(ਸਮਾਜ ਵੀਕਲੀ)
ਮੈਂ ਸੁਭਾਅ ਪੱਖੋਂ ਥੋੜ੍ਹਾ ਸ਼ਰਮਾਕਲ, ਸਹਿਜ, ਸੰਜਮੀ, ਝਿਜਕਣ ਵਾਲ਼ਾ, ਦਬੂ, ਠੰਢੇ ਮਤੇ ਨਾਲ਼ ਚੱਲਣ ਵਾਲ਼ਾ ਬੰਦਾ ਹਾਂ ਤੇ ਮੇਰੇ ਇਹ ਸੁਭਾਵੀ ਗੁਣ ਮੇਰੇ ਕੀਤੇ ਸਾਰੇ ਕਾਰਜਾਂ ਵਿੱਚੋਂ ਝਲਕਦੇ ਨੇ। ਸੰਨ 2005–06 ਵਿੱਚ ਮੇਰੇ ਕੋਲ਼ ਬਜਾਜ ਚੇਤਕ ਸਕੂਟਰ ਹੋਇਆ ਕਰਦਾ ਸੀ, ਜਿਹੜਾ ਕਿ ਮੇਰੇ ਡੈਡੀ ਨੇ ਮੈਨੂੰ ਉਦੋਂ ਦਿੱਤਾ ਸੀ ਜਦ ਉਨ੍ਹਾਂ ਆਪ ਮੋਟਰਸਾਈਕਲ ਲੈ ਲਿਆ ਸੀ। ਮੇਰੇ ਸੁਭਾਵੀ ਗੁਣਾਂ ਕਰਕੇ ਮੈਂ ਆਪਣੇ ਆਪ ਨੂੰ ਇੱਕ ਵਧੀਆ ਡਰਾਈਵਰ ਮੰਨਦਾ ਹਾਂ। ਮੈਂ ਥੋੜ੍ਹਾ ਸਮਝਦਾਰ ਤੇ ਸੁਚੇਤ ਵੀ ਹਾਂ ਸੋ ਮੈਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਪੂਰੀ ਇਮਾਨਦਾਰੀ ਤੇ ਤਨ-ਦੇਹੀ ਨਾਲ਼ ਕਰਦਾ ਹਾਂ। ਮੇਰੇ ਕੋਲ਼ ਸਕੂਟਰ ਦੇ ਸਾਰੇ ਕਾਗ਼ਜ਼ਾਤ ਹਮੇਸ਼ਾ ਪੂਰੇ ਹੁੰਦੇ ਨੇ। ਹਮੇਸ਼ਾ ਹੈਲਮਟ ਪਹਿਨਦਾ ਹਾਂ, ਸਕੂਟਰ ਚਲਾਉਂਦਿਆਂ ਕਦੇ ਵੀ ਮੋਬਾਈਲ ਨਹੀਂ ਵਰਤਦਾ, ਲਾਲ ਬੱਤੀ ਦੀ ਕਦਰ ਕਰਦਾ ਹਾਂ ਤੇ ਹਰੀ ਬੱਤੀ ਦੇ ਆਖੇ ਲਗਦਾ ਹਾਂ।
ਸਕੂਟਰ ਦੀ ਸਪੀਡ ਕਦੇ ਵੀ ਐਨੀ ਨਹੀਂ ਵਧਾਉਂਦਾ ਕਿ ਉਹ ਮੇਰੇ ਵੱਸੋਂ ਬਾਹਰਾ ਹੋ ਜਾਵੇ। ਮੋੜ ਕੱਟਣ ਤੋਂ ਪਹਿਲਾ ਇੰਡੀਕੇਟਰ ਦੀ ਵਰਤੋਂ ਕਰਦਾ ਹਾਂ। ਪਲਿਊਸ਼ਨ ਸਰਟੀਫ਼ਿਕੇਟ ਲੈਣ ਤੋਂ ਪਹਿਲਾ ਸਰਟੀਫ਼ਕੇਟ ਬਣਾਉੁਣ ਵਾਲ਼ੇ ਨੂੰ ਹਦਾਇਤ ਕਰਦਾ ਹਾਂ ਕਿ ਉਹ ਸਾਰਾ ਜ਼ੋਰ ਮੇਰੇ ਸਕੂਟਰ ਦੀ ਨੰਬਰ ਪਲੇਟ ਦੀ ਫੋਟੋ ਖਿੱਚਦਿਆਂ ਹੀ ਨਾ ਖਪਾ ਦੇਵੇ ਬਲਕਿ ਸਕੂਟਰ ਦੇ ਧੂੰਏ ਦੀ ਜਾਂਚ ਕਰੇ ਤੇ ਜੋ ਨਤੀਜਾ ਮਸ਼ੀਨ ਦੱਸੇ ਉਹ ਮੇਰੇ ਪਲਿਊਸ਼ਨ ਸਰਟੀਫ਼ਿਕੇਟ ’ਤੇ ਅੰਕਿਤ ਕਰੇ। ਮੈਂ ਕਹਿ ਸਕਦਾ ਹਾਂ ਕਿ ਇੱਕ ਚੰਗੇ ਡਰਾਇਵਰ ਤੇ ਇੱਕ ਸਭਿਅਕ ਨਾਗਰਿਕ ’ਚ ਜਿਹੜੇ ਗੁਣ ਹੋਣੇ ਚਾਹੀਦੇ ਨੇ ਉਹ ਲਗਭਗ ਮੇਰੇ ’ਚ ਵਿਦਮਾਨ ਨੇ।
ਉਨ੍ਹਾਂ ਦਿਨਾਂ ਵਿੱਚ ਮੇਰੇ ਨਾਲ਼ ਇੱਕ ਅਜਿਹੀ ਘਟਨਾ (ਜਾਂ ਕਹਿ ਲਓ ਦੁਰਘਟਨਾ) ਵਾਪਰੀ ਜਿਸ ਨਾਲ਼ ਮੇਰਾ ਮਨ ਕਾਫ਼ੀ ਉਖੜ ਗਿਆ ਤੇ ਮੈਨੂੰ ਲੱਗਣ ਲੱਗ ਪਿਆ ਕਿ ਇਸ ਦੇਸ਼ ’ਚ ਹੁਣ ਇਮਾਨਦਾਰੀ, ਸਚਿਆਰਤਾ, ਆਤਮ ਸਮਰਪਣ, ਪ੍ਰਤਿਬੱਧਤਾ ਦੀ ਕੋਈ ਕੀਮਤ ਨਹੀਂ। ਇਹ ਹੁਣ ਗੁਣ ਨਹੀਂ ਔਗੁਣ ਹਨ ਜਿਹੜੇ ਕਿ ਤੁਹਾਨੂੰ ਅਜੋਕੇ ਦੌਰ ਵਿੱਚ ਮੂਰਖ, ਬੁੱਧੂ, ਪੱਛੜਿਆ ਹੋਇਆ ਸਾਬਤ ਕਰਦੇ ਹਨ।
ਹੋਇਆ ਇੰਝ ਕਿ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਿਲਕੁਲ ਸਾਹਮਣੇ ਆਪਣੇ ਸਕੂਟਰ ’ਤੇ ਸੜਕ ਕਰਾੱਸ ਕਰ ਕੇ ਯੂਨੀਵਰਸਿਟੀ ਅੰਦਰ ਵੜਨ ਹੀ ਲੱਗਾ ਸੀ ਕਿ ਓਥੇ ਹੀ ਸਾਈਡ ‘ਤੇ ਖੜ੍ਹੀ ਟਰੈਫ਼ਿਕ ਪੁਲਿਸ ਵਾਲ਼ਿਆਂ ਦੀ ਜੀਪ ਕੋਲ਼ ਖੜ੍ਹੇ ਦੋ ਪੁਲਿਸ ਵਾਲ਼ਿਆਂ ਨੇ ਮੈਨੂੰ ਹੱਥ ਦੇ ਕੇ ਰੋਕ ਲਿਆ। ਮੇਰੇ ਸਾਰੇ ਕਾਗ਼ਜ਼ਾਤ ਦੇਖੇ, ਪਰਖੇ, ਹੈਲਮਟ ਮੈਂ ਲਿਆ ਹੋਇਆ ਸੀ, ਸਕੂਟਰ ਵੀ ਠੀਕ ਹਾਲਤ ’ਚ ਸੀ। ਇਸ ਦੇ ਬਾਵਜੂਦ ਵੀ ਟਰੈਫ਼ਿਕ ਪੁਲਿਸ ਵਾਲ਼ੇ ਨੇ ਮੇਰਾ ਚਲਾਨ ਕੱਟਣ ਲਈ, ਚਲਾਨ ਪੇਪਰ ਭਰਨਾ ਸ਼ੁਰੂ ਕਰ ਦਿੱਤਾ।
ਮੈਂ ਪੁੱਛਿਆ, “ਸਰ ਚਲਾਨ ਕਿਉਂ ਕੱਟ ਰਹੇ ਓਂ..?”
ਅਫ਼ਸਰ ਬੋਲਿਆ, “ਤੂੰ ਰੌਂਗ ਟਰਨ ਲਿਆ ਏ ਸੋ ਚਲਾਨ ਹੋਊਗਾ।”
ਮੈਨੂੰ ਸਮਝ ਨਹੀਂ ਸੀ ਆ ਰਿਹਾ ਮੈਂ ਕਿੱਥੇ ਗ਼ਲਤੀ ਕੀਤੀ ਹੈ, ਸੋ ਮੈਂ ਪੁੱਛ ਲਿਆ, “ਸਾੱਰੀ ਸਰ, ਮੈਨੂੰ ਨ੍ਹੀਂ ਪਤਾ ਕਿ ਮੈਂ ਕਦੋਂ ਤੇ ਕਿਹੜਾ ਰੌਂਗ ਟਰਨ ਲਿਆ ਏ !!”
ਚਲਾਨ ਕੱਟਦਾ ਹੌਲਦਾਰ ਵਿਅੰਗਮਈ ਆਵਾਜ਼ ’ਚ ਬੋਲਿਆ, “ਕੋਈ ਨਾ, ਜਦ ਚਲਾਨ ਭਰਨ ਆਏਂਗਾ ਆਪੇ ਪਤਾ ਲੱਗ ਜੂ !!”
ਮੈਂ ਫਿਰ ਨਰਮੀ ਨਾਲ਼ ਕਿਹਾ, “ਸਰ ਬੇਨਤੀ ਹੈ ਕਿ ਇੰਝ ਵਿਅੰਗਮਈ ਲਹਿਜੇ ’ਚ ਗੱਲ ਨਾ ਕਰੋ ਜਿਹੜੀ ਗ਼ਲਤੀ ਮੇਰੇ ਤੋਂ ਹੋਈ ਹੈ ਉਹਦੇ ਬਾਰੇ ਦੱਸੋ..।”
ਅਫ਼ਸਰ ਕਹਿੰਦਾ, “ਤੂੰ ਸਾਹਮਣੇ ਤੋਂ ਸਿੱਧਾ ਹੀ ਸੜਕ ਕਰਾੱਸ ਕਰ ਕੇ ਆ ਗਿਆ…ਤੈਨੂੰ ਉਹ ਦੂਰੋਂ (ਅੱਧੇ ਤੋਂ ਵੱਧ ਕਿਲੋਮੀਟਰ) ਯੂ ਟਰਨ ਲੈ ਕੇ ਆਉਣਾ ਚਾਹੀਦਾ ਸੀ।”
ਮੈਂ ਕਿਹਾ, “ਸਾੱਰੀ ਸਰ ਗ਼ਲਤੀ ਹੋ ਗਈ। ਮੈਨੂੰ ਨਹੀਂ ਪਤਾ ਸੀ ਕਿ ਇੰਝ ਸੜਕ ਪਾਰ ਕਰ ਕੇ ਮੈਂ ਕੋਈ ਨਿਯਮ ਤੋੜ ਰਿਹਾ ਹਾਂ… ਮੈਂ ਜਾਣਬੁਝ ਕੇ ਨਹੀਂ ਕੀਤਾ… ਅਸੀਂ ਸਾਰੇ ਹੀ ਰੋਜ਼ ਇੰਝ ਹੀ ਇਹ ਸੜਕ ਪਾਰ ਕਰਦੇ ਹਾਂ। ਸੋ ਪਲੀਜ਼ ਵਾਰਨਿੰਗ ਦੇ ਕੇ ਛੱਡ ਦਿਓ… ਮੈਂ ਅੱਗੇ ਤੋਂ ਸਦਾ ਧਿਆਨ ਰੱਖਾਂਗਾ।”
ਚਲਾਨ ਭਰਨ ਵਾਲ਼ਾ ਹੌਲਦਾਰ ਜਿਹੜਾ ਕਿ ਸਾਡੀ ਗੱਲਬਾਤ ਤਾਂ ਸੁਣ ਰਿਹਾ ਸੀ ਪਰ ਨਾਲ਼ ਦੀ ਨਾਲ਼ ਫਟਾਫ਼ਟ ਚਲਾਨ ਵੀ ਭਰੀ ਜਾ ਰਿਹਾ ਸੀ।
ਅਫ਼ਸਰ ਕੜਕਿਆ, “ਇਹ ਓਫੈਂਸ ਏ ਕਾਕਾ ਜੀ, ਕੋਈ ਵਾਰਨਿੰਗ ਨ੍ਹੀਂ, ਚਲਾਨ ਹੋਊ।”
ਮੈਂ ਕਿਹਾ, “ਸਰ, ਮੈਂ ਕਹਿ ਰਿਹਾ ਨਾ ਕਿ ਮੈਂ ਜਾਣਬੁਝ ਕੇ ਨਹੀਂ ਕੀਤਾ… ਸਾੱਰੀ ਪਤਾ ਹੀ ਨਹੀਂ ਸੀ… ਬਾਕੀ ਦੇਖੋ ਤੁਸੀਂ ਕਿਹਾ ਮੈਂ ਯੂ ਟਰਨ ਲੈ ਕੇ ਆਉਂਦਾ ਤਾਂ ਠੀਕ ਸੀ… ਪਰ ਚੰਡੀਗੜ੍ਹ ’ਚ ਯੂ-ਟਰਨ ਦੀ ਆਗਿਆ ਨਹੀਂ, ਓਥੇ ਜੇ ਮੈਂ ਯੂ ਟਰਨ ਲੈਂਦਾ ਤਾਂ ਮੇਰਾ ਤਾਂ ਚਲਾਨ ਹੋ ਜਾਂਦਾ…. ਦੱਸੋ ਹੁਣ ਮੇਰੇ ਵਰਗਾ ਤਾਂ ਭੰਬਲਭੂਸੇ ’ਚ ਪੈ ਗਿਆ ਕਿ ਕੀ ਕਰੇ, ਕੀ ਨਾ ਕਰੇ !!”
ਹੌਲਦਾਰ ਨੇ ਚਲਾਨ ਕੱਟਦੇ ਹੱਥ ਨੂੰ ਰੋਕਦਿਆਂ ਕਿਹਾ, “ਤੂੰ ਬਾਹਲ਼ਾ ਨ੍ਹੀਂ ਬੋਲੀ ਜਾਂਦਾ !!”
ਮੈਂ ਕਿਹਾ, “ਸ਼੍ਰੀ ਮਾਨ ਜੀ, ਮੈਂ ਬੇਨਤੀ ਕਰ ਰਿਹਾ ਹਾਂ ਤੁਸੀਂ ਚਲਾਨ ਨਾ ਕੱਟੋ, ਵਾਰਨਿੰਗ ਦੇ ਕੇ ਛੱਡ ਦੋ… ਮੈਂ ਸਾੱਰੀ ਕਹਿ ਰਿਹਾ ਮੁਆਫ਼ ਕਰਦੋ…ਮੈਂ ਨਹੀਂ ਬੋਲਦਾ..!”
ਅਫ਼ਸਰ ਬੋਲਿਆ, “ਲਗਦਾ ਤਾਂ ਪੜਿਆ-ਲਿਖਿਐਂ ਪਰ ਅਕਲ ਤੈਨੂੰ ਧੇਲੇ ਦੀ ਨ੍ਹੀਂ, ਸਿਰ ਈ ਚੜ੍ਹਦਾ ਜਾਨੈ..!”
ਮੈਂ ਸੱਚਮੁਚ ਲੇਲੜੀ ਕੱਢਦਿਆਂ ਕਿਹਾ, “ਸਰ ਚਲਾਨ ਭਰਨ ਜੋਗੇ ਨਾ ਤਾਂ ਪੈਸੇ ਨੇ ਤੇ ਨਾ ਹੀ ਸਮਾਂ ਏ ਜੀ…. ਸੋ ਚਲਾਨ ਨਾ ਕੱਟੋ…ਮੈਂ ਜੀ ਬਹੁਤ ਹੋਣਹਾਰ ਆਂ, ਮੈਂ ਟਰੈਫ਼ਿਕ ਨਿਯਮਾਂ ਦੀ ਦਿਲੋਂ ਕਦਰ ਕਰਦਾਂ, ਉਨ੍ਹਾਂ ਦੀ ਪਾਲਣਾ ਵੀ ਕਰਦਾਂ। ਇੱਕ ਗ਼ਲਤੀ ਜਿਹੜੀ ਕਿ ਮੈਥੋਂ ਅਣਜਾਣੇ ਵਿੱਚ ਈ ਹੋਈ ਐ, ਉਹਦੇ ਲਈ ਮੁਆਫ਼ ਦੇ ਦੋ..!”
ਪਰ ਸ਼ਾਇਦ ਉਹ ਧਾਰੀ ਬੈਠੇ ਸਨ ਕਿ ਮੇਰਾ ਚਲਾਨ ਤਾਂ ਕੱਟਣਾ ਹੀ ਕੱਟਣਾ ਹੈ। ਇਸ ਲਈ ਉਨ੍ਹਾਂ ਮੇਰੀ ਇੱਕ ਨਾ ਮੰਨੀ। ਜਿਹੜਾ ਸੜਕ ਕਰਾੱਸ ਕਰਨ ਦਾ ਗੁਨਾਹ ਮੈਂ ਕੀਤਾ ਸੀ, ਮੇਰੇ ਤੋਂ ਬਾਅਦ ਅਨੇਕ ਵਾਹਨਾਂ ਵਾਲ਼ੇ ਕਰ ਰਹੇ ਸਨ ਪਰ ਟਰੈਫ਼ਿਕ ਵਾਲ਼ਿਆਂ ਨੇ ਉਨ੍ਹਾਂ ਵਿੱਚੋਂ ਕਿਸੇ ਨੂੰ ਨਹੀਂ ਸੀ ਰੋਕਿਆ।
ਮੈਂ ਤਪ ਗਿਆ, “ਸਰ ਆਹ ਐਨੇ ਜਣੇ ਉਹੀ ਗ਼ਲਤੀ ਕਰ ਰਹੇ ਨੇ, ਜਿਹੜੀ ਮੈਂ ਕੀਤੀ ਸੀ, ਤੁਸੀਂ ਇਨ੍ਹਾਂ ਨੂੰ ਤਾਂ ਕਿਸੇ ਨੂੰ ਰੋਕ ਨ੍ਹੀ ਰਹੇ…!!”
ਹੌਲਦਾਰ ਬੋਲਿਆ, “ਪਹਿਲਾਂ ਤੈਨੂੰ ਤਾਂ ਸੂਤ ਕਰਦੀਏ… ਪੜ੍ਹਾਈ ਦੀ ਗਰਮੀ ਤੇਰੇ ਸਿਰ ਨੂੰ ਚੜ੍ਹੀ ਹੋਈ ਐ, ਪਹਿਲਾਂ ਉਹ ਤਾਂ ਲਾਹ ਦਈਏ…ਫੇਰ ਹੋਰਾਂ ਨੂੰ ਦੇਖਦੇ ਆਂ !!”
ਮੈਂ ਆਪਣੇ ਨਰਮ ਸੁਰ ਨੂੰ ਥੋੜ੍ਹਾ ਤਿੱਖਾ ਕਰਦਿਆਂ ਕਿਹਾ, “ਹੌਲਦਾਰ ਸਾਹਬ, ਤੁਸੀਂ ਇਹ ਕਹਿਣਾ ਚਾਹੁੰਨੇ ਓਂ ਕਿ ਮੈਂ ਪੜ੍ਹਾਈ ਕਰ ਕੇ ਕੋਈ ਗ਼ੁਨਾਹ ਕੀਤੈ !! ਤੁਸੀਂ ਸਭਿਅਕ ਭਾਸ਼ਾ ’ਚ ਗੱਲ ਕਿਉਂ ਨਹੀਂ ਕਰ ਰਹੇ, ਜਦੋਂ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਜੀ-ਜੀ ਕਹਿ ਕੇ ਬੁਲਾ ਰਿਹਾਂ…।”
ਮੈਨੂੰ ਉੱਥੇ ਪੁਲਸ ਵਾਲ਼ਿਆ ਕੋਲ਼ ਘਿਰੇ ਦੇਖ ਕੇ ਮੇਰਾ ਇੱਕ ਮਿੱਤਰ ‘ਡਿੰਪਲ’ ਮੇਰੇ ਕੋਲ਼ ਆ ਗਿਆ। ਉਹ ਯੂਨੀਵਰਸਿਟੀ ਵਿੱਚ ਪੜ੍ਹਦੈ ਤੇ ਇੰਨੀ ਛੋਟੀ ਉਮਰ ਵਿੱਚ ਹੀ ਇੱਕ ਪਿੰਡ ਦਾ ਸਰਪੰਚ ਵੀ ਐ। ਕਲਾਕਾਰ ਦੇ ਰੂਪ ਵਿੱਚ ਮੇਰੀ ਬਹੁਤ ਇੱਜ਼ਤ ਕਰਦੈ। ਆ ਕੇ ਮੈਨੂੰ ਪੁੱਛਣ ਲੱਗ ਪਿਆ, “ਕੇ ਹੋ ਗਿਆ ਬਾਈ…?”
ਮੈਂ ਕਿਹਾ, “ਕੁਝ ਨ੍ਹੀਂ ਯਾਰ, ਗ਼ਲਤੀ ਨਾਲ਼ ਗ਼ਲਤੀ ਹੋ ਗਈ, ਮੈਂ ਮੁਆਫ਼ੀ ਵੀ ਮੰਗ ਲਈ ਏ ਪਰ ਇਹ ਮੇਰਾ ਚਲਾਣ ਕਟ ਰਹੇ ਨੇ।”
ਮੇਰਾ ਦੋਸਤ ਬੋਲਿਆ, “ਲੈ, ਇੱਤਰਾਂ–ਕਿੱਤਰਾਂ ਕੱਟਦੇਂਗੇ ਚਲਾਨ..।” ਉਸ ਦੇ ਬੋਲਾਂ ਨੇ ਮੈਨੂੰ ਹੌਸਲਾ ਦਿੱਤਾ, “ਲੈ, ਮੈਂ ਇਬੀ ਫ਼ੋਨ ਕਰਬਾਵਾਂ…!”
ਉਹਨੇ ਤੁਰੰਤ ਇੱਕ ਵਿਧਾਇਕ ਨੂੰ ਫ਼ੋਨ ਲਾਇਆ, “ਹਾਂ ਚਾਚਾ ਜੀ, ਸਸਰੀਕਾਲ, ਆਪਣਾ ਇੱਕ ਦੋਸਤ ਆ ਜੀ ਸਬਾਮੀ, ਉਰਾ ਮੇਰੇ ਗੈਲ ਯੂਨੀਬਰਸਿਟੀ ਮਾ ਈ ਪੜ੍ਹਾ, ਹਾਂ ਜੀ, ਇਸ ਕਾ ਚਲਾਨ ਕੱਟ ਰਹੇ ਆਂ ਜੀ…. ਯੋ ਕਰੇਓ ਬਾਤ…!”
ਇੰਨੀ ਗੱਲ ਕਰ ਕੇ ਉਹਨੇ ਫ਼ੋਨ ਸਪੀਕਰ ਮੋਡ ਉੱਤੇ ਲਾ ਕੇ ਟਰੈਫ਼ਿਕ ਅਫ਼ਸਰ ਵੱਲ੍ਹ ਨੂੰ ਵਧਾ ਦਿੱਤਾ।
ਵਿਧਾਇਕ ਸਾਹਬ ਬੋਲੇ, “ਹਾਂ ਜੀ ਜਨਾਬ, ਚਲਾਨ ਨਹੀਂ ਕੱਟਣਾ ਮੁੰਡੇ ਦਾ..!”
ਅਫ਼ਸਰ ਨੇ ਅਰਜ਼ ਗੁਜਾਰੀ, “ਸਰ ਜੀ, ਚਲਾਨ ਤਾਂ ਭਰਿਆ ਗਿਆ ਜੀ…।”
ਵਿਧਾਇਕ ਸਾਹਬ ਨੇ ਕਿਹਾ, “ਓ ਨਹੀਂ ਨਹੀਂ, ਕਿਵੇਂ ਮਰਜ਼ੀ ਕਰੋ ਪਰ ਚਲਾਨ ਨੀ ਕੱਟਣਾ।”
ਅਫ਼ਸਰ ਬੋਲਿਆ, “ਸਰ ਸੱਚੀਓਂ ਭਰਤਾ ਜੀ…. ਹੁਣ ਤੁਸੀਂ ਆਪ ਈ ਦੱਸੋ ਕਿਵੇਂ ਕੈਂਸਲ ਕਰ ਦੇਈਏ…. ਜੇ ਚਲਾਨ ਭਰਨ ਤੋਂ ਪਹਿਲਾਂ ਈ ਦੱਸ ਦਿੰਦਾ ਬਈ ਤੁਹਾਡਾ ਬੰਦਾ ਏ ਤਾਂ ਆਪਾਂ ਕਾਹਤੋਂ ਰੋਕਣਾ ਸੀ…. ਹੁਣ ਤਾਂ ਸਰ ਔਖੈ ਜੀ…।”
“ਔਖੇ–ਸੌਖੇ ਦਾ ਤੁਹਾਨੂੰ ਵੀ ਪਤਾ ਈ ਐ ਤੇ ਮੈਨੂੰ ਵੀ…. ਜੇ ਚਲਾਨ ਭਰਿਆ ਈ ਗਿਆ ਤਾਂ ਜਿਹਦੇ ਮਰਜ਼ੀ ਸਿਰ ਪਾ ਦਿਓ….. ਪਰ ਇਹ ਬੰਦਾ ਮੇਰਾ ਏ ਇਹਦਾ ਚਲਾਨ ਨ੍ਹੀ ਕੱਟਣਾ ਬੱਸ..।” ਵਿਧਾਇਕ ਸਾਹਬ ਦਾ ਮੁਲਾਇਮ ਸੁਰ ਰਤਾ ਕੁ ਕਰੜਾ ਹੋ ਗਿਆ ਸੀ।
ਡਿੰਪਲ ਨੇ ਫ਼ੋਨ ਸਪੀਕਰ ਤੋਂ ਆਫ਼ ਕਰ ਕੇ ਫੋਨ ਕੰਨ ਨਾਲ਼ ਲਾ ਗਿਆ, “ਚੰਗਾ ਚਾਚਾ ਜੀ, ਅੱਜ ਆ ਕਾ ਮਿਲਕਾ ਜਾਹਾਂਗਾ…।”
ਟਰੈਫ਼ਿਕ ਅਫ਼ਸਰ ਮਾਯੂਸ ਜਿਹਾ ਹੋ ਗਿਆ। ਮੈਨੂੰ ਕਹਿੰਦਾ, “ਕਾਕਾ ਜੀ, ਇਹੋ ਜੀ ਕੋਈ ਗੱਲ ਹੁੰਦੀ ਐ, ਪਹਿਲਾਂ ਦੱਸ ਦਿਆ ਕਰੋ…. ਹੁਣ ਲੈ ਉਨ੍ਹਾਂ ਨੇ ਤਾਂ ਕਹਿਤਾ…. ਚਲਾਨ ਸਾਰਾ ਭਰਿਆ ਗਿਆ, ਹੁਣ ਤੁਸੀਂ ਦੱਸੋ ਕਿਵੇਂ ਕਰੀਏ ?”
“ਕਰਨਾ ਕੇ ਆ…. ਚਾਚਾ ਜੀ ਨੇ ਕੈਹ ਦਿਆ ਬਈ ਨਹੀਂ ਕੱਟਣਾ ਤਾਂ ਨਹੀਂ ਕੱਟਣਾ।” ਡਿੰਪਲ ਉਸ ਟਰੈਫ਼ਿਕ ਅਫ਼ਸਰ ‘ਤੇ ਭਾਰੂ ਹੋ ਗਿਆ।
“ਸਾਹਬ ਦੇ ਫ਼ੋਨ ਕਰਕੇ ਛੱਡ ਰਿਹਾਂ ਨਹੀਂ ਤਾਂ…” ਮੇਰੇ ਕਾਗ਼ਜ਼ਾਤ ਵਾਪਸ ਕਰਦਿਆਂ ਅਫ਼ਸਰ ਨੇ ਕਿਹਾ।
ਮੈਨੂੰ ਸੱਚਮੁਚ ਗੁੱਸਾ ਚੜ੍ਹ ਗਿਆ ਪਰ ਮੈਂ ਆਪਣਾ ਗੁੱਸਾ ਅੰਦਰ ਹੀ ਅੰਦਰ ਪੀ ਲਿਆ। ਮੈਂ ਸੋਚ ਰਿਹਾ ਸਾਂ ਕਿ ਇਹਨੂੰ ਵੱਡੇ ਅਫ਼ਸਰ ਨੂੰ ਪੁੱਛਾਂ ਬਈ, “ਮੈਥੋਂ ਜਿਹੜੀ ਗ਼ਲਤੀ ਨਾਲ਼ ਗ਼ਲਤੀ ਹੋਈ ਸੀ, ਜਿਹੜੀ ਥੋੜ੍ਹੀ ਦੇਰ ਪਹਿਲਾਂ ਓਫੈਂਸ ਸੀ ਉਹ ਹੁਣ ਇੱਕ ਬੰਦੇ ਦੇ ਫ਼ੋਨ ਆਉਣ ਨਾਲ਼ ਕਿਵੇਂ ਠੀਕ-ਠਾਕ ਹੋਗੀ ? ਮੈਂ ਐਨੀ ਬੇਨਤੀ ਕੀਤੀ, ਤਰਕ ਸਹਿਤ ਸਮਝਾਇਆ ਪਰ ਗੱਲ ਤੁਹਾਡੇ ਪੱਲੇ ਨਹੀਂ ਪਈ। ਉਪਰੋਂ ਫ਼ੋਨ ਆਇਆ ਤਾਂ ਮੈਂ ਸਧਾਰਨ ਤੋਂ ਖ਼ਾਸ ਬੰਦਾ ਹੋ ਗਿਆ ਕਿਵੇਂ ਹੋ ਗਿਆ ? ਪਰ ਤੁਸੀਂ ਵੀ ਐਈਂ ਲੋਟ ਆਉਨੇ ਓਂ….।”
ਮੈਂ ਅਫ਼ਸਰ ਨੂੰ ਸਿਰਫ਼ ‘ਸ਼ੁਕਰੀਆ’ ਕਿਹਾ ਤੇ ਉਸ ਅਫ਼ਸਰ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਆਪਣੇ ਸਰਪੰਚ ਦੋਸਤ ਨਾਲ਼ ਯੂਨੀਵਰਸਿਟੀ ਵੱਲ੍ਹ ਨੂੰ ਤੁਰ ਪਿਆ।
ਉਸ ਘਟਨਾ/ਦੁਰਘਟਨਾ ਤੋਂ ਬਾਅਦ ਹੁਣ ਮੇਰਾ ਸਦਾ ਹੀ ਦਿਲ ਕਰਦਾ ਹੁੰਦੈ ਕਿ ਮੈਂ ਟਰੈਫ਼ਿਕ ਨਿਯਮਾਂ ਦੀਆ ਧੱਜੀਆਂ ਉਡਾਵਾਂ ਤੇ ਜਦੋਂ ਕੋਈ ਟਰੈਫ਼ਿਕ ਵਾਲ਼ਾ ਰੋਕੇ ਤਾਂ ਮੈਂ ਆਪਣੇ ਸਰਪੰਚ ਦੋਸਤ ਦੇ ਵਿਧਾਇਕ ਚਾਚੇ ਦਾ ਨੰਬਰ, ਜਿਹੜਾ ਕਿ ਹੁਣ ਮੇਰੇ ਮੋਬਾਇਲ ਵਿੱਚ ਵੀ ਫੀਡ ਹੈ, ’ਤੇ ਫ਼ੋਨ ਕਰਕੇ ਕਹਾਂ,“ ਚਾਚਾ ਜੀ ਆਹ ਕਰਿਓ ਗੱਲ….!!”
ਮੈਨੂੰ ਲੱਗਦਾ ਅੱਜ ਦੇ ਸਮੇਂ ’ਚ ਨਿਯਮਾਂ ਦੀ ਵਾਕਫ਼ੀਅਤ ਨਾਲ਼ੋ ਉੱਚੇ ਬੰਦਿਆਂ ਨਾਲ਼ ਵਾਕਫ਼ੀਅਤ ਜ਼ਿਆਦਾ ਜ਼ਰੂਰੀ ਤੇ ਮਹੱਤਵਪੂਰਨ ਹੈ। ਨਿਅਮ ਗਏ ਢੱਠੇ ਖੂਹ ਵਿੱਚ।
– ਜੈ ਹੋ
ਡਾ. ਸਵਾਮੀ ਸਰਬਜੀਤ
#526, ਵਿੱਦਿਆ ਨਗਰ, ਕਰਹੇੜੀ
ਪਟਿਆਲਾ (147002)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly