ਪਰਮਾਣੂ ਹਮਲੇ ਦੇ ਪਰਛਾਵੇਂ ’ਚ ਰੂਸ ਤੇ ਯੂਕਰੇਨ ਵਿਚਾਲੇ ਗੱਲਬਾਤ

ਕੀਵ (ਸਮਾਜ ਵੀਕਲੀ):  ਜੰਗ ਦੇ ਮਾਹੌਲ ਵਿਚਾਲੇ ਅੱਜ ਰੂਸ ਤੇ ਯੂਕਰੇਨ ਦੇ ਅਧਿਕਾਰੀਆਂ ਨੇ ਮੁਲਾਕਾਤ ਕਰ ਕੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਪਹਿਲੇ ਗੇੜ ਦੀ ਮੁਲਾਕਾਤ ਤੋਂ ਵੱਡੀਆਂ ਆਸਾਂ ਲਾਈਆਂ ਜਾ ਰਹੀਆਂ ਸਨ ਪਰ ਪੰਜ ਘੰਟੇ ਚੱਲੀ ਿੲਹ ਗੱਲਬਾਤ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕੀ। ਗੱਲਬਾਤ ਦੌਰਾਨ ਰੂਸ ਨੇ ਕਈ ਪੱਖਾਂ ਤੋਂ ਜ਼ੋਰਦਾਰ ਵਿਰੋਧ ਦਰਜ ਕੀਤਾ ਹੈ। ਅਗਲੇ ਗੇੜ ਦੀ ਗੱਲਬਾਤ ਹੁਣ ਪੋਲੈਂਡ ਤੇ ਬੇਲਾਰੂਸ ਦੀ ਸਰਹੱਦ ’ਤੇ ਹੋਵੇਗੀ। ਯੂਕਰੇਨੀ ਬਲਾਂ ਨੇ ਹਾਲਾਂਕਿ ਰੂਸੀ ਫ਼ੌਜ ਨੂੰ ਕੁਝ ਹੱਦ ਤੱਕ ਅੱਗੇ ਵਧਣ ਤੋਂ ਰੋਕਿਆ ਹੈ ਤੇ ਪੱਛਮੀ ਤਾਕਤਾਂ ਨੇ ਵੀ ਪਾਬੰਦੀਆਂ ਨਾਲ ਰੂਸ ’ਤੇ ਲਗਾਮ ਕੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਕ੍ਰੈਮਲਿਨ ਨੇ ਮੁੜ ਪਰਮਾਣੂ ਜੰਗ ਦਾ ਜ਼ਿਕਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਜੰਗ ਦੇ  ਨਵੀਂ ਉਚਾਈ ਤੱਕ ਪਹੁੰਚਣ ਦੀ ਸੰਭਾਵਨਾ ਮਜ਼ਬੂਤ ਹੋ ਗਈ ਹੈ।

ਰੂਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਹੁਕਮ ਤੋਂ ਬਾਅਦ ਇਸ ਦੀਆਂ ਜ਼ਮੀਨੀ, ਹਵਾਈ ਤੇ ਸਮੁੰਦਰੀ ਪ੍ਰਮਾਣੂ ਤਾਕਤਾਂ ਹਾਈ ਅਲਰਟ ਉੱਤੇ ਹਨ। ਪੂਤਿਨ ਨੇ ਮੁੜ ਅਮਰੀਕਾ ਤੇ ਇਸ ਦੇ ਸਾਥੀਆਂ ਨੂੰ ਨਕਾਰ ਦਿੱਤਾ ਹੈ ਅਤੇ ‘ਝੂਠ ਦੀ ਸਲਤਨਤ’ ਗਰਦਾਨਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹ ਤੁਰੰਤ ਗੋਲੀਬੰਦੀ ਦੀ ਮੰਗ ਕਰਨਗੇ ਅਤੇ ਰੂਸੀ ਫ਼ੌਜਾਂ ਨੂੰ ਮੁਲਕਾਂ ਵਿਚੋਂ ਨਿਕਲਣ ਲਈ ਕਿਹਾ ਜਾਵੇਗਾ। ਗੱਲਬਾਤ ਲਈ ਜਿੱਥੇ ਯੂਕਰੇਨ ਨੇ ਆਪਣੇ ਰੱਖਿਆ ਮੰਤਰੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜਿਆ ਹੈ, ਉੱਥੇ ਹੀ ਰੂਸੀ ਵਫ਼ਦ ਦੀ ਅਗਵਾਈ ਸਭਿਆਚਾਰਕ ਮਾਮਲਿਆਂ ਬਾਰੇ ਪੂਤਿਨ ਦਾ ਸਲਾਹਕਾਰ ਕਰ ਰਿਹਾ ਹੈ, ਜੋ ਕਿ ਜੰਗ ਖ਼ਤਮ ਕਰਨ ਦੇ ਪੱਖ ਤੋਂ ਕੋਈ ਮਹੱਤਵ ਨਹੀਂ ਰੱਖਦਾ। ਇਸ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਰੂਸ ਇਸ ਗੱਲਬਾਤ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਿਹਾ ਹੈ। ਇਸੇ ਦੌਰਾਨ ਅਮਰੀਕਾ ਤੇ ਯੂਰੋਪੀਅਨ ਮੁਲਕ ਯੂਕਰੇਨ ਦੀ ਹਥਿਆਰ ਦੇ ਕੇ ਮਦਦ ਕਰ ਰਹੇ ਹਨ।

ਹਾਲੇ ਤੁਰੰਤ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪੂਤਿਨ ਗੱਲਬਾਤ ਜਾਂ ਜੰਗ ਤੋਂ ਚਾਹੁੰਦੇ ਕੀ ਹਨ। ਪੱਛਮੀ ਤਾਕਤਾਂ ਇਹੀ ਮੰਨ ਕੇ ਚੱਲ ਰਹੀਆਂ ਹਨ ਕਿ ਉਹ ਯੂਕਰੇਨ ਦੀ ਸਰਕਾਰ ਡੇਗ ਕੇ ਉੱਥੇ ਆਪਣਾ ਰਾਜ ਕਾਇਮ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਕਰ ਕੇ ਉਹ ਠੰਢੀ ਜੰਗ ਦੇ ਵੇਲੇ ਦਾ ਮਾਸਕੋ ਦਾ ਰਸੂਖ਼ ਬਹਾਲ ਕਰਨਾ ਚਾਹੁੰਦੇ ਹਨ। ਰੂਸੀ ਆਗੂ ਨੇ ਦੇਸ਼ ਉਤੇ ਲੱਗ ਰਹੀਆਂ ਪਾਬੰਦੀਆਂ ਨੂੰ ਮੁਲਕ ਦੇ ਪਰਮਾਣੂ ਜੰਗ ਦੇ ਰੁਖ਼ ਨਾਲ ਜੋੜ ਕੇ ਉਭਾਰਿਆ ਹੈ। ਪੂਤਿਨ ਨੇ ਨਾਟੋ ਮੁਲਕਾਂ ਦੀਆਂ ‘ਭੜਕਾਊ ਬਿਆਨਾਂ’ ਦਾ ਹਵਾਲਾ ਵੀ ਦਿੱਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਪਰਮਾਣੂ ਬੰਬਾਂ ਨਾਲ ਲੈਸ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਨੂੰ ਹਾਈ ਅਲਰਟ ਉਤੇ ਰੱਖਿਆ ਹੈ। ਇਸ ਤੋਂ ਇਲਾਵਾ ਪਣਡੁੱਬੀਆਂ, ਬੰਬਾਰੀ ਕਰਨ ਵਾਲੇ ਜਹਾਜ਼ਾਂ ਨੂੰ ਵੀ ਉਨ੍ਹਾਂ ਹਾਈ ਅਲਰਟ ਉਤੇ ਰੱਖਿਆ ਹੈ। ਅਮਰੀਕਾ ਤੇ ਬਰਤਾਨੀਆ ਦੇ ਅਧਿਕਾਰੀਆਂ ਨੇ ਰੂਸ ਦੇ ਪੱਛਮ ਨਾਲ ਸਿੱਧੇ ਟਾਕਰੇ ਤੋਂ ਵੀ ਇਨਕਾਰ ਨਹੀਂ ਕੀਤਾ ਹੈ।

ਯੂਕਰੇਨ ਦੇ ਸੈਨਿਕਾਂ ਕੋਲ ਹਥਿਆਰਾਂ ਦੀ ਗਿਣਤੀ ਭਾਵੇਂ ਕਿ ਘੱਟ ਹੋਵੇ, ਪਰ ਦ੍ਰਿੜ੍ਹ  ਇਰਾਦਿਆਂ ਨਾਲ ਲੈਸ ਇਨ੍ਹਾਂ ਸੈਨਿਕਾਂ ਨੇ ਘੱਟੋ-ਘੱਟ ਫਿਲਹਾਲ, ਰਾਜਧਾਨੀ ਕੀਵ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਵਿਚ ਰੂਸੀ ਸੈਨਿਕਾਂ ਦੀ ਰਫ਼ਤਾਰ ਘਟਾ ਦਿੱਤੀ। ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਜੰਗ ਦੌਰਾਨ ਘੱਟੋ-ਘੱਟ 44 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਸੱਤ ਦੀ ਹਸਪਤਾਲਾਂ ਵਿਚ ਇਲਾਜ ਦੌਰਾਨ ਮੌਤ ਹੋ ਗਈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪਿਛਲੇ 24 ਘੰਟਿਆਂ ਵਿਚ ਮਰਨ ਵਾਲੇ ਸਾਰੇ ਆਮ ਨਾਗਰਿਕ ਸਨ। ਉੱਧਰ, ਕੀਵ ਵਿਚ ਤਣਾਅ ਹੈ ਅਤੇ ਲੋਕ ਦੋ ਰਾਤਾਂ ਦੇ ਕਰਫਿਊ ਤੋਂ ਬਾਅਦ ਅੱਜ ਭੋਜਨ ਤੇ ਪਾਣੀ ਖ਼ਰੀਦਣ ਲਈ ਬਾਹਰ ਨਿਕਲੇ।ਸਰਕਾਰੀ ਐਮਰਜੈਂਸੀ ਏਜੰਸੀ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ ਕਿਉਂਕਿ ਸੋਮਵਾਰ ਨੂੰ ਰਿਹਾਇਸ਼ੀ ਖੇਤਰਾਂ ਵਿਚ ਹੋਈ ਗੋਲਾਬਾਰੀ ਕਰ ਕੇ ਹੋਏ ਨੁਕਸਾਨ ਦਾ ਮੁਲਾਂਕਣ ਕਰਨਾ ਅਜੇ ਬਾਕੀ ਹੈ।

ਯੂਕਰੇਨ ਸੋਸ਼ਲ ਨੈੱਟਵਰਕਾਂ ’ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿਚ ਰੂਸੀ ਬਲਾਂ ਨਾਲ ਲੜਾਈ ਵਿਚਾਲੇ ਰਿਹਾਇਸ਼ੀ ਇਮਾਰਤਾਂ ਵਿਚ ਲੜੀਵਾਰ ਧਮਾਕੇ ਹੁੰਦੇ ਦਿਖ ਰਹੇ ਹਨ। ਉੱਧਰ, ਰੂਸੀ ਫ਼ੌਜ ਵੱਲੋਂ ਰਿਹਾਇਸ਼ੀ ਖੇਤਰਾਂ, ਸਕੂਲਾਂ ਤੇ ਹਸਪਤਾਲਾਂ ਦੀਆਂ ਇਮਾਰਤਾਂ ਵਿਚ ਗੋਲਾਬਾਰੀ ਕੀਤੇ ਜਾਣ ਦੇ ਦੋਸ਼ਾਂ ਨੂੰ ਲਗਾਤਾਰ ਮੁੱਢੋਂ ਰੱਦ ਕੀਤਾ ਜਾ ਰਿਹਾ ਹੈ।ਉੱਧਰ, ਯੂਕਰੇਨ ਦੇ ਡਰੇ ਹੋਏ ਲੋਕ ਬੇਸਮੈਂਟਾਂ ਅਤੇ ਕੌਰੀਡੋਰ ਵਿਚ ਆਸਰਾ ਲੈਣ ਦੀ ਕੋਸ਼ਿਸ਼ ਰਹੇ ਹਨ। ਮ੍ਰਿਤਕਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗਿਆ ਹੈ ਪਰ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਘੱਟੋ-ਘੱਟ 16 ਬੱਚੇ ਮਾਰੇ ਗਏ ਹਨ ਅਤੇ 45 ਲੋਕ ਜ਼ਖ਼ਮੀ ਹੋ ਗਏ ਹਨ। ਦੂਜੇ ਪਾਸੇ ਸੰਯੁਕਤ ਰਾਸ਼ਟਰ ਮਨੁੱਖ ਅਧਿਕਾਰਾਂ ਦੇ ਮੁਖੀ ਨੇ ਕਿਹਾ ਕਿ ਹੁਣ ਤੱਕ 102 ਆਮ ਨਾਗਰਿਕਾਂ ਦੀ ਮੌਤ ਹੋ ਚੁੱਕੀ ਅਤੇ ਸੈਂਕੜੇ ਲੋਕ ਜ਼ਖ਼ਮੀ ਹੋ ਚੁੱਕੇ ਹਨ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਅਨੁਸਾਰ ਯੂਕਰੇਨ ਵਿਚ ਹਮਲੇ ਦੇ ਬਾਅਦ ਤੋਂ ਪੰਜ ਲੱਖ ਤੋਂ ਜ਼ਿਆਦਾ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਨੇ ਬੇਲਾਰੂਸ ਵਿਚ ਦੂਤਾਵਾਸ ਬੰਦ ਕੀਤਾ
Next articleਵਿਦੇਸ਼ ਸਕੱਤਰ ਨੇ ਸੰਸਦੀ ਕਮੇਟੀ ਨੂੰ ਯੂਕਰੇਨ ਦੇ ਹਾਲਾਤ ਬਾਰੇ ਦਿੱਤੀ ਜਾਣਕਾਰੀ