(ਸਮਾਜ ਵੀਕਲੀ) ਜਦੋਂ ਵੀ ਕਦੇ ਸਖਸ਼ੀਅਤ ਅਨੁਸਾਰ ਵਧੀਆ ਐਡਮੀਨਿਸਟੇਟਰ ਦੀ ਗੱਲ ਹੋਵੇਗੀ ਤਾਂ ਪ੍ਰਿੰਸੀਪਲ ਸ੍ਰੀ ਹਰਬੰਸ ਸਿੰਘ ਸੈਣੀ ਦਾ ਨਾਮ ਜਰੂਰ ਆਵੇਗਾ। ਉਹ ਦਸਮੇਸ਼ ਸਕੂਲ ਬਾਦਲ ਦੇ 1981 ਤੋਂ ਲੈਕੇ 2003 ਤੱਕ ਪ੍ਰਿੰਸੀਪਲ ਰਹੇ ਤੇ ਇੰਨਾ ਸਮਾਂ ਹੀ ਮੇਰਾ ਓਹਨਾ ਨਾਲ ਸਾਥ ਰਿਹਾ। ਉਹਨਾਂ ਦੀਆਂ ਖ਼ੂਬੀਆਂ ਬਾਰੇ ਬਹੁਤ ਵਾਰ ਲਿਖਿਆ ਹੈ। ਇਹ ਗੱਲ ਨਹੀਂ ਕਿ ਉਹਨਾਂ ਵਿੱਚ ਕਮੀਆਂ ਨਹੀਂ ਸਨ ਕਿਉਂਕਿ ਕੋਈਂ ਵੀ ਸਖਸ਼ ਸੰਪੂਰਨ ਨਹੀਂ ਹੁੰਦਾ। ਪਰ ਜਦੋਂ ਖ਼ੂਬੀਆਂ ਸੱਤਰ ਅੱਸੀ ਪ੍ਰਤੀਸ਼ਤ ਤੋਂ ਵੱਧ ਹੋਣ ਤਾਂ ਕਮੀਆਂ ਨੂੰ ਨਜ਼ਰ ਅੰਦਾਜ਼ ਕਰ ਦੇਣਾ ਚਾਹੀਦਾ ਹੈ। ਬਾਕੀ ਇਸ ਸੰਸਾਰ ਤੋਂ ਤੁਰ ਗਏ ਇਨਸਾਨ ਦੇ ਪੋਤੜੇ ਫਰੋਲਣਾ ਇਖਲਾਕ ਦੇ ਖਿਲਾਫ ਹੁੰਦਾ ਹੈ। ਸ੍ਰੀ ਸੈਣੀ ਨੇ ਸਟਾਫ ਤੇ ਇੱਕ ਦਬਦਬਾ ਬਣਾਇਆ ਹੋਇਆ ਸੀ। ਕਿਉਂਕਿ ਉਹ ਸਖਤ ਮਿਜਾਜ ਸਨ। ਅਸੂਲਾਂ ਦੇ ਪੱਕੇ ਸਨ। ਪਰ ਮਰਿਆਦਾ ਦੇ ਬੰਨੇ ਹੋਏ ਸਨ। ਰਾਹ ਜਾਂਦੇ ਕਿਸੇ ਨੂੰ ਰੋਕਦੇ ਟੋਕਦੇ ਨਹੀਂ ਸਨ। ਜੇ ਕਿਸੇ ਨੂੰ ਕੁਝ ਕਹਿਣਾ ਹੈ ਯ ਝਿੜਕਣਾ ਹੁੰਦਾ ਤਾਂ ਉਸਨੂੰ ਦਫਤਰ ਵਿੱਚ ਬੁਲਾਕੇ ਹੀ ਕੁਝ ਕਹਿੰਦੇ। ਯ ਉਸਨੂੰ ਲਿਖਤੀ ਨੋਟਿਸ ਜਾਰੀ ਕਰਦੇ। ਕਈ ਵਾਰੀ ਆਪਣੇ ਅਸੂਲਾਂ ਕਰਕੇ ਯ ਅਨੁਸ਼ਾਸਨ ਕਾਇਮ ਰੱਖਣ ਲਈ ਉਹ ਧੱਕਾ ਵੀ ਕਰ ਜਾਂਦੇ। ਹਮੇਸ਼ਾ ਸ਼ਬਦਾਂ ਦੀ ਮਰਿਆਦਾ ਕਾਇਮ ਰੱਖਦੇ। ਆਪਣੇ ਦਫਤਰ ਵਿੱਚ ਬਾਹਰ ਜਾਣ ਸਮੇਂ ਦਫਤਰ ਦੀਆਂ ਲਾਈਟਾਂ ਪੱਖੇ ਵਗੈਰਾ ਬੰਦ ਕਰਨਾ ਨਾ ਭੁੱਲਦੇ। ਓਹਨਾ ਦੀ ਚਾਲ ਕਾਰਨ ਕਦੇ ਖੜਾਕ ਨਾ ਹੁੰਦਾ। ਇਸ ਲਈ ਪਤਾ ਓਦੋਂ ਲਗਦਾ ਜਦੋਂ ਉਹ ਅਗਲੇ ਦੇ ਜਵਾਂ ਸਿਰ ਤੇ ਜਾ ਖੜਦੇ। ਉਹ ਸਕੂਲ ਕੰਪਲੈਕਸ ਵਿੱਚ ਬਣੀ ਕੋਠੀ ਵਿੱਚ ਰਹਿੰਦੇ ਸਨ। ਕਈ ਸੇਵਾਦਾਰ ਹੋਣ ਦੇ ਬਾਵਜੂਦ ਵੀ ਉਹ ਸਟੂਲ ਤੇ ਚੜ੍ਹਕੇ ਪੱਖੇ ਖੁਦ ਸ਼ਾਫ ਕਰਦੇ। ਉਹਨਾਂ ਦੀ ਯਾਦਾਸ਼ਤ ਬਾਕਮਾਲ ਸੀ। ਸਟਾਫ ਦੇ ਨੇੜੇ ਹੋਣ ਦੇ ਬਾਵਜੂਦ ਵੀ ਉਹ ਆਪਸੀ ਦੂਰੀ ਕਾਇਮ ਰੱਖਦੇ। ਉਹ ਵੱਡੇ ਛੋਟੇ ਨੂੰ ਬੁਲਾਉਣ ਸਮੇਂ ਮਿਸਟਰ ਮਿਸ ਯ ਮਿਸੇਜ ਸ਼ਬਦ ਦੀ ਵਰਤੋਂ ਕਰਦੇ। ਲਾਲਚ ਕਿਸੇ ਨੇ ਨਹੀਂ ਛੱਡਿਆ ਹੁੰਦਾ ਪਰ ਇੱਥੇ ਵੀ ਉਹ ਆਪਣੀ ਮਰਿਆਦਾ ਕਾਇਮ ਰੱਖਦੇ। ਕੁਆਲਿਟੀ ਤੇ ਕੂਆਂਟਿਟੀ ਨਾਲ ਸਮਝੌਤਾ ਨਾ ਕਰਦੇ। ਉਹ ਰੋਪੜ ਜਿਲ੍ਹੇ ਦੇ ਮੁਜ਼ਾਫ਼ਤ ਕਸਬੇ ਦੇ ਜੰਮਪਲ ਸਨ। ਸ਼ੁਰੂ ਵਿੱਚ ਤੰਗੀਆਂ ਤੁਰਸ਼ੀਆਂ ਬਹੁਤ ਦੇਖੀਆਂ ਪਰ ਕਦੇ ਛੁਪਾਇਆ ਨਹੀਂ। ਉਹ ਗਰੀਬ ਅਤੇ ਮਹਿਨਤੀ ਦੀ ਕਦਰ ਕਰਨ ਵਾਲੇ ਸਨ। ਬਹੁਤ ਲੋਕਾਂ ਨੂੰ ਉਹਨਾਂ ਨੇ ਰੋਜਗਾਰ ਦਿੱਤਾ। ਇਨਸਾਨ ਸਨ ਕਦੇ ਕਦੇ ਆਪਣੀ ਈਗੋ ਨੂੰ ਵੀ ਪਾਣੀ ਦਿੰਦੇ ਤੇ ਈਗੋ ਦਾ ਸ਼ਿਕਾਰ ਹੋ ਜਾਂਦੇ। ਤਰਲ ਕੈਮੀਕਲ ਪਦਾਰਥ ਸੇਵਨ ਕਰਨ ਦੇ ਆਦੀ ਸਨ ਪਰ ਇਸ ਨੂੰ ਵੀ ਕਦੇ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ। ਜਿੱਥੇ ਉਹ ਵੱਡੇ ਤੇ ਚੰਗੇ ਬੰਦਿਆਂ ਨਾਲ ਦੋਸਤੀ ਰੱਖਦੇ ਸਨ ਉੱਥੇ ਓਹਨਾ ਨੇ ਡਾਕਟਰ ਲੂਚੇ ਵਰਗੇ ਸ਼ਰਾਬੀ ਨਾਲ ਪੂਰੀ ਦੋਸਤੀ ਅੰਤ ਤੱਕ ਨਿਭਾਈ। ਇਹ ਵੀ ਮਿਸਟਰ ਸੈਣੀ ਜੀ ਦੀ ਕਾਬਲੀਅਤ ਸੀ। ਆਪਣੇ ਲਾਈਫ ਸਟਾਈਲ ਅਤੇ ਪਹੁੰਚ ਨੂੰ ਫਰਸ਼ ਤੋਂ ਅਰਸ਼ ਤੱਕ ਲ਼ੈਜਾਣਾ ਉਹਨਾ ਦੇ ਸੰਘਰਸ਼ ਤੇ ਅਸੂਲਾਂ ਦੀ ਜਿੱਤ ਸੀ। ਅੱਜ ਓਹਨਾ ਦੇ ਸਕੂਲ ਤੋਂ ਜਾਣ ਦੇ ਇੱਕੀ ਸਾਲਾਂ ਬਾਅਦ ਵੀ ਸਕੂਲ ਪ੍ਰਬੰਧਨ ਵਿੱਚ ਉਹਨਾਂ ਦੀਆਂ ਨੀਤੀਆਂ ਅਸੂਲ ਆਪਣੀ ਆਭਾ ਬਿਖਰਦੇ ਹਨ। ਇਲਾਕੇ ਦੇ ਲੋਕ ਅੱਜ ਵੀ ਪ੍ਰਿੰਸੀਪਲ ਸੈਣੀ ਦਾ ਨਾਮ ਲੈਂਦੇ ਹਨ। ਇਹੀ ਹੁੰਦਾ ਹੈ ਬੰਦੇ ਦਾ ਉੱਚਾ ਕਿਰਦਾਰ।
ਊਂ ਗੱਲ ਆ ਇੱਕ।
ਰਮੇਸ਼ ਸੇਠੀ ਬਾਦਲ
9876627233
ਗੱਲਾਂ ਸ਼੍ਰੀ ਹਰਬੰਸ ਸਿੰਘ ਸੈਣੀ ਦੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



