ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਕਿੱਡਾ ਵੀ ਡੂੰਘਾ ਜ਼ਖ਼ਮ ਕਿਉਂ ਨਾ ਹੋਵੇ,ਭਰ ਵੀਂ ਜਾਂਦਾ ਹੈ ਤੇ ਭੁੱਲ ਵੀ ਜਾਂਦਾ ਹੈ। ਅਸੀਂ ਆਪਣਾ ਕੋਈ ਜ਼ਖ਼ਮ ਸਿਰਫ਼ ਉਸ ਵੇਲੇ ਹੀ ਯਾਦ ਕਰਦੇ ਹਨ ਜਦੋਂ ਉਸ ਦਾ ਨਿਸ਼ਾਨ ਦਿਸਦਾ ਹੈ। ਦਰਦ ਉਦੋਂ ਹੁੰਦਾ ਹੈ ਜਦੋਂ ਜ਼ਖ਼ਮ ਹੁੰਦਾ ਹੈ ਪਰ ਜ਼ਖ਼ਮ ਦੇ ਭਰ ਜਾਣ ਤੋਂ ਬਾਅਦ ਉਸ ਧਰਤ ਨੂੰ ਅਸੀਂ ਮਹਿਸੂਸ ਨਹੀਂ ਕਰਦੇ।ਅਜਿਹਾ ਜ਼ੁਬਾਨ ਨਾਲ ਨਹੀਂ ਹੁੰਦਾ।ਕਿਸੇ ਦੇ ਕਹੇ ਸ਼ਬਦ ਜ਼ਿੰਦਗੀ ਭਰ ਸਾਡੇ ਦਿਮਾਗ ਵਿੱਚ ਗੂੰਜਦੇ ਰਹਿੰਦੇ ਹਨ। ਸਾਡੇ ਦਿਲ ਦਿਮਾਗ ਚੋਂ ਉਹ ਸ਼ਬਦ ਕਦੀ ਨਹੀਂ ਨਿਕਲਦੇ। ਉਨ੍ਹਾਂ ਸ਼ਬਦਾਂ ਨਾਲ ਜੋ ਜ਼ਖ਼ਮ ਹੁੰਦੇ ਹਨ ਉਹ ਕਦੇ ਨਹੀਂ ਭਰਦੇ। ਆਮ ਭਾਸ਼ਾ ਵਿੱਚ ਆਪਾਂ ਅਕਸਰ ਕਹਿੰਦੇ ਹਾਂ ਕਿ ਮੈਨੂੰ ਅਜੇ ਤੱਕ ਯਾਦ ਹੈ। ਕਿਸੇ ਦੇ ਕਹੇ ਸ਼ਬਦ ਦਿਲ ਨੂੰ ਵਿੰਨ੍ਹ ਦਿੰਦੇ ਹਨ।ਉਹ ਚੀਸ ਕਦੀ ਨਹੀਂ ਜਾਂਦੀ।ਜ਼ੁਬਾਨ ਦੇ ਦਿੱਤੇ ਜ਼ਖ਼ਮ ਨਾਸੂਰ ਬਣ ਜਾਂਦੇ ਹਨ। ਇਹ ਸੱਚ ਹੈ ਕਿ ਤਲਵਾਰ ਨਾਲ ਬੰਦਾ ਮਾਰ ਦਿੱਤਾ ਜਾਂਦਾ ਹੈ ਪਰ ਲੜਾਈਆਂ ਦੇ ਵਿਚ ਕੋਈ ਵਜ੍ਹਾ ਹੁੰਦੀ ਹੈ। ਵਜ੍ਹਾ ਜਦੋਂ ਖ਼ਤਮ ਹੋ ਜਾਂਦੀ ਹੈ ਤਾਂ ਲੜਾਈ ਮੁੱਕ ਜਾਂਦੀ ਹੈ।ਅਮਨ ਅਮਾਨ ਵਿੱਚ ਇੱਕ ਦੂਜੇ ਨੂੰ ਮਾਰਿਆ ਨਹੀਂ ਜਾਂਦਾ। ਇਸ ਦੇ ਉਲਟ ਜ਼ੁਬਾਨ ਨੇ ਜਿੰਨੇ ਮਨ ਮਰਵਾਏ ਹਨ ਉਨ੍ਹਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ।ਜ਼ੁਬਾਨ ਦਾ ਜ਼ਖਮ ਸਰੀਰਕ ਵੀ ਹੁੰਦਾ ਹੈ ਅਤੇ ਮਾਨਸਿਕ ਵੀ। ਕਿਸੇ ਦੀ ਕਹੀ ਗੱਲ ਸੁਣ ਕੇ ਜਦੋਂ ਗੁੱਸਾ ਆਉਂਦਾ ਹੈ ਤਾਂ ਉਸ ਤੇ ਕਾਬੂ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ।ਅਜਿਹੇ ਵਿੱਚ ਜਜ਼ਬਾਤੀ ਹੋਇਆ ਮਨੁੱਖ ਕਤਲ ਤਕ ਕਰ ਦਿੰਦਾ ਹੈ।ਸਰੀਰਕ ਕਤਲ ਇੱਕ ਚੀਜ਼ ਹੈ ਤੇ ਮਾਨਸਿਕ ਕਤਲ ਇੱਕ ਵੱਖਰੀ ਗੱਲ ਹੈ। ਜ਼ੁਬਾਨ ਨੇ ਆਪਣੀ ਕੁਰੂਪਤਾ ਨਾਲ ਅਨੇਕਾਂ ਹੀ ਲੋਕਾਂ ਨੂੰ ਮਾਨਸਿਕ ਤੌਰ ਤੇ ਮਾਰ ਸੁੱਟਿਆ ਹੈ।ਤਲਵਾਰ ਸਿਰਫ ਲੜਾਈ ਵੇਲੇ ਵਰਤੀ ਜਾਂਦੀ ਹੈ। ਉਸ ਦੁਆਰਾ ਕੀਤੇ ਕਤਲ ਸਿਰਫ਼ ਲੜਾਈਆਂ ਵਿੱਚ ਹੁੰਦੇ ਹਨ।ਪਰ ਜ਼ੁਬਾਨ!ਜ਼ੁਬਾਨ ਤਕ ਕਿਸੇ ਵੀ ਵੇਲੇ ਵਰਤੀ ਜਾਂਦੀ ਹੈ ਇੱਕ ਹਥਿਆਰ ਦੀ ਤਰ੍ਹਾਂ।ਅਜਿਹੇ ਫੱਟ ਦਿੰਦੀ ਹੈ ਜੋ ਮਾਰੂ ਸਿੱਧ ਹੁੰਦੇ ਹਨ। ਇਹ ਕਦੇ ਨਹੀਂ ਭਰਦੇ ਤੇ ਨਾਸੂਰ ਬਣ ਕੇ ਰਿਸਦੇ ਰਹਿੰਦੇ ਹਨ।ਇਹ ਜ਼ਖ਼ਮ ਬੰਦੇ ਨੂੰ ਅੰਦਰੋਂ ਹੀ ਮਾਰ ਦਿੰਦੇ ਹਨ। ਸਰੀਰਕ ਤੌਰ ਤੇ ਮਰਿਆ ਬੰਦਾ ਦਫਨ ਕਰ ਦਿੱਤਾ ਜਾਂਦਾ ਹੈ ਪਰ ਮਾਨਸਿਕ ਤੌਰ ਤੇ ਮਰਿਆ ਬੰਦਾ ਸਾਰੀ ਜ਼ਿੰਦਗੀ ਆਪਣੀ ਸਲੀਬ ਆਪਣੇ ਮੋਢੇ ਤੇ ਚੁੱਕੀ ਫਿਰਦਾ ਹੈ। ਮਨ ਤੇ ਸ਼ਬਦਾਂ ਦਾ ਭਾਰ ਲੈ ਕੇ ਜਿੰਨਾ ਬੜਾ ਔਖਾ ਹੈ। ਸ਼ਬਦਾਂ ਤੋਂ ਮਾਰੂ ਕੋਈ ਹਥਿਆਰ ਨਹੀਂ ਜੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਨਾ ਵਰਤਿਆ ਜਾਵੇ। ਦੁਨੀਆਂ ਵਿੱਚ ਜਿੰਨੀਆਂ ਵੀ ਲੜਾਈਆਂ ਹੋਈਆਂ ਹਨ ਹੋਈਆਂ ਤਾਂ ਜ਼ੁਬਾਨ ਕਰਕੇ ਹੀ ਹਨ। ਜ਼ੁਬਾਨ ਗੱਲ ਨੂੰ ਕੁਝ ਦਾ ਕੁਝ ਬਣਾ ਕੇ ਪੇਸ਼ ਕਰਦੀ ਹੈ। ਇਕ ਗੱਲ ਦੇ ਅਨੇਕਾਂ ਅਰਥ ਨਿਕਲਦੇ ਹਨ। ਦੇਸ਼ ਦੇ ਸਿਆਸਤਦਾਨ ਜਦੋਂ ਬਿਆਨ ਦਿੰਦੇ ਹਨ ਉਹ ਦੂਜੇ ਦੇਸ਼ਾਂ ਨੂੰ ਆਹਤ ਕਰਦੇ ਹਨ। ਕਈ ਵਾਰ ਅਜਿਹਾ ਜ਼ਹਿਰ ਉਗਲਿਆ ਜਾਂਦਾ ਹੈ ਜੋ ਲੜਾਈ ਦੀ ਵਜ੍ਹਾ ਬਣਦਾ ਹੈ। ਇਸ ਤਰ੍ਹਾਂ ਤਲਵਾਰ ਤੋਂ ਵੱਧ ਜ਼ੁਬਾਨ ਜਾਂ ਸ਼ਬਦ ਮਾਰ ਕਰਦੇ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੇ ਸ਼ਬਦਾਂ ਨੂੰ ਨਾਪ ਤੋਲ ਕੇ ਸੋਚ ਸਮਝ ਕੇ ਬੋਲਿਆ ਜਾਵੇ।ਕਿਸੇ ਵੀ ਗੱਲ ਨੂੰ ਕਹਿਣ ਤੋਂ ਪਹਿਲਾਂ ਦਸ ਵਾਰ ਸੋਚੋ। ਜੇਕਰ ਇਸ ਦੇ ਨਤੀਜੇ ਮਾਰੂ ਨਿਕਲਦੇ ਹਨ ਅਜਿਹੇ ਸ਼ਬਦ ਨਾ ਕਹੋ। ਜੋ ਮਾਹੌਲ ਨੂੰ ਲੜਾਈ ਵਿੱਚ ਬਦਲਦੀ ਉਨ੍ਹਾਂ ਦਾ ਨਾਂ ਬੋਲਿਆ ਜਾਣਾ ਹੀ ਬਿਹਤਰ ਹੁੰਦਾ ਹੈ। ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਸ਼ਬਦਾਂ ਨੂੰ ਆਪਣੇ ਕਾਬੂ ਵਿੱਚ ਰੱਖਿਆ।ਮਨੁੱਖਤਾ ਦਾ ਸਭ ਤੋਂ ਵੱਧ ਨੁਕਸਾਨ ਲੜਾਈਆਂ ਨੇ ਨਹੀਂ ਤਲਵਾਰਾਂ ਨੇ ਨਹੀਂ ਸ਼ਬਦਾਂ ਨੇ ਕੀਤਾ ਹੈ। ਸੋਚ ਸਮਝ ਕੇ ਬੋਲੇ ਗਏ ਸ਼ਬਦ ਉਸਾਰੂ ਮਾਹੌਲ ਸਿਰਜਦੇ ਹਨ। ਜ਼ਿੰਦਗੀ ਨੂੰ ਖ਼ੁਸ਼ਗਵਾਰ ਬਣਾਉਣ ਲਈ ਚੰਗੀ ਸ਼ਬਦਾਵਲੀ ਦਾ ਪ੍ਰਯੋਗ ਕਰੋ।ਆਪਣੀ ਜ਼ੁਬਾਨ ਤੇ ਕਾਬੂ ਰੱਖੋ। ਗੱਲ ਕਰਨ ਤੋਂ ਪਹਿਲਾਂ ਦਸ ਵਾਰ ਸੋਚੋ। ਤਲਵਾਰ ਦਾ ਜ਼ਖ਼ਮ ਤਾਂ ਭਰ ਜਾਂਦਾ ਹੈ ਪਰ ਜ਼ੁਬਾਨ ਦਾ ਨਹੀਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



