(ਸਮਾਜ ਵੀਕਲੀ)
ਸਤਿਕਾਰਯੋਗ ਸਾਥੀਓ!
ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਆਪਣੇ ਆਪ ਤੇ ਆਪਣੇ ਬੱਚਿਆਂ ਲਈ ਜ਼ਰੂਰ ਕੱਢੋ। ਰੋਟੀ,ਕੱਪੜਾ ਤੇ ਮਕਾਨ ਦੇ ਨਾਲ ਨਾਲ ਸਿੱਖਿਆ ਵੀ ਅੱਜ ਦੇ ਇਨਸਾਨ ਦੀ ਮੁੱਢਲੀ ਲੋੜ ਬਣ ਗਈ ਹੈ। ਪਰ ਜਿਵੇਂ ਜਿਵੇਂ ਸਿੱਖਿਆ ਦਾ ਪ੍ਰਸਾਰ ਹੋ ਰਿਹਾ ਹੈ,ਨਾਲੋ ਨਾਲ ਵਪਾਰ ਵੀ ਹੋ ਰਿਹਾ ਹੈ। ਅਸੀਂ ਆਪਣੇ ਬੱਚਿਆਂ ਦੇ ਮਨਾਂ ਉੱਪਰ ਅਕਾਦਮਿਕ ਸਿੱਖਿਆ ਦਾ ਇਹਨਾਂ ਭਾਰ ਪਾ ਦਿੱਤਾ ਹੈ ਕਿ ਉਹ ਨੈਤਿਕ ਸਿੱਖਿਆ ਤੋਂ ਬਿਲਕੁਲ ਵਾਂਝੇ ਹੋ ਗਏ ਹਨ। ਬਤੌਰ ਸਕੂਲ ਅਧਿਆਪਕ ਅਸੀਂ ਹਰ ਰੋਜ਼ ਇਸ ਤਰਾਂ ਦੇ ਸਲੂਕ ਨੂੰ ਬਰਦਾਸ਼ਤ ਕਰਨ ਲਈ ਮਜ਼ਬੂਰ ਹਾਂ।ਸੋ ਅੱਜ ਲੋੜ ਹੈ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣ ਦੀ।
ਮੇਰਾ ਮੰਨਣਾ ਹੈ ਕਿ ਇਨਸਾਨ ਜ਼ਿੰਦਗੀ ਵਿੱਚ ਜੋ ਚਾਹੇ ਬਣੇ, ਪਰ ਸਭ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਜ਼ਰੂਰ ਬਣੇ। ਇਸ ਲਈ ਜ਼ਰੂਰੀ ਹੈ ਉਹਨਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਈ ਜਾਵੇ। ਸੋ ਸਾਨੂੰ ਸਭ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ, ਸਾਡੇ ਬੱਚਿਆਂ ਨੂੰ ਪੜਨ ਸਮੱਗਰੀ ਨਾਲ ਜੋੜਨਾ ਪਵੇਗਾ। ਇਸ ਲਈ ਅਸੀਂ ਜੇ ਜ਼ਿਆਦਾ ਨਹੀਂ ਤਾਂ ਸਾਲ ਵਿੱਚ ਦੋ ਤਿੰਨ ਵਾਰ ਆਪਣੇ ਬੱਚੇ ਨੂੰ ਉਸਦੀ ਮਨਪਸੰਦ ਕਿਤਾਬ ਖਰੀਦ ਕੇ ਦੇ ਸਕਦੇ ਹਾਂ।ਉਹਨਾਂ ਨੂੰ ਜਨਮਦਿਨ ਮੌਕੇ ਤੋਹਫ਼ੇ ਵਜੋਂ ਕਿਤਾਬਾਂ ਲੈਣ ਦੇਣ ਦੀ ਆਦਤ ਪਾਉਣੀ ਚਾਹੀਦੀ ਹੈ।
ਹੁਣ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਹ ਸਾਲ ਦਾ ਸਭ ਤੋਂ ਸੁਨਹਿਰੀ ਮੌਕਾ ਹੁੰਦਾ ਹੈ ਜਦੋਂ ਸਾਨੂੰ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਨ ਨੂੰ ਮਿਲਦਾ ਹੈ। ਛੁੱਟੀਆਂ ਸ਼ੁਰੂ ਹੁੰਦਿਆਂ ਹੀ ਬੱਚਿਆਂ ਲਈ ਦੋ ਚਾਰ ਕਿਤਾਬਾਂ ਬਾਲ ਸਾਹਿਤ ਦੀਆਂ ਖ੍ਰੀਦ ਲੈਣੀਆਂ ਚਾਹੀਦੀਆਂ ਹਨ। ਬੱਚਿਆਂ ਨੂੰ ਕਿਤਾਬ ਵਿੱਚੋਂ ਕਹਾਣੀਆਂ ਪੜ੍ਹ ਕੇ ਸੁਣਾਓ, ਉਹਨਾਂ ਤੋਂ ਵੀ ਕਹਾਣੀਆਂ ਸੁਣੋ। ਕਹਾਣੀਆਂ ਵਿਚਲੇ ਪਾਤਰ ਬਣ ਕੇ ਕਹਾਣੀ ਨੂੰ ਦਿਲਚਸਪ ਤਰੀਕੇ ਨਾਲ ਸੁਣੋ ਤੇ ਸੁਣਾਓ। ਜੇਕਰ ਤੁਹਾਡੇ ਬੱਚੇ ਨੂੰ ਇਤਿਹਾਸਿਕ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ,ਜੇ ਸੰਭਵ ਹੋਵੇ ਤਾਂ ਬੱਚੇ ਨੂੰ ਆਪਣੇ ਨੇੜੇ ਦੀਆਂ ਇਤਿਹਾਸਕ ਥਾਵਾਂ ਵੀ ਜ਼ਰੂਰ ਦਿਖਾਈਆਂ ਜਾਣ।
ਇਸ ਨਾਲ ਬੱਚੇ ਤੁਹਾਡੇ ਨਾਲ ਸਮਾਂ ਵੀ ਗੁਜ਼ਾਰ ਸਕਣਗੇ ਤੇ ਤੁਹਾਡੇ ਹੋਰ ਗੂੜੇ ਦੋਸਤ ਵੀ ਬਣ ਸਕਣਗੇ। ਕਦੇ ਕਦੇ ਬੱਚਿਆਂ ਨਾਲ ਉਹਨਾਂ ਦੀ ਮਨਪਸੰਦ ਖੇਡ ਵੀ ਜ਼ਰੂਰ ਖੇਡਿਆ ਕਰੋ। ਆਪਣੇ ਬੱਚਿਆਂ ਨਾਲ ਕਦੇ ਵੀ ਸਖ਼ਤੀ ਨਾਲ ਪੇਸ਼ ਨਾ ਆਓ। ਕੋਸ਼ਿਸ਼ ਕਰੋ ਬੱਚੇ ਪਿਆਰ ਨਾਲ ਤੁਹਾਡੀ ਹਰ ਗੱਲ ਮੰਨ ਸਕਣ। ਬੱਚਿਆਂ ਨੂੰ ਜਨਮ ਦੇਣਾ ਹੀ ਆਪਣਾ ਫਰਜ਼ ਨਾ ਸਮਝ ਕੇ ਉਹਨਾਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰਨਾ ਤੇ ਉਹਨਾਂ ਵਿੱਚ ਸਭਿਅਕ ਸਮਾਜਿਕ ਪ੍ਰਾਣੀ ਦੇ ਗੁਣ ਪੈਦਾ ਕਰਨਾ ਇੱਕ ਆਦਰਸ਼ ਮਾਂ-ਪਿਓ ਦੀ ਮੁੱਢਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।
ਸੋ ਮੈਨੂੰ ਪੂਰਨ ਉਮੀਦ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਅੱਖਰਾਂ ਦੀ ਜੋਤ ਦੁਆਰਾ ਉਹਨਾਂ ਦੇ ਮਨਾਂ ਨੂੰ ਰੌਸ਼ਨ ਕਰਨ ਦਾ ਯਤਨ ਕਰੋਂਗੇ।
ਸੰਦੀਪ ਸੋਖਲ (ਬਾਦਸ਼ਾਹਪੁਰੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly