ਜ਼ਮੀਰ ਦਾ ਜਾਗਣਾ ਜਰੂਰੀ

ਅਮਰਜੀਤ ਚੰਦਰ 

(ਸਮਾਜ ਵੀਕਲੀ)

ਸਾਨੂੰ ਬਚਪਨ ਵਿੱਚ ਜੀਵਨ ਦੇ ਕੁਝ ਅਜਿਹੇ ਫਾਰਮੂਲੇ ਸਿਖਾਏ ਗਏ ਕਿ ਜੋ ਹੌਲੀ ਹੌਲੀ ਸਾਡੇ ਜੀਵਨ ਦੇ ਅੰਦਰ ਸੱਭਿਆਚਾਰ ਦਾ ਰੂਪ ਧਾਰਨ ਕਰਦੇ ਗਏ।ਅਸੀ ਇਹਨਾਂ ਬਹੁਤੇ ਵਿਸ਼ਿਆਂ ਤੇ ਬਹਿਸ ਵੀ ਨਹੀ ਕਰਨਾ ਚਾਹੁੰਦੇ ਅਤੇ ਨਾ ਹੀ ਅਸੀ ਇਹਨਾਂ ਬਾਰੇ ਪੂਰੀ ਤਰਾਂ ਨਾਲ ਕਿਸੇ ਨੂੰ ਕਹਿ ਸਕਦੇ ਹਾਂ।ਬਹੁਤ ਸਾਰੇ ਲੋਕ ਵਿਗਿਆਨਕ ਸੋਚ ਵਿੱਚ ਅਡਵਾਂਸ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।ਪਰ ਸ਼ਾਇਦ ਉਹ ਆਪਣੇ ਪਰਿਵਾਰ ਵਾਰੇ ਭੁੱਲ ਰਹੇ ਹੁੰਦੇ ਹਨ ਕਿ ਪਰਿਵਾਰ ਸਾਡਾ ਅਜੇ ਏਨਾ ਅਡਵਾਸ ਨਹੀ ਹੋਇਆ।ਇਸ ਦੇ ਬਾਵਜੂਦ ਪਰਿਵਾਰ ਬਦਲਣ ਦੀਆਂ ਗੱਲਾਂ,ਦੁਨੀਆਂ ਬਦਲਣ ਦੀਆਂ ਗੱਲਾਂ ਉਹ ਇਸ ਤਰਾਂ ਕਰਦੇ ਹਨ ਕਿ ਜਿਵੇਂ ਇਸ ਦੁਨੀਆਂ ਵਿੱਚ ਸਿਰਫ਼ ਉਹੀ ਆਏ ਹੋਣ,ਹੋਰ ਕੋਈ ਏਥੇ ਰਹਿੰਦਾ ਹੀ ਨਹੀ ਹੈ।ਅਸੀ ਆਪਣੇ ਆਪ ਨੂੰ ਅਡਵਾਂਸ ਜਰੂਰ ਕਰ ਲੈਦੇ ਹਾਂ ਪਰ ਪੁਰਾਣੇ ਫਲਸਫਿਆਂ ਨੂੰ ਤੁਸੀ ਹੂਬੂਹੂ ਮੰਨ ਰਹੇ ਹੁੰਦੇ ਹੋ,ਜਿਵੇ ਬਿੱਲੀ ਰਸਤਾ ਕੱਟ ਗਈ ਤੁਸੀ ਆਪਣਾ ਰਸਤਾ ਬਦਲਣ ਤੱਕ ਜਾਂਦੇ ਹੋ,…ਕਿਉਂ……?ਬਿੱਲੀ ਲੰਘ ਗਈ ਉਸ ਨੇ ਕਿਤੇ ਜਾਣਾ ਸੀ ਉਹ ਆਪਣੇ ਰਸਤੇ ਚਲੀ ਗਈ ਪਰ ਤੁਸੀ ਕਿਉਂ ਆਪਣਾ ਰਸਤਾ ਬਦਲਿਆ, ਜਿਵੇ ਤੁਸੀ ਆਪਣੀ ਮੰਜ਼ਲ ਤੇ ਜਾਣਾ ਹੈ ਉਸੇ ਤਰਾਂ ਹੀ ਬਿੱਲੀ ਨੇ ਆਪਣੀ ਕਿਸੇ ਜਗਾ ਜਾਣਾ ਸੀ।ਉਸ ਦੇ ਲੰਘ ਜਾਣ ਨਾਲ ਨਾ ਸਾਡੇ ਰਾਹ ਤੇ ਕੋਈ ਅਸਰ ਪਿਆ ਅਤੇ ਨਾ ਹੀ ਬਿੱਲੀ ਦੇ ਰਾਹ ਤੇ ਕੋਈ ਅਸਰ ਹੋਇਆ।ਫਿਰ ਅਸੀ ਇਸ ਨੂੰ ਅਸ਼ੁੱਭ ਕਿਉਂ ਮੰਨੀਏ।ਅਜਿਹੇ ਬਹੁਤ ਸਾਰੇ ਕੰਮ ਹਨ ਜਿੰਨਾਂ ਨੂੰ ਅਸੀ ਬਚਪਨ ਤੋਂ ਹੀ ਆਪਣੇ ਪੁਰਖਿਆ ਦੇ ਪ੍ਰਭਾਵ ਦੇ ਕਾਰਨ ਬਿੰਨਾਂ ਕਿਸੇ ਤਰਕ ਦੇ ਹੀ ਮੰਨੀ ਜਾ ਰਹੇ ਹਾਂ।

ਜਦੋ ਵੀ ਅਸੀ ਕਿਸੇ ਚੀਜ਼ ਦੇ ਬਾਰੇ ਤਰਕ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀ ਬਹੁਤ ਸਾਰੀਆਂ ਉਲਝਣਾਂ ਵਿੱਚ ਪੈ ਜਾਂਦੇ ਹਾਂ।ਜਿਵੇ ਜਿਵੇ ਸਾਨੂੰ ਇਹਨਾਂ ਚੀਜ਼ਾ ਦੀ ਸਮਝ ਆਉਦੀ ਹੈ ਤਾਂ ਅਸੀ ਇਕ ਦੂਜੇ ਵੱਲ ਦੇਖ ਕੇ ਤਰਕ ਕਰਨਾ ਸਿੱਖਦੇ ਹਾਂ।ਉਸ ਤੋਂ ਜੋ ਸਾਡੇ ਨਾਲ ਬਚਪਨ ਵਿੱਚ ਬੀਤਿਆ ਹੁੰਦਾ ਹੈ ਉਸ ਨੂੰ ਨਾਕਾਰਨ ਦੀਆਂ ਗੱਲਾਂ ਕਰਦੇ ਹਾ।ਜਦੋਂ ਇਹਨਾ ਗੱਲਾਂ ਵਾਰੇ ਸੋਚਦੇ ਹਾਂ ਤਾਂ ਅਸੀ ਭੰਬਲਭੂਸੇ ਵਿੱਚ ਫਸ ਜਾਦੇ ਹਾਂ।ਸੋਚਾਂ ਸੋਚਣ ਨਾਲ ਅਤੇ ਕਿਤਾਬਾਂ ਪੜਣ ਨਾਲ ਸਾਡਾ ਦਿਮਾਗ ਵਿਕਸਿਤ ਨਹੀ ਹੁੰਦਾ ਅਤੇ ਨਾ ਹੀ ਸਾਡੇ ਜੀਵਨ ਵਿੱਚ ਆਈਆਂ ਉਲਝਣਾ ਖਤਮ ਹੁੰਦੀਆਂ ਹਨ।ਜੇ ਅਸੀ ਗਿਆਨ ਦੇ ਫਲਸਫੇ ਵੱਲ ਨੂੰ ਵੱਧਦੇ ਹਾਂ ਤਾਂ ਪੁਰਾਣੀਆਂ ਬਹੁਤ ਸਾਰੀਆਂ ਅਣਸੂਹੀਆਂ ਗੱਲਾਂ ਵੀ ਸਾਹਮਣੇ ਆ ਖੜਦੀਆਂ ਹਨ।ਇਸ ਤਰਾਂ ਨਾਲ ਸਵੀਕਾਰ ਕਰਨ ਅਤੇ ਅਸਵੀਕਾਰ ਕਰਨ ਵਾਰੇ ਵਿੱਚ ਅਸੀ ਵਿਚਕਾਰ ਖੜ ਜਾਦੇ ਹਾਂ।ਅਸੀ ਇਹ ਫੈਸਲਾ ਕਰਨ ਦੇ ਯੋਗ ਹੀ ਨਹੀ ਰਹਿੰਦੇ ਕਿ ਕੀ ਸਹੀ ਹੈ ਜਾਂ ਕੀ ਨਹੀ ਸਹੀ।ਸਮਾਜ,ਪਰਿਵਾਰ ਅਤੇ ਨਜਦੀਕੀਆਂ ਨੇ ਸਮਾਜ ਨਾਲ ਤਾਲ-ਮੇਲ ਹੀ ਨਹੀ ਰੱਖਿਆ ਅਤੇ ਨਾ ਹੀ ਸਾਨੁੰ ਕੁਝ ਸਮਾਜ ਬਾਰੇ ਸਮਝਾਇਆ।ਅਸੀ ਵੀ ਆਪਣੇ ਪੁਰਕਿਆ ਕੋਲ ਬੈਠ ਸਮਝਣ ਦੀ ਕੋਸ਼ਿਸ਼ ਨਹੀ ਕੀਤੀ।

ਦਰਅਸਲ,ਅਸੀ ਜਿੰਦਗੀ ਦਾ ਇਕ ਵੱਡਾ ਹਿੱਸਾ ਦੂਜਿਆਂ ਦੇ ਮਗਰ ਲੱਗ ਕੇ ਅਤੇ ਦੂਜਿਆਂ ਨੂੰ ਸਮਝਾਉਣ ਤੇ ਹੀ ਲਗਾ ਦਿੱਤਾ।ਅਸੀ ਇਹ ਕਦੇ ਦੇਖਿਆ ਹੀ ਨਹੀ ਕਿ ਲੋਕ ਮਤਲਬ ਲਈ ਸਾਡੀ ਸਰੀਫ਼ੀ ਦਾ ਨਜਾੲਜ਼ਿ ਫਾਇਦਾ ਉਠਾ ਰਹੇ ਹਨ,ਜਦੋਂ ਸਾਨੂੰ ਇਹ ਸਮਝ ਆਈ ਤਾਂ ਅਸੀ ਬਹੁਤ ਲੇਟ ਹੋ ਚੁੱਕੇ ਸੀ।ਹਰ ਕੋਈ ਆਪਣੀ ਜਿੰਦਗੀ ਆਪਣੇ ਹਿਸਾਬ ਨਾਲ ਜਿਊਣਾ ਚਾਹੁੰਦਾ ਹੈ,ਕਿਸੇ ਤੇ ਤੁਸੀ ਕੁਝ ਜਬਰਦਸਤੀ ਨਹੀ ਥੋਪ ਸਕਦੇ,ਜੇ ਅਸੀ ਕਿਸੇ ਦਾ ਭਲਾ ਨਹੀ ਕਰ ਸਕਦੇ ਤਾਂ ਸਾਂਨੂੰ ਕਿਸੇ ਦਾ ਬੁਰਾ ਕਰਨ ਦਾ ਵੀ ਕੋਈ ਹੱਕ ਨਹੀ ਹੈ।ਜਦੋਂ ਅਸੀ ਕਿਸੇ ਦੀ ਕਾਮਯਾਬੀ ਤੇ ਸੜਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਡੀ ਆਪਣੀ ਜਿੰਦਗੀ ਦੀਆਂ ਉਲਝਣਾਂ ਦਾ ਤਾਣਾ-ਬਾਣਾ ਉਲਝ ਕੇ ਰਹਿ ਜਾਂਦਾ ਹੈ,ਉਸ ਤੋਂ ਬਾਅਦ ਲੋਕ ਤੁਹਾਨੂੰ ਬਿਲਕੁਲ ਵੀ ਪਸੰਦ ਕਰਨਾ ਬੰਦ ਕਰ ਦਿੰਦੇ ਹਨ,ਫਿਰ ਕੀ ਗਲਤ ਹੈ ਤੇ ਕੀ ਗਲਤ ਨਹੀ ਹੈ ਕੋਈ ਮਾਇਨੇ ਨਹੀ ਰੱਖਦਾ।ਇਸ ਤੋਂ ਬਾਅਦ ਮਨੁੱਖੀ ਸਮਾਜ ਵੀ ਸਾਡੇ ਤੋਂ ਕੰਨੀ ਕਤਰਾਉਣ ਲੱਗ ਜਾਦਾ ਹੈ।ਅੱਜ ਦੇ ਸਮਾਜ ਦੇ ਨਾਲ ਰਲ ਕੇ ਚੱਲਣਾ ਸਾਡੇ ਲਈ ਫਾਇਦੇਮੰਦ ਹੈ।ਸਮਾਜ ਤੋਂ ਵੱਖ ਹੋ ਕੇ ਕਈ ਵਾਰ ਸਾਡਾ ਨੁਕਸਾਨ ਵੀ ਹੋ ਜਾਦਾ ਹੈ।ਕਈ ਵਾਰ ਉਲਟ ਦਿਸ਼ਾਂ ਦੇ ਕਾਰਨ ਸਾਡੇ ਵਿੱਚ ਬਹੁਤ ਸਾਰੀਆਂ ਤਰੁਟੀਆਂ ਆ ਜਾਦੀਆਂ ਹਨ,ਸਾਡਾ ਕੋਈ ਬਣਿਆ ਬਣਾਇਆ ਕੰਮ ਵਿਗੜ ਜਾਂਦਾ ਹੈ,ਅਸੀ ਉਸ ਮੁਕਾਮ ਤੇ ਨਹੀ ਪਹੁੰਚ ਪਾਉਦੇ,ਜਿਸ ਮੁਕਾਮ ਤੇ ਅਸੀ ਜਾਣਾ ਚਾਹੁੰਦੇ ਹੁੰਦੇ ਹਾ।ਅਸੀ ਆਪਣੀਆਂ ਗਲਤੀਆਂ ਛੁਪਾਉਣ ਦੀ ਖਾਤਰ ਸਾਰਾ ਦੋਸ਼ ਕਿਸਮਤ ਦੇ ਸਿਰ ਮੜ ਦਿੰਦੇ ਹਾਂ।

ਪਰ ਜਮੀਰ ਬਹੁਤ ਵੱਡੀ ਚੀਜ਼ ਹੈ।ਜਮੀਰ ਜਾਗ ਜਾਵੇ ਤਾਂ ਜੀਵਨ ਵਿੱਚ ਕਿਨੀਆਂ ਵੀ ਔਕੜਾਂ ਆ ਜਾਣ ਸੱਭ ਦੂਰ ਹੋ ਜਾਂਦੀਆਂ ਹਨ।ਇਸ ਜਮੀਰ ਨੂੰ ਜਗਾਉਣਾ ਹੀ ਔਖਾ ਹੈ।ਤਰਕ ਸਾਡੇ ਦਿਮਾਗ਼ ਤੋਂ ਬਿਲਕੁਲ ਹੀ ਅਲੱਗ ਹੈ,ਕਿਤਾਬਾਂ ਪੜ ਕੇ,ਅਤੇ ਪਰਿਵਾਰ ਦੀਆਂ ਸੁਣਨ ਨਾਲ ਸਿਰਫ ਬੁੱਧੀ ਹੀ ਆਉਦੀ ਹੈ ਪਰ ਜਦੋਂ ਤੁਸੀ ਸਮਾਜ ਵਿੱਚ ਵਿਚਰਦੇ ਹੋ ਤਾਂ ਸਮਾਜ ਤੁਹਾਨੂੰ ਬਹੁਤ ਕੁਝ ਸਿਖਾ ਦਿੰਦਾ ਹੈ।ਅਸਲ ਜਿੰਦਗੀ ਜਿਊਣ ਦਾ ਤਰੀਕਾ ਤਾਂ ਆਪਣੀ ਅਕਲ ਤੋਂ ਹੀ ਸਿਖਿਆ ਜਾ ਸਕਦਾ ਹੈ।ਇਹ ਤੁਹਾਡੀ ਜਮੀਰ ਤੇ ਨਿਰਭਰ ਕਰਦਾ ਹੈ ਜਮੀਰ ਹੀ ਸਾਨੂੰ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਸਿਖਾਉਦਾ ਹੈ।ਜਮੀਰ ਕਦੇ ਵੀ ਗਲਤ ਨਹੀ ਕਰਦਾ।ਹੋ ਸਕਦਾ ਹੈ ਕਿ ਕੁਝ ਫ਼ੈਸਲੇ ਤੁਹਾਨੂੰ ਗਲਤ ਲੱਗਣ ਕਿਉਕਿ ਕੁਝ ਫ਼ੈਸਲੇ ਸਮਾਜ ਅਤੇ ਪਰੰਪਰਾ ਦੇ ਅਧਾਰਤ ਵੀ ਕੀਤੇ ਜਾਂਦੇ ਹਨ ਜਿਹੜੇ ਫੈਸਲੇ ਕਈ ਵਾਰ ਆਪਾਂ ਉਪਰ ਵਾਲੇ ਤੇ ਛੱਡ ਦਿੰਦੇ ਹਾਂ ਉਹ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਸਹੀ ਕੀ ਤੇ ਗਲਤ ਕੀ ਸੀ।ਕਈ ਵਾਰ ਅਸੀ ਗੁੱਸੇ ਵਿੱਚ ਬਹੁਤ ਸਾਰੇ ਅਹਿਮ ਫੈਸਲੇ ਲੈ ਲੈਦੇ ਹਾਂ ਪਰ ਉਹਨਾਂ ਦੇ ਨਤੀਜੇ ਕਈ ਵਾਰ ਤਾਂ ਠੀਕ ਹੋ ਜਾਦੇ ਹਨ ਜੇ ਨਾ ਹੋਣ ਤਾਂ ਕਈ ਵਾਰ ਸਾਨੂੰ ਕਈ ਪੀੜ੍ਹੀਆਂ ਤੱਕ ਭੁਗਤਣੇ ਪੈਦੇ ਹਨ।ਜੇਕਰ ਫੈਸਲੇ ਸਹੀ ਹੋ ਗਏ ਤਾਂ ਸਾਡੀ ਬੱਲੇ-ਬੱਲੇ ਆ ਨਹੀ ਤਾਂ ਫਿਰ ਮੱਥੇ ਤੇ ਹੱਥ ਮਾਰ ਮਾਰ ਪਛਤਾਉਣਾ ਪੈਦਾ ਹੈ।

ਜਮੀਰ ਜਾਗ ਪੈਣ ਨਾਲ ਸਾਨੂੰ ਸਾਡੇ ਰਾਹ ਵਿੱਚ ਬਹੁਤ ਸਾਰੀਆਂ ਸਮਾਜਿਕ ਰੁਕਾਵਟਾਂ ਵੀ ਆਉਦੀਆਂ ਹਨ।ਸਮਾਜ ਹਮੇਸ਼ਾਂ ਵਿਆਕਤੀ ਨੂੰ ਆਪਣੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਜਦੋਂ ਸਮਾਜ ਧਾਰਮਿਕ ਮਾਨਤਾਵਾਂ ਤੋਂ ਪ੍ਰਹੇਜ਼ ਕਰਦਾ ਹੈ ਤਾਂ ਸਾਡਾ ਤਰਕ ਕਰਨ ਦੀ ਸਮਰੱਥਾ ਅੱਧੀ ਰਹਿ ਜਾਂਦੀ ਹੈ।ਸਾਡਾ ਦਿਮਾਗ਼ ਬੰਦ ਹੋ ਜਾਂਦਾ ਹੈ।ਉਥੇ ਤਾਂ ਫਿਰ ਤਿਆਰ ਨਿਯਮਾਂ ਦੀ ਪਾਲਣਾ ਕਰਨੀ ਪੈਦੀ ਹੈ ਉਤੇ ਫਿਰ ਤਰਕ ਕਿਤੇ ਕੰਮ ਨਹੀ ਆਉਦਾ,ਉਥੇ ਫਿਰ ਜਮੀਰ ਕੰਮ ਨਹੀ ਆਉਦੀ ਉਥੇ ਤਾਂ ਫਿਰ ਸਿਰਫ ਬੁੱਧੀ ਹੀ ਕੰਮ ਆਉਦੀ ਹੈ।ਪੈਸਾ ਕਮਾਉਣ ਦੀ ਸਿਆਣਪ,ਜਿੰਦਗੀ ਵਿੱਚ ਸੁਖ ਭਰਨ ਦੀ ਸਿਆਣਪ ,ਦੂਜਿਆਂ ਨੂੰ ਕੁਚਲ ਕੇ ਅੱਗੇ ਵੱਧਣ ਦੀ ਸਿਆਣਪ,ਆਪਣੇ ਆਪ ਨੂੰ ਸੱਭ ਤੋਂ ਸਿਆਣਾ ਸਾਬਤ ਕਰਨ ਦੀ ਸਿਆਣਪ।ਸਮਾਜ ਵੀ ਤੁਹਾਡੇ ਦਿਮਾਗ ਨੂੰ ਦੇਖ ਕੇ ਹੀ ਕਦਰ ਕਰਦਾ ਹੈ।

ਉਸ ਵੱਲ ਆਕਰਸ਼ਿਤ ਹੋ ਜਾਦਾ ਹੈ,ਅੱਜ ਕੱਲ ਦੇ ਪਦਾਰਥਵਾਦੀ ਜੀਵਨ ਵਿੱਚ ਇਸ ਦਾ ਸਤਿਕਾਰ ਜਿਆਦਾ ਹੈ।ਇਸੇ ਕਰਕੇ ਸਮਾਜ ਆਪਣੀ ਬੁੱਧੀ ਨਾਲ ਚੱਲਣ ਨੂੰ ਪ੍ਰੇਰਦਾ ਰਹਿੰਦਾ ਹੈ।ਜਮੀਰ ਕਦੇ ਵੀ ਦੂਸਰਿਆਂ ਨੂੰ ਦੁੱਖ ਦੇ ਕੇ ਖੁਸ਼ੀ ਪ੍ਰਾਪਤ ਕਰਨਾ ਉਚਿਤ ਨਹੀ ਸਮਝਦੀ।ਜਦੋਂ ਵੀ ਜਮੀਰ ਜਾਗਦੀ ਹੈ ਤਾਂ ਦੂਸਰਿਆਂ ਦੇ ਦੁੱਖ ਪਹਿਲਾਂ ਨਜ਼ਰ ਆਉਣ ਲੱਗ ਜਾਦੇ ਹਨ,ਦੂਜਿਆਂ ਦੀਆਂ ਸਮੱਸਿਆਵਾਂ ਆਪਣੀ ਸਮੱਸਿਆਵਾਂ ਨਾਲੋਂ ਵੱਡੀਆਂ ਦਿੱਸਣ ਲੱਗ ਪੈਦੀਆਂ ਹਨ।ਦੂਸਰਿਆਂ ਦੀਆਂ ਲੋੜਾਂ ਨੂੰ ਆਪਣੀਆਂ ਲੋੜਾਂ ਨਾਲੋ ਜਿਆਦਾ ਮਹੱਤਵਪੁਰਨ ਸਮਝਣਾ ਸ਼ੁਰੂ ਹੋ ਜਾਵੇਗਾ।ਇਸ ਤਰਾਂ ਜਮੀਰ ਆਪਣੇ ਆਪ ਹੀ ਸਮਾਜ ਦੀਆਂ ਕਈ ਸਮੱਸਿਆਵਾਂ ਹੱਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।ਜਦੋਂ ਜਮੀਰ ਜਨਮ ਲੈਦੀ ਹੈ ਤਾਂ ਜਿੰਦਗੀ ਦੀਆਂ ਬਹੁਤ ਸਾਰੀਆਂ ਉਲਝਣਾਂ ਆਪਣੇ ਆਪ ਹੀ ਸੁਲਝਣੀਆਂ ਸ਼ੁਰੂ ਹੋ ਜਾਦੀਆਂ ਹਨ ਅਤੇ ਅੱਗੇ ਸੁਲਝਦੀਆਂ ਹੀ ਜਾਂਦੀਆਂ ਹਨ।

ਅਮਰਜੀਤ ਚੰਦਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸਲੀਅਤ
Next articleਸ਼ੁਭ ਸਵੇਰ ਦੋਸਤੋ,