(ਸਮਾਜ ਵੀਕਲੀ)
ਕੁਦਰਤ ਦੇ ਇਸ ਰੰਗ ਬਿਰੰਗੇ ਸੰਸਾਰ ਵਿੱਚ ਹਰ ਤਰ੍ਹਾਂ ਦੇ ਲੋਕ ਮਿਲਦੇ ਹਨ। ਕਹਿ ਸਕਦੇ ਹਾਂ ਕਿ ਕੁਦਰਤ ਦੀ ਸਰਿਸ਼ਟੀ ਦਾ ਕੋਈ ਮੁਕਾਬਲਾ ਨਹੀਂ। ਉਹ ਜਿਸਤੇ ਮਿਹਰਬਾਨ ਹੋਵੇ ਉਸਨੂੰ ਮਾਲੋ ਮਾਲ ਕਰ ਦੇਵੇ। ਜਿਸਤੋਂ ਨਰਾਜ਼ ਹੋਵੇ ਤਾਂ ਰਾਜਿਓ ਰੰਕ ਵੀ ਬਣਾ ਦਿੰਦੀ ਹੈ। ਕੁਦਰਤ ਦੇ ਵਾਰੇ ਚ ਗੁਰੂਆਂ ਪੀਰਾਂ ਫਕੀਰਾਂ ਨੇ ਵੀ ਤੱਤ ਸਾਰ ਕੱਢ ਕੇ ਦੱਸੇ ਹਨ।
ਹਥਲੀ ਘਟਨਾ ਨੂੰ ਹੱਡ ਬੀਤੀ ਕਹਿ ਸਕਦੇ ਹਾਂ। ਇਹ ਕਹਾਣੀ ਉਸ ਜੱਗੂ ਸਿੰਘ ( ਕਾਲਪਨਿਕ ਨਾਂ) ਦੀ ਹੈ ਕਿ ਉਹ ਕਿਵੇਂ ਪਰਿਵਾਰਾਂ ਦਾ ਲਾਡਲਾ ਹੋਣ ਕਰਕੇ ਜਿੰਦਗੀ ਦੇ ਕਿੰਨੇ ਹੀ ਔਖੇ ਸੌਖੇ ਰਾਹ ਦਾ ਪਾਂਧੀ ਬਣਿਆ। ਦੁੱਧ ਮੱਖਣਾਂ ਨਾਲ ਪਲੇ ਇਸ ਗੱਭਰੂ ਨੇ ਚੜਦੀ ਜਵਾਨੀ ਦੇ ਦਿਨਾਂ ਵਿੱਚ ਪੰਜਾਬ ਦੇ ਖਾੜਕੂ ਲਹਿਰ ਵੱਲ ਮੋੜ ਕੱਟਿਆ। ਹਜੇ ਕੁਝ ਵੀ ਕਰਿਆ ਨੀ ਸੀ ਕਿ ਪੁਲਿਸ ਹੱਥ ਆ ਗਿਆ ਅਤੇ ਬੁਰੀ ਤਰ੍ਹਾਂ ਕੁੱਟ ਮਾਰ ਦਾ ਸਿਕਾਰ ਹੋ ਗਿਆ। ਬਸ ਫ਼ਿਰ ਹੌਲੀ ਹੌਲੀ ਪੁਲਿਸ ਦਾ ਕੈਟ ਬਣ ਨਸਿਆਂ ਦਾ ਵਪਾਰੀ ਬਣ ਗਿਆ।
ਸਕਲ ਸੂਰਤ ਤੋਂ ਸੋਹਣਾ ਸੀ। ਵਿਆਹ ਹੋ ਗਿਆ। ਦੋ ਪੁੱਤਰ ਤੇ ਇੱਕ ਧੀ ਦਾ ਬਾਪ ਬਣ ਗਿਆ। ਹੁਣ ਉਸਦੀ ਸਰਕਾਰੇ ਦੁਆਰੇ ਚੰਗੀ ਚਲਦੀ ਤੇ ਪੁਲਿਸ ਨੂੰ ਕੰਮ ਦਿੰਦਾ ਤੇ ਚੰਗਾ ਤੋਰੀ ਫੁਲਕਾ ਚਲਦਾ। ਹੁਣ ਉਹ ਸਰਾਬ ਕਬਾਬ ਖਾਂਦਾ ਅਤੇ ਪਰਾਈਆਂ ਔਰਤਾਂ ਨਾਲ ਵੀ ਰੰਗ ਰਲੀਆਂ ਮਨਾਉਂਦਾ। ਬੱਚੇ ਉਡਾਰ ਹੋਕੇ ਆਪਣੇ ਆਪਣੇ ਥਾਵਾਂ ਤੇ ਸੈਟ ਹੋ ਗਏ। ਜੱਗੂ ਦੀ ਜਿੰਦਗੀ ਸਾਹਾਂ ਵਰਗੀ ਸੀ। ਪਹੁੰਚ ਹੋਣ ਕਰਕੇ ਮਾੜਾ ਬੰਦਾ ਮੂਹਰੇ ਸਿਰ ਨੀ ਚੁਕਦਾ। ਉਹ ਆਂਢ ਗੁਆਂਢ ਵੀ ਬਿਗਾਨੀਆਂ ਖੁਰਲੀਆਂ ਚ ਮੂੰਹ ਮਾਰਨ ਲੱਗ ਪਿਆ।
ਜੱਗੂ ਦੀ ਠਾਣੇ ਦਰਬਾਰੇ ਚਲਦੀ ਸੀ। ਠਾਣੇਦਾਰ ਵੀ ਗੱਡੀ ਉਹਦੇ ਘਰ ਆ ਲਾਉਂਦੇ। ਉਹ ਕੋਈ ਨਾ ਕੋਈ ਕੇਸ ਦਿੰਦਾ ਰਹਿੰਦਾ। ਅਗਲੇ ਨੂੰ ਪੁਲਿਸ ਫੜ ਕੇ ਕਾਰਵਾਈ ਕਰਨ ਦਾ ਡਰਾਵਾ ਦੇਕੇ ਕਹਿੰਦੀ ਕਿ ਤੈਨੂੰ ਤੇਰੇ ਪਿੰਡ ਵਾਲਾ ਜੱਗੂ ਹੀ ਬਚਾ ਸਕਦਾ, ਉਹਦੀ ਸਰਦਾਰ ਕੋਈ ਗਲ ਨੀ ਮੋੜਦਾ। ਇਸ ਤਰ੍ਹਾਂ ਪੁਲਿਸ ਨਾਲ ਮਿਲਕੇ ਖੇਡ ਖੇਡਦਾ। ਪਿੰਡ ਵਿੱਚ ਇੱਕ ਬਸੀਰਾਂ ਨਾ ਦੀ ਔਰਤ ਨਾਲ ਉਸਦੀ ਪਰੇਮ ਕਹਾਣੀ ਜੱਗ ਜ਼ਾਹਰ ਸੀ। ਇਵੇਂ ਹੀ ਗੁਆਂਢੀ ਸੁੱਖੇ ਰੱਤੋਕੇ ਦੀ ਤੀਵੀਂ ਵੀ ਉਹਦੇ ਕੋਲ ਵੇਲੇ ਕੁਵੇਲੇ ਆਉਦੀ ਜਾਂਦੀਆਂ।
ਸਮਾਂ ਆਪਣੀ ਤੇਜ ਚਾਲ ਨਾਲ ਚਲ ਰਿਹਾ ਸੀ ਕਿ ਇਕ ਦਿਨ ਸ਼ਹਿਰ ਤੋਂ ਮੁੜਦੇ ਸਮੇਂ ਉਹ ਭਿਆਨਕ ਹਾਦਸੇ ਚ ਗੰਭੀਰ ਫੱਟੜ ਹੋ ਗਿਆ। ਪਰਿਵਾਰ ਵੱਲੋਂ ਇਲਾਜ ਦੀ ਕੋਈ ਕਸਰ ਨੀ ਛੱਡੀ ਪਰ ਦੋ ਕ ਹਫ਼ਤੇ ਬਾਦ ਜੱਗੂ ਦੀ ਮੌਤ ਹੋ ਗਈ। ਜੱਗੂ ਦੀ ਵਿਧਵਾ ਦਾ ਰੋ ਰੋ ਕੇ ਬੁਰਾ ਹਾਲ ਸੀ। ਪਿੰਡ ਨੇ ਦੁੱਖ ਦਰਦ ਵੰਡਿਆ। ਕੁਦਰਤ ਮੂਹਰੇ ਕਿਸ ਦਾ ਜੋਰ। ਭਾਣਾ ਮਿੱਠਾ ਕਰਕੇ ਮੰਨਣ ਤੋਂ ਬਿਨਾ ਕੋਈ ਚਾਰਾ ਨੀ। ਹੁਣ ਉਹ ਵੀ ਵਿਚਾਰੀ ਰੋ ਕੁਰਲਾਕੇ ਬੈਠ ਗਈ। ਉਸਨੂੰ ਰਾਤ ਨੂੰ ਨੀਂਦ ਨਾ ਆਉਦੀ। ਅੱਧਸੁੱਤਿਆ ਲਗਦਾ ਜਿਵੇਂ ਜੱਗੂ ਸਿਰਾਹਣੇ ਖੜਾ ਹੋਏ। ਉਹ ਉੱਠਦੀ, ਦੇਖਦੀ ਪਰ ਇਹ ਉਹਦੇ ਮਨ ਦਾ ਭਰਮ ਹੀ ਹੁੰਦਾ। ਕਦੇ ਕਦੇ ਉਹਨੂੰ ਖਿਆਲ ਆਉਦਾ ਕਿ ਕੋਈ ਉਸ ਨੂੰ ਬੁਲਾ ਰਿਹਾ ਹੈ, ਪਰ ਕੁਝ ਨਾ ਹੁੰਦਾ , ਪਤਾ ਨੀ ਉਹਨੂੰ ਇਵੇਂ ਦੇ ਖਿਆਲ ਆਉਂਦੇ। ਉਹਦੇ ਭਰਾ ਭਰਜਾਈ ਮਿਲਣ ਆਉਂਦੇ।
ਇੱਕ ਦਿਨ ਉਹਨੇ ਮੌਕਾ ਤਾੜ ਕੇ ਆਪਣੀ ਭਰਜਾਈ ਨਾਲ ਗੱਲ ਸਾਂਝੀ ਕੀਤੀ ਤਾਂ ਉਹਦੀ ਭਰਜਾਈ ਕਹਾਣੀ ਲੱਗੀ ਮਰਦੋਂ ਬਾਹਰੀ ਔਰਤ ਤੇ ਵੇਲ ਤਾਂ ਸਹਾਰਾ ਭਾਲਦੀਆ , ਜਿੱਥੇ ਪੈ ਜਾਵੇ ਤੰਦ ਪਾ ਲੈਂਦੀਆਂ। ਭਰਜਾਈ ਦੀ ਇਸ ਗੁੱਝੀ ਗੱਲ ਦੇ ਅਰਥ ਸਮਝ ਦਿਆਂ ਉਸਨੂੰ ਦੇਰ ਨਾ ਲੱਗੀ। ਉਹਦੀ ਮਨ ਵਿੱਚ ਗੱਲ ਘਰ ਕਰ ਗਈ ਸੀ। ਹੁਣ ਉਹ ਕਿਸੇ ਢੁਕਵੇਂ ਸਮੇਂ ਦੀ ਇੰਤਜ਼ਾਰ ਕਰਨ ਲੱਗੀ। ਉਹ ਆਪਣੇ ਆਪ ਨੂੰ ਵੇਲ ਹੀ ਸਮਝਣ ਲੱਗੀ ਕਿ ਕਿੱਥੇ ਤੰਦ ਪਾਵਾਂ। ਇੱਕ ਦਿਨ ਸੁੱਖਾ ਰੱਤੋਕੇ ਜੋ ਕਿ ਪਹਿਲਾਂ ਜੱਗੂ ਕੋਲ ਨਸੇ ਪੱਤੇ ਜਾਂ ਚਾਰ ਰੁਪਏ ਲੈਣ ਆਇਆ ਰਹਿੰਦਾ ਸੀ। ਇੱਕ ਦਿਨ ਉਹ ਘਰ ਮੂਹਰੇ ਲੰਘ ਰਿਹਾ ਸੀ ਤਾਂ ਉਸਨੇ ਸੁੱਖੇ ਨੂੰ ਵਾਜ ਮਾਰਦਿਆਂ ਕਿਹਾ, ਮਰਨਿਆਂ ਆਪਣੇ ਬਾਈ ਕੋਲ ਤਾਂ ਝੱਟ ਆ ਜਾਂਦਾ ਸੀ ਹੁਣ ਸਾਡਾ ਘਰ ਹੀ ਭੁੱਲ ਗਿਆ। ਸੁੱਖੇ ਨੇ ਰਤਾ ਅੰਦਰ ਵੜਦਿਆਂ ਕਿਹਾ , ਨਹੀਂ ਲਾਣੇਦਾਰਨੀਏ ਬੰਦੇ ਕੋਲ ਬੰਦਾ ਆ ਜਾਂਦਾ। ਦੁਨੀਆਂ ਦਮੂੰਹੀ ਪਤਾ ਨੀ ਕੀ ਮੂੰਹ ਚੋ ਕੱਢ ਮਾਰੇ। ਜਦ ਅਸੀਂ ਨੀ ਤੈਨੂੰ ਰੋਕਦੇ ਦੁਨੀਆਂ ਦਾ ਠੇਕਾ ਲਿਆ।
ਦਿਨ ਰਾਤ ਆ। ਇਹ ਕਹਿੰਦਿਆਂ ਉਹਨੇ ਸੁੱਖੇ ਨੂੰ ਅੱਖ ਦੀ ਸੈਨਤ ਮਾਰ ਜੀਭ ਬੁੱਲਾਂ ਚ ਘੁੱਟੀ। ਸੁੱਖੇ ਨੂੰ ਵੀ ਸਮਝ ਦਿਆਂ ਦੇਰ ਨੀ ਲੱਗੀ। ਹੁਣ ਉਹ ਦਿਨ ਚ ਦੋ ਦੋ ਗੇੜੇ ਲਾ ਦਿੰਦਾ। ਜੱਗੂ ਦੀ ਘਰ ਵਾਲੀ ਕਿੰਨਾ ਚਿਰ ਦੇਖਦੀ ਰਹੀ ਕਿ ਇਹ ਕੋਈ ਗਲ ਕਰੇ, ਪਰ ਸੁੱਖਾ ਹਜੇ ਵੀ ਸਧਾਰਨ ਬੰਦਾ ਹੀ ਸੀ। ਇੱਕ ਦਿਨ ਜੱਗੂ ਦੀ ਪਤਨੀ ਕਹਿਣ ਲੱਗੀ, ਵੇ ਸੁੱਖੇ ਇੱਕ ਕੰਮ ਕਰ ਦੇ ਮੇਰਾ। ਸੁੱਖੇ ਨੇ ਸਿਰ ਉੱਤੇ ਨੂੰ ਚੁੱਕ ਪੁੱਛਿਆ ਕੀ❓ ਉਹ ਮੁਸਕੜੀਏ ਹਸਦੀ ਕਹਿਣ ਲੱਗੀ , ਵੇ ਅੱਜ ਸਾਡਾ ਪਾਲੀ ਪਤਾ ਨੀ ਕਿੱਧਰ ਉੱਜੜ ਗਿਆ ਸਵੇਰ ਦੇ ਪਸੂ ਚਾਰਾ ਬਿਨਾ ਭੁੱਖੇ ਖੜੇ ਹੋਏ ਆ। ਸੁੱਖਾ ਕਹਿਣ ਲੱਗਿਆ ਮੈਂ ਸੋਚਿਆ ਪਤਾ ਨੀ ਕੀ ਕੰਮ ਹੋਊ ਇਹ ਵੀ ਕੋਈ ਕੰਮ ਆ ਕਰ ਦਿੰਦਾ ਸੁੱਖੇ ਨੂੰ ਬੀੜ ਵਾਲੇ ਖੇਤ ਚੋ ਚਾਰ ਪੰਜ ਪਸੂਆਂ ਦਾ ਹਰਾ ਚਾਰਾ ਵੱਢ ਦਿਆਂ ਹਨੇਰਾ ਹੋ ਗਿਆ।
ਰਾਤ ਦੇ ਖਾਓ ਪੀਓ ਵੇਲੇ ਉਹ ਨੇ ਬਾਹਰਲੇ ਘਰ ਪੱਠੇ ਕੁਤਰਦੇ ਪਸੂਆਂ ਨੂੰ ਪਾ ਦਿੱਤੇ । ਹੁਣ ਜੱਗੂ ਦੀ ਪਤਨੀ ਵੀ ਹਨੇਰੇ ਦੇ ਸਮੇਂ ਸੁੱਖੇ ਨਾਲ ਗੱਲ ਕਰਨ ਦੀ ਤਿਆਰੀ ਚ ਸੀ ਸੁੱਖਾ ਜਿਉ ਹੀ ਕਹਿਣ ਲੱਗਾ ਕਿ ਪੱਠੇ ਪਾ ਦਿੱਤੇੇ , ਮੈਂ ਚੱਲਦਾ ਘਰ ਨੂੰ ਲਾਣੇਦਾਰਨੀਏ। ਉਹ ਇੱਕ ਦਮ ਕਮਰੇ ਵਿੱਚੋਂ ਬਾਹਰ ਆਈ ਤੇ ਕਹਿਣ ਲੱਗੀ ਮੈਂ ਮਰਜਾਂ ਹੁਣ ਇਵੇਂ ਨੀ ਜਾਣ ਦੇਣਾ ਤੇ ਉਹ ਅਗਲੇ ਹੀ ਪਲ ਦੁੱਧ ਦਾ ਗਰਮ ਗਲਾਸ ਸੁੱਖੇ ਨੂੰ ਫ਼ੜਾਉਦਿਆ ਕਹਿੰਦੀ ਮੈਂ ਤੇਰੇ ਲਈ ਰੋਟੀ ਬਨਾਉਣ ਲੱਗੀ ਆ ਰੋਟੀ ਬਿਨਾ ਨੀ ਜਾਣ ਦੇਣਾ ਇਹ ਕਹਿ ਉਹ ਸੁੱਖੇ ਨੂੰ ਅਗਲੇ ਕਮਰੇ ਵਿੱਚ ਵਿਛੇ ਸੋਫੇ ਤੇ ਬਿਠਾ ਬਾਹਰ ਗੇੜਾ ਦੇਣ ਆਈ। ਅੱਜ ਉਹ ਨੇ ਪੱਕੀ ਧਾਰ ਲਈ ਸੀ ਕਿ ਅੱਜ ਵੇਲ ਦਾ ਤੰਦ ਪਾਉਣਾ ਹੀ ਪਾਉਣਾ। ਸੁੱਖੇ ਨੇ ਦੁੱਧ ਦੇ ਘੁੱਟ ਭਰਦਿਆਂ ਕਿਹਾ ਲਾਣੇਦਾਰਨੀਏ ਰੋਟੀ ਦੀ ਲੋੜ ਨੀ। ਮੈਂ ਘਰ ਜਾਕੇ ਖਾ ਲੈਂਦਾ।
ਸੁੱਖੇ ਨੇ ਦੁੱਧ ਦਾ ਵੱਡਾ ਕੱਪ ਨਿਬੇੜਦਿਆਂ ਸਰੀਰ ਨੂੰ ਕਿਸੇ ਨਸੇ ਵਰਗੀ ਹਾਲਤ ਚ ਲੱਗਾ। ਹੁਣ ਜੱਗੂ ਦੀ ਪਤਨੀ ਨੇ ਆਪਣੇ ਸਬਰ ਪਿਆਲੇ ਨੂੰ ਤੋੜ ਸੁੱਖੇ ਨੂੰ ਕਿਹਾ, ਵੇ ਮਰਨਿਆਂ ਤੂੰ ਕੋਈ ਗਲ ਨੀ ਕਰਦਾ, ਮੈਂ ਹੁਣ ਦੱਸ ਤੈਨੂੰ ਕੀ ਕਹਾਂ। ਇਹ ਕਹਿੰਦਿਆਂ ਉਸਨੇ ਸੁੱਖੇ ਨਾਲ ਖਹਿੰਦਿਆਂ ਸੁੱਖੇ ਤੋਂ ਸਵਾਲ ਦਾ ਜਵਾਬ ਮੰਗਿਆ। ਹੁਣ ਦੁੱਧ ਦੀ ਗਰਮੀ ਤੇ ਸੋਹਣੀ ਰੰਨ ਦੀ ਤੜਫ ਉਸਤੋਂ ਸਹਾਰੀ ਨਾ ਗਈ। ਉਹਨੇ ਦੋਵੇਂ ਹੱਥ ਜੱਗੂ ਦੀ ਪਤਨੀ ਦੇ ਚਿਹਰੇ ਤੇ ਪਿਆਰ ਨਾਲ ਫੇਰਦਿਆਂ ਉਹ ਨੂੰ ਘੁੱਟ ਕੇ ਗਲਵੱਕੜੀ ਚ ਲੈ ਲਿਆ। ਰਾਤ ਵੇਲੇ ਲਾਇਟ ਬੰਦ ਕਰ ਸੁੱਖਾ ਤੇ ਲਾਣੇਦਾਰਨੀ ਗਰਮੋ ਗਰਮੀ ਹੋ ਗਏ ਸਨ। ਕੱਲ ਫ਼ਿਰ ਮਿਲਣ ਦੇ ਵਾਅਦੇ ਨਾਲ ਉਹ ਦਬੇ ਪੈਰੀ ਆਪਣੇ ਘਰ ਨੂੰ ਚਲ ਪਿਆ। ਸਮਾਪਤ
ਅਵਤਾਰ ਸਿੰਘ ਬਰਨਾਲਾ
9814321087
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly