ਰਾਪਤ ਕੀਤਾ। ਜਦ ਜੈਤੋ ਮੋਰਚਾ ਚ ਸ਼ਾਮਲ ਹੋਣ ਜਾ ਰਿਹਾ ਤੇਰਵਾਂ ਸ਼ਹੀਦੀ ਜੱਥਾ ਬੰਗੇ ਵਿਚੋਂ ਲੰਘਣਾ ਸੀ। ਇਹੀ ਦਿਲਬਾਗ ਸਿੰਘ ਨੇ ਮੁਨਾਦੀ ਕਰਵਾਈ ਸੀ ਕਿ ਜੱਥੇ ਨੂੰ ਲੰਗਰ -ਪਾਣੀ, ਵਿਸ਼ਰਾਮ ਆਦਿ ਜਾਂ ਕੋਈ ਸਵਾਗਤ ਆਦਿ ਨਾ ਕੀਤਾ ਜਾਵੇ। ਕਿਸ਼ਨ ਸਿੰਘ ਬੰਬਈ ਗਿਆ ਹੋਣ ਕਰਕੇ ਭਗਤ ਸਿੰਘ ਨੇ ਹੀ ਜੱਥੇ ਦਾ ਸਵਾਗਤ ਅਤੇ ਲੰਗਰ ਦਾ ਪ੍ਰਬੰਧ ਕੀਤਾ ਅਤੇ ਜੋਸ਼ੀਲਾ ਭਾਸ਼ਣ ਵੀ ਦਿੱਤਾ। ਇਹ ਸਵਾਗਤ,ਲੰਗਰ ਅਤੇ ਭਾਸਣ ਦੀਆਂ ਰਿਪੋਰਟਾਂ ਸੁਣ ਕੇ ਇਹੀ ਦਿਲਬਾਗ ਸਿੰਘ ਨੇ ਭਗਤ ਸਿੰਘ ਦੇ ਇਸ ਕੰਮ ਨੂੰ ਆਪਣੀ ਹੇਠੀ ਸਮਝਦਿਆ ਅੰਗਰੇਜ਼ ਸਰਕਾਰ ਤੋਂ ਮਿਲੀਆਂ ਮੈਜਿਸਟਰੇਟੀ ਪਾਵਰਾਂ ਵਰਤਦਿਆਂ ਭਗਤ ਸਿੰਘ (ਰਿਸ਼ਤੇ ਚ ਆਪਣੇ ਭਤੀਜੇ)
ਦੀ ਗ੍ਰਿਫਤਾਰੀ ਦੇ ਵਾਰੰਟ ਕਢਵਾਏ ਸਨ। ਯਾਦ ਰਹੇ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਅੰਦੋਲਨ ਦੇ ਅਪ੍ਰੈਲ 1925ਚ ਮੁੱਕਣ ਤੱਕ ਸਾਰੇ ਸੱਤਿਆਗ੍ਰਿਹੀ ਰਿਹਾਅ ਕਰ ਦਿਤੇ ਸਨ ਪਰ ਦਿਲਬਾਗ ਸਿੰਘ ਦੀ ਪਹੁੰਚ ਕਾਰਨ ਕੇਵਲ ਭਗਤ ਸਿੰਘ ਦੇ ਵਾਰੰਟ ਕਈ ਮਹੀਨੇ ਤੱਕ ਵਾਪਿਸ ਨਹੀਂ ਲਏ ਗਏ।
ਅਰਜਨ ਸਿੰਘ ਬਿਰਧ ਅਵਸਥਾ ਵਿਚ ਵੀ ਜਵਾਨ ਸਨ। ਉਹਨਾ ਦੇ ਭਤੀਜੇ ਹਰੀ ਸਿੰਘ ਸਪੁੱਤਰ ਮੋਹਨ ਸਿੰਘ ਨੇ ਉਹਨਾਂ ਦੀ ਅਗਵਾਈ ਚ ਹੀ ਆਪਣੇ ਸਾਥੀਆਂ ਨਾਲ ਰਲ ਕੇ ਬੰਬ ਬਣਾਇਆ ਸੀ ਜੋਂ ਪ੍ਰੀਖਣ ਸਮੇਂ ਹੀ ਫਟ ਗਿਆ ਸੀ।ਆਪਣੇ ਪਰਿਵਾਰ ਵਿੱਚ ਆਏ ਦੁਖਾਂ ਦਾ ਸਾਹਮਣਾ ਕਰਨਾ ਪਿਆ। ਉਹ ਪੁੱਤਰ,ਪੋਤਰੇ ਤੱਕ ਦੀਆਂ ਕੁਰਬਾਨੀਆਂ ਜਰ ਰਹੇ ਸਨ ਅਤੇ ਭਗਤ ਸਿੰਘ ਦੀ ਸ਼ਹਾਦਤ ਤੋਂ ਸਵਾ ਸਾਲ ਬਾਅਦ ਉਹਨਾਂ ਦੀ ਮੌਤ ਹੋਈ।
ਅਰਜਨ ਸਿੰਘ ਨੇ ਆਪਣੇ ਪੁੱਤਰ ਕਿਸ਼ਨ ਸਿੰਘ ( ਪਿਤਾ ਸ਼ਹੀਦ ਭਗਤ ਸਿੰਘ) ਨੂੰ ਬਰਾਰ ਵਿਖੇ ਹੜ੍ਹ ਪੀੜਤਾਂ ਦੀ ਮਦਦ ਲਈ ਬਰਾਬਰ ਭੇਜਿਆ, 1900 ਵਿਚ ਗੁਜਰਾਤ ਚ ਕਾਲ਼ ਸਮੇਂ,1904 ਚ ਕਾਂਗੜਾ ਚ ਭੂਚਾਲ ਸਮੇਂ 1905 ਚ ਕਸ਼ਮੀਰ ਦੇ ਹੜ੍ਹਾਂ ਸਮੇਂ ਕਿਸ਼ਨ ਸਿੰਘ ਨੂੰ ਭੇਜਦੇ ਰਹੇ।ਫਿਰੋਜ਼ਪੁਰ ਵਿਖੇ ਅਨਾਥ ਆਸ਼ਰਮ ਖੁਲਵਾਇਆ।
ਅਰਜਨ ਸਿੰਘ ਦਾ ਦੂਸਰਾ ਬੇਟਾ ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) ਦੇਸ਼ ਦੀ ਆਜ਼ਾਦੀ ਲਈ ਪੂਰੇ ਭਾਰਤ ਚ 1857 ਵਾਂਗ ਲੜਾਈ ਛੇੜਨ ਲਈ ਤਿਆਰੀ ਕਰਨ ਦੀ ਪ੍ਰੇਰਨਾ ਦੇ ਰਿਹਾ ਸੀ।ਉਸ ਨੂੰ ਕਸ਼ਮੀਰ ਅਤੇ ਬੜੌਦਾ ਦੇ ਮਹਾਰਾਜਿਆਂ ਵੱਲੋਂ ਆਰਥਿਕ ਮਦਦ ਵੀ ਮਿਲੀ। ਕਿਸ਼ਨ ਸਿੰਘ,ਅਜੀਤ ਸਿੰਘ ਅਤੇ ਨੰਦ ਕਿਸ਼ੋਰ ਮਹਿਤਾ ਨੇ ਭਾਰਤ ਮਾਤਾ ਸੋਸਾਇਟੀ ਬਣਾ ਕੇ ਪੈਂਫਲਿਟ ਰਾਹੀਂ ਇਨਕਲਾਬੀ ਸਾਹਿਤ ਵੰਡਿਆ ਅਤੇ ਲੋਕ ਚੇਤਨਾ ਪੈਦਾ ਕੀਤੀ। ਨਿਊ ਕਲੋਨੀ ਐਕਟ ਅਤੇ ਲਗਾਨ ਵਧਾਉਣ ਵਿਰੁੱਧ ਅੰਦੋਲਨ ਸਮੇਂ ਵਿਰੋਧ ਪ੍ਰਦਰਸ਼ਨ ਸਮੇਂ ਅਜੀਤ ਸਿੰਘ ਦੇ ਭਾਸ਼ਣਾ ਤੋਂ ਡਰਦਿਆਂ ਅੰਗਰੇਜ਼ ਸਰਕਾਰ ਨੂੰ ਸਰਕੂਲਰ ਕੱਢਣਾ ਪਿਆ ਕਿ ਜਨਤਾ ਨੂੰ ਅਜੀਤ ਸਿੰਘ ਦੇ ਭਾਸ਼ਣਾ ਨੂੰ ਸੁਣਨ ਤੋਂ ਰੋਕਿਆ ਜਾਵੇ। ਲਾਜਪਤ ਰਾਏ ਦੇ ਇਕ ਭਾਸ਼ਣ ਤੋਂ ਸਪੱਸ਼ਟ ਹੈ ਕਿ” ਸਰਦਾਰ ਅਜੀਤ ਸਿੰਘ ਦਾ ਅਸਲੀ ਉਦੇਸ਼ ਕਿਸਾਨ ਅੰਦੋਲਨ ਨੂੰ ਪਰੀ ਤਰ੍ਹਾਂ ਭੜਕਾਅ ਕੇ ਬ੍ਰਿਟਿਸ਼ ਸਾਮਰਾਜਵਾਦ ਦੇ ਖ਼ਿਲਾਫ਼ ਭਖਦਾ ਹੋਇਆ ਕਰਾਂਤੀਕਾਰੀ ਅੰਦੋਲਨ ਬਣਾ ਦੇਣਾ ਸੀ, ਸਰਦਾਰ ਜੀ ਕੋਈ ਸਮਝੌਤਾ ਨਹੀਂ ਸੀ ਚਾਹੁੰਦੇ ਬਲਕਿ ਉਹ ਤਾਂ ਅੰਗਰੇਜ਼ੀ ਰਾਜ ਦਾ ਮੁਕੰਮਲ ਖਾਤਮਾਂ ਚਾਹੁੰਦੇ ਸਨ।” ਪੰਜਾਬ ਦੇ ਮਨ ਗਵਰਨਰ ਨੇ ਵਾਇਸਰਾਏ ਲਾਰਡ ਹਾਰਡਿੰਗ ਨੂੰ ਲਿਖਿਆ ਪੰਜਾਬ ਵਿਚ ਗਦਰ ਹੋਣ ਵਾਲਾ ਹੈ ਤੇ ਉਸਦੀ ਅਗਵਾਈ ਸਰਦਾਰ ਅਜੀਤ ਸਿੰਘ ਤੇ ਉਹਨਾਂ ਦੀ ਪਾਰਟੀ ਕਰੇਗੀ। ਬਗ਼ਾਵਤ ਨੂੰ ਰੋਕਣ ਦਾ ਪ੍ਰਬੰਧ ਕਰੋ।” ਇਸ ਕਾਰਨ 7 ਮਈ 1907 ਨੂੰ ਸਰਦਾਰ ਅਜੀਤ ਸਿੰਘ ਨੂੰ ਮਾਂਡਲੇ ਜੇਲ੍ਹ ਭੇਜ ਦਿੱਤਾ ਸੀ। ਇਹਨਾਂ ਦੇ ਘਰੋਂ ਤਲਾਸ਼ੀ ਮੌਕੇ ਗ਼ਦਰੀ ਸਾਹਿਤ ਮਿਲਿਆ ਜਿਸ ਨੂੰ ਥਾਣੇ ਪਹੁਚਾਉਣ ਲਈ ਸੱਤ ਊਠ ਵਰਤੇ ਗਏ। ਭਗਤ ਸਿੰਘ ਦਾ ਦੂਸਰਾ ਚਾਚਾ ਸਵਰਨ ਸਿੰਘ ਅੰਗਰੇਜ਼ ਸਰਕਾਰ ਦੀਆਂ ਅੱਖਾਂ ਚ ਰੜਕਦਾ ਸੀ। ਭਗਤ ਸਿੰਘ ਦੇ ਛੋਟੇ ਚਾਚੇ ਸਵਰਨ ਸਿੰਘ ਨੇ, ਅਜੀਤ ਸਿੰਘ ਦੀ ਗਿਰਫਤਾਰੀ ਪਿੱਛੋਂ, ਅੰਗਰੇਜ਼ ਸਰਕਾਰ ਵਿਰੁੱਧ ਗਰਮਾ-ਗਰਮ ਲੇਖ ਲਿਖੇ ਤੇ ਗੁਪਤ ਰੂਪ ਵਿਚ ਛਪਵਾ ਕੇ ਜਨਤਾ ਵਿਚ ਵੰਡੇ। 20 ਜੁਲਾਈ 1907 ਨੂੰ ਡੇਢ ਸਾਲ ਦੀ ਸਜ਼ਾ ਕਰ ਦਿੱਤੀ ਸੀ ਪਰ ਉਸ ਨੂੰ ਜਿਸ ਦਿਨ ਰਿਹਾਅ ਕਰ ਦਿੱਤਾ ਉਸ ਦਿਨ ਹੀ ਭਗਤ ਸਿੰਘ ਦਾ ਜਨਮ ਹੋਇਆ ਸੀ। ਸਵਰਣ ਸਿੰਘ ਤੋਂ ਜੇਲ੍ਹ ਵਿਚ ਘਟੀਆ ਖੁਰਾਕ ਮਿਲਣ ਅਤੇ ਚੱਕੀ ,ਕੋਹਲੂ ਦੀ ਸਖ਼ਤ ਮੁਸ਼ੱਕਤ ਕਾਰਨ ਤਪਦਿਕ ਦਾ ਰੋਗ ਲੱਗ ਗਿਆ। ਘਰੋਂ ਮਿਲ਼ਦੀ ਚੰਗੀ ਖੁਰਾਕ ਅਤੇ ਵਧੀਆ ਇਲਾਜ ਨਾਲ ਵੀ ਉਸਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦੀ 23 ਸਾਲ ਦੀ ਉਮਰ ਵਿੱਚ ਮੌਤ ਹੋ ਗਈ।
ਜਿਥੇ ਅਰਜਨ ਸਿੰਘ ਕਾਂਗਰਸ, ਕਿਸਾਨ ਲਹਿਰ ਅਤੇ ਗ਼ਦਰ ਲਹਿਰ ਦੇ ਆਗੂਆਂ ਨਾਲ ਜੁੜਿਆ ਹੋਇਆ ਸੀ ਉੱਥੇ ਉਹ ਸਮਾਜ ਸੁਧਾਰਕ ਹੋਣ ਕਰਕੇ ਆਰੀਆ ਸਮਾਜ ਨਾਲ ਜੁੜਿਆ ਹੋਇਆ ਸੀ,ਉਹ 1893 ਦੇ ਕਾਂਗਰਸ ਦੇ ਲਹੌਰ ਸਮਾਗ਼ਮ ਵਿਚ ਆਪਣੇ ਭਰਾ ਸੁਰਜਨ ਸਿੰਘ ਨਾਲ ਹਿੱਸਾ ਲੈਣ ਗਿਆ ਸੀ। ਅਰਜਨ ਸਿੰਘ ਦੇ ਤਿੰਨ ਪੁੱਤਰ ਹੋਏ ਕਿਸ਼ਨ ਸਿੰਘ,ਅਜੀਤ ਸਿੰਘ ਅਤੇ ਸਵਰਨ ਸਿੰਘ । ਅਰਜਨ ਸਿੰਘ ਗੁਰਦੁਆਰਾ ਸੁਧਾਰ ਲਹਿਰ ਤੋਂ ਵੀ ਪ੍ਰਭਾਵਿਤ ਹੋਇਆ ਉਸ ਨੇ ਪਿੰਡ ਵਿੱਚ ਅੱਗੇ ਹੋ ਕੇ ਦੋ ਖੂਹ ਬਣਵਾਏ ਅਤੇ ਇੱਕ ਗੁਰਦੁਆਰਾ ਸਾਹਿਬ ਸਥਾਪਤ ਕੀਤਾ। ਅਕਾਲੀਆਂ ਵਾਂਗ ਕਾਲ਼ੀ ਪੱਗ ਵੀ ਬੰਨ੍ਹਣ ਲੱਗਾ।ਉਸ ਨੇ ਅਜੀਤ ਸਿੰਘ ਅਤੇ ਕਿਸ਼ਨ ਸਿੰਘ ਨੂੰ ਹੋਲਾ ਮਹੱਲਾ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਪਾਨ ਵੀ ਕਰਵਾਇਆ। ਉਹਨਾਂ ਦੀ ਪਤਨੀ (ਸ਼ਹੀਦ ਭਗਤ ਸਿੰਘ ਦੀ ਦਾਦੀ) ਸ੍ਰੀਮਤੀ ਜੈ ਕੌਰ ਦੀ ਸਿੱਖ ਧਰਮ ਵਿਚ ਬਹੁਤ ਆਸਥਾ ਸੀ। ਯੱਗੋਪਵੀਤ ਸਮੇਂ ਉਸ ਨੇ ਆਪਣੇ ਪੋਤਰਿਆਂ ਜਗਤ ਅਤੇ ਭਗਤ ਦੇ ਕੇਸ ਨਹੀਂ ਕਟਵਾਉਣ ਦਿੱਤੇ ਸਨ।
ਅਜੀਤ ਸਿੰਘ, ਕਿਸ਼ਨ ਸਿੰਘ ਅਤੇ ਸਵਰਨ ਸਿੰਘ ਤਿੰਨੇ ਹੀ ਭਰਾ ਰਾਜਨੀਤੀ ਚ ਸਰਗਰਮ ਸਨ।ਇਹਨਾਂ ਨੂੰ 1907 ਚ ਗ੍ਰਿਫ਼ਤਾਰ ਕਰ ਲਿਆ ਗਿਆ।ਇਹ ਇਕ ਕਰਾਮਾਤੀ ਸੰਯੋਗ ਹੀ ਸੀ ਕਿ ਪਰਿਵਾਰ ਨੂੰ ਇਹਨਾਂ ਤਿੰਨਾਂ ਦੀ ਰਿਹਾਈ ਦੀ ਸੂਚਨਾ 28 ਸਤੰਬਰ 1907 ਨੂੰ ਹੀ ਮਿਲੀ ।ਇਸੇ ਦਿਨ ਹੀ ਮਾਤਾ ਵਿਦਿਆਵਤੀ ਸੁਪਤਨੀ ਸਰਦਾਰ ਕਿਸ਼ਨ ਸਿੰਘ ਦੀ ਕੁੱਖੋਂ ਭਗਤ ਸਿੰਘ ਦਾ ਜਨਮ ਹੁੰਦਾ ਹੈ।ਇਸ ਸ਼ੁਭ ਮੌਕੇ ‘ਤੇ, ਭਗਤ ਸਿੰਘ ਦੇ ਘਰ ਵਿੱਚ ਖੁਸ਼ੀ ਹੋਰ ਵੀ ਵੱਧ ਗਈ। ਭਗਤ ਸਿੰਘ ਦੇ ਜਨਮ ਤੋਂ ਬਾਅਦ, ਉਨ੍ਹਾਂ ਦੀ ਦਾਦੀ ਨੇ ਉਨ੍ਹਾਂ ਦਾ ਨਾਮ ‘ਭਾਗਾਂ ਵਾਲਾ’ ਰੱਖਿਆ। ਜਿਸਦਾ ਅਰਥ ਹੈ ‘ਸ਼ੁਭ ਕਿਸਮਤ ਵਾਲਾ’। ਬਾਅਦ ਵਿੱਚ ਉਹ ‘ਭਗਤ ਸਿੰਘ’ ਦੇ ਨਾਮ ਨਾਲ ਜਾਣੇ ਜਾਣ ਲੱਗੇ।
ਕ੍ਰਾਂਤੀਕਾਰੀ ਪਰਿਵਾਰ ਚ ਪਲ ਰਿਹਾ ਭਗਤ ਸਿੰਘ ਵੱਡਾ ਹੋ ਕੇ ਵੱਡਾ ਕ੍ਰਾਂਤੀਕਾਰੀ ਹੀ ਬਣਨਾ ਸੀ। ਉਤਰ ਪ੍ਰਦੇਸ਼ ਦਾ ਉੱਘਾ ਲੇਖਕ ਹੰਸਰਾਜ ਰਹਿਬਰ ਆਪਣੀ ਪ੍ਰਸਿੱਧ ਕਿਤਾਬ ਭਗਤ ਸਿੰਘ: ਇੱਕ ਮਘਦਾ ਇਨਕਲਾਬ ਵਿਚ ਲਿਖਦੇ ਹਨ,”ਬੁੱਧੀ ਤੇਜ਼ ਸੀ ਤੇ ਗਿਆਨ ਦੀ ਗੰਗਾ ਘਰੇ ਪਹਿਲਾਂ ਹੀ ਵਹਿ ਰਹੀ ਸੀ। ਭਗਤ ਸਿੰਘ ਆਪਣੇ ਨਾਲ ਪੜ੍ਹਨ ਵਾਲੇ ਬੱਚਿਆਂ ਵਿਚ ਸਭਤੋਂ ਅੱਗੇ ਸਨ। ਪੜ੍ਹਾਈ ਦਾ ਏਨਾ ਸ਼ੌਕ ਸੀ ਕਿ ਸਕੂਲ ਦੀਆਂ ਕਿਤਾਬਾਂ ਦੇ ਇਲਾਵਾ ਜੋ ਕੁਝ ਹੱਥ ਆਉਂਦਾ, ਉਹ ਸਭ ਪੜ੍ਹ ਲੈਂਦੇ। ਲਿਖਿਆ ਹੈ ਕਿ ‘ਜਦੋਂ ਉਹ ਚੌਥੀ ਜਮਾਤ ਵਿਚ ਸਨ ਤਾ ਘਰ ਪਈਆਂ ਅਜੀਤ ਸਿੰਘ, ਲਾਲਾ ਹਰਦਿਆਲ ਤੇ ਸੂਫ਼ੀ ਅੰਬਾ ਪਰਸਾਦ ਦੀਆਂ ਲਿਖੀਆਂ ਛੋਟੀਆਂ-ਛੋਟੀਆਂ ਪੰਜਾਹ ਕੁ ਪੁਸਤਕਾਂ ਪੜ੍ਹ ਲਈਆਂ ਸਨ । ਘਰੇ ਪੁਰਾਣੇ ਅਖ਼ਬਾਰਾਂ ਦੀਆਂ ਫਾਈਲਾਂ ਵੀ ਪਈਆਂ ਸਨ। ਉਹਨਾਂ ਵਿਚ ਅਜੀਤ ਸਿੰਘ ਤੇ ਲਾਜਪਤ ਰਾਏ ਦੇ ਦੇਸ਼ ਨਿਕਾਲੇ ਤੇ ਢੀਂਗਰਾ ਦੁਆਰਾ ਕਰਜਨ ਵਿਲੀ ਦੀ ਹੱਤਿਆ ਆਦੀ ਦੇ ਰਾਜਨੀਤਕ ਕਾਂਢ ਦੇ ਸਮਾਚਾਰ ਸਨ। ਉਹਨਾਂ, ਉਹ ਸਭ ਪੜ੍ਹੇ।”
ਜਦ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਤਾਂ ਪੰਜਾਬ ਭਰ ਚ ਰੋਸ ਫੈਲਿਆ। ਫਿਲੌਰ ਨੇੜੇ ਮੁਠੱਡਾ ਪਿੰਡ ਚ ਜੋਂ ਸਮਾਗ਼ਮ ਹੋਇਆ ਤਾਂ ਮੁੱਛ -ਫੁੱਟ ਗੱਭਰੂ ਭਗਤ ਸਿੰਘ ਆਪਣੇ ਪਰਿਵਾਰ ਨਾਲ ਇਥੇ ਵੀ ਪਹੁੰਚਿਆ ।ਘਰ ਗਿਆ ਤਾਂ ਭੈਣ ਅਮਰ ਕੌਰ ਪੋਥੀ ਤੋਂ ਪਾਠ ਕਰ ਰਹੀ ਸੀ ਤਾਂ ਭਗਤ ਸਿੰਘ ਨੇ ਪੁੱਛਿਆ ,” ਅਮਰੋ ਕੀ ਪੜ੍ਹਦੀ ਹੈ? ਉਹ ਕਹਿੰਦੀ ਵੀਰੇ,ਮੈਂ ਪੰਜ ਗ੍ਰੰਥੀ ਪੜ੍ਹਦੀ ਆਂ,ਆ ਜਾ ਤੂੰ ਵੀ ਪੜ੍ਹ।”ਨਹੀਂ ਭੈਣੇ, “ਮੈਂ ਬੀੜ ਸਾਹਿਬ ਪੜ੍ਹ ਆਇਆਂ।” ਭਗਤ ਸਿੰਘ ਨੇ ਕਿਹਾ। ਮੁਠੱਡਾ ਪਿੰਡ ਚ ਗੁਰੂ ਗ੍ਰੰਥ ਸਾਹਿਬ ਦੀ ਉਸ ਬੀੜ ਦਾ ਪ੍ਰਕਾਸ਼ ਹੋਇਆ ਸੀ ਜਿਸ ਨੂੰ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਮਹੰਤ ਨਰੈਣ ਸਿੰਘ ਦੇ ਬੰਦਿਆਂ ਨੇ ਗੋਲੀਆਂ ਮਾਰੀਆਂ ਸਨ। ਭਗਤ ਸਿੰਘ ਆਪਣੇ ਪਿਤਾ ਜੀ ਨਾਲ ਸੰਗਤਾਂ ਦੁਆਰਾ ਕਰਵਾਏ ਸ਼ਹੀਦੀ ਸਮਾਗਮ ਵਿਚ ਇਸ ਬੀੜ ਨੂੰ ਵੇਖ ਕੇ ਆਇਆ ਸੀ।ਇਸ ਬੀੜ ਦੇ ਦਰਸ਼ਨ ਸਾਰੇ ਪੰਜਾਬ ਚ ਕਰਵਾ ਕੇ ਮਹੰਤਾਂ ਦੇ ਸੰਗਤਾਂ ਉਪਰ ਕਰੇ ਜ਼ੁਲਮਾਂ ਨੂੰ ਦਰਸਾਇਆ ਗਿਆ ਸੀ। ਘਰ ਆ ਕੇ ਆਪਣੀ ਦਾਦੀ ਨੂੰ ਦੱਸਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਗੋਲੀਆਂ ਇਸ ਲਈ ਮਾਰੀਆਂ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਿਖਿਆ ਰਾਹੀਂ ਸਾਨੂੰ ਇਨਕਲਾਬੀ ਮਨੁੱਖ ਬਣਾਉਣ ਦਾ ਕੰਮ ਕਰਦਾ । ਬੀੜ ਸਾਹਿਬ ਨੂੰ ਪੜ੍ਹਨ ਦਾ ਭਾਵ ਭਗਤ ਸਿੰਘ ਦੀਆਂ ਉਪਰੋਕਤ ਗੱਲਾਂ ਚੋਂ ਸਮਝ ਆ ਜਾਂਦਾ ਹੈ ਕਿ ਮੈਂ ਗੁਰੂ ਦਾ ਇਸ ਸਮੇਂ ਹੁਕਮ ਕੀ ਹੈ ? ਮੈ ਸਮਝ ਲਿਆ ਹੈ।ਇਸ ਘਟਨਾ ਤੋਂ ਭਗਤ ਸਿੰਘ ਦੀ ਸਮਕਾਲੀ ਹਾਲਾਤਾਂ ਤੇ ਪਕੜ ਅਤੇ ਸਮਝ ਦੇ ਨਾਲ ਨਾਲ ਵਿਸ਼ਲੇਸ਼ਣਾਤਮਿਕ ਸੂਝ ਦਾ ਪਤਾ ਚਲਦਾ ਹੈ।
1929 ਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਦੂਜੀ ਕਾਨਫਰੰਸ ਜਿਸਦੇ ਮੁੱਖ ਮਹਿਮਾਨ ਨੇਤਾ ਜੀ ਸੁਭਾਸ਼ ਚੰਦਰ ਬੋਸ ਸਨ,ਤੇ ਭਗਤ ਸਿੰਘ ਆਪ ਨੀ ਆ ਸਕਿਆ ਸੀ ਜੋਂ ਉਸ ਨੇ ਸੰਦੇਸ਼ ਭੇਜਿਆ ਸੀ ਉਸ ਚ ਜ਼ੋਰ ਦੇ ਕੇ ਕਿਹਾ ਸੀ ਕਿ ਇਹਨਾ ਵਿਦਿਆਰਥੀਆਂ ਨੇ ਅਜੇ ਬਹੁਤ ਵੱਡੇ ਕੰਮ ਕਰਨ ਦੀ ਆਸ ਰੱਖਦਿਆਂ ਕਿਹਾ ਸੀ ਕਿ ਅਸੀਂ ਵਿਦਿਆਰਥੀਆਂ ਨੂੰ ਬੰਬ, ਪਿਸਤੌਲ ਆਦਿ ਚੁੱਕਣ ਦੀ ਸਲਾਹ ਨੀ ਦੇ ਸਕਦੇ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਆਪਣੀਆਂ ਅੱਖਾਂ ਸਦਾ ਖੁੱਲੀਆਂ ਰੱਖਣ ਨੂੰ ਕਿਹਾ ਸੀ ਅਤੇ ਲੋੜ ਪੈਣ ਤੇ ਦੇਸ਼ ਦੇ ਹਿੱਤ ਚ ਜੂਝਣ ਦੀ ਵੀ ਨਸੀਹਤ ਦਿੱਤੀ ਸੀ। ਉਹ 14 ਸਾਲ ਦੀ ਉਮਰ ਤੋਂ ਹੀ ਪੰਜਾਬ ਦੇ ਇਨਕਲਾਬੀ ਸੰਗਠਨਾਂ ਵਿੱਚ ਕੰਮ ਕਰਨ ਲੱਗ ਪਏ। ਉਨ੍ਹਾਂ ਨੇ ਡੀ.ਏ.ਵੀ. ਸਕੂਲ ਤੋਂ ਨੌਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ। 1923 ਵਿੱਚ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਇੰਨੇ ਰੁੱਝ ਗਏ ਕਿ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਨੂੰ ਸਮਰਪਿਤ ਕਰ ਦਿੱਤਾ। ਜਿਸ ਹਿੰਮਤ ਨਾਲ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਸ਼ਕਤੀਸ਼ਾਲੀ ਬ੍ਰਿਟਿਸ਼ ਸਰਕਾਰ ਨਾਲ ਲੜਾਈ ਲੜੀ, ਉਹ ਹਮੇਸ਼ਾ ਨੌਜਵਾਨਾਂ ਲਈ ਇੱਕ ਮਹਾਨ ਰੋਲ ਮਾਡਲ ਰਹੇਗਾ। ਹਿੰਦੀ, ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਤੋਂ ਇਲਾਵਾ, ਭਗਤ ਸਿੰਘ ਬੰਗਾਲੀ ਵੀ ਜਾਣਦੇ ਸਨ। ਉਨ੍ਹਾਂ ਦੇ ਵਿਚਾਰਾਂ ਦਾ ਅੰਦਾਜ਼ਾ ਉਨ੍ਹਾਂ ਦੇ ਜੇਲ੍ਹ ਦੇ ਦਿਨਾਂ ਦੌਰਾਨ ਲਿਖੇ ਪੱਤਰਾਂ ਅਤੇ ਲੇਖਾਂ ਤੋਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਭਾਸ਼ਾ, ਜਾਤ ਅਤੇ ਧਰਮ ਕਾਰਨ ਭਾਰਤੀ ਸਮਾਜ ਵਿੱਚ ਪੈਦਾ ਹੋਈਆਂ ਦੂਰੀਆਂ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਸਮਾਜ ਦੇ ਕਮਜ਼ੋਰ ਵਰਗ ‘ਤੇ ਇੱਕ ਭਾਰਤੀ ਦੁਆਰਾ ਕੀਤੇ ਗਏ ਹਮਲੇ ਬਾਰੇ ਓਨੀ ਹੀ ਗੰਭੀਰਤਾ ਨਾਲ ਸੋਚਿਆ ਜਿੰਨਾ ਇੱਕ ਅੰਗਰੇਜ਼ ਦੁਆਰਾ ਕੀਤੇ ਗਏ ਅੱਤਿਆਚਾਰ। ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੀ ਸ਼ਹਾਦਤ ਭਾਰਤੀ ਲੋਕਾਂ ਨੂੰ ਹੋਰ ਹਮਲਾਵਰ ਬਣਾ ਦੇਵੇਗੀ, ਪਰ ਜਦੋਂ ਤੱਕ ਉਹ ਜ਼ਿੰਦਾ ਰਹੇਗੀ, ਅਜਿਹਾ ਨਹੀਂ ਹੋਵੇਗਾ। ਇਸੇ ਕਰਕੇ ਉਸਨੇ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਮੁਆਫ਼ੀਨਾਮਾ ਲਿਖਣ ਤੋਂ ਇਨਕਾਰ ਕਰ ਦਿੱਤਾ।
13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿੱਚ ਹੋਏ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਭਗਤ ਸਿੰਘ ਦੀ ਸੋਚ ‘ਤੇ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਉਸਨੇ ਲਾਹੌਰ ਦੇ ਨੈਸ਼ਨਲ ਕਾਲਜ ਤੋਂ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ।ਕਾਕੋਰੀ ਮਾਮਲੇ ਵਿੱਚ ਰਾਮਪ੍ਰਸਾਦ ‘ਬਿਸਮਿਲ’ ਸਮੇਤ 4 ਕ੍ਰਾਂਤੀਕਾਰੀਆਂ ਨੂੰ ਫਾਂਸੀ ਅਤੇ 16 ਹੋਰਾਂ ਨੂੰ ਕੈਦ ਕੀਤੇ ਜਾਣ ਤੋਂ ਭਗਤ ਸਿੰਘ ਇੰਨੇ ਪਰੇਸ਼ਾਨ ਸਨ ਕਿ ਉਹ ਚੰਦਰਸ਼ੇਖਰ ਆਜ਼ਾਦ ਦੀ ਪਾਰਟੀ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਵਿੱਚ ਸ਼ਾਮਲ ਹੋ ਗਏ ਅਤੇ ਇਸਨੂੰ ਇੱਕ ਨਵਾਂ ਨਾਮ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ’ ਦਿੱਤਾ। ਇਸ ਸੰਗਠਨ ਦਾ ਉਦੇਸ਼ ਅਜਿਹੇ ਨੌਜਵਾਨਾਂ ਨੂੰ ਤਿਆਰ ਕਰਨਾ ਸੀ ਜੋ ਸੇਵਾ ਕਰ ਸਕਣ, ਕੁਰਬਾਨੀ ਦੇ ਸਕਣ ਅਤੇ ਦਰਦ ਸਹਿ ਸਕਣ।
ਇਸ ਤੋਂ ਬਾਅਦ, ਭਗਤ ਸਿੰਘ ਨੇ ਰਾਜਗੁਰੂ ਨਾਲ ਮਿਲ ਕੇ 17 ਦਸੰਬਰ 1928 ਨੂੰ ਬ੍ਰਿਟਿਸ਼ ਅਫਸਰ ਜੇਪੀ ਸੈਂਡਰਸ, ਜੋ ਲਾਹੌਰ ਵਿੱਚ ਸਹਾਇਕ ਸੁਪਰਡੈਂਟ ਆਫ਼ ਪੁਲਿਸ ਸੀ, ਨੂੰ ਮਾਰ ਦਿੱਤਾ। ਇਨਕਲਾਬੀ ਚੰਦਰਸ਼ੇਖਰ ਆਜ਼ਾਦ ਨੇ ਵੀ ਇਸ ਕਾਰਵਾਈ ਵਿੱਚ ਉਸਦੀ ਮਦਦ ਕੀਤੀ। ਇਸ ਤੋਂ ਬਾਅਦ, ਭਗਤ ਸਿੰਘ ਨੇ ਆਪਣੇ ਇਨਕਲਾਬੀ ਦੋਸਤ ਬਟੁਕੇਸ਼ਵਰ ਦੱਤ ਨਾਲ ਮਿਲ ਕੇ 8 ਅਪ੍ਰੈਲ 1929 ਨੂੰ ਦਿੱਲੀ ਦੇ ਅਲੀਪੁਰ ਰੋਡ ‘ਤੇ ਸਥਿਤ ਬ੍ਰਿਟਿਸ਼ ਭਾਰਤ ਦੀ ਕੇਂਦਰੀ ਅਸੈਂਬਲੀ ਦੇ ਅਸੈਂਬਲੀ ਹਾਲ ਵਿੱਚ ਬੰਬ ਅਤੇ ਪੈਂਫਲੇਟ ਸੁੱਟੇ ਤਾਂ ਜੋ ਬ੍ਰਿਟਿਸ਼ ਸਰਕਾਰ ਨੂੰ ਜਗਾਇਆ ਜਾ ਸਕੇ। ਬੰਬ ਸੁੱਟਣ ਤੋਂ ਬਾਅਦ, ਦੋਵਾਂ ਨੇ ਉੱਥੇ ਹੀ ਆਤਮ ਸਮਰਪਣ ਕਰ ਦਿੱਤਾ।ਇਸ ਤੋਂ ਬਾਅਦ, ‘ਲਾਹੌਰ ਸਾਜ਼ਿਸ਼’ ਦੇ ਇਸ ਮਾਮਲੇ ਵਿੱਚ, ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਨੂੰ 23 ਮਾਰਚ 1931 ਨੂੰ ਇਕੱਠੇ ਫਾਂਸੀ ਦੇ ਦਿੱਤੀ ਗਈ ਸੀ। ਮੰਨਿਆ ਜਾਂਦਾ ਹੈ ਕਿ ਮੌਤ ਦੀ ਸਜ਼ਾ 24 ਮਾਰਚ ਦੀ ਸਵੇਰ ਨੂੰ ਨਿਰਧਾਰਤ ਕੀਤੀ ਗਈ ਸੀ, ਪਰ ਲੋਕਾਂ ਤੋਂ ਡਰੀ ਹੋਈ ਸਰਕਾਰ ਨੇ 23-24 ਮਾਰਚ ਦੀ ਅੱਧੀ ਰਾਤ ਨੂੰ ਇਨ੍ਹਾਂ ਨਾਇਕਾਂ ਦੀ ਜਾਨ ਲੈ ਲਈ ਅਤੇ ਰਾਤ ਦੇ ਹਨੇਰੇ ਵਿੱਚ ਸਤਲੁਜ ਦੇ ਕੰਢੇ ਉਨ੍ਹਾਂ ਦਾ ਸਸਕਾਰ ਵੀ ਕਰ ਦਿੱਤਾ। ਇਹ ਇੱਕ ਇਤਫ਼ਾਕ ਸੀ ਕਿ ਜਦੋਂ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ ਅਤੇ ਦੁਨੀਆਂ ਤੋਂ ਚਲੇ ਗਏ, ਤਾਂ ਉਨ੍ਹਾਂ ਦੀ ਉਮਰ 23 ਸਾਲ, 5 ਮਹੀਨੇ ਅਤੇ 23 ਦਿਨ ਸੀ ਅਤੇ ਦਿਨ ਵੀ 23 ਮਾਰਚ ਦਾ ਸੀ। ਫਾਂਸੀ ਤੋਂ ਪਹਿਲਾਂ, ਭਗਤ ਸਿੰਘ ਨੇ ਬ੍ਰਿਟਿਸ਼ ਸਰਕਾਰ ਨੂੰ ਇੱਕ ਪੱਤਰ ਵੀ ਲਿਖਿਆ ਸੀ, ਜਿਸ ਵਿੱਚ ਉਸਨੇ ਕਿਹਾ ਸੀ ਕਿ ਉਸਨੂੰ ਜੰਗੀ ਕੈਦੀ ਮੰਨਿਆ ਜਾਣਾ ਚਾਹੀਦਾ ਹੈ, ਜੋ ਕਿ ਬ੍ਰਿਟਿਸ਼ ਸਰਕਾਰ ਵਿਰੁੱਧ ਭਾਰਤੀਆਂ ਦੀ ਲੜਾਈ ਦਾ ਪ੍ਰਤੀਕ ਹੈ ਅਤੇ ਉਸਨੂੰ ਫਾਂਸੀ ਦੇਣ ਦੀ ਬਜਾਏ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਹੈ, ਪਰ ਅਜਿਹਾ ਨਹੀਂ ਹੋਇਆ।
ਭਗਤ ਸਿੰਘ ਦੀ ਸ਼ਹਾਦਤ ਨੇ ਨਾ ਸਿਰਫ ਉਸਦੇ ਦੇਸ਼ ਦੇ ਆਜ਼ਾਦੀ ਸੰਗਰਾਮ ਨੂੰ ਗਤੀ ਦਿੱਤੀ ਬਲਕਿ ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵੀ ਬਣ ਗਏ। ਉਹ ਦੇਸ਼ ਦੇ ਸਾਰੇ ਸ਼ਹੀਦਾਂ ਦੇ ਨੇਤਾ ਬਣ ਗਏ। ਭਾਰਤ ਅਤੇ ਪਾਕਿਸਤਾਨ ਦੇ ਲੋਕ ਉਸਨੂੰ ਇੱਕ ਆਜ਼ਾਦੀ ਪ੍ਰੇਮੀ ਵਜੋਂ ਦੇਖਦੇ ਹਨ ਜਿਸਨੇ ਆਪਣੀ ਜਵਾਨੀ ਸਮੇਤ ਆਪਣਾ ਪੂਰਾ ਜੀਵਨ ਦੇਸ਼ ਲਈ ਸਮਰਪਿਤ ਕਰ ਦਿੱਤਾ। ਉਸਦੇ ਜੀਵਨ ‘ਤੇ ਆਧਾਰਿਤ ਕਈ ਹਿੰਦੀ ਫਿਲਮਾਂ ਵੀ ਬਣੀਆਂ ਹਨ, ਜਿਨ੍ਹਾਂ ਵਿੱਚ – ਦ ਲੈਜੇਂਡ ਆਫ਼ ਭਗਤ ਸਿੰਘ, ਸ਼ਹੀਦ, ਸ਼ਹੀਦ ਭਗਤ ਸਿੰਘ ਆਦਿ ਸ਼ਾਮਲ ਹਨ। ਅੱਜ ਵੀ ਪੂਰਾ ਦੇਸ਼ ਉਸਦੀ ਕੁਰਬਾਨੀ ਨੂੰ ਬਹੁਤ ਗੰਭੀਰਤਾ ਅਤੇ ਸਤਿਕਾਰ ਨਾਲ ਯਾਦ ਕਰਦਾ ਹੈ।ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਊਧਮ ਸਿੰਘ ਉਰਫ ਮੁਹੰਮਦ ਸਿੰਘ ਆਜ਼ਾਦ ਵਿਚਕਾਰ ਸੰਘਰਸ਼ਮਈ ਕੜੀ ਹੈ।ਕਰਤਾਰ ਸਿੰਘ ਸਰਾਭਾ ਵਾਂਗੂੰ ਜੋਸ਼,ਫੁਰਤੀ ਵੱਖ ਵੱਖ ਰਾਜਾਂ ਚ ਸੰਘਰਸ਼ ਦੀਆਂ ਕੜੀਆਂ ਜੋੜਨ ਦੀ ਮੁਹਾਰਤ ਭਗਤ ਸਿੰਘ ਵਿਚ ਸਾਫ਼ ਝਲਕਦੀ ਹੈ।
ਅਖੀਰ ਵਿਚ ਦੋ ਹੋਰ ਸਭ ਤੋਂ ਮਹੱਤਵਪੂਰਨ ਗੱਲਾਂ ਕਹਿਣੀਆਂ ਜ਼ਰੂਰੀ ਹਨ । ਪਹਿਲੀ- ਸਾਰੇ ਦੇਸ਼ ਭਗਤ ਪਹਿਲਾਂ ਵੰਦੇ ਮਾਤਰਮ ਦਾ ਨਾਅਰਾ ਹੀ ਲਾਉਂਦੇ ਸਨ ਪਰ ਭਗਤ ਸਿੰਘ ਨੇ ਨਵਾਂ ਨਾਅਰਾ ਦਿੱਤਾ ਸੀ- ਇਨਕਲਾਬ ਜਿੰਦਾਬਾਦ।ਦੁਨੀਆਂ ਦੇ ਇਤਿਹਾਸ ਵਿਚ ਐਨਾ ਅਰਥਵਾਨ ਨਾਅਰਾ ਅੱਜ ਤੱਕ ਕੋਈ ਵੀ ਨਹੀਂ ਹੋਇਆ। ਉਹਨਾਂ ਇਹ ਸੰਕੇਤ ਦਿਤਾ ਕਿ ਭਾਰਤ ਤਾਂ ਸਿਰਫ ਆਪਣੇ ਇਸ ਮੁਕੰਮਲ ਤਬਦੀਲੀ ਦੇ ਅਮੁੱਲ ਨਾਅਰੇ ਸਦਕਾ ਹੀ ਸਹੀ ਰਾਜ ਪ੍ਰਬੰਧ ਵਾਲੇ ਦੇਸ਼ ਦਾ ਰੁਤਬਾ ਹਾਸਲ ਕਰ ਸਕਦਾ ਹੈ।ਦੂਜੀ ਗੱਲ ਹੈ , ਉਨ੍ਹਾਂ ਦਾ ਬਹਾਦਰੀ ਅਤੇ ਦਲੇਰੀ ਨਾਲ ਆਪਣੇ ਦੇਸ਼ ਅਤੇ ਸਮਾਜ ਦੀ ਆਜ਼ਾਦੀ, ਖੁਸ਼ਹਾਲੀ ਦੇ ਸੁਪਨੇ ਸਿਰਜਦਿਆਂ ਖ਼ੁਸ਼ੀ- ਖ਼ੁਸ਼ੀ ਫਾਂਸੀ ਦੇ ਰੱਸੇ ਨੂੰ ਚੁੰਮਣਾ।
ਇਸ ਮਹਾਨ ਕ੍ਰਾਂਤੀਕਾਰੀ ਸ਼ਹੀਦ ਲਈ ਆਖਰੀ ਸ਼ਬਦ
ਇਨਕਲਾਬ ਜ਼ਿੰਦਾਬਾਦ!
ਭਗਤ ਸਿੰਘ ਜ਼ਿੰਦਾਬਾਦ !!
ਹੀ ਢੁਕਵੇਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj