HOME ਗੱਲ ਨੋਇਡਾ ਪ੍ਰਵਾਸ ਦੀ

ਗੱਲ ਨੋਇਡਾ ਪ੍ਰਵਾਸ ਦੀ

1
ਰਮੇਸ਼ ਸੇਠੀ ਬਾਦਲ
   (ਸਮਾਜ ਵੀਕਲੀ)    ਓਦੋਂ ਅਸੀਂ ਨੋਇਡਾ ਦੇ ਛਿਪੰਜਾ ਸੈਕਟਰ ਦੀ ਤਹਿ ਨੰਬਰ ਕੋਠੀ ਦੇ ਗਰਾਉਂਡ ਫਲੋਰ ਚ ਰਹਿੰਦੇ ਸੀ। ਅਸੀਂ ਕੋਈਂ ਅੱਠ ਨੋ ਮਹੀਨੇ ਉਥੇ ਰਹੇ ਫਿਰ ਦੇਸ਼ ਵਿੱਚ ਕਰੋਨਾ ਨੇ ਦਸਤਕ  ਦਿੱਤੀ ਤੇ ਅਸੀਂ ਵਾਪਿਸ ਡੱਬਵਾਲੀ ਪਰਤ ਆਏ। ਮੇਰੀ ਵੱਡੀ ਪੋਤੀ ਸੁਖਮਨੀ ਛੇ ਕੁ ਮਹੀਨਿਆਂ ਦੀ ਹੀ ਸੀ ਤੇ ਬੇਟੀ ਗਗਨ ਨੇ ਡਿਊਟੀ ਜਾਣਾ ਹੁੰਦਾ ਸੀ। ਇਹ ਕੋਠੀ ਮੇਨਰੋਡ ਦੇ ਕਾਰਨਰ ਤੇ ਬਣੀ ਹੋਣ ਕਰਕੇ ਸਿਕਊਰਿਟੀ ਪੋਸਟ ਸਾਡੇ ਗੇਟ ਦੇ ਜਵਾਂ ਮੂਹਰੇ ਸੀ ਜਿੱਥੇ ਅਸਮਾਨੀ ਤੇ ਨੀਲੇ ਰੰਗ  ਦੀ ਵਰਦੀ ਵਾਲੇ ਦੋ ਜਵਾਨ ਹਮੇਸ਼ਾ ਤਾਇਨਾਤ ਰਹਿੰਦੇ ਸਨ।  ਜਦੋਂ ਵੀ ਅਸੀਂ ਘਰੋਂ ਬਾਹਰ ਅੰਦਰ ਜਾਂਦੇ ਤਾਂ ਉਹ ਸਾਨੂੰ ਸਲੂਟ ਮਾਰਦੇ। ਬੇਟੀ ਗਗਨ ਹਮੇਸ਼ਾ ਉਹਨਾਂ ਨੂੰ ਐਂਕਲ ਆਖਦੀ ਤੇ ਉਹ ਵੀ ਬੇਟੀ ਹੀ ਕਹਿੰਦੇ। ਉਹਨਾਂ ਨਾਲ ਸਾਡੀ ਅਪਣੱਤ ਜਿਹੀ ਸੀ ਤੇ ਉਹ ਵੀ ਸਾਨੂੰ ਗੈਰ ਨਾ ਲੱਗਦੇ। ਪੋਹ ਮਾਘ ਦੀਆਂ ਠੰਡੀਆਂ ਰਾਤਾਂ ਨੂੰ ਵੀ ਉਹ ਜਾਗਕੇ ਡਿਊਟੀ ਦਿੰਦੇ। ਕਈ ਵਾਰੀ ਰਾਤ ਨੂੰ ਬੇਟੀ ਨੂੰ ਵੀ ਆਨਲਾਈਨ ਕੰਮ ਕਰਦੀ ਨੂੰ ਗਿਆਰਾਂ ਬਾਰਾਂ ਵੱਜ ਜਾਂਦੇ। ਉਹ ਸੌਣ ਤੋਂ ਪਹਿਲ਼ਾਂ ਉਹਨਾਂ ਨੂੰ ਗਰਮ ਗਰਮ ਚਾਹ ਬਣਾਕੇ ਜਰੂਰ ਪਿਆਉਂਦੀ ਤੇ ਅਮੂਮਨ ਉਹ ਨਾਲ ਬਿਸਕੁਟ ਜਾਂ ਰਸ ਵੀ ਦੇ ਦਿੰਦੀ। ਹਰ ਤਿੱਥ ਤਿਉਹਾਰ ਤੇ ਮਿਠਾਈ ਜਾਂ ਫਰੂਟ ਦੇਣਾ ਨਾ ਭੁੱਲਦੀ। ਇਹ ਵੇਖਕੇ ਮੇਰੀ ਸਰੀਕ ਏ ਹਯਾਤ ਦਾ ਸੇਰ ਖੂਨ ਵੱਧ ਜਾਂਦਾ। ਕਿਉਂਕਿ ਮੇਰੀ ਮਾਂ ਵਾੰਗੂ ਮੇਰੀ ਬੇਗਮ ਵੀ ਆਪਣੀਆਂ ਕੰਮ ਵਾਲੀਆਂ ਤੇ ਸਦਾ ਮਿਹਰਬਾਨ ਰਹਿੰਦੀ ਸੀ। ਉਹਨਾਂ ਦੇ ਨਾਲ ਹੀ ਚਾਹ ਪੀਣੀ ਅਤੇ ਜੋ ਘਰੇ ਬਣਦਾ ਉਹਨਾਂ ਨੂੰ ਬਰਾਬਰ ਦਾ ਹਿੱਸਾ ਦੇਣਾ।  ਗਰਮੀ ਸਰਦੀ ਉਹਨਾਂ ਦੇ ਜੋੜੇ ਜੁੱਤੀਆਂ ਅਤੇ ਗਰਮ ਸਰਦ ਕੱਪੜਿਆਂ ਦਾ ਖਿਆਲ ਰੱਖਣਾ ਇਸ ਸੱਸ ਨੂੰਹ ਦੀ ਆਦਤ ਵਿੱਚ ਸ਼ੁਮਾਰ ਸੀ। ਅੱਗੋਂ ਬੇਟੀ ਸਵਾ ਸੇਰ ਨਿਕਲੀ। ਉਸਨੇ ਨੋਇਡਾ ਵਿੱਚ ਵੀ ਆਪਣੀ ਇਸ ਸੇਵਾ ਸੰਭਾਲ ਦਾ ਪ੍ਰਚਮ ਲਹਿਰਾਂ ਦਿੱਤਾ।
ਹੁਣ ਜਦੋਂ ਅਸੀਂ ਸ਼ੀਸ਼ ਮਹਿਲ ਕਲੋਂਨੀ ਵਿੱਚ ਰਹਿੰਦੇ ਕਦੇ ਕਦੇ ਇਹ੍ਹਨਾਂ  ਡਿਊਟੀ ਦੇ ਰਹੇ ਗਾਰਡਾਂ ਨੂੰ ਕੇਲੇ, ਕਚੋਰੀ, ਸਮੋਸੇ  ਜਾਂ ਕੁਝ ਹੋਰ ਖਾਣ ਪੀਣ ਨੂੰ ਦਿੰਦੇ ਹਾਂ ਤਾਂ ਸਾਨੂੰ ਇੰਜ ਲੱਗਦਾ ਹੈ ਜਿਵੇਂ ਅਸੀਂ ਬੱਚਿਆਂ ਦੇ ਪਾਏ ਪੂਰਨਿਆਂ ਤੇ ਚਲਦੇ ਹੋਈਏ। ਮਾਂ ਦੀ ਯਾਦ ਤਾਂ ਆਉਂਦੀ ਹੀ ਹੈ ਤੇ ਪ੍ਰਦੇਸ਼ ਬੈਠੀ ਬੇਟੀ ਦਾ ਚੇਹਰਾ ਵੀ ਅੱਖਾਂ ਮੂਹਰੇ ਆਉਂਦਾ ਹੈ। ਜਿਵੇਂ ਕਹਿੰਦੀ ਹੋਵੇ “ਵੈੱਲ ਡਨ ਪਾਪਾ।”
ਰਮੇਸ਼ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ੁਬਾਨ ਨੇ ਤਲਵਾਰ ਨਾਲੋਂ ਜ਼ਿਆਦਾ ਬੰਦੇ ਮਰਵਾਏ ਹਨ।
Next article ਕਿਹੜਾ ਸਾਧਕ ?