
(ਸਮਾਜ ਵੀਕਲੀ) ਪਾਣੀ ਹਰ ਜੀਵ ਜੰਤੂ ਲਈ ਜ਼ਰੂਰੀ ਹੈ। ਗਰਮੀਆਂ ਵਿੱਚ ਤਾਂ ਪਾਣੀ ਕਮੀ ਹਰ ਜੀਵ ਜੰਤੂ ਨੂੰ ਹੁੰਦੀ ਹੈ। ਮਨੁੱਖ ਤਾਂ ਆਪਣੀ ਸੰਭਾਲ ਕਰ ਲੈਂਦੇ ਹਨ ਪਰ ਇਹ ਬੇਜ਼ੁਬਾਨ ਪੰਛੀ ਕੁਦਰਤ ਦੀ ਆਸ ਤੇ ਬੈਠੇ ਹਨ।ਇਹ ਪੰਛੀ ਕੁਦਰਤ ਦਾ ਸ਼ਿੰਗਾਰ ਹਨ।ਕੁਦਰਤੀ ਸਰੋਤਾਂ ਤੋਂ ਪਾਣੀ ਪੀ ਕੇ ਆਪਣਾ ਗੁਜ਼ਾਰਾ ਕਰਦੇ ਹਨ। ਗਰਮੀਆਂ ਦੇ ਦਿਨਾਂ ਵਿੱਚ ਪਾਣੀ ਨਾ ਮਿਲਣ ਕਾਰਨ ਹਜ਼ਾਰਾਂ ਲੱਖਾਂ ਪੰਛੀ ਆਪਣੀ ਜਾਨ ਗੁਆ ਦਿੰਦੇ ਹਨ। ਕਈ ਵਾਰ ਇਹਨਾਂ ਪੰਛੀਆਂ ਨੂੰ ਕੁਦਰਤੀ ਤੌਰ ਤੇ ਪਾਣੀ ਨਹੀਂ ਮਿਲਦਾ ਤਾਂ ਇਹ ਘਰਾਂ ਦੀ ਛੱਤਾਂ ਤੇ ਆ ਕੇ ਬੈਠ ਜਾਂਦੇ ਹਨ। ਪਿੰਡ ਵਿੱਚ ਤਾਂ ਇਹ ਆਮ ਵੇਖਣ ਨੂੰ ਮਿਲਦਾ ਹੈ। ਪਿੰਡਾਂ ਦੇ ਲੋਕ ਵੀ ਆਪਣੀ ਛੱਤਾਂ ਉੱਪਰ ਮਿੱਟੀ ਦੇ ਬਣੇ ਭਾਂਡੇ ਵਿੱਚ ਪੰਛੀਆਂ ਲਈ ਪਾਣੀ ਤੇ ਦਾਣੇ ਰੱਖਦੇ ਹਨ। ਇਹ ਵਿਚਾਰੇ ਪੰਛੀ ਜਿਹਨਾਂ ਦੀ ਜਨਸੰਖਿਆ ਹੁਣ ਹਰ ਸਾਲ ਲਗਾਤਾਰ ਘੱਟਦੀ ਜਾ ਰਹੀ ਹੈ। ਹੁਣ ਜ਼ਿਆਦਾਤਰ ਪਿੰਡਾਂ ਵਿੱਚ ਹੀ ਵੇਖਣ ਨੂੰ ਮਿਲਦੇ ਹਨ। ਸ਼ਹਿਰਾਂ ਵਿੱਚ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ।ਕਈ ਤਰ੍ਹਾਂ ਦੇ ਪੰਛੀ ਤਾਂ ਹੁਣ ਗ਼ਾਇਬ ਹੀ ਹੋ ਗਏ ਹਨ।ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਪੰਛੀਆਂ ਦੀ ਸੰਭਾਲ ਕਰੀਏ ਆਪਣੀਆਂ ਘਰ ਦੀਆਂ ਛੱਤਾਂ ਤੇ ਇਹਨਾਂ ਲਈ ਪਾਣੀ ਤੇ ਦਾਣੇ ਰੱਖੀਏ।ਹਰ ਰੋਜ਼ ਪਾਣੀ ਨੂੰ ਬਦਲੀਏ, ਕਈ ਵਾਰ ਅਸੀਂ ਕਈ ਦਿਨਾਂ ਤੱਕ ਪਾਣੀ ਨੂੰ ਨਹੀਂ ਬਦਲਦੇ ਤਾਂ ਪਾਣੀ ਵਿੱਚ ਬਦਬੂ ਆਉਣ ਲੱਗਦੀ ਹੈ। ਪਾਣੀ ਨੂੰ ਮਿੱਟੀ ਦੇ ਭਾਂਡੇ ਵਿੱਚ ਹੀ ਰੱਖੀਏ ਤਾਂ ਜੋ ਪਾਣੀ ਠੰਡਾ ਰਹੇ।


