ਕਿਸਾਨ ਮੋਰਚੇ ਦੀ ਜਿੱਤ ਦਾ ਆਧਾਰ ਸਿਰੜ ਤੇ ਸਿਆਣਪ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਇਹ ਜਿੱਤ ਐਵੇਂ ਨੀ ਮਿਲ਼ੀ ਕਮਾਈ ਗਈ ਹੈ,ਇਹਦੇ ਲਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਸਬਰ,ਸਿਰੜ ਤੇ ਸਿਆਣਪ ਕੰਮ ਆਇਆ ਹੈ,ਅਤਿਵਾਦੀ ਖਾਲਿਸਤਾਨੀ ਵਿਹਲੜ ਤੇ ਲੱਖ ਗਾਲ਼ਾਂ ਖਾ ਕੇ ਵੀ ਜੋ ਡੋਲੇ ਨਹੀਂ,ਜਿਸ ਸਿਰੜ ਤੇ ਮਿਹਨਤ ਨਾਲ ਪੰਜਾਬ ਤੇ ਹੋਰ ਵੱਖ ਵੱਖ ਸੂਬਿਆਂ ਤੋਂ ਆ ਕੇ ਕਿਸਾਨ ਇਕੱਠੇ ਹੋਏ,ਪਾਣੀ ਦੀਆਂ ਬੁਛਾੜਾਂ,ਰਸਤਾ ਰੋਕਣ ਲਈ ਟੋਏ ਪੁੱਟਣੇ ਹੋਰ ਬਹੁਤ ਕੁਝ ਸਾਰੀਆਂ ਦੁੱਖ ਤਕਲੀਫ਼ਾਂ ਸਹਿੰਦੇ ਹੋਏ ਜਦੋਂ ਜਾ ਕੇ ਦਿੱਲੀ ਦੇ ਆਲੇ ਦੁਆਲੇ ਜਾ ਕੇ ਝੰਡੇ ਗੱਡ ਲਏ,ਉਸ ਦਿਨ ਹੀ ਉਨ੍ਹਾਂ ਦੇ ਚਿਹਰਿਆਂ ਦੀ ਰੋਸ਼ਨੀ ਜਿੱਤ ਦੇ ਰੂਪ ਵਿੱਚ ਵਿਖਾਈ ਦੇ ਰਹੀ ਸੀ।

ਜਿਨ੍ਹਾਂ ਤੋਂ ਲਾਠੀਆਂ ਖਾਧੀਆਂ ਜਾ ਕੇ ਆਪਣੇ ਚੁੱਲ੍ਹੇ ਸਥਾਪਤ ਕੀਤੇ ਤਾਂ ਪਹਿਲਾਂ ਲੰਗਰ ਉਨ੍ਹਾਂ ਨੂੰ ਛਕਾਇਆ।ਉਹ ਭਵਿੱਖ ਦੀ ਜਿੱਤ ਦਾ ਖ਼ਾਸ ਨਿਸਾਨ ਸੀ।ਸਾਡੇ ਵਿਦੇਸ਼ੀ ਭੈਣ ਭਰਾ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਸਹਿੰਦੇ ਹੋਏ ਵੀ ਹਰ ਤਰ੍ਹਾਂ ਨਾਲ ਇਸ ਮੋਰਚੇ ਦੇ ਹਿੱਸੇਦਾਰ ਬਣੇ ਰਹੇ ਆਰਥਿਕ ਜਾਂ ਹੋਰ ਹਰ ਤਰ੍ਹਾਂ ਦੀ ਸਹਾਇਤਾ ਲੈ ਕੇ ਹਰ ਸਮੇਂ ਖਡ਼੍ਹੇ ਸਨ।ਸਾਡੇ ਡਾਕਟਰ ਵੀਰਾਂ ਭੈਣਾਂ ਨੇ ਮੌਕੇ ਮੌਕੇ ਤੇ ਜਾ ਕੇ ਕਮਾਂਡ ਸੰਭਾਲੀ ਤੇ ਕਿਸੇ ਬਿਮਾਰੀ ਠੁਮਾਰੀ ਨੂੰ ਸਾਡੇ ਕਿਸਾਨ ਮਜ਼ਦੂਰ ਯੋਧਿਆਂ ਦੇ ਨੇੜੇ ਢੁੱਕਣ ਨਹੀਂ ਦਿੱਤਾ।

ਉਸ ਤੋਂ ਬਾਅਦ ਗੋਦੀ ਤੇ ਸਰਕਾਰੀ ਮੀਡੀਆ ਬਹੁਤ ਕੁਝ ਗੰਦ ਭੌਂਕਦਾ ਰਿਹਾ,ਗਰਮੀ ਸਰਦੀ ਦੀ ਕੋਈ ਪਰਵਾਹ ਨ੍ਹੀਂ ਲੰਗਰ ਸੇਵਾ ਦਾ,ਬਾਰ ਬਾਰ ਤਰੀਕੇ ਨਾਲ ਪਾਈਆਂ ਰੁਕਾਵਟਾਂ ਉਨ੍ਹਾਂ ਲਈ ਕੁਝ ਨਹੀਂ ਸਨ ਸਭ ਤੋਂ ਵੱਡੀ ਗੱਲ ਡੋਲੇ ਨਹੀਂ,ਉਹਨਾਂ 700 ਤੋਂ ਉਪਰ ਸ਼ਹੀਦੀਆਂ ਦੀ ਕੁਰਬਾਨੀ ਰੰਗ ਲਿਆਈ ਹੈ।ਜਿਹਨਾਂ ਦੇ ਪਰਿਵਾਰਾਂ ਨੇ ਕਦੇ ਇਸ ਗੱਲ ਦਾ ਮਿਹਣਾ ਨਹੀਂ ਮਾਰਿਆ ਤੇ ਫਿਰ ਵੀ ਮੋਰਚੇ ਦਾ ਹਿੱਸਾ ਬਣੇ ਰਹੇ।ਸਾਡੇ ਅਖ਼ਬਾਰ ਤੇ ਸੋਸ਼ਲ ਮੀਡੀਆ ਨੇ ਬਹੁਤ ਵਧੀਆ ਸਾਥ ਦਿੱਤਾ।

ਸਾਡੇ ਪੰਜਾਬ ਦੇ ਅਖ਼ਬਾਰ ਤਾ ਹਮੇਸ਼ਾ ਸੇਵਾ ਨਿਭਾਉਂਦੇ ਹੀ ਹਨ,ਪਰ ਆਨਲਾਈਨ ਸਾਡੇ ਵਿਦੇਸ਼ੀ ਵੀਰਾਂ ਭੈਣਾਂ ਵੱਲੋਂ ਚਾਲੂ ਕੀਤੇ ਅਖ਼ਬਾਰ ਕਿਸਾਨ ਮੋਰਚੇ ਲਈ ਹਰ ਖ਼ਬਰ ਲਈ ਸਭ ਤੋਂ ਅੱਗੇ ਸਨ।ਡੇਲੀ ਹਮਦਰਦ,ਸਾਂਝੀ ਸੋਚ,ਪੰਜਾਬ ਟਾਈਮਜ਼ ਯੂ ਕੇ,ਸਪਤਾਹਿਕ ਅਖ਼ਬਾਰ ਸਾਡੇ ਲੋਕ, ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ,ਸਮਾਜ ਵੀਕਲੀ,ਪ੍ਰੀਤਨਾਮਾ ਸਾਡੇ ਪੰਜਾਬ ਦੇ ਖਾਸ ਅਖ਼ਬਾਰ ਦੇਸ਼ ਸੇਵਕ,ਬੀ.ਟੀ.ਟੀ. ਨਿਊਜ਼, ਮਾਲਵਾਬਾਣੀ ਤੇ ਦੋਆਬਾ ਐਕਸਪ੍ਰੈੱਸ ਹਰ ਥਾਂ ਤੇ ਬਹੁਤ ਵਧੀਆ ਸਾਥ ਦਿੱਤਾ,ਜਦੋਂ ਵੀ ਇਸ ਮੋਰਚੇ ਦਾ ਇਤਿਹਾਸ ਲਿਖਿਆ ਜਾਵੇਗਾ ਇਨ੍ਹਾਂ ਮਹਾਨ ਅਖ਼ਬਾਰਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਉਕਰਿਆ ਜਾਵੇਗਾ।

ਮਾਵਾਂ ਭੈਣਾਂ ਧੀਆਂ ਦਾ ਨਿਰੰਤਰ ਯੋਗਦਾਨ ਇਸ ਮੋਰਚੇ ਦੀ ਵੱਡੀ ਤਾਕਤ ਬਣ ਕੇ ਉਭਰਿਆ ਹੈ,ਹਾਕਮ ਲਈ ਇਹ ਵੱਡੀ ਸਿਰਦਰਦੀ ਸੀ।ਕਿ ਇਹ ਕਿਵੇਂ ਲਲਕਾਰ ਰਹੀਆਂ ਹਨ ਇਸ ਤਾਕਤ ਨੂੰ ਬਣਾ ਕੇ ਰਖਣਾ ਹੈ ਪੰਜਾਬੀਓ ਸਾਡੇ ਮਨਾਂ ‘ਚ ਵਸੀ ਮਰਦਾਵੀਂ ਆਕੜ ਤੋਂ ਕਿਤੇ ਵੱਡੀ ਹੈ ਸਾਡੀਆਂ ਇਹਨਾਂ ਮਾਵਾਂ ਭੈਣਾਂ ਧੀਆਂ ਸਾਥਣਾਂ ਦੀ ਜਾਗੋ,ਸਾਡੇ ਜਿੰਨੇ ਵੀ ਮੋਰਚੇ ਤੇ ਧਰਨੇ ਲੱਗੇ ਹਨ ਉਨ੍ਹਾਂ ਤੋਂ ਅਲੱਗ ਇਹ ਮੋਰਚਾ ਸਾਡੀਆਂ ਬੀਬੀਆਂ ਭੈਣਾਂ ਦਾ ਸੰਗ ਭਰਪੂਰ ਸੀ।ਬੀਬੀਆਂ ਭੈਣਾਂ ਜੋ ਘਰ ਸਨ ਖੇਤੀਬਾੜੀ ਦੇ ਨਾਲ ਸਾਰੇ ਕੰਮ ਸੰਭਾਲੇ ਜੋ ਮੋਰਚੇ ਵਿੱਚ ਸਨ।ਬੀਬੀਆਂ ਭੈਣਾਂ ਸ਼ਹੀਦੀ ਦੇ ਜਾਮ ਵੀ ਪੀ ਗਈਆਂ ਪਰ ਡੋਲੀਆਂ ਨਹੀਂ ਉਨ੍ਹਾਂ ਦਾ ਹੌਸਲਾ ਉਸ ਸਮੇਂ ਜਿੱਤ ਦਾ ਇੱਕ ਨਵਾਂ ਰੂਪ ਸੀ।ਝਾਂਸੀ ਦੀ ਰਾਣੀ ਦਾ ਇਤਿਹਾਸ ਪੜ੍ਹਿਆ ਸੀ। ਪਰ ਇਸ ਮੋਰਚੇ ਵਿਚ ਸਾਡੀ ਹਰ ਬੀਬੀ ਭੈਣ ਝਾਂਸੀ ਦੀ ਰਾਣੀ ਦੀ ਸੇਵਾ ਤੇ ਕੁਰਬਾਨੀ ਦੀ ਤਸਵੀਰ ਵਿਖਾ ਰਹੀਆਂ ਸਨ।

ਜਿੱਤ ਦੀ ਖੁਸ਼ੀ ਮਨਾਉਣਾ ਸਾਡਾ ਹੱਕ ਹੈ ਪਰ ਯਾਦ ਰਖਣਾ ਇਹ ਜਿੱਤ ਵਲ ਪਹਿਲਾ ਕਦਮ ਹੈ। ਜੋ ਇਸ ਮੋਰਚੇ ਨੇ ਖੱਟਿਆ ਕਮਾਇਆ ਹੈ, ਉਸਨੂੰ ਸੰਭਾਲਣ ਦਾ ਫਰਜ਼ ਸਾਡਾ ਹੈ। ਜੋ ਨਵੀਆਂ ਪਿਰਤਾਂ ਪਈਆਂ ਨੇ, ਉਹਨਾਂ ਨੂੰ ਵਿਸਾਰ ਨਹੀਂ ਦੇਣਾ,ਆਪਸੀ ਭਾਈਚਾਰਾ ਬਣਾ ਕੇ ਰਖਣਾ ਹੈ। ਸਬਰ ਤੇ ਅਨੁਸ਼ਾਸਨ ਦੀ ਜਿੱਤ ਦਾ ਰਾਜ਼ ਸਮਝਣਾ ਹੈ।ਬਾਬੇ ਨਾਨਕ ਦਾ ਲੰਗਰ ਜਿਵੇਂ ਅੰਤਰਰਾਸ਼ਟਰੀ ਪੱਧਰ ‘ਤੇ ਸਮੂਹ ਪੰਜਾਬੀਆਂ ਦੀ ਸ਼ਾਨਾਮੱਤੀ ਪਿਰਤ ਬਣ ਕੇ ਉਭਰਿਆ ਹੈ,ਉਸਨੂੰ ਕਾਇਮ ਰਖਣਾ ਹੈ। ਮਾਣ ਸਹਿਤ,ਹੰਕਾਰ ਸਹਿਤ ਨਹੀਂ, ਕਿਉਂਕਿ ਇਹ ਕਿਰਤ ਨਾਲ ਜੁੜਿਆ ਮੋਰਚਾ ਹੈ।ਮੋਦੀ ਹਕੂਮਤ ਧਰਮ ਦਾ ਪੱਤਾ ਖੇਡਦੀ ਹੈ।

ਯਾਦ ਰਖਣਾ ਹੈ ਕਿ ਧਰਮੀ ਉਹ ਹੁੰਦਾ ਹੈ ਜੋ ਨਿਮਰ ਹੋਵੇ,ਆਪਣੇ ਧਰਮ ਨੂੰ ਸਰਵੋਤਮ ਮੰਨਕੇ ਬਾਕੀਆਂ ਨੂੰ ਠਿੱਠ ਕਰਨਾ ਨਾ ਕਦੇ ਸਾਡੀ ਪਰੰਪਰਾ ਸੀ,ਨਾ ਹੋਣੀ ਚਾਹੀਦੀ ਹੈ,ਸੁਚੇਤ ਰਹਿਣਾ ਹੈ। ਕਿਰਤ ਦੀ ਵਡਿਆਈ ਲਈ ਹੁਣ ਘੁਰਨਿਆਂ ਵਰਗੇ ਘਰਾਂ ‘ਚ ਰਹਿੰਦੇ ਬੇਪਛਾਣੇ ਕਿਰਤੀਆਂ ਵਲ ਜਾਣਾ ਪਵੇਗਾ।ਇਸ ਜਿੱਤ ਨੇ ਤਾਕਤ ਦਿਤੀ ਹੈ,ਵਿਸ਼ਵਾਸ ਪੈਦਾ ਕੀਤਾ ਹੈ ਕਿ ਕੁੱਝ ਵੀ ਅਸੰਭਵ ਨਹੀਂ! ਆਓ ਖੁਸ਼ ਹੋਈਏ ਤੇ ਅੱਗੇ ਚਲੀਏ,ਸ਼ਹੀਦੀਆਂ ਨੂੰ ਸਲਾਮ ਕਰੀਏ,ਸੰਘਰਸ਼ ਨੂੰ ਹਿੱਕ ‘ਚ ਵਸਾਈਏ।ਅੱਜ ਤਕ ਆਪਣੇ ਬੇ ਗਿਣਤੀ ਮੋਰਚੇ ਲੱਗ ਚੁੱਕੇ ਹਨ,ਹਰ ਮੋਰਚਾ ਸਿਰੜ ਤੇ ਸਿਦਕ ਨਾਲ ਜਿੱਤਿਆ ਹੈ।

ਉਹ ਮੋਰਚੇ ਵਿਦੇਸ਼ੀ ਸਰਕਾਰਾਂ ਦੇ ਵਿਰੁੱਧ ਜਾਂ ਆਪਣੀਆਂ ਸਰਕਾਰਾਂ ਤੂੰ ਬਣਦੇ ਹੱਕਾਂ ਲਈ ਹੁੰਦੇ ਸਨ ਜੋ ਕੇ ਰਾਸ਼ਟਰੀ ਪੱਧਰ ਤੱਕ ਦੇ ਹੁੰਦੇ ਸਨ।ਇਹ ਕਿਸਾਨ ਮੋਰਚਾ ਕਾਲੇ ਖੇਤੀ ਕਾਨੂੰਨ ਸਬੰਧੀ ਸੀ ਅਜਿਹੇ ਖੇਤੀ ਕਾਨੂੰਨ ਬਹੁਤ ਸਾਰੇ ਵਿਦੇਸ਼ੀ ਮੁਲਕਾਂ ਵਿਚ ਪਹਿਲਾਂ ਹੀ ਲਾਗੂ ਕੀਤੇ ਹੋਏ ਹਨ।ਆਪਣੀ ਜਿੱਤ ਹੁਣ ਅੰਤਰਰਾਸ਼ਟਰੀ ਪੱਧਰ ਦੀ ਹੋਵੇਗੀ,ਉਹ ਦਿਨ ਦੂਰ ਨਹੀਂ ਜਦੋਂ ਵਿਦੇਸ਼ੀ ਕਿਸਾਨ ਤੇ ਮਜ਼ਦੂਰ ਝੰਡੇ ਲੈ ਕੇ ਉੱਠਣਗੇ।ਪਰ ਆਪਣੀ ਜਿੱਤ ਦੇ ਪੰਨੇ ਫੋਲ ਕੇ ਪੜ੍ਹਦੇ ਤੇ ਵਿਚਾਰਦੇ ਹੋਏ ਮੋਰਚੇ ਫ਼ਤਹਿ ਕਰਨਗੇ।ਇਸ ਮੋਰਚੇ ਤੇ ਕਿਤਾਬਾਂ ਲਿਖੀਆਂ ਜਾਣਗੀਆਂ ਜੋ ਪੂਰੀ ਦੁਨੀਆਂ ਵਿੱਚ ਸਕੂਲੀ ਸਿੱਖਿਆ ਦਾ ਇਕ ਹਿੱਸਾ ਬਣਨਗੀਆਂ।

ਹੁਣ ਉਹ ਸਾਡੇ ਦੇਸ਼ ਦੀ ਤਸਵੀਰ ਨਹੀਂ ਰਹੇਗੀ ਜੋ ਮੋਰਚੇ ਤੋਂ ਪਹਿਲਾਂ ਸੀ।ਅੱਜ ਆਪਣੇ ਹਰ ਨਾਗਰਿਕ ਵਿੱਚ ਉਹ ਹਿੰਮਤ ਘਰ ਕਰ ਚੁੱਕੀ ਹੈ,ਅਸੀਂ ਸਾਡੀਆਂ ਸਰਕਾਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦਾ ਹੌਸਲਾ ਰੱਖਦੇ ਹਾਂ।ਇਸ ਮੋਰਚੇ ਦੇ ਹਰ ਇਕ ਅੱਖਰ ਨੂੰ ਆਪਣੇ ਲੜ ਨਾਲ ਬੰਨ੍ਹ ਲਵੋ,ਹੁਣ ਆਪਣੇ ਦੇਸ਼ ਦਾ ਹਰ ਕਾਨੂੰਨ ਆਪਣੀ ਸਲਾਹ ਨਾਲ ਬਣੇਗਾ।ਆਪਣਾ ਸਿਰੜ ਤੇ ਸਿਆਣਪ ਆਪਣੇ ਨਾਲ ਚੱਲੇਗੀ ਫਿਰ ਸਰਕਾਰ ਵੀ ਆਪਾਂ ਨੇ ਹੀ ਬਣਾਉਣੀ ਹੈ।ਆਮੀਨ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਹ ਨਾ ਚੱਲੀ – ਬਾਬਾ ਤਿਹਾਈ
Next articleਕਿਸਾਨ ਅੰਦੋਲਨ ਲੋਕਤੰਤਰੀ ਪ੍ਰਣਾਲੀ ਦੀ ਜਿੱਤ।