(ਸਮਾਜ ਵੀਕਲੀ)
ਮੈਂ ਜਦੋਂ ਵੀ ਟਰਮੀਨੇਟ ਹੋ ਜਾਵਾਂਗਾ,
ਕਿੰਝ ਆਪਣੇ ਆਪ ਨੂੰ ਸਮਝਾਵਾਂਗਾ।
ਜ਼ਾਲਮ ਲੋਕਾਂ ਤੇ ਸਰਕਾਰਾਂ ਦੇ ਹੱਥੋਂ,
ਸੋਚਿਆ ਨਹੀਂ, ਇੰਝ ਹਰ ਜਾਵਾਂਗਾ।
ਅਨਿਆਂ ਹੀ ਦਿੱਤਾ ਅਦਾਲਤਾਂ ਵੀ,
ਨਿਆਂ ਮੰਗਣ ਮੈਂ ਕਿੱਥੇ ਜਾਵਾਂਗਾ।
ਸਾਰੀ ਜਿੰਦਗੀ ਲਾਈ ਜਿਸਦੇ ਲੇਖੇ,
ਪਤਾ ਨਹੀਂ ਸੀ ਇਹ ਮੁੱਲ ਪਾਵਾਂਗਾ।
ਕਿਸ ਕੋਨੇ ਚ ਰੋਵਾਂਗਾ ਮੈਂ ਲੁੱਕ ਕੇ,
ਦਿਲ ਕਿਸਨੂੰ ਫ਼ਰੋਲ ਵਿਖਾਵਾਂਗਾ।
ਕਿੰਝ ਰੋਵਾਂਗਾ ਧਾਹਾਂ ਮਾਰ ਕੇ, ਜਾਂ
ਧੁਰ ਅੰਦਰੋਂ ਚੀਕਾਂਗਾ ਕੁਰਲਾਵਾਂਗਾ।
ਇਹ ਵੀ ਸਮਝ ਨਹੀਂ ਹੈ ਮੈਨੂੰ ਤਾਂ,
ਇਹ ਸਭ ਸਹਿਣ ਵੀ ਕਰ ਪਾਵਾਂਗਾ!
ਤੇਰੀਆਂ ਅੱਖਾਂ ਦੇ ਸੁਪਨੇ ਸੁੱਕ ਜਾਣ,
ਮਾਏ ਮੇਰੀਏ ਇਹ ਨਾ ਜਰ ਪਾਵਾਂਗਾ।
ਧੀਏ ਮੇਰੀਏ ਨਿਕੜੀਏ ਬਾਲੜੀਏ,
ਸੋਚਿਆ ਸੀ ਤੇਰਾ ਭਵਿੱਖ ਸਵਾਰਾਂਗਾ,
ਪਰ ਮਾਫ਼ ਕਰੀਂ ਮੈਨੂੰ ਧੀਏ ਮੇਰੀਏ,
ਹੁਣ ਮੈਂ ਕੁੱਝ ਵੀ ਨਾ ਕਰ ਪਾਵਾਂਗਾ।
ਤੇਰੀਆਂ ਨਿੱਕੀਆਂ ਨਿੱਕੀਆਂ ਗੱਲਾਂ,
ਹੁਣ ਮੈਂ ਸ਼ਾਇਦ ਹੀ ਸੁਣ ਪਾਵਾਂਗਾ।
ਤੇਰੇ ਸੁਪਨੇ ਪੂਰੇ ਕਰਦਾ ਕਰਦਾ,
ਮੈਂ ਖੁੱਦ ਸੁਪਨਾ ਹੀ ਬਣ ਜਾਵਾਂਗਾ।
ਮੈਂ ਜਦੋਂ ਵੀ ਟਰਮੀਨੇਟ ਹੋ ਜਾਵਾਂਗਾ
ਇਹ ਨਾ ਸੋਚੀਂ, ਮੈਂ ਮੁੜ ਆਵਾਂਗਾ।
ਨਾ ਲੱਭੀ ਮਾਏ ਲਾਲ ਗਵਾਚਿਆ,
ਮੈਂ ਮਿੱਟੀ ਦੇ ਵਿੱਚ ਰਲ਼ ਜਾਵਾਂਗਾ।
ਡਾੱ. ਬਲਜਿੰਦਰ ਕੁਮਾਰ ਐਮ.ਏ., ਯੂਜੀਸੀ ਨੈੱਟ (8 ਵਾਰ) ਪੀ.ਐਚ.ਡੀ. , 5 ਸ਼ੋਧ ਪੱਤਰ ਪ੍ਰਕਾਸ਼ਿਤ,
100 ਤੋਂ ਵੱਧ ਰਚਨਾਵਾਂ, 8 ਸਾਲ ਟੀਚਿੰਗ ਅਨੁਭਵ 30 ਨੈਸ਼ਨਲ ਅਤੇ ਇੰਟਰਨੈਸ਼ਨਲ ਸੈਮੀਨਾਰ, ਕਾਲਜ ਸਮੇਂ ਜਿੱਤੇ ਵੱਖ ਵੱਖ ਮੈਡਲ।



