ਗ਼ਜ਼ਲ

ਬਾਲੀ ਰੇਤਗੜੵ

(ਸਮਾਜ ਵੀਕਲੀ)

ਤੁਰਾਂ ਮੈ ਜਿਸ ਦਿਸ਼ਾ ਨੂੰ ਵੀ, ਹਵਾਵਾਂ ਚੀਰ ਦੀਆਂ ਨੇ
ਜੁਬਾਨਾਂ ਬੰਦ, ਹੈ ਦਹਿਸ਼ਤ, ਨਿਗਾਹਾਂ ਟੀਰ ਦੀਆਂ ਨੇ

ਸਿਆਲੋਂ ਤੁਰ ਪਈਆਂ ਨੇ, ਕਿਵੇਂ ਬੇ-ਆਬਰੂ ਹੋ ਹੋ
ਇਹੇ ਧਾਹਾਂ ਵਿਦੇਸ਼ਾਂ ਵਿਚ, ਰੁਲ਼ੀਆਂ ਹੀਰ ਦੀਆਂ ਨੇ

ਗਈਆਂ ਕਰ ਜਲਾ ਵਤਨੀ, ਤਸ਼ੱਦਦ ਸਹਿ ਹਕੂਮਤ ਦਾ
ਧਰਾਲ਼ਾਂ ਕਿਰ ਗਈਆਂ ਸੁਕ, ਵਗੇ ਇਹ ਨੀਰ ਦੀਆਂ ਨੇ

ਸਵਾਲਾਂ ਦੇ ਜਵਾਬਾਂ ‘ਚੋਂ, ਮਿਲੇਗਾ ਜ਼ਿੰਦਗ਼ੀ ਦਾ ਉਤਰ
ਸਮਾਧਾਂ ਬੇ-ਬਸੀ ਖੰਡਰ , ਮਜ਼ਾਰਾਂ ਪੀਰ ਦੀਆਂ ਨੇ

ਧਨਾਡਾਂ ਨਾਲ਼ ਕੀ ਸਾਂਝਾਂ, ਕਿਹਾ ਰਿਸ਼ਤਾ ਗਰੀਬਾਂ ਦਾ
ਅਖੌਤਾਂ ਨੇ ਪਸੀਜਣ ਨੂੰ, ਵਖੇਡਾਂ ਤਕਦੀਰ ਦੀਆਂ ਨੇ

ਕਿਵੇਂ ਸੋਸ਼ਣ ਕਰੇ ਜਾਵਣ, ਤਰੀਕੇ ਚੌਧਰੀ ਲੱਭੇ
ਧੁਰੋਂ ਤੰਦਾਂ ਇਹੇ ਜੁੜੀਆਂ, ਕਿਸਾਨੀ ਸੀਰ ਦੀਆਂ ਨੇ

ਅਲਾਪੇ ਰਾਗ ਹਰ ਕੋਈ, ਖੁਦਾ ਹੁਣ ਆਦਮੀ ਬਣਿਐ
ਰਬਾਬਾਂ ਤੋੜ ਸੁੱਟੀਆਂ, ਰਬਾਬੀ ਮੀਰ ਦੀਆਂ ਨੇ

ਜੁਬਾਨਾਂ ਬੰਦ ‘ਤੇ ਤਾਲ਼ੇ , ਵਿਕਾਊ ਕਲਮ ਅਖ਼ਵਾਰਾਂ
ਕੜੀਆਂ ਸਖ਼ਤ ਤਾਂ ਹੀ ਤਾਂ , ਗਲ਼ੇ ਜ਼ੰਜ਼ੀਰ ਦੀਆਂ ਨੇ

ਹਲੀਮੀ “ਰੇਤਗੜੵ ” ਅੰਦਰ , ਬੜੀ ਸੁਣਦਾਂ ਦਵੇ ਭਾਸ਼ਣ
ਵਿਅੰਗੀਂ ਫ਼ੂਕਦੈ ਦਿਲ ਨੂੰ , ਚਾਲਾਂ ਤਕਰੀਰ ਦੀਆਂ ਨੇ

ਬਾਲੀ ਰੇਤਗੜੵ
+919465129168

 

Previous articleਸਰੋਤਿਆਂ ਨੇ ਮੰਤਰ-ਮੁਗਧ ਹੋ ਕੇ ਸੁਣਿਆ ਤੇ ਮਾਣਿਆ ਭਾਈਚਾਰੇ ਦਾ ਅੰਤਰਰਾਸ਼ਟਰੀ ਸਮਾਗਮ
Next articleਖਾ ਜਾਵਾਂਗਾ