(ਸਮਾਜ ਵੀਕਲੀ)
ਹਰ ਕਿਸੇ ਨੂੰ ਭਾਵੇ ਕੁਰਸੀ
ਹੱਥ ਵਿਰਲ਼ੇ ਦੇ ਆਵੇ ਕੁਰਸੀ
ਕੁਰਸੀ ਪਿੱਛੇ ਹੋਣ ਲੜਾਈਆਂ
ਜੂਤ – ਪਤਾਣ ਕਰਾਵੇ ਕੁਰਸੀ
ਲੋਟੂ ਘੜਦੇ ਰਹਿਣ ‘ਸਾਜਿਸ਼ਾਂ
ਨਿੱਤ ‘ਹੀ ਅੱਗਾਂ ਲਾਵੇ ਕੁਰਸੀ
ਕੁਰਸੀ ਨੂੰ ਤਾਂ ਪਤਾ ਵੀ ਨਹੀਂ
ਕੀ – ਕੀ ਰੱਫੜ ਪਾਵੇ ਕੁਰਸੀ
ਧਰਮ ਦੇ ਨਾਂ ‘ਤੇ ਵੋਟਾਂ ਮੰਗੇ
ਭੋਰਾ ਨਾ ਸ਼ਰਮਾਵੇ ਕੁਰਸੀ
ਦਲ ਬਦਲ ਜਾਂਦੇ ਨੇ ਲੀਡਰ
ਜਦੋਂ ਤਿਲਕਦੀ ਜਾਵੇ ਕੁਰਸੀ
ਅਕਲਮੰਦ ਵੀ ਅਕਲਾਂ ਖੋਹਵੇ
ਜਦੋਂ ਦਿਮਾਗ ਘੁੰਮਾਵੇ ਕੁਰਸੀ
ਕੁਰਸੀ ਦੀ ਦੁਰਵਰਤੋਂ ਮਾੜੀ
ਧਰਤੀਂ ‘ਧੂਲ ਚਟਾਵੇ ਕੁਰਸੀ
ਸੱਚੇ ਦੇਸ਼ ਭਗਤ ਨੂੰ ਮਿਲਜੇ’
ਬੇੜਾ ਪਾਰ ਲਗਾਵੇ ਕੁਰਸੀ
ਕੁਰਸੀ ਕਰਕੇ ਹੋਣ ਸਲਾਮਾਂ
ਫਰਸ਼ੋਂ ਅਰਸ਼ ਬਿਠਾਵੇ ਕੁਰਸੀ
ਕੁਰਸੀ ਦਾ ਚਸਕਾ ਵੀ ਮਾੜਾ
ਥਾਂ – ਥਾਂ ਵੈਰ ਪਵਾਵੇ ਕੁਰਸੀ
ਕੁਰਸੀ ਦੇ ਨੁਕਸਾਨ ਜ਼ਿਆਦਾ
ਘੱਟ ਹੀ ਨਫ਼ਾ ਕਮਾਵੇ ਕੁਰਸੀ
ਪੂੰਜੀ’ਪਤੀਆਂ ਕੋਲੋਂ ਡਰਦੀ
ਮਾੜੇ ਨੂੰ ‘ਦਬਕਾਵੇ ਕੁਰਸੀ
ਨੇਤਾ ਨਾਟਕਕਾਰ ਨੇ ‘ਸਾਡੇ
ਦੋਵੇਂ ਹੱਥ ਜੁੜਵਾਵੇ ਕੁਰਸੀ
ਕਾਤਲ ਬੰਦਿਆਂ ਦੇ ਅੰਦਰ ਵੀ
ਲੋਕ ਭਲਾਈ ਜਗਾਵੇ ਕੁਰਸੀ
ਬਾਂਸ ਰਹੇ ਨਾ ਵੱਜੇ ਬਾਂਸਰੀ
ਕਾਸ਼ ਕਿਤੇ ਟੁੱਟ ਜਾਵੇ ਕੁਰਸੀ
ਛੱਡ ਤੂੰ “ਜਿੰਮੀ’ ਗੀਤ ਬਣਾਲਾ
ਪਈ ‘ਖਸਮਾਂ ਨੂੰ ਖਾਵੇ’ ਕੁਰਸੀ
8195907681
ਜਿੰਮੀ ਅਹਿਮਦਗੜ੍ਹ …