HOME ਪੰਜਾਬੀ ਸਾਹਿਤ ਵਿੱਚ ਕਵਿਤਾਵਾਂ ਲਈ ਇੱਕ ਪ੍ਰਤੀਕ ਅਕਸਰ ਵਰਤਿਆ ਜਾਂਦਾ ਰਿਹਾ ਹੈ,...

ਪੰਜਾਬੀ ਸਾਹਿਤ ਵਿੱਚ ਕਵਿਤਾਵਾਂ ਲਈ ਇੱਕ ਪ੍ਰਤੀਕ ਅਕਸਰ ਵਰਤਿਆ ਜਾਂਦਾ ਰਿਹਾ ਹੈ, ਉਹ ਹੈ – ਹੰਸ

3

    (ਸਮਾਜ ਵੀਕਲੀ)   ਪੰਜਾਬੀ ਸਾਹਿਤ ਵਿੱਚ ਕਵਿਤਾਵਾਂ ਲਈ ਇੱਕ ਪ੍ਰਤੀਕ ਅਕਸਰ ਵਰਤਿਆ ਜਾਂਦਾ ਰਿਹਾ ਹੈ, ਉਹ ਹੈ – ਹੰਸ। ਇਹ ਪ੍ਰਤੀਕ ਕਿਉਂ ਵਰਤਿਆ ਜਾਂਦਾ ਰਿਹਾ ਹੈ? ਉਸਦੀ ਵੀ ਇੱਕ ਖਾਸੀਅਤ ਹੈ ਜੋ ਕਿ ਕੁੱਦਰਤ ਦੁਆਰਾ ਹੰਸ ਨੂੰ ਦਿੱਤੀ ਇੱਕ ਖਾਸੀਅਤ ਹੈ ਜਿਸ ਤੋਂ ਇੱਕ ਪ੍ਰਸਿੱਧ ਪੰਜਾਬੀ ਅਖਾਣ ਵੀ ਬਣਿਆ – “ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ।” ਜਿਸਦਾ ਅਰਥ ਹੈ ਸਹੀ ਇਨਸਾਫ਼ ਕਰਨਾ, ਸੱਚ ਤੇ ਝੂਠ ਦਾ ਨਿਤਾਰਾ ਕਰਨਾ, ਜਾਂ ਦੋਸ਼ੀ ਨੂੰ ਸਜ਼ਾ ਅਤੇ ਬੇਗੁਨਾਹ ਨੂੰ ਬਰੀ ਕਰਨਾ। ਇਹ ਮੁਹਾਵਰਾ ਉਦੋਂ ਵਰਤਿਆ ਜਾਂਦਾ ਹੈ ਜਦੋਂ ਕਿਸੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਅਸਲੀਅਤ ਸਾਹਮਣੇ ਲਿਆਂਦੀ ਜਾਵੇ। ਇਹ ਹੰਸ ਤੋਂ ਕਿਵੇਂ ਬਣਿਆ ਤਾਂ ਇਸਦਾ ਉੱਤਰ ਹੈ ਕਿ ਪਰਮਾਤਮਾ ਨੇ ਹੰਸ ਦੀ ਜਿੱਭ ਵਿੱਚ ਐਨੀ ਖਟ੍ਟਾਸ ਦਿੱਤੀ ਹੈ ਕਿ ਉਸਦੇ ਸਾਹਮਣੇ ਦੁੱਧ ਵਿੱਚ ਪਾਣੀ ਮਿਲਾ ਕੇ ਰੱਖ ਦਿੱਤਾ ਜਾਵੇ ਤਾਂ ਹੰਸ ਦੇ ਉਸ ਪਾਣੀ ਵਾਲੇ ਦੁੱਧ ਚ ਜਿੱਭ ਮਿਲਾਉਂਦੇ ਹੀ ਦੁੱਧ ਫੱਟ ਕੇ ਫੁੱਟਾਂ ਬਣ ਜਾਵੇਗਾ ਤੇ ਹੰਸ ਉਹਨਾਂ ਫੁੱਟਾਂ ਨੂੰ ਚੁੱਗ ਕੇ ਖਾ ਲਵੇਗਾ ਤੇ ਪਿੱਛੇ ਬਾਕੀ ਪਾਣੀ ਬੱਚ ਜਾਵੇਗਾ। ਸੋ ਇਸਤੋਂ ਹੀ ਇਹ ਪ੍ਰਸਿੱਧ ਪੰਜਾਬੀ ਅਖਾਣ ਬਣਿਆ ਤੇ ਪੰਜਾਬੀ ਸਾਹਿਤ ਵਿੱਚ ਝੂਠ ਸੱਚ ਦਾ ਨਿਤਾਰਾ ਕਰਨ ਲਈ ਇਸੇ ਅਖਾਣ ਨੂੰ ਹਮੇਸ਼ਾ ਕਵੀਆਂ ਨੇ ਝੂਠ ਸੱਚ ਦੇ ਪ੍ਰਤੀਕ ਵਜੋਂ ਵਰਤਿਆ। ਇਹ ਕੰਮ ਤਾਂ ਕਲਮ ਵੀ ਕਰਦੀ ਹੈ ਪਰ ਅੱਜ ਤੱਕ ਕਿਸੇ ਕਵੀ ਜਾਂ ਲੇਖਕ ਨੇ ਕਲਮ ਨੂੰ ਉਸਦਾ ਬਣਦਾ ਸਥਾਨ ਨਹੀਂ ਦਿੱਤਾ। ਮੈਂ ਆਪਣੀ ਕਵਿਤਾ “ਕਲਮ” ਦੇ ਰਾਹੀਂ ਅੱਜ ਇਸ ਪ੍ਰਤੀਕ ਨੂੰ ਬਦਲ ਰਿਹਾ ਹਾਂ ਤੇ ਹੰਸ ਦੀ ਥਾਂ ਤੇ “ਕਲਮ” ਨੂੰ ਖੜ੍ਹਾ ਕਰ ਰਿਹਾ ਹਾਂ।

“ਕਲ਼ਮ”

ਇੱਕ ਗੀਤ ਆਪਣੀ ਕਲਮ ਲਈ
ਅੱਜ ਮੈਂ ਲਿੱਖਣਾ ਚਾਹੁੰਦਾ ਹਾਂ,
ਮੇਰੇ ਸਫ਼ਰ ਦੀ ਇਸ ਸਾਥਣ ਤੋਂ,
ਕੁੱਝ ਮੈਂ ਵੀ ਸਿੱਖਣਾ ਚਾਹੁੰਦਾ ਹਾਂ,
ਇੱਕ ਗੀਤ ਆਪਣੀ ਕਲਮ ਲਈ,
ਅੱਜ ਮੈਂ ਲਿੱਖਣਾ ਚਾਹੁੰਦਾ ਹਾਂ।

ਇੱਕ ਗੀਤ ਸ਼ਰਧਾ ਦਾ ਮੈਂ ਅੱਜ,
ਮੇਰੀ ਕਲਮ ਨੂੰ ਭੇਂਟ ਕਰਦਾ ਹਾਂ,
ਨਾ ਹੋਰ ਕਿਸੇ ਨੂੰ ਚਾਹੁੰਦਾ ਹਾਂ,
ਨਾ ਹੋਰ ਕਿਸੇ ਤੇ ਮਰਦਾ ਹਾਂ,
ਸਭ ਤੋਂ ਵੱਧ ਪਿਆਰ ਤਾਂ ਮੈਂ,
ਕਲ਼ਮ ਮੇਰੀ ਨੂੰ ਕਰਦਾ ਹਾਂ।

ਮੈਂ ਜਦੋਂ ਵੀ ਕਲ਼ਮ ਨੂੰ ਫੜ੍ਹਦਾ ਹਾਂ,
ਪਹਿਲਾਂ ਇਸਨੂੰ ਚੁੰਮਦਾ ਹਾਂ,
ਇਸਦੀ ਸਵਾਰੀ ਕਰਕੇ ਹੀ ਮੈਂ,
ਸੱਤ ਅਸਮਾਨੀ ਘੁੰਮਦਾ ਹਾਂ,
ਫਿਰ ਕਰਕੇ ਭਾਵ ਇਕੱਠੇ ਸਾਰੇ,
ਮੈਂ ਵਰਕੇ ਦੇ ਉੱਤੇ ਭੁੰਨਦਾ ਹਾਂ।

ਝੂਠ ਨੂੰ ਲਿਆ ਕੇ ਖੜ੍ਹਾ,
ਕਟਘਰੇ ਦੇ ਵਿੱਚ ਕਰਦਾ ਹਾਂ,
ਨਿਆਂ ਦੀ ਅਦਾਲਤ ਵਿੱਚ,
ਮੈਂ ਸੱਚ ਦੀ ਹਾਮੀ ਭਰਦਾ ਹਾਂ
ਮੈਂ ਜੋ ਵੀ ਕਰਦਾ ਹਾਂ,
ਕਲ਼ਮ ਮੇਰੀ ਤੋਂ ਕਰਦਾ ਹਾਂ।

ਖੋਟਾ ਸੋਨਾ ਪਛਾਣ ਕੇ,
ਖਰੇ ਨੂੰ ਖਰਾ ਕਰਦਾ ਹਾਂ,
ਦੁੱਧ ਦਾ ਦੁੱਧ ਛਾਣ ਕੇ,
ਪਾਣੀ ਨੂੰ ਪਾਣੀ ਕਰਦਾ ਹਾਂ,
ਹੰਸ ਦੀ ਥਾਂ ਅੱਜ ਮੈਂ,
ਖੜ੍ਹਾ ਕਲ਼ਮ ਨੂੰ ਕਰਦਾ ਹਾਂ।
ਖੜ੍ਹਾ ਕਲ਼ਮ ਨੂੰ ਕਰਦਾ ਹਾਂ।

ਡਾ ਬਲਜਿੰਦਰ ਕੁਮਾਰ ਕੰਬੋਜ ਸਹਾਇਕ ਪ੍ਰੋਫ਼ੈਸਰ
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ। ਫੋਨ ਨੰਬਰ : 9478475968

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਿੱਲ ਵਿਵਾਦ: ਗਾਹਕ ਨੇ ਦੁਕਾਨਦਾਰ ਦੀ ਉਂਗਲੀ ਵੱਢ ਦਿੱਤੀ
Next articleਟਰਮੀਨੇਟ