HOME ਬੱਚੀ ਨੇ ਰੱਖਿਆ ਪਿੰਡ ਬੁਟਾਹਰੀ (ਲੁਧਿਆਣਾ) ਦੀ ਲਾਇਬ੍ਰੇਰੀ ਦਾ ਨੀਂਹ-ਪੱਥਰ

ਬੱਚੀ ਨੇ ਰੱਖਿਆ ਪਿੰਡ ਬੁਟਾਹਰੀ (ਲੁਧਿਆਣਾ) ਦੀ ਲਾਇਬ੍ਰੇਰੀ ਦਾ ਨੀਂਹ-ਪੱਥਰ

2
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅਣੂ ਮੰਚ ਦੇ ਚੇਅਰਮੈਨ ਅਤੇ ‘ਅਣੂ’ ਮਿੰਨੀ ਪੱਤ੍ਰਿਕਾ ਦੇ ਸੰਪਾਦਕ ਸਰਿੰਦਰ ਕੈਲੇ ਦੇ ਪਿੱਤਰੀ ਪਿੰਡ ਬੁਟਾਹਰੀ ਵਿਖੇ ਲਾਇਬ੍ਰੇਰੀ ਦੀ ਇਮਾਰਤ ਦਾ ਨੀਂਹ-ਪੱਥਰ ਬੱਚੀ ‘ਸਨਾਇਤ ਕੈਲੇ’ ਨੇ ਆਪਣੇ ਕਰ-ਕਮਲਾਂ ਨਾਲ ਰੱਖਿਆ। ਇਸ ਸਮੇਂ ਸੁਰਿੰਦਰ ਕੈਲੇ ਦੇ ਸਮੁੱਚੇ ਪਰਿਵਾਰ ਅਤੇ ਸਰਪੰਚ ਗਰਾਮ ਪੰਚਾਇਤ ਸ਼੍ਰੀਮਤੀ ਭੁਪਿੰਦਰ ਕੌਰ ਨੇ ਸ਼ਮੂਲੀਅਤ ਕੀਤੀ। ਪ੍ਰਸਿੱਧ ਕਵੀਸ਼ਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸੁਰਿੰਦਰ ਕੈਲੇ ਦੀ ਪੋਤਰੀ ਵੱਲੋਂ ਲਾਇਬ੍ਰੇਰੀ ਦਾ ਨੀਂਹ-ਪੱਥਰ ਰੱਖਣਾ ਬੱਚੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਣ ਅਤੇ ਭਵਿੱਖ ਵਿੱਚ ਲਾਇਬ੍ਰੇਰੀ ਰਾਹੀਂ ਆਪਣੇ ਲੋਕਾਂ ਨਾਲ ਜੁੜੇ ਰਹਿਣ ਦਾ ਸਬੱਬ ਬਣੇਗੀ। ਬੇਬੀ ਸਨਾਇਤ ਜੋ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਹੈ, ਇੱਕ ਹੋਣਹਾਰ ਕਲਾਕਾਰ ਤੇ ਸਾਹਿਤਕਾਰ ਵੀ ਹੈ ਜਿਸ ਦੀਆਂ ਰਚਨਾਵਾਂ ਅਖ਼ਬਾਰਾਂ ਅਤੇ ਰਸਾਲਿਆਂ ਦੀ ਸ਼ੋਭਾ ਬਣਦੀਆਂ ਰਹਿੰਦੀਆਂ ਹਨ। ਸਰਪੰਚ ਸ਼੍ਰੀਮਤੀ ਰੁਪਿੰਦਰ ਕੌਰ ਨੇ ਪੰਚਾਇਤ ਵੱਲੋਂ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਸਾਬਕਾ ਸਰਪੰਚ ਸ਼੍ਰੀ ਸੁਰਿੰਦਰ ਕੈਲੇ ਸ਼ੁਰੂ ਤੋਂ ਹੀ ਪਿੰਡ ਦੀ ਬਿਹਤਰੀ ਲਈ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਹਰ ਸਾਲ ਪੁਸਤਕਾਂ ਦਾਨ ਦੇਣ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਾਹਿਤਕ ਕਿਤਾਬਾਂ ਦੇ ਕੇ ਸਨਮਾਨ ਕਰਨ ਲਈ ਨਗਰ ਨਿਵਾਸੀ ਭਰਪੂਰ ਪ੍ਰਸੰਸਾ ਕਰਦੇ ਹਨ। ਇਨ੍ਹਾਂ ਨੇ ਪਿੰਡ ਵਿੱਚ 1978 ਵਿੱਚ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਸੀ ਜਿਸ ਦਾ ਉਦਘਾਟਨ ਤਤਕਾਲ ਡਿਪਟੀ ਕਮਿਸ਼ਨਰ ਸ਼੍ਰੀ ਨ. ਸ. ਰਤਨ ਨੇ ਕੀਤਾ ਸੀ। ਪਿੰਡ ਤੇ ਨੌਜਵਾਨ ਸਭਾ ਦਾ ਸਿਰਕੱਢਦੇ ਮੈਂਬਰ ਸ੍ਰ: ਹਰਜੀਤ ਸਿੰਘ ਨੇ ਸੁਰਿੰਦਰ ਕੈਲੇ ਦੇ ਪਰਿਵਾਰ ਵੱਲੋਂ ਪਿੰਡ ਦੀ ਬਿਹਤਰੀ ਲਈ ਜ਼ਮੀਨ ਦੇਣ ਅਤੇ ਲਾਇਬ੍ਰੇਰੀ ਦੀ ਇਮਾਰਤ ਬਣਾਉਣ ਦੇ ਉੱਦਮ ਲਈ ਸਮੁੱਚੀ ਨੌਜਵਾਨ ਸਭਾ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਨਗਰ ਨਿਵਾਸੀਆਂ ਖਾਸਕਰ ਵਿਦਿਆਰਥੀਆਂ ਲਈ ਇਹ ਲਾਇਬ੍ਰੇਰੀ ਵਰਦਾਨ ਸਾਬਤ ਹੋਵੇਗੀ। ਅਖ਼ੀਰ ’ਚ ਪਰਿਵਾਰ ਵੱਲੋਂ ਸ਼੍ਰੀ ਬੱਬਰ ਕੈਲੇ (ਸਪੁੱਤਰ ਸ਼੍ਰੀ ਸੁਰਿੰਦਰ ਕੈਲੇ) ਨੇ ਕਿਹਾ ਕਿ ਲਾਇਬ੍ਰੇਰੀ ਦੇ ਨੀਂਹ-ਪੱਥਰ ਰੱਖਣ ਦੀ ਰਸਮ ਪਰਿਵਾਰ ਤੱਕ ਸੀਮਤ ਰੱਖੀ ਗਈ ਹੈ। ਉਨ੍ਹਾਂ ਸ਼੍ਰੀਮਤੀ ਰੁਪਿੰਦਰ ਕੌਰ ਸਰਪੰਚ ਹੋਰਾਂ ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਅਤੇ ਭਾਈ ਮਨਜੀਤ ਸਿੰਘ, ਹਰਜੀਤ ਸਿੰਘ ਤੇ ਪ੍ਰਬੰਧਕ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਪਰਿਵਾਰ ਹਮੇਸ਼ਾਂ ਪਿੰਡ ਦੀ ਬਿਹਤਰੀ ਲਈ ਯਤਨਸ਼ੀਲ ਰਹੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਸਟਰ ਸੰਜੀਵ ਧਰਮਾਣੀ ਦਾ ਹੋਇਆ ਸਨਮਾਨ
Next articleਅਲਾਇੰਸ ਕਲੱਬ ਇੰਟਰਨੈਸ਼ਨਲ ਵੱਲੋਂ 14ਵਾਂ ਸੰਮੇਲਨ ਸਫਲਤਾ ਪੂਰਵਕ ਕਰਵਾਇਆ ਗਿਆ