ਮੁੰਬਈ (ਸਮਾਜ ਵੀਕਲੀ): ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਵੱਲੋਂ ਅੱਜ ਇੱਥੇ ਮਹਾਰਾਸ਼ਟਰ ਦੇ ਆਪਣੇ ਹਮਰੁਤਬਾ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਦੋਹਾਂ ਮੁੱਖ ਮੰਤਰੀਆਂ ਨੇ ਕਿਹਾ ਕਿ ਬਦਲਾਅ ਮੌਜੂਦਾ ਸਮੇਂ ਦੀ ਲੋੜ ਹੈ। ਉਨ੍ਹਾਂ ਦੀ ਇਹ ਮੁਲਾਕਾਤ ਕੌਮੀ ਪੱਧਰ ’ਤੇ ਭਾਜਪਾ ਖ਼ਿਲਾਫ਼ ਸਮਾਨ ਵਿਚਾਰਧਾਰਾ ਵਾਲੀਆਂ ਵੱਖ-ਵੱਖ ਪਾਰਟੀਆਂ ਨੂੰ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ ਵਰਸ਼ਾ’ ਵਿਖੇ ਦੋ ਘੰਟੇ ਦੀ ਮੁਲਾਕਾਤ ਤੋਂ ਬਾਅਦ ਦੋਹਾਂ ਆਗੂਆਂ ਵੱਲੋਂ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਰਾਓ ਨੇ ਕਿਹਾ ਕਿ ਇਹ ਚੰਗੀ ਸ਼ੁਰੂਆਤ ਹੈ ਅਤੇ ਹੋਰ ਖੇਤਰੀ ਤੇ ਕੌਮੀ ਪਾਰਟੀਆਂ ਦੇ ਆਗੂਆਂ ਨਾਲ ਗੱਲ ਕਰਨ ਤੋਂ ਬਾਅਦ ਉਹ ਦੁਬਾਰਾ ਮਿਲਣਗੇ। ਉਨ੍ਹਾਂ ਕਿਹਾ, ‘‘ਅਸੀਂ ਸਿਆਸੀ ਹਾਲਾਤ ਅਤੇ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਦੇਸ਼ ਨੂੰ ਦਰਪੇਸ਼ ਵਿਕਾਸ ਮੁੱਦਿਆਂ ਬਾਰੇ ਚਰਚਾ ਕੀਤੀ।’’ ਠਾਕਰੇ ਨੇ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਸ ਵੇਲੇ ਚੱਲ ਰਹੀ ਬਦਲਾਖੋਰੀ ਵਾਲੀ ਸਿਆਸਤ ਨਾ ਤਾਂ ਹਿੰਦੂਤਵ ਤੇ ਨਾ ਹੀ ਭਾਰਤੀ ਸੱਭਿਆਚਾਰ ਦਾ ਹਿੱਸਾ ਸੀ ਅਤੇ ਹੁਣ ਹਾਲਾਤ ਬਦਲਣ ਦੀ ਲੋੜ ਹੈ।
ਕੇਸੀਆਰ ਨੇ ਕਿਹਾ ਕਿ ਉਨ੍ਹਾਂ ਨੇ ਸ੍ਰੀ ਠਾਕਰੇ ਨੂੰ ਹੈਦਰਾਬਾਦ ਆਉਣ ਦਾ ਸੱਦਾ ਦਿੱਤਾ ਹੈ। ਸ਼ਿਵ ਸੈਨਾ ਦੇ ਅਖਬਾਰ ‘ਸਾਮਨਾ’ ਨੇ ਅੱਜ ਕਿਹਾ ਕਿ ਦੋਹਾਂ ਆਗੂਆਂ ਦੀ ਇਹ ਮੀਟਿੰਗ ਕੌਮੀ ਪੱਧਰ ’ਤੇ ਸਿਆਸੀ ਏਕਾਕਰਨ ਦੀ ਪ੍ਰਕਿਰਿਆ ਨੂੰ ਰਫ਼ਤਾਰ ਦੇਵੇਗੀ। ਮੀਟਿੰਗ ਵਿਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ, ਪਾਰਟੀ ਦੇ ਤਰਜਮਾਨ ਅਰਵਿੰਦ ਸਾਵੰਤ, ਸੂਬੇ ਦੇ ਮੰਤਰੀ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ ਅਤੇ ਮੁੱਖ ਮੰਤਰੀ ਦਫ਼ਤਰ ਵਿਚ ਵਧੀਕ ਮੁੱਖ ਸਕੱਤਰ ਅਸ਼ੀਸ਼ ਕੁਮਾਰ ਸਿੰਘ ਵੀ ਹਾਜ਼ਰ ਸਨ। ਠਾਕਰੇ ਦਾ ਛੋਟਾ ਪੁੱਤਰ ਤੇਜਸ ਠਾਕਰੇ ਅਤੇ ਰਾਓ ਦੇ ਨਾਲ ਫਿਲਮ ਅਦਾਕਾਰ ਪ੍ਰਕਾਸ਼ ਰਾਜ ਵੀ ਮੌਜੂਦ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly