(ਸਮਾਜ ਵੀਕਲੀ)
ਸਿਆਣੇ ਕਹਿੰਦੇ ਹਨ ਕਿ ਰੋਟੀ ਦਾ ਕੋਈ ਮਜ਼ਹਬ ਨਹੀਂ ਹੈ। ਪਰ ਮੈਨੂੰ ਲੱਗਦਾ ਹੈ ਕਿ ਕੁੱਝ ਤਾਂ ਹੈ ਜਿਹੜਾ ਰੋਟੀ ਨੂੰ ਗਰੀਬਾਂ ਦੀ ਥਾਲੀ ਤੋਂ ਦਿਨ-ਬ-ਦਿਨ ਦੂਰ ਲੈ ਕੇ ਜਾ ਰਿਹਾ ਹੈ। ਚਲੋ ਸਿਆਣੀਆਂ ਦੀ ਗੱਲ ਵੀ ਮੰਨ ਲੈਂਦੇ ਹਾਂ ਕਿ ਰੋਟੀ ਦਾ ਕੋਈ ਮਜ਼ਹਬ ਨਹੀਂ ਹੁੰਦਾ ਪਰ ਮੈਨੂੰ ਲੱਗਦਾ ਹੈ ਕਿ ਰੋਟੀ ਦੀ ਜਮਾਤ ਤਾਂ ਹੈ। ਇਸੇ ਕਰਕੇ ਤਾਂ ਗਰੀਬਾਂ ਦੇ ਘਰਾਂ ਤੋਂ ਦੂਰ ਧਨਾਢਾਂ ਦੇ ਘਰਾਂ ਵਿੱਚ ਜਨਮ ਲੈਂਦੀ ਹੈ ਰੋਟੀ। ਗਰੀਬ ਲਈ ਸੁਪਨਾ ਅਤੇ ਅਮੀਰ ਲਈ ਪੇਟ ਭਰਨ ਲਈ ਰਾਖਵਾਂ ਕੋਟਾ ਹੈ ਰੋਟੀ, ਜਿਸ ਦਾ ਵਿਰੋਧ ਭੁੱਖ ਨਾਲ ਦਿਨ ਅਤੇ ਰਾਤਾਂ ਕੱਟਣ ਵਾਲੇ ਗਰੀਬਾਂ ਨੇ ਸਦੀਆਂ ਤੋਂ ਕਦੇ ਵੀ ਨਹੀਂ ਕੀਤਾ, ਹਾਂ ਇਹਨਾਂ ਧਨਾਢਾਂ ਵੱਲੋਂ ਸੌ ਵਿੱਚੋਂ ਕਿਸੇ ਇੱਕ ਗ਼ਰੀਬ ਨੂੰ ਮਿਲਣ ਵਾਲੇ ਰੋਟੀ ਦੇ ਇੱਕ ਨਿਵਾਲੇ ਦਾ ਵਿਰੋਧ ਸਦੀਆਂ ਤੋਂ ਹੁੰਦਾ ਆਇਆ ਹੈ।
ਹੁਣ ਤਾਂ ਐਂਵੇਂ ਲੱਗਦਾ ਹੈ ਕਿ ਖੋਰੇ ਰੋਟੀ ਵੀ ਇਸ ਵਿਰੋਧ ਵਿੱਚ ਆਪਣੀ ਹਾਜਰੀ ਲਵਾਉਣਾ ਆਪਣਾ ਫਰਜ਼ ਸਮਝਦੀ ਹੈ। ਕਿਉਂਕਿ ਰੋਟੀ ਨੇ ਵੀ ਆਪਣੇ ਆਪ ਨੂੰ ਸ਼ਾਇਦ ਜਮਾਤੀ ਵਿਤਕਰੇ ਵਾਲੇ ਬੇਰੰਗ ਜਿਹੇ ਰੰਗ ਵਿੱਚ ਰੰਗ ਲਿਆ ਹੈ। ਪਰ ਮੈਂ ਸੁਣਿਆ ਹੈ ਅੱਜ ਕੱਲ੍ਹ ਤਾਂ ਇਹਨਾਂ ਧਨਾਢਾਂ ਵੱਲੋਂ ਰੋਟੀ ਨਾਲ ਵੀ ਵਿਤਕਰਾ ਕੀਤਾ ਜਾਣ ਲੱਗ ਪਿਆ ਹੈ। ਰੋਟੀ ਦੀ ਜਗ੍ਹਾ ਉਹਨਾਂ ਦੇ ਖਾਣ ਵਾਲੇ ਮੇਜ਼ ਤੇ ਪਏ ਪੀਜ਼ੇ, ਬਰਗਰ, ਸੂਪ, ਛੋਲੇ- ਭਟੂਰੇ ਆਦਿ ਆਈਟਮਾਂ ਨੇ ਲੈ ਲਈ ਹੈ।
ਰੋਟੀ ਤਾਂ ਹੁਣ ਕਈ ਦਿਨਾਂ ਤੋਂ ਪਈ ਰਹਿੰਦੀ ਹੈ ਮਹਿੰਗੀਆਂ ਰਸੋਈਆਂ ਵਿੱਚ ਪਏ ਬਰੈਂਡਡ ਡੱਬਿਆਂ ਅੰਦਰ ਕਿਸੇ ਧਨਾਢ ਦਾ ਭੋਜਨ ਬਣਨ ਦੇ ਸੁਪਨਿਆਂ ਵਿੱਚ। ਉੱਧਰ ਕਈ ਦਿਨਾਂ ਤੋਂ ਭੁੱਖਾ ਗਰੀਬ ਦਾ ਬੱਚਾ ਅੱਧ ਨੀਂਦੇ ਆਏ ਉਸ ਖੌਫ਼ਨਾਕ ਸੁਪਨੇ ਨੂੰ ਤੋੜਦਿਆਂ ਡਰ ਕੇ ਉੱਠ ਜਾਂਦਾ ਹੈ, ਜਿਸ ਵਿੱਚ ਕੁੱਤਿਆਂ ਨਾਲ ਲੜ੍ਹ ਰਿਹਾ ਹੈ ਉਹ ਕੋਈ ਵਿਸ਼ਵ ਯੁੱਧ ਧਨਾਢ ਵੱਲੋਂ ਗਲੀ ਵਿੱਚ ਸੁੱਟੀ ਰੋਟੀ ਦੇ ਲਈ।
ਚਰਨਜੀਤ ਸਿੰਘ ਰਾਜੌਰ
8427929558
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly