ਸਰੋਤਿਆਂ ਨੇ ਮੰਤਰ-ਮੁਗਧ ਹੋ ਕੇ ਸੁਣਿਆ ਤੇ ਮਾਣਿਆ ਭਾਈਚਾਰੇ ਦਾ ਅੰਤਰਰਾਸ਼ਟਰੀ ਸਮਾਗਮ

 ਸੰਗਰੂਰ (ਰਮੇਸ਼ਵਰ ਸਿੰਘ) (ਸਮਾਜ ਵੀਕਲੀ)- ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕੈਨੇਡਾ ਦਾ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੇ ਸਹਿਯੋਗ ਨਾਲ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਕਰਵਾਇਆ ਗਿਆ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ‘ਚਿੰਤਨ ਅਤੇ ਸਨਮਾਨ ਸਮਾਗਮ’ ਸੱਚਮੁੱਚ ਯਾਦਗਾਰੀ ਹੋ ਨਿੱਬੜਿਆ। ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਆਏ ਉੱਘੇ ਬੁੱਧੀਜੀਵੀਆਂ ਵੱਲੋਂ ‘ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਅਤੇ ਹੱਲ’ ਵਿਸ਼ੇ ’ਤੇ ਵਿਸਥਾਰ ਸਹਿਤ ਵਿਚਾਰ-ਚਰਚਾ ਕੀਤੀ ਗਈ, ਜਿਸ ਨੂੰ ਹਾਜ਼ਰ ਸਰੋਤਿਆਂ ਨੇ ਮੰਤਰ-ਮੁਗਧ ਹੋ ਕੇ ਸੁਣਿਆ ਅਤੇ ਮਾਣਿਆ। ਸਮਾਗਮ ਦੇ ਆਰੰਭ ਵਿੱਚ ਭਾਈਚਾਰੇ ਦੀ ਪੰਜਾਬ ਇਕਾਈ ਦੇ ਸੰਚਾਲਕ ਉੱਘੇ ਨਾਵਲਕਾਰ ਮਿੱਤਰ ਸੈਨ ਮੀਤ ਨੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀਆਂ ਹੁਣ ਤੱਕ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਬਾਰੇ ਬਹੁਤ ਹੀ ਸੀਮਤ ਅਤੇ ਗੁੰਦਵੇਂ ਸ਼ਬਦਾਂ ਵਿੱਚ ਚਾਨਣਾ ਪਾਇਆ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਗਲੇਸ਼ੀਅਰ ਹੈ ਅਤੇ ਵਿਦੇਸ਼ੀ ਮੁਲਕ ਦਰਿਆ ਹਨ, ਇਸ ਲਈ ਗਲੇਸ਼ੀਅਰ ਨੂੰ ਸੰਭਾਲਣਾ ਜ਼ਰੂਰੀ ਹੈ। ਉੱਘੇ ਭਾਸ਼ਾ ਵਿਗਿਆਨੀ ਡਾ. ਸੁਖਵਿੰਦਰ ਸਿੰਘ ਪਰਮਾਰ ਨੇ ਰਣਬੀਰ ਕਾਲਜ ਸੰਗਰੂਰ ਵੱਲੋਂ ਸਮਾਗਮ ਵਿੱਚ ਪਹੁੰਚੇ ਸਮੂਹ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਜਿੰਨਾ ਗਿਆਨ ਆਪਣੀ ਮਾਤ-ਭਾਸ਼ਾ ਵਿੱਚ ਹਾਸਲ ਕੀਤਾ ਜਾ ਸਕਦਾ ਹੈ, ਉਨਾ ਦੁਨੀਆ ਦੀ ਕਿਸੇ ਵੀ ਹੋਰ ਭਾਸ਼ਾ ਵਿੱਚ ਨਹੀਂ ਕੀਤਾ ਜਾ ਸਕਦਾ। ਵਿਚਾਰ-ਚਰਚਾ ਦਾ ਆਰੰਭ ਕਰਦਿਆਂ ਕੈਨੇਡਾ ਨਿਵਾਸੀ ਦਵਿੰਦਰ ਸਿੰਘ ਘਟੌੜਾ ਦਾ ਕਹਿਣਾ ਸੀ ਕਿ ਦੇਸ਼-ਵਿਦੇਸ਼ ਵਿੱਚ ਰਹਿਣ ਵਾਲੇ ਸਮੂਹ ਲੋਕਾਂ ਨੂੰ ਪੰਜਾਬੀ ਭਾਸ਼ਾ ਅਤੇ ਵਿਰਾਸਤ ਨੂੰ ਸੰਭਾਲਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਵੈਨਕੂਵਰ ਤੋਂ ਆਏ ਹਰਦਿਆਲ ਸਿੰਘ ਗਰਚਾ ਕਿਹਾ ਕਿ ਨੌਜਵਾਨਾਂ ਨੂੰ ਬਾਹਰ ਭੱਜਣ ਦੀ ਬਜਾਏ ਦੇਸ਼ ਵਿੱਚ ਰਹਿ ਕੇ ਹੀ ਚੰਗੇ ਪ੍ਰਬੰਧ ਲਈ ਸੰਘਰਸ਼ ਕਰਨਾ ਚਾਹੀਦਾ ਹੈ।

ਸੈਕਰਾਮੈਂਟ ਤੋਂ ਆਏ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਚੰਗੀ ਪੰਜਾਬੀ ਬੋਲਣੀ ਆਉਂਦੀ ਹੋਵੇ ਤਾਂ ਕਈ ਵਿਭਾਗਾਂ ਵਿੱਚ ਅਤੇ ਨਿੱਜੀ ਅਦਾਰਿਆਂ ਵਿੱਚ ਨੌਕਰੀ ਮਿਲਣੀ ਸੌਖੀ ਹੋ ਜਾਂਦੀ ਹੈ। ਔਟਵਾ ਨਿਵਾਸੀ ਨਿਰਮਲ ਸਿੰਘ ਕਿਹਾ ਕਿ ਪੰਜਾਬੀ ਭਾਸ਼ਾ ਦੇ ਪਸਾਰ ਲਈ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣਾ ਜ਼ਰੂਰੀ ਹੈ। ਨਿਰਮਲ ਸਿੰਘ ਦੀ ਸੁਪਤਨੀ ਸੁਖਦੇਵ ਕੌਰ ਨੇ ਕਿਹਾ ਬੱਚਿਆਂ ਨੂੰ ਵਿਰਾਸਤ ਨਾਲ ਜੋੜੀ ਰੱਖਣ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ। ਪ੍ਰੋ. ਇੰਦਰਪਾਲ ਸਿੰਘ ਨੇ ਕਿਹਾ ਕਿ ਅਨੁਵਾਦ ਦੇ ਖੇਤਰ ਵਿੱਚ ਚੀਨੀਆਂ ਵੱਲੋਂ ਮਾਰੀਆਂ ਮੱਲਾਂ ਤੋਂ ਸਬਕ ਸਿੱਖਣ ਦੀ ਲੋੜ ਹੈ। ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਭਾਸ਼ਾ ਦੇ ਪ੍ਰਫੁੱਲਤਾ ਲਈ ਪੁਰਸਕਾਰਾਂ ਦੇ ਮਾਮਲੇ ਵਿੱਚ ਪੈਦਾ ਹੋਏ ਭਾਈ-ਭਤੀਜਾਵਾਦ ਨੂੰ ਖ਼ਤਮ ਕਰਨਾ ਬੇਹੱਦ ਜ਼ਰੂਰੀ ਹੈ। ਮਹਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ।

ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੇ ਪ੍ਰੋ. ਇੰਦਰਪਾਲ ਸਿੰਘ, ਸੁਖਵਿੰਦਰ ਸਿੰਘ ਲੋਟੇ ਅਤੇ ਅਵਤਾਰ ਸਿੰਘ ਜਗਰਾਉਂ ਨੂੰ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਵਿਧਾਵਾਂ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਵਿਦਿਆਰਥੀਆਂ ਰਵਿੰਦਰ ਕੌਰ, ਰਜਨੀ, ਸਤਿਗੁਰ ਸਿੰਘ, ਹਰਪ੍ਰੀਤ ਕੌਰ, ਪ੍ਰੋ. ਨਿਰਮਲ, ਕੁਲਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਕੈਨੇਡਾ ਨਿਵਾਸੀ ਕੁਲਵਿੰਦਰ ਸਿੰਘ ਸਿੱਧੂ ਨੂੰ ਸੁਖਵਿੰਦਰ ਸਿੰਘ ਲੋਟੇ ਵੱਲੋਂ ਬੋਤਲ ਵਿੱਚ ਕਵਿਤਾ ਲਿਖ ਕੇ ਭੇਟ ਕੀਤੀ ਗਈ। ਇਸ ਸਮਾਗਮ ਵਿੱਚ ਰਾਜਾ ਰਾਮ ਹੰਡਿਆਇਆ, ਮੂਲ ਚੰਦ ਸ਼ਰਮਾ, ਜੰਗੀਰ ਸਿੰਘ ਰਤਨ, ਡਾ. ਇਕਬਾਲ ਸਿੰਘ ਸਕਰੌਦੀ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਅਮਨ ਜੱਖਲਾਂ, ਕਰਨਦੀਪ ਸਿੰਘ, ਜਸਪਾਲ ਸੰਧੂ, ਸੁਖਵਿੰਦਰ ਸਿੰਘ ਬਾਲੀਆਂ, ਸਰਦਾਰਾ ਸਿੰਘ ਸੋਹੀ, ਜਸਪਾਲ ਸਿੰਘ ਮਹਿਰੋਕ, ਰਮੇਸ਼ਵਰ ਸਿੰਘ, ਕੁਲਦੀਪ ਸਿੰਘ, ਡਾ. ਰਣਜੀਤ ਬਰਿਆਹ, ਮੈਡਮ ਨਿਰਮਲ, ਪ੍ਰੋ. ਜਗਦੀਪ ਸਿੰਘ, ਪ੍ਰੋ. ਤੁਪਿੰਦਰ ਕੌਰ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਜਸਬੀਰ ਕੌਰ, ਡਾ. ਕੰਵਲਦੀਪ ਕੌਰ, ਮਨਦੀਪ ਕੌਰ, ਪ੍ਰੋ. ਕਮਲੇਸ਼, ਪ੍ਰੋ. ਮਨਜੋਤ, ਡਾ. ਪਰਮਜੀਤ ਸਿੰਘ ਦਰਦੀ, ਚਰਨਜੀਤ ਸਿੰਘ ਮੀਮਸਾ, ਗੁਰਮੀਤ ਸਿੰਘ ਸੋਹੀ, ਦਲਬਾਰ ਸਿੰਘ ਚੱਠੇ ਸੇਖਵਾਂ, ਗੁਰਜੰਟ ਸਿੰਘ ਉਗਰਾਹਾਂ, ਅਵਤਾਰ ਸਿੰਘ ਉਗਰਾਹਾਂ, ਲਵਲੀ ਬਡਰੁੱਖਾਂ, ਬਿੱਕਰ ਸਿੰਘ ਬੇਚੈਨ, ਹਰਦੀਪ ਸਿੰਘ ਸਿੱਧੂ, ਸੁਰਿੰਦਰਜੀਤ ਸਿੰਘ ਧੂਰੀ, ਰਣਜੀਤ ਆਜ਼ਾਦ ਕਾਂਝਲਾ, ਸਰਬਜੀਤ ਸੰਗਰੂਰਵੀ, ਬਲਜਿੰਦਰ ਈਲਵਾਲ, ਪੰਮੀ ਫੱਗੂਵਾਲੀਆ, ਭੁਪਿੰਦਰ ਨਾਗਪਾਲ, ਧਰਮੀ ਤੁੰਗਾਂ, ਜੀਤ ਹਰਜੀਤ, ਖੁਸ਼ਪ੍ਰੀਤ ਸਿੰਘ, ਪਰਮਜੀਤ ਕੌਰ ਸੰਗਰੂਰ, ਸੰਦੀਪ ਬਾਦਸ਼ਾਹਪੁਰੀ, ਗਗਨਪ੍ਰੀਤ ਕੌਰ ਸੱਪਲ, ਧਰਮਵੀਰ ਸਿੰਘ, ਸੁਰਜੀਤ ਸਿੰਘ ਮੌਜੀ, ਮੱਖਣ ਸੇਖੂਵਾਸ ਸਮੇਤ ਦੋ ਸੌ ਤੋਂ ਵੱਧ ਲੇਖਕਾਂ, ਪਾਠਕਾਂ ਅਤੇ ਕਲਾਕਾਰਾਂ ਨੇ ਹਿੱਸਾ ਲਿਆ। ਨਵਰੰਗ ਪਬਲੀਕੇਸ਼ਨਜ਼ ਸਮਾਣਾ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਅਤੇ ਸੁਖਵਿੰਦਰ ਸਿੰਘ ਲੋਟੇ ਦੀਆਂ ਵਿਲੱਖਣ ਕਲਾਵਾਂ ਦੀ ਪ੍ਰਦਰਸ਼ਨੀ ਵਿੱਚ ਵੀ ਲੋਕਾਂ ਦੀ ਜ਼ਿਕਰਯੋਗ ਦਿਲਚਸਪੀ ਦਿਖਾਈ ਦਿੱਤੀ। ਸਮਾਗਮ ਦੇ ਅੰਤ ਵਿੱਚ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਸਰਪ੍ਰਸਤ ਡਾ. ਇਕਬਾਲ ਸਿੰਘ ਸਕਰੌਦੀ ਨੇ ਸਮਾਗਮ ਵਿੱਚ ਸ਼ਾਮਲ ਹੋਈਆਂ ਸਾਰੀਆਂ ਸ਼ਖ਼ਸੀਅਤਾਂ ਲਈ ਧੰਨਵਾਦੀ ਸ਼ਬਦ ਕਹੇ। ਮੰਚ ਸੰਚਾਲਨ ਦੀ ਭੂਮਿਕਾ ਮਿੱਤਰ ਸੈਨ ਮੀਤ ਨੇ ਬਾਖ਼ੂਬੀ ਨਿਭਾਈ।

 

Previous articleਗੀਤ
Next articleਗ਼ਜ਼ਲ