ਜ਼ਫ਼ਰਨਾਮਾ ਲਿਖ਼ਣ ਦਾ ਮੁੱਢ ਕਿਵੇਂ ਬੱਝਾ ?

  ਸੁਖਦੇਵ ਸਿੰਘ 'ਭੁੱਲੜ'

(ਸਮਾਜ ਵੀਕਲੀ)-ਗੁਰੂ ਸਾਹਿਬ ਜੀ ਕਾਂਗੜ ਪਿੰਡ ਦੀ ਧਰਤੀ ‘ਤੇ ਬਿਰਾਜਮਾਨ ਸਨ ਤਾਂ ਇੱਕ ਦਿਨ ਔਰੰਗਜ਼ੇਬ ਦੇ ਜ਼ੁਲਮੀ ਰਾਜ ਦੀ ਗੱਲ ਛਿੜ ਪਈ। ਵਿੱਚੋਂ ਕਿਸੇ ਸਿੰਘ ਨੇ ਔਰੰਗਜ਼ੇਬ ਦੇ ਖਾਤਮੇ ਦੀ ਗੱਲ ਕਹੀ। ਉਸ ਵਕਤ ਦਸਮ ਪਿਤਾ ਜੀ ਨੇ ਕਿਹਾ-‘ਔਰੰਗਜੇਬ ਦਾ ਅਨਿਆਂ ਤੇ ਜ਼ੁਲਮ ਬਹੁਤ ਵਧ ਗਿਆ ਹੈ।ਇਸ ਨੂੰ ਮਾਰਨ ਦਾ ਕਿਹੜਾ ਢੰਗ ਵਰਤੀਏ ? ਔਰੰਗੇ ਨੂੰ ਕਾਗਜ਼ ਨਾਲ ਮਾਰੀਏ ਜਾਂ ਮੈਦਾਨੇ ਜੰਗ ਵਿੱਚ ਤਲਵਾਰ ਭੇਟ ਕਰੀਏ ?’ ਭਾਈ ਸੁੱਖਾ ਸਿੰਘ ਨੇ ਇਸ ਬਿਰਤਾਂਤ ਨੂੰ ਆਪਣੀ ਰਚਨਾ ‘ਗੁਰ ਬਿਲਾਸ ਪਾਤਸ਼ਾਹੀ ਦਸਵੀਂ’ ਦੇ ੨੨ਵੇਂ ਅਧਿਆਇ ਵਿੱਚ (1797ਈ: ਵਿੱਚ) ਇੰਝ ਲਿਖਿਆ ਏ-

   ਕਿਰਪਾਸਿੰਧ ਗੁਰਦੇਵ ਜੂ ਬਸ ਕਾਂਗੜ ਇਹ ਥਾਨ।

   ਤਵਨ ਸਮੈ ਸੰਗ ਖ਼ਾਲਸੇ ਇਹ ਬਿਧ ਬਚਨ ਬਖਾਨ।

   ਬਾਦਸ਼ਾਹ ਕਉ ਮਾਰੀਏ ਕਰੀਏ ਕਵਨ ਉਪਾਇ।

   ਕੈ ਕਾਗਦ ਲਿਖ ਮਾਰੀਏ ਕੈ ਸਨਮੁੱਖ ਰਣ ਧਾਇ।

     ਇਹ ਸੁਣ ਕੇ ਸਿੰਘਾਂ ਨੇ ਅਰਜ਼ ਕੀਤੀ-‘ਜੇ ਦੁਸ਼ਮਣ ਕਾਗਜ਼ ਨਾਲ ਮਰ। ਜਾਏ ਤਾਂ ਤਲਵਾਰ ਨੂੰ ਹੱਥ ਨਹੀਂ ਪਾਉਣਾ ਚਾਹੀਦਾ। ਪੰਜਾਬੀ ਕਹਾਵਤ ਏ-‘ਜੇ ਵੈਰੀ ਗੁੜ ਦਿੱਤਿਆਂ ਮਰਦਾ ਏ ਤਾਂ ਜ਼ਹਿਰ ਦੇਣ ਦੀ ਕੀ ਲੋੜ ਏ ?’ ਭਾਈ ਸੁੱਖਾ ਸਿੰਘ ਤੋਂ ਸੁਣੋਂ-

   ਕਾਗਦ ਸਉ ਜਉ ਅਰ ਮਰੇ,

   ਖੜਗ ਨ ਗਹੀਏ ਹਾਥ।

   ਬੜੇ ਸਿਆਣੇ ਕਹਤ ਹੈਂ,

   ਇਹੈ ਪੁਰਾਤਨ ਗਾਥਾ।

    ਜਦ ਸਿੰਘਾਂ ਨੇ ਤਲਵਾਰ ਦੀ ਥਾਂ ਕਲਮ ਦਾ ਵਾਰ ਕਰਨ ਦੀ ਸਲਾਹ ਦਿੱਤੀ ਤਾਂ ਦਸਮ ਪਿਤਾ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਜ਼ਫਰਨਾਮੇ ਦੀ ਰਚਨਾ ਕੀਤੀ। ਫਿਰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੇ ਹੱਥ ਬਾਦਸ਼ਾਹ ਔਰੰਗਜ਼ੇਬ ਵੱਲ ਭੇਜਦਿਆਂ ਹੁਕਮ ਕੀਤਾ ਕਿ ‘ਇਹ ਪੱਤਰ (ਜ਼ਫ਼ਰਨਾਮਾ) ਕੇਵਲ ਬਾਦਸ਼ਾਹ ਔਰੰਗਜ਼ੇਬ ਨੂੰ ਹੀ ਦੇਣਾ ਏ, ਹੋਰ ਕਿਸੇ ਨੂੰ ਨਹੀਂ।’ ਭਾਈ ਕੋਇਰ ਸਿੰਘ ਜੀ ਲਿਖਦੇ ਹਨ ਕਿ ‘ਚਿੱਠੀ ਬਾਦਸ਼ਾਹ ਨੂੰ ਹੀ ਦੇਣੀ।ਮਨ ਵਿੱਚ ਕਿਸੇ ਤਰ੍ਹਾਂ ਦਾ ਡਰ ਜਾਂ ਸ਼ੰਕਾ ਨਹੀਂ ਲਿਆਉਣਾ।’

   ਕਹੀ ਸਮਝਾਇ ਕਰਤਾਰ ਤਾਹੀ ਸਮੈ,

   ਲਿਖਾ ਔਰੰਗ ਕੇ ਹਾਥ ਦੀਜੋ।

   ਸਾਥ ਸਹਾਇ ਯੌਂ ਜਾਨ ਮੇਰਾ ਬਚਨ,

   ਨਾਹਿ ਮਨ ਮਾਹਿ ਕਛੁ ਸ਼ੰਕ ਕੀਜੋ।

    ‘ਗੁਰੂ ਕੀਆਂ ਸਾਖੀਆਂ’ ਦਾ ਕਰਤਾ (1790 ਈ:) ਸਵਰੂਪ ਸਿੰਘ ਕੌਸ਼ਿਸ਼ ਇਉਂ ਲਿਖਦਾ ਏ-‘ਯਿਹ ਜ਼ਫ਼ਰਨਾਮਾ ਲਿਖ ਭਾਈ ਦਯਾ ਸਿੰਘ ਸੇ ਬਚਨ ਹੂਆ, ਤੁਸੀਂ ਅਹਿਦੀਆ ਭੇਸ ਮੇਂ ਦੱਖਣ ਦੇਸ਼ ਅਹਿਮਦ ਨਗਰ ਬਾਦਸ਼ਾਹ ਸੇ ਜਾਇ ਕੇ ਦੇਨਾ ਹੈ।ਇਸ ਕੈ ਗੈਲ ਦੂਜਾ ਧਰਮ ਸਿੰਘ ਪਿਆਰੇ ਕੋ ਤਿਆਰ ਕੀਆ। ਇਹ ਦੋਵੇਂ ਸਿੱਖ ਅਹਿਦੀਆ (ਮੁਗਲ ਹਕੂਮਤ ਸਮੇਂ ਸਰਕਾਰੀ ਹੁਕਮ ਜਾਂ ਸੰਦੇਸ਼ ਲੈਣ ਕੇ ਜਾਣ ਵਾਲੇ ਕਰਮਚਾਰੀ ਨੂੰ ਅਹਿਦੀਆ ਆਖਦੇ ਸਨ) ਭੇਸ ਮੇਂ ਦੀਨਾ ਨਗਰੀ ਸੇ ਦੱਖਣ ਦੇਸ਼ ਕੋ ਰਵਾਨਾ ਹੂਏ।’

    ‘ਤਵਾਰੀਖ ਗੁਰੂ ਖ਼ਾਲਸਾ’ ਵਿੱਚ ਗਿਆਨੀ ਗਿਆਨ ਸਿੰਘ ਇੰਝ ਆਖਦਾ ਏ-‘ਬਹੁਤ ਸਾਰੇ ਸੱਚੇ ਤਾਹਨੇ ਤੇ ਬਿਰਤਾਂਤ ਠੇਠ ਫ਼ਾਰਸੀ ਜ਼ਬਾਨ ਵਿੱਚ ਲਿਖ ਕੇ ਗੁਰੂ ਸਾਹਿਬ ਜੀ ਨੇ ਉਸ ਲਿਖਤ ਦਾ ਨਾਮ ‘ਜਫਰਨਾਮਾ’ ਰੱਖ ਕੇ ਦੱਖਣ ਦੇਸ਼ ਔਰੰਗਾਬਾਦ ਵਿੱਚ, ਜਿੱਥੇ ਔਰੰਗਜ਼ੇਬ ਮਰਹੱਟਿਆਂ ਨਾਲ ਲੜ ਰਿਹਾ ਸੀ, ਉਸ ਵੱਲ ਭਾਈ ਦਯਾ ਸਿੰਘ ਨੂੰ ਸਰਬ ਸ਼ਕਤੀ ਸੰਪੰਨ ਕਰਕੇ ਤੋਰ ਦਿੱਤਾ। ਉਹ ਦੇ ਨਾਲ ਚਾਰ ਸਿੰਘ ਹੋਰ ਤੋਰੇ ਤੇ ਹੁਕਮ ਦਿੱਤਾ, ਜਿਕੂੰ ਔਰੰਗੇ ਨੇ ਗੁਰੂ ਕੇ ਘਰ ਉੱਤੇ ਅਹਿਦੀਆ ਭੇਜਿਆ, ਉਸੇ ਤਰ੍ਹਾਂ ਉਸਦੇ ਪ੍ਰਾਣ ਲੈਣ ਵਾਲੇ ਤੁਸੀਂ ਬੀ ਆਪ ਨੂੰ ਗੁਰੂ ਕੇ ਅਹਿਦੀਏ ਸਮਝੋ। ਤੁਸਾਂ ਕਿਸੇ ਤੋਂ ਡਰਨਾ ਨਹੀਂ, ਅਸੀਂ ਸਦੀਵ ਤੁਹਾਡੇ ਅੰਗ ਸੰਗ ਹਾਂ। ਗੁਰੂ ਕਾ ਬਚਨ ਮੰਨ ਕੇ ਭਾਈ ਦਯਾ ਸਿੰਘ ਤਾਂ ਜ਼ਫ਼ਰਨਾਮਾ ਲੈ ਕਰ ਦੀਨੇ ਪਿੰਡ ਤੋਂ ਦੱਖਣ ਵੰਨੀਂ ਤੁਰ ਗਿਆ ਤੇ ਗੁਰੂ ਸਾਹਿਬ ਦੀਨੇ ਪਿੰਡ ਟਿਕੇ ਰਹੇ।’

    ਜਦੋਂ ਭਾਈ ਦਯਾ ਸਿੰਘ ਦੀਨੇ ਪਿੰਡ ਤੋਂ ਤੁਰਿਆ ਤਾਂ ਉਨ੍ਹਾਂ ਨੀਲੇ ਰੰਗ ਦੇ ਬਸਤਰ ਪਾਏ ਸਨ। ਸਿਰਾਂ ‘ਤੇ ਨੀਲੀਆਂ ਦਸਤਾਰਾਂ ਸਜਾਈਆਂ। ਕਵੀ ਸੈਨਾਪਤਿ ਜੀ ਲਿਖਦੇ ਹਨ –

   ਬਿਦਾ ਭਯੋ ਤਾਹੀ ਸਮੈ,

   ਪ੍ਰਭ ਕੋ ਸੀਸ ਨਿਵਾਇ।

   ਅਹਿਦੀ ਭੇਸ ਬਨਾਇ ਕੈ,

   ਚਲਯੋ ਸਿੰਘ ਤਬ ਧਾਇ।

   ਕੇਸਰ ਸਿੰਘ ਛਿੱਬਰ (ਬੰਸਾਵਲੀ ਨਾਮਾ, ਚਰਨ ੧੦) ਦਾ ਹਵਾਲਾ ਹੈ ਕਿ ਭਾਈ ਦਯਾ ਸਿੰਘ ਨੂੰ ਭੇਜਣ ਦਾ ਭਾਵ ਏ ਕਿ ਉਹ ਗੁਰੂ ਸਾਹਿਬ ਜੀ ਦਾ ਮੁਨਸ਼ੀ ਤੇ ਉਰਦੂ ਫ਼ਾਰਸੀ ਆਦਿ ਪੜ੍ਹਿਆ ਹੋਇਆ ਸੀ। ਰਾਹ ਵਿੱਚ ਕਿਤੇ ਪੁੱਛ-ਦੱਸ ਹੋਵੇ ਤਾਂ ਸੋਹਣਾ ਜਵਾਬ ਦੇ ਸਕਦਾ ਸੀ। ਸੁਣੋਂ ਛਿੱਬਰ ਦੀ ਜ਼ੁਬਾਨੀ-

   ‘ਨੀਲੇ ਕੱਪੜੇ ਪਾਇ ਬਣ ਗਿਆ ਮੱਕੇ ਦਾ ਹਾਜੀ।

   ਹੈਸੀ ਮੁਨਸ਼ੀ ਪੜ੍ਹਿਆ ਹੋਇਆ,

   ਜਵਾਬ ਸੁਆਲ ਨਿਸੰਗ ਕਰੇ,

   ਸੰਗ ਮੁਫ਼ਤੀ ਮੁੱਲਾਂ ਕਾਜ਼ੀ।

   ਕਈ ਮਹੀਨਿਆਂ ਬਾਅਦ ਭਾਈ ਦਯਾ ਸਿੰਘ ਤੇ ਭਾਈ ਧਰਮ ਸਿੰਘ ਅਹਿਮਦਨਗਰ ਪਹੁੰਚੇ। ਏਥੋਂ ਤੱਕ ਪਹੁੰਚਣ ਲਈ ਸਿੰਘਾਂ ਨੂੰ ਸਤਾਰਾਂ ਸੌ (1700) ਕਿਲੋਮੀਟਰ ਦਾ ਸਫ਼ਰ ਤਹਿ ਕਰਨਾ ਪਿਆ। ਫਿਰ ਕਿਤੇ ਜਾ ਕੇ ਬਾਦਸ਼ਾਹ ਔਰੰਗਜ਼ੇਬ ਨਾਲ ਮੁਲਾਕਾਤ ਹੋਈ।ਉਸ ਵਕਤ ਔਰੰਗਜ਼ੇਬ ਉੱਚੀ ਥਾਂ ‘ਤੇ ਸਜਾਏ ਹੋਏ ਤਖ਼ਤ ਉਪਰ ਬੈਠਾ ਸੀ। ਬੁੱਢੀ ਉਮਰ ਹੋਣ ਕਾਰਨ ਧੌਣ ਤੇ ਮੋਢੇ ਝੁਕੇ ਹੋਏ ਸਨ।ਕਤਰੀ ਹੋਈ ਸਫੈਦ ਦਾੜ੍ਹੀ ਤੇ ਮੁਗਲਈ ਢੰਗ ਦੀ ਬੰਨ੍ਹੀ ਪੱਗ, ਆਪਣੇ ਅਮੀਰਾਂ-ਵਜ਼ੀਰਾਂ ਵਿੱਚ ਘਿਰਿਆ ਹੋਇਆ ਸੀ।

    ਦੋਹਾਂ ਸਿੰਘਾਂ ਨੇ ਉਹਦੇ ਸਾਹਮਣੇ ਕੋਲ ਜਾ ਕੇ, ਗੱਜ ਕੇ ਫ਼ਤਹਿ ਗਜਾਈ। ਉਹ ਆਪਣੇ ਰਿਵਾਇਤੀ ਬਾਣੇ ਵਿੱਚ ਸਨ। ਭਾਈ ਦਯਾ ਸਿੰਘ ਹੋਰਾਂ ਨੇ ਨੀਲੇ ਬਸਤਰ ਪਹਿਨੇ ਸੀ ਤੇ ਤੀਰ, ਤਲਵਾਰ, ਕਮਾਨ ਤੇ ਤਰਕਸ਼ ਆਦਿ ਸਜਾਏ ਸਨ। ਖ਼ਾਲਸਾਈ ਨੂਰ ਨਾਲ ਚਿਹਰੇ ਚਮਕ ਰਹੇ ਸਨ। ਜਿਨ੍ਹਾਂ ਨੂੰ ਤੱਕ ਕੇ ਬਾਦਸ਼ਾਹ ਔਰੰਗਜ਼ੇਬ ਹੈਰਾਨ ਹੀ ਰਹਿ ਗਿਆ। ਭਾਈ ਸੁੱਖਾ ਸਿੰਘ ਲਿਖਦਾ ਏ-

   ਸਭੈ ਨੀਲ ਚੀਰੰ ਸਜੈ ਅੰਗ ਆਛੈ।

   ਅਸੰ ਚਾਂਪ ਤੀਰੰ ਤੁਨੀਰੰ ਸੁ ਕਾਛੈ।

   ਦਿਪੈ ਦਿੱਬ ਰੂਪੰ ਗਯੋ ਤੋਨ ਜਾਇ।

   ਜਹਾਂ ਸ਼ਾਹ ਬੈਠਯੋ ਬੜੋ ਮੁਦ ਪਾਇ।

   ਲਖੈ ਰੂਪ ਯਾਨੋ ਰਹਾ ਬਿਸਮਾਈ।

   ਤਬੈ ਲਾਗ ਯਾਨੈ ਫੜੇ ਜੁ ਬੁਲਾਈ।

    ਭਾਈ ਕੋਇਰ ਸਿੰਘ ਨੇ ‘ਗੁਰ ਬਿਲਾਸ ਪਾਤਸ਼ਾਹੀ ੧੦ਵੀਂ’ ਦੇ ਅਧਿਆਇ ੧੭ਵੇਂ ਵਿੱਚ 1751 ਈਸਵੀ ਦੀ ਲਿਖਤ ਅਨੁਸਾਰ-

   ਨਿਡਰ ਸਿੰਘ ਸਾਹਨ ਤਟ ਜਾਈ।

   ਪ੍ਰਗਟ ਖ਼ਾਲਸੇ ਫਤੇ ਬੁਲਾਈ।

   ਹੁਕਮ ਧਰਾ ਹਜ਼ਰਤ ਕੇ ਆਗੇ।

   ਟਕ ਟਕ ਲੋਗ ਪੇਖਨੇ ਲਾਗੇ।

   ਭਾਵ ਅਰਥ ਕਿ ਭਾਈ ਦਯਾ ਸਿੰਘ ਨਿਡਰ ਹੋ ਕੇ ਦਰਬਾਰ ਵਿੱਚ ਗਿਆ ਤੇ ਗੱਜ ਕੇ ਫ਼ਤਹਿ ਬੁਲਾਈ। ਉਸ ਦਸਮ ਪਿਤਾ ਜੀ ਦਾ ਲਿਖਿਆ ਜ਼ਫ਼ਰਨਾਮਾ ਔਰੰਗਜ਼ੇਬ ਦੇ ਅੱਗੇ ਜਾ ਰੱਖਿਆ।ਆਸੇ ਪਾਸੇ ਬੈਠੇ ਲੋਕ ਬਿੱਟ ਬਿੱਟ ਤੱਕਣ ਲੱਗੇ।ਜਦ ਔਰੰਗਜ਼ੇਬ ਨੇ ਜ਼ਫਰਨਾਮੇ ਦੇ ਸ਼ੇਅਰ ਪੜ੍ਹੇ ਤਾਂ ਉਹਦਾ ਰੰਗ ਪੀਲਾ ਜ਼ਰਦ ਹੋ ਗਿਆ।ਕੀਤੇ ਹੋਏ ਪਾਪ ਕਰਮਾਂ ਦੇ ਦ੍ਰਿਸ਼ ਅੱਖਾਂ ਮੂਹਰੇ ਆ ਕੇ ਘੁੰਮਣ ਲੱਗੇ ਤੇ ਉਹ ਮੰਦ ਕਰਮਾਂ ਦੇ ਪਛਤਾਵੇ ਵਿੱਚ ਡੁੱਬਿਆ ਮਰ ਗਿਆ। ਸੁਣੋਂ –

   ਤਾ ਹੀ ਦੁਖ ਹਜ਼ਰਤ ਮਰ ਗਯੋ।

   ਹਾਹਾਕਾਰ ਤੁਰਕ ਗ੍ਰਿਹ ਭਯੋ।

    ਜ਼ਫ਼ਰਨਾਮਾ ਪੜ੍ਹ ਕੇ ਔਰੰਗਜ਼ੇਬ ਮਰ ਗਿਆ।ਇਸ ਦੀ ਪੁਸ਼ਟੀ ਕੇਸਰ ਸਿੰਘ ਛਿੱਬਰ ‘ਬੰਸਾਵਲੀ ਨਾਮਾ’ (1769 ਈ:) ਵਿੱਚ ਕਰਦਾ ਏ-

   ਜਦ (ਜ਼ਫ਼ਰਨਾਮਾ) ਖੋਲਿ ਡਿੱਠਾ,

   ਤਬ ਮੁਖ ਪਰ ਜ਼ਰਦੀ ਵਰਤ ਗਈ।

   ਪੜ੍ਹਦਾ-ਪੜ੍ਹਦਾ ਵਿਚੇ ਨਿੱਘਰ ਗਿਆ,

   ਮੂੰਹੋਂ ਬੋਲਣ ਜੋਗਾ ਨਾ ਰਿਹਾ।

   1705 ਈਸਵੀ ਦੇ ਅਕਤੂਬਰ ਮਹੀਨੇ ਵਿੱਚ ਔਰੰਗਜ਼ੇਬ ਕ੍ਰਿਸ਼ਨਾ ਨਦੀ ਦੇ ਕੰਢੇ ਵੱਸੇ ਪਿੰਡ ਦੇਵਪੁਰਾ ‘ਚ ਪਹੁੰਚਦਿਆਂ ਹੀ ਬਿਮਾਰ ਹੋ ਗਿਆ।ਉਸ ਵੇਲੇ ਉਹਦੀ ਉਮਰ ਤਕਰੀਬਨ 87-88 ਸਾਲ ਦੇ ਨੇੜੇ ਤੇੜੇ ਸੀ।ਇਸ ਉਮਰ ਵਿੱਚ ਵੀ ਉਹ ਜਿੱਥੇ ਮਰਹੱਟਿਆਂ ਨਾਲ ਲੜ ਰਿਹਾ ਸੀ, ਉੱਥੇ ਆਪਣੇ ਧਾਰਮਿਕ ਨਿੱਤਨੇਮ ਦੇ ਕਰਮ ਤੇ ਸਰਕਾਰੀ ਕੰਮ ਕਾਰ ਵੀ ਕਰ ਰਿਹਾ ਸੀ। ਉਹਦੇ ਸ਼ਾਹੀ ਹਕੀਮ ਹਾਜ਼ਕ ਖਾਂ ਦੀ ਅਣਥੱਕ ਕੋਸ਼ਿਸ਼ਾਂ ਸਦਕਾ ਔਰੰਗਜ਼ੇਬ ਕਾਇਮ ਹੋ ਗਿਆ। ਇਤਿਹਾਸ ਲਿਖਦਾ ਏ ਕਿ ‘ਔਰੰਗਜ਼ੇਬ ਨੇ ਹਕੀਮ ਨੂੰ ਸੋਨੇ ਨਾਲ ਤੋਲਿਆ ਤੇ ਹੋਰ ਵੀ ਬਹੁਤ ਸਾਰਾ ਇਨਾਮ ਦਿੱਤਾ।’

    20 ਜਨਵਰੀ 1706 ਈਸਵੀ ਨੂੰ ਔਰੰਗਜ਼ੇਬ ਅਹਿਮਦ ਨਗਰ ਆ ਗਿਆ ਤੇ ਏਥੇ ਉਹ ਆਪਣੀ ਮੌਤ ਤੱਕ 13 ਮਹੀਨੇ ਰਿਹਾ।ਭਾਵ 20 ਫਰਵਰੀ 1707 ਈਸਵੀ ਨੂੰ ਉਹ ਦੀ ਮੌਤ ਹੋ ਗਈ। ਕਵੀ ਸੈਨਾਪਤਿ ‘ਸ੍ਰੀ ਗੁਰ ਸੋਭਾ’ (1711 ਈ:) ਵਿੱਚ ਲਿਖਦੇ ਹਨ-

   ਅਹਿਮਦ ਨਗਰ ਅਜਬ ਇਕ ਥਾਨਾ।

   ਨਉਰੰਗ ਸ਼ਾਹ ਤਹਾਂ ਠਹਿਰਾਨਾ।

   ਤੇਰਸ ਮਾਸ ਤਹਿ ਭੂਮ ਰਹਿਓ।

   ਪਾਯੋ ਕਾਲ, ਕਾਲ ਬਸਿ ਭਯੋ।

     ਜ਼ਫਰਨਾਮੇ ਦੇ ਸ਼ੇਅਰਾਂ ਨੇ ਉਹਨੂੰ ਨਿਰਾਸ਼ਤਾ ਦੀ ਡੂੰਘੀ ਖੁੱਡ ਵਿੱਚ ਸੁੱਟ ਦਿੱਤਾ। ਕਾਗਜ਼ ਦੀ ਹਿੱਕ ‘ਤੇ ਲਿਖੇ ਉਹ ਤਿੱਖੇ ਤੇ ਤੇਜ਼ ਸ਼ਬਦਾਂ ਨੇ ਔਰੰਗਜ਼ੇਬ ਦੇ ਬੁੱਢੇ ਤੇ ਕਮਜ਼ੋਰ ਹੋ ਚੁੱਕੇ ਦਿਲ ਨੂੰ ਲੀਰੋ ਲੀਰ ਕਰ ਦਿੱਤਾ। ਦਸਮ ਗੁਰੂ ਜੀ ਦਾ ਲਿਖਿਆ ਖ਼ਤ ਹੀ ਅਸਲ ਵਿੱਚ ਪਾਪੀ ਬਾਦਸ਼ਾਹ ਦੀ ਮੌਤ ਦਾ ਕਾਰਨ ਬਣਿਆ।

    ਕਬੀਰ ਸਤਿਗੁਰ ਸੂਰਮੇ

   ਬਾਹਿਆ ਬਾਨ ਜਉ ਏਕੁ।।

   ਲਾਗਤ ਹੀ ਭੁਇ ਗਿਰਿ ਪਰਿਆ

   ਪਰਾ ਕਰੇਜੇ ਛੇਕੁ।।

            (ਸਲੋਕ ਕਬੀਰ ਜੀ, ਅੰਗ-੧੩੬੬)

     ਜ਼ਫਰਨਾਮੇ ਦੀ ਇਤਿਹਾਸਕ ਮਹੱਤਤਾ ਇਹ ਹੈ ਕਿ ‘ਇਹ ਚਮਕੌਰ ਦੀ ਜੰਗ ਦਾ ਲਿਖਿਆ ਗਿਆ ਸਭ ਤੋਂ ਪਹਿਲਾ ਬਿਰਤਾਂਤ ਹੈ।ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨੂੰ ਲਿਖਿਆ ਵੀ ਚਮਕੌਰ ਦੀ ਜੰਗ ਦੇ ਨਾਇਕ ਗੁਰੂ ਸਾਹਿਬ ਜੀ ਨੇ ਆਪ ਹੈ।’

   ਭਾਈ ਦਯਾ ਸਿੰਘ ਹੋਰੀਂ ਅਜੇ ਬਘੌਰ ਹੀ ਪਹੁੰਚੇ ਸਨ ਕਿ ਮਗਰੋਂ ਔਰੰਗਜ਼ੇਬ ਦੇ ਮਰਨ ਦੀ ਖ਼ਬਰ ਆ ਗਈ।

ਸੁਖਦੇਵ ਸਿੰਘ ਭੁੱਲੜ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਤਰਕਸ਼ੀਲਾਂ  ਨੇ  ਕੈਲੰਡਰ -24 ਤੇ  ਤਰਕਸ਼ੀਲ ਮੈਗਜ਼ੀਨ  ਦਾ ਨਵਾਂ ਅੰਕ ਲੋਕ ਅਰਪਣ ਕੀਤਾ 
Next articleਹਿੰਮਤ