“ਜਾਗ ਜਾਹ ਪੰਜਾਬੀਆ”

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

” ਤਿੱਖੇ ਕਰ ਲੈ ਵਿਚਾਰ ਇਨ੍ਹਾਂ ਸਾਣ ਉੱਤੇ ਲਾ ਲੈ ਤੂੰ,
ਹੱਕ ਸੱਚ ਲਿਖ,ਉੱਚੀ ਆਵਾਜ਼ ਨੂੰ ਉਠਾ ਲੈ ਤੂੰ;
ਭਗਤ ਜੋ ਪੜ੍ਹਦਾ ਸੀ,ਉਸ ਲੈਨਿਨ ਦੀ ਯਾਦ ਨੂੰ,
ਜਾਗ ਜਾਹ ਪੰਜਾਬੀਆਂ,ਚੁੱਕ ਲੈ ਕਿਤਾਬ ਤੂੰ,
ਸਿਰ ਦੇ ਬਚਾਉਣਾ ਪੈਣਾ,ਅਣਖਾਂ ਦੀ ਤਾਬ ਨੂੰ…;
ਭਗਤ ਸਰਾਭੇ ਜਹੇ ਪੜ੍ਹ ਕਿਰਦਾਰ ਤੂੰ,
ਦੀਪ ਸਿੰਘ,ਨਲੂਏ ਜਹੇ ਸੱਚੇ ਸਰਦਾਰ ਨੂੰ;
ਠੰਡਾ ਹੋਣ ਨਾ ਦਈਂ ਇਸ ਖ਼ੌਲਦੇ ਤੇਜ਼ਾਬ ਨੂੰ,
ਜਾਗ ਜਾਹ ਪੰਜਾਬੀਆਂ,ਚੁੱਕ ਲੈ ਕਿਤਾਬ ਤੂੰ…;
ਗੁਰੂ ਗੋਬਿੰਦ ਜੋ ਕੀਤੀ ਪੜ੍ਹ ਉਸ ਕੁਰਬਾਨੀਂ ਨੂੰ,
ਲੰਡਨ ਦੀ ਵਾਰ,ਸ਼ਹਾਦਤ ਊਧਮ ਸਿੰਘ ਦੀ ਲਾਸਾਨੀ ਨੂੰ;
ਤੂਫ਼ਾਨਾਂ ਵੀ ਨਹੀਂ ਰੋਕਿਆ ਉਸ ਉੱਡਦੇ ਉਕਾਬ ਨੂੰ,
ਜਾਗ ਜਾਹ ਪੰਜਾਬੀਆਂ,ਚੁੱਕ ਲੈ ਕਿਤਾਬ ਤੂੰ…;
ਖੰਡੇ ਨਾਲੋਂ ਤਿੱਖੀ ਹੁੰਦੀ ਕਲਮਾਂ ਦੀ ਧਾਰ ਏ,
ਤੀਰਾਂ ਜਹੀ ਮਾਰ ਹੁੰਦੇ ਉੱਚੇ ਜੇ ਵਿਚਾਰ ਨੇਂ;
ਸੌੜੀ ਸੋਚ ਵਾਲੇ ਸਾਰੇ ਤੋੜਦੇ ਜਿਹਾਦ ਤੂੰ,
ਜਾਗ ਜਾਹ ਪੰਜਾਬੀਆਂ,ਚੁੱਕ ਲੈ ਕਿਤਾਬ ਤੂੰ…;
ਗਹੁ ਨਾਲ ਸੁਣੀ ਸ਼ਹੀਦਾਂ ਦੀਆਂ ਵਾਰਾਂ ਨੂੰ,
ਜ਼ੋਰਾਵਰ ,ਫ਼ਤਹਿ ਸਿੰਘ ਤੱਕ ਸਰਹਿੰਦ ਦੀਆਂ ਦਿਵਾਰਾਂ ਨੂੰ;
ਉਨ੍ਹਾਂ ਜਾਬਰਾਂ ਦੀ ਭੰਨਿਆਂ ਜਿੱਥੇ ਜ਼ਿੱਦ ਬੇਹਿਸਾਬ ਨੂੰ,
ਜਾਗ ਜਾਹ ਪੰਜਾਬੀਆਂ,ਚੁੱਕ ਲੈ ਕਿਤਾਬ ਤੂੰ…;
ਕਿੰਨੇ ਕੁ ਨੇਂ ਝੱਲੇ ਘੱਲੂਘਾਰੇ ਸਾਡੀ ਕੌਮ ਨੇਂ,
’47 ਤੇ ’84 ਸਾਲ ਜੋ ਸਹਾਰੇ ਸਾਡੀ ਕੌਮ ਨੇਂ;
ਸਰਕਾਰ ਦੀ ਵਧੀਕੀਆਂ ਦਾ ਰੱਖ ਲੈ ਹਿਸਾਬ ਤੂੰ,
ਜਾਗ ਜਾਹ ਪੰਜਾਬੀਆਂ,ਚੁੱਕ ਲੈ ਕਿਤਾਬ ਤੂੰ…;
ਗੋਲ਼ੀ, ਬੰਬ,ਬਰੂਦਾਂ ਦੀ ਇਹ ਜੰਗ ਨਹੀਂ ਹਥਿਆਰਾਂ ਦੀ,
ਸੋਚ ਨਾਲ ਲੜਨਾਂ ਇਹ ਜੰਗ ਹੈ ਵਿਚਾਰਾਂ ਦੀ;
ਬਾਗ਼ੀਆਂ ਦੇ ਪਤੇ ਕਿਤੋਂ ਲੱਭ ਲੈ ਜਨਾਬ ਤੂੰ,
ਜਾਗ ਜਾਹ ਪੰਜਾਬੀਆਂ,ਚੁੱਕ ਲੈ ਕਿਤਾਬ ਤੂੰ…;
ਅਣਜਾਣੇ ਜੇ ਨਹੀਂ,ਬੇਖ਼ੌਫ਼ ਨੇੰ ਇਰਾਦੇ ਸਾਡੇ,
ਵੈਰੀ ਸਵਾ ਲੱਖ,ਇੱਕ ਸਿੰਘ,ਐਵੇਂ ਲੜਦੇ ਸੀ ਦਾਦੇ ਸਾਡੇ;
ਫ਼ਿਰ ਜੂਝ ਵੈਰੀਆਂ ਨਾਲ,ਜਿੱਤ ਲੈ ਪੰਜਾਬ ਨੂੰ,
ਜਾਗ ਜਾਹ ਪੰਜਾਬੀਆਂ,ਚੁੱਕ ਲੈ ਕਿਤਾਬ ਤੂੰ…;
ਫੜ ਲੈ ਜ਼ੁਬਾਨ ਜੀਹਨੇ ਇਹ ਕੁੱਝ ਕਿਹਾ ਏ,
ਨਸ਼ੇੜੀ ਫੁਕਰੇ ,ਹੋਰ ਪਿੱਛੇ ਕੀ ਰਹਿ ਗਿਆ ਏ;
ਸਿਰ ਤੇਰੇ ਮੜ੍ਹੇ ਸਭ ਧੋ ਲੈ ਇਹ ਦਾਗ਼ ਤੂੰ,
ਜਾਗ ਜਾਹ ਪੰਜਾਬੀਆਂ,ਚੁੱਕ ਲੈ ਕਿਤਾਬ ਤੂੰ…;
ਪੜ੍ਹ ਕਿੱਦਾਂ ਪੁਰਖਿਆਂ ਸਿਕੰਦਰ ਹਰਾਏ ਨੇਂ,
ਮੂੰਹ ਦੀ ਖਾ ਕੇ ਗਏ ਜੋ ਪੰਜਾਬ ਵੱਲ੍ਹ ਆਏ ਨੇੰ;
ਮੁੜ ਲੈਕੇ ਆ ਜਾ ਰਣਜੀਤ ਸਿੰਘ ਦੇ ਪੰਜਾਬ ਨੂੰ,
ਜਾਗ ਜਾਹ ਪੰਜਾਬੀਆਂ,ਚੁੱਕ ਲੈ ਕਿਤਾਬ ਤੂੰ…;
ਚੰਡੀ ਦੀ ਵਾਰ ਤੇ ਜ਼ਫ਼ਰਨਾਮੇ ਪੜ੍ਹ ਸਿੰਘਾਂ ਦੇ,
ਖ਼ੈਬਰ ਖਿਦਰਾਣੇ ਦੇ ਕਾਰਨਾਮੇ ਪੜ੍ਹ ਸਿੰਘਾਂ ਦੇ;
ਗੋਬਿੰਦ ਦੇ ਹੱਥੋਂ ਦੇਖ ਉੱਡਦੇ ਹੋਏ ਬਾਜ਼ ਨੂੰ,
ਜਾਗ ਜਾਹ ਪੰਜਾਬੀਆਂ,ਚੁੱਕ ਲੈ ਕਿਤਾਬ ਤੂੰ,
ਸਿਰ ਦੇ ਬਚਾਈ ਜਿਨ੍ਹਾਂ ਅਣਖਾਂ ਦੀ ਤਾਬ ਨੂੰ;
ਜਾਗ ਜਾਹ ਪੰਜਾਬੀਆਂ,ਚੁੱਕ ਲੈ ਕਿਤਾਬ ਤੂੰ…!!”
ਹਰਕਮਲ  ਧਾਲੀਵਾਲ
ਸੰਪਰਕ:- 8437403720
Previous articlePunjab to provide jobs to train accident victims families
Next articleJ&K reports 63 fresh Covid cases